…ਬਈ ਲੁੱਟਣ ਵਾਲਿਆਂ ਦੇ ਦਿਮਾਗ ਬਾਹਲੇ ਤੇਜ਼

– ਏ.ਟੀ.ਐਮ. ਵਰਤਣ ਵੇਲੇ ‘ਸਕਿਮਿੰਗ ਡਿਵਾਈਸਜ਼’ ਦਾ ਰੱਖੋ ਧਿਆਨ-ਚੋਰੀ ਹੋ ਸਕਦਾ ਹੈ ਤੁਹਾਡਾ ਕਾਰਡ ਤੇ ਪਿੰਨ ਨੰਬਰ
– ਕ੍ਰਾਈਸਟਚਰਚ ਵਿਖੇ ਪੁਲਿਸ ਨੇ ਫੜੇ ਕਾਰਾ ਕਰਦੇ ਦੋ ਕੈਨੇਡੀਅਨ ਚੋਰ

NZ PIC 3 March-1
ਔਕਲੈਂਡ -ਕਹਿੰਦੇ ਨੇ ਚੋਰ ਸ਼ਾਤਿਰ ਦਿਮਾਗ ਹੁੰਦੇ ਨੇ ਜੇਕਰ ਇਹ ਚੋਰ ਹੋਰ ਹਾਈਟੈਕ ਹੋ ਜਾਣ ਤਾਂ ਆਮ ਬੰਦੇ ਦੇ ਧੋਖੇ ਦਾ ਸ਼ਿਕਾਰ ਹੋ ਜਾਣਾ ਆਮ ਗੱਲ ਹੋ ਸਕਦੀ ਹੈ। ਜੇਕਰ ਅਜਿਹੀ ਤਕਨੀਕੀ ਗੱਲ ਦਾ ਪਹਿਲਾਂ ਪਤਾ ਹੋਵੇ ਤਾਂ ਬਚਾਅ ਹੋ ਸਕਦਾ ਹੈ। ਅੱਜ ਹਰ ਥਾਂ ਬੈਂਕਾਂ ਨੇ ਏ.ਟੀ.ਐਮ. ਮਸ਼ੀਨਾਂ ਲਗਾਈਆਂ ਹਨ ਤਾਂ ਕਿ ਲੋਕ ਬੈਂਕ ਜਾਣ ਦੀ ਬਜਾਏ ਸਿੱਧੇ ਮਸ਼ੀਨ ਤੋਂ ਆਪਣੇ ਪੈਸੇ ਕਢਵਾ ਲੈਣ। ਅੱਜਕਲ੍ਹ ਇਕ ਨਵਾਂ ਧੋਖਾਧੜੀ ਦਾ ਕਾਰਾ ਚੱਲ ਰਿਹਾ ਹੈ ਜਿਸ ਤੋਂ ਬਚਣ ਦੀ ਲੋੜ ਹੈ। ਏ.ਟੀ.ਐਮ. ਮਸ਼ੀਨਾਂ ਦੇ ਉਤੇ ਨਕਲੀ ਕਾਰਡ ਰੀਡਰ, ਨਕਲੀ ਪਿਨ ਪੈਡ ਲਗਾ ਕੇ ਜਾਂ ਫਿਰ ਗੁਪਤ ਕੈਮਰਾ ਲਗਾਇਆ ਜਾਂਦਾ ਹੈ ਜਿਸ ਨੂੰ ਤਕਨੀਕੀ ਭਾਸ਼ਾ ਵਿਚ ‘ਸਕਿਮਿੰਗ ਡਿਵਾਈਸਜ਼’ ਕਿਹਾ ਜਾਂਦਾ ਹੈ। ਇਹ ਚੋਰ ਏ.ਟੀ. ਐਮ. ਦੇ ਦੁਆਲੇ ਹੀ ਕਿਤੇ ਨਾ ਕਿਤੇ ਘੁੰਮਦੇ ਹੁੰਦੇ ਹਨ। ਇਨ੍ਹਾਂ ਏ.ਟੀ.ਐਮ. ਕਾਰਡ ਵਰਤਣ ਵਾਲਿਆਂ ਦੇ ਕਾਰਡ ਦੀ ਜਾਣਕਾਰੀ ਇਕੱਤਰ ਕਰਕੇ ਉਸਦਾ ਇਸਤੇਮਾਲ ਕਰ ਲੈਂਦੇ ਹਨ ਤਾਂ ਫਿਰ ਨਕਲੀ ਲਗਾਏ ਗਏ ਇਲੈਕਟ੍ਰਾਨਿਕ ਪੁਰਜ਼ੇ ਦੇ ਨਾਲ ਹੀ ਤੁਹਾਡਾ ਖਾਤਾ ਸਾਫ ਕਰ ਦਿੰਦੇ ਹਨ। ਕ੍ਰਾਈਸਟਚਰਚ ਵਿਖੇ ਅਜਿਹਾ ਕਾਰਾ ਕਰਦੇ ਦੋ ਕੈਨੇਡੀਅਨ ਚੋਰ ਫੜੇ ਗਏ ਹਨ ਜਿਨ੍ਹਾਂ ਨੂੰ ਸੋਮਵਾਰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।
ਸੋ ਏ.ਟੀ.ਐਮ. ਵਰਤਣ ਵੇਲੇ ਜੇਕਰ ਤੁਹਾਨੂੰ ਇਸ ਤਰ੍ਹਾਂ ਜਾਪੇ ਕਿ ਕੁਝ ਨਕਲੀ-ਨਕਲੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾ ਸਕਦਾ ਹੈ ਜਾਂ ਬੈਂਕ ਨੂੰ ਦੱਸਿਆ ਜਾ ਸਕਦਾ ਹੈ। ਏ.ਟੀ.ਐਮ. ਦੇ ਉਪਰ ਹੁਣ ਸ਼ੀਸ਼ਾ ਲਗਾਉਣਾ ਵੀ ਕਾਨੂੰਨ ਹੈ ਤਾਂ ਕਿ ਤੁਸੀਂ ਆਪਣੇ ਪਿਛੇ ਖੜੇ ਕਿਸੇ ਵਿਅਕਤੀ ਦੀ ਸ਼ੱਕੀ ਹਿਲਜੁਲ ਦਾ ਧਿਆਨ ਰੱਖ ਸਕੋ।

Install Punjabi Akhbar App

Install
×