ਔਰਤ ਤੋਂ ਮਾਂ ਤੱਕ

ਮੈਂ ਔਰਤ ਦੀ ਕੀ ਸਿਫ਼ਤ ਕਰਾਂ, ਉਸਨੇ ਹੀ ਇਹ ਦੁਨੀਆ ਬਣਾਈ ਹੈ ਕਿਉਂਕਿ ਮਾਂ ਦੇ ਰੂਪ ਵਿਚ ਹਮੇਸ਼ਾ ਮੈਂ ਰੱਬ ਦੀ ਪਰਛਾਈ ਪਾਈ ਹੈ।ਰੱਬ ਨੂੰ ਤਾਂ ਆਪਣੀ ਪਲਕਾਂ ‘ਤੇ ਬੈਠਾ ਕੇ ਉਸਦਾ ਸਜਦਾ ਕੀਤਾ ਜਾਂਦਾ ਹੈ ਪਰ ਉਸੇ ਔਰਤ ਦਾ ਅੱਜ ਦੇ ਸਮਾਜ ਵਿਚ,ਆਪਣੇ ਘਰ ਵਿਚ ਡਰ ਕੇ ਰਹਿਣਾ,ਇਹ ਕਿਉਂ ਹੋ ਗਿਆ ਹੈ?ਇਹ ਘਰ ਜਿੰਨਾ ਸਾਡਾ ਹੈ, ਉਂਨਾ ਹੀ ਕੁੜੀਆਂ ਦਾ ਵੀ ਹੈ ਪਰ ਫਿਰ ਵੀ ਉਨ੍ਹਾਂ ਨੂੰ ਆਪਣੇ ਹੀ ਘਰ ਵਿਚ ਇਕੱਲੇ ਘੁੰਮਣ ਲਈ ਇਜਾਜ਼ਤ ਕਿਉਂ ਲੈਣੀ ਪੈਂਦੀ ਹੈ?ਕੁੜੀਆਂ ਫੁੱਲਾਂ ਵਾਲੇ ਪਾਣੀ ਵਿਚ ਸੁਪਨਿਆਂ ਵਰਗੀਆਂ ਬੱਤਖ਼ਾਂ ਵਾਂਗ ਤਰ ਰਹੀਆਂ ਹੋਣ ਤੇ ਪੰਛੀਆਂ ਵਾਂਗ ਖੁੱਲ੍ਹੀ ਹਵਾ ਵਿਚ ਆਪਣੀ ਮਰਜ਼ੀ ਨਾਲ ਉਡਾਰੀਆਂ ਮਾਰ ਰਹੀਆਂ ਹੋਣ। ਇਹ ਸਮਾਂ ਕਿੰਝ ਆਵੇ ਕਿ ਉਹ ਦੁਬਾਰਾ ਆਪਣੇ ਘਰ ਤੋਂ ਬਾਹਰ ਜਾਣ ਲਈ ਦੋ ਵਾਰ ਸੋਚਣ ਲਈ ਮਜਬੂਰ ਨਾ ਹੋਣ।
ਇੱਕ ਔਰਤ ਸਿਰਫ਼ ਔਰਤ ਹੀ ਨਹੀਂ ਹੈ ਬਲਕਿ ਕਿਸੇ ਦੀ ਧੀ, ਕਿਸੇ ਦੀ ਮਾਂ, ਕਿਸੇ ਦੀ ਪਤਨੀ ਤੇ ਕਿਸੇ ਦੀ ਭੈਣ ਹੈ ਜੋ ਹਰ ਇੱਕ ਰੂਪ ਵਿਚ ਵੱਖ-ਵੱਖ ਰਿਸ਼ਤਿਆਂ ਨੂੰ ਬੜੀ ਹੀ ਖ਼ੂਬਸੂਰਤੀ ਨਾਲ ਨਿਭਾਉਂਦੀ ਹੈ। ਇੰਨਾ ਸਭ ਕੁੱਝ ਕਰਨ ਤੋਂ ਬਾਅਦ ਵੀ ਉਹ ਆਪਣੇ ਘਰ ਵਿਚ ਇਕੱਲੇ ਰਹਿਣ ਤੋਂ ਕਈ ਵਾਰ ਡਰ ਜਾਂਦੀ ਹੈ।ਹਰ ਇੱਕ ਘਰ ਵਿਚ ਔਰਤ ਮਾਂ,ਦਾਦੀ ਭੈਣ ਤੇ ਹੋਰ ਅਨੇਕਾਂ ਰਿਸ਼ਤਿਆਂ ਦੀ ਖ਼ੁਸ਼ਬੂ ਦੇ ਰੂਪ ਵਿਚ ਹੁੰਦੀ ਹੈ ਪਰ ਫਿਰ ਵੀ ਦੁਨੀਆ ਨੇ ਔਰਤ ਨੂੰ ਕਿਉਂ ਇੰਨਾ ਦੁੱਖ ਪਹੁੰਚਾਇਆ ਹੈ?ਇੱਕ ਔਰਤ ਭੈਣ ਦੇ ਰੂਪ ਵਿਚ ਵੀ ਹੈ ਜਿਸ ਨੇ ਮੇਰੇ ਨਾਲ ਬਚਪਨ ਲੰਘਾਇਆ ਹੈ। ਹਰ ਵਾਰ ਖਾਣ ਤੋਂ ਪਹਿਲਾਂ ਉਸਨੇ ਮੇਰੇ ਲਈ ਕੁੱਝ ਨਾ ਕੁੱਝ ਜ਼ਰੂਰ ਬਚਾਇਆ ਹੈ।ਕਿਸੇ ਗ਼ਲਤੀ ਤੋਂ ਮਾਰ ਪੈਣ ‘ਤੇ ਵੀ ਹਰ ਵੇਲੇ ਉਸਨੇ ਮੈਨੂੰ ਬਚਾਇਆ ਹੈ।ਹੱਥ’ਤੇ ਰੱਖੜੀ ਬੰਨ੍ਹ ਉਸਦੀ ਜ਼ਿੰਦਗੀ-ਭਰ ਰੱਖਿਆ ਕਰਨ ਦਾ ਵਾਅਦਾ ਮੈਂ ਕਿਤਾ ਹੈ ਪਰ ਕੁੱਝ ਲੋਕਾਂ ਨੇ ਦੂਜਿਆਂ ਦੀਆਂ ਭੈਣਾਂ ਨੂੰ ਗ਼ਲਤ ਨਜ਼ਰ ਨਾਲ ਦੇਖ ਕੇ, ਉਨ੍ਹਾਂ ਦੀ ਰੂਹ ਨੂੰ ਸ਼ੈਤਾਨ ਬਣ ਕੇ ਕਿਉਂ ਡਰਾਇਆ ਹੈ?
ਰੋਜ਼ ਸਵੇਰੇ ਕੁੱਝ ਅਖ਼ਬਾਰ ਤੋਂ ਕੁੱਝ ਟੀ.ਵੀ. ਚੈਨਲਾਂ ਤੋਂ ਕੁੱਝ ਆਂਢ-ਗੁਆਂਢ ਤੋਂ ਤੇ ਕੁੱਝ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਹੈ ਕਿ ਅਨਮੋਲ, ਕੋਮਲ ਤੇ ਮਾਸੂਮ-ਰੂਹਾਂ ਨੂੰ ਕਿਵੇਂ ਮਾਰਿਆ ਜਾ ਰਿਹਾ ਹੈ ਜਿਸ ਨੂੰ ਸੁਣ ਅੱਖਾਂ ਭਰ ਆਉਂਦੀਆਂ ਨੇ ਤੇ ਰੂਹ ਕੰਬ ਜਾਂਦੀ ਹੈ।ਦਿਲ ਵਿਚ ਬਹੁਤ ਸਵਾਲ ਆਉਂਦੇ ਨੇ,ਬਹੁਤ ਗ਼ੁੱਸਾ ਵੀ ਆਉਂਦਾ ਹੈ। ਕੀ ਕਸੂਰ ਸੀ ਉਨ੍ਹਾਂ ਦਾ,ਬਸ ਉਸ ਨੀਲੇ ਅਸਮਾਨ ਦੀ ਖੁੱਲ੍ਹੀ ਹਵਾ ਵਿਚ ਉੱਡਣ ਦਾ ਸੁਪਨਾ ਵੇਖਣਾ?
ਕੁੱਝ ਲੋਕ ਕਹਿੰਦੇ ਨੇ ਕਿ ਕੁੜੀਆਂ ਦਾ ਛੋਟੇ-ਛੋਟੇ ਕੱਪੜੇ ਪਾਉਣਾ ਗ਼ਲਤ ਹੈ ਪਰ ਉਨ੍ਹਾਂ ਦੋ ਸਾਲ, ਛੇ ਸਾਲ ਦੀਆਂ ਕੋਮਲ ਬੱਚੀਆਂ ਦਾ ਕੀ ਕਸੂਰ ਸੀ ਜਿਨ੍ਹਾਂ ਨੇ ਦੁਨੀਆ ਵਿਚ ਅਜੇ ਪੈਰ ਹੀ ਰੱਖਿਆ ਸੀ,ਜਿਨ੍ਹਾਂ ਨੂੰ ਅਜੇ ਦੁਨੀਆ ਦਾ ਮਤਲਬ ਵੀ ਨਹੀਂ ਸੀ ਪਤਾ,ਦੁਨੀਆ ਨੇ ਤੇ ਉਨ੍ਹਾਂ ਨੂੰ ਵੀ ਨਹੀਂ ਛੱਡਿਆ।ਉਸ ਤੋਂ ਵੱਧ ਦੁੱਖ ਤੇ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ ਜੋ ਕਿ ਉਨ੍ਹਾਂ ਦੀ ਰੂਹ ਨੂੰ ਅੰਦਰੋਂ ਜਿਉਂਦੇ-ਜੀਅ ਹੀ ਮਾਰ ਕੇ ਰੱਖ ਦਿੰਦੀ ਹੈ।
ਇਹ ਫੈਲੀ ਹੋਈ ਸਿਆਹੀ ਨਾਲ ਤੂੰ ਦਿਲ ਦਾ ਹਾਲ ਸੁਣਾਉਂਦੀ ਹੈ,ਤੇਰੇ ਇਹ ਸਿੱਲ੍ਹੇ ਖ਼ਤ ਦੱਸਦੇ ਨੇ ਕਿ ਤੂੰ ਲਿਖਣ ਵੇਲੇ ਵੀ ਰੋਂਦੀ ਹੈ,ਦਿਲ ਦੀਆਂ ਗੱਲਾਂ ਨੂੰ ਸ਼ਬਦਾਂ ਵਿਚ ਪਰੋ ਕੇ ਆਪਣੀ ਹੱਡਬੀਤੀ ਨੂੰ ਬਿਆਨ ਕਰਦੀ ਹੈ, ਜੋ ਦੂਜਿਆਂ ਦੀਆਂ ਅੱਖਾਂ ਵਿਚ ਵੀ ਹੰਝੂ ਲੈ ਆਉਂਦੀ ਹੈ। ਦੁੱਖ ਤਾਂ ਤੇਰੇ ਅੱਖਰਾਂ ਵਿਚ ਸਾਫ਼ ਝਲਕਦਾ ਹੈ ਪਰ ਚਿਹਰੇ ‘ਤੇ ਮੁਸਕਾਨ ਲਿਆ ਕੇ ਦੁਬਾਰਾ ਉੱਠ ਕੇ ਲੜਨ ਦਾ ਜਜ਼ਬਾ ਕਿੱਥੋਂ ਲੈ ਕੇ ਆਉਂਦੀ ਹੈਂ?
ਅੱਜ ਫਿਰ ਇੱਕ ਚੀਖ਼ ਸੁਣਾਈ ਦਿੱਤੀ ਹੈ ਜਿਵੇਂ ਉਸਦੇ ਜਿਸਮ ਤੋਂ ਕੁੱਝ ਟੁੱਟਿਆ ਹੋਵੇ, ਉਸਦੀ ਰੂਹ ਦੀ ਰੋਣ ਦੀ ਆਵਾਜ਼ ਆਈ ਹੈ ਜਿਵੇਂ ਉਸਦੇ ਚਿਹਰੇ ਤੋਂ ਉੱਡਿਆ ਨੂਰ ਹੋਵੇ, ਉਹ ਨੂਰ ਕੁੱਝ ਇੰਝ ਉਡਾ ਦਿੱਤਾ ਦੁਨੀਆ ਨੇ ਉਸਨੂੰ ਜਿਊਣਾ ਹੀ ਭੁਲਾ ਦਿੱਤਾ,ਇੱਕ-ਇੱਕ ਪੈਸੇ ਵਿਚ ਖ਼ਬਰ ਵੇਚ ਕੇ ਲੋਕਾਂ ਨੇ ਉਸਦਾ ਜਿਸਮ ਵੇਚ ਦਿੱਤਾ।ਇਹ ਵਪਾਰ ਕਦੋਂ ਤੱਕ ਚੱਲੇਗਾ? ਦੁਨੀਆ ਨੇ ਤਾਂ ਇਨਸਾਫ਼ ਤੋਂ ਹੀ ਵਿਸ਼ਵਾਸ ਹਟਾ ਦਿੱਤਾ।
ਜ਼ਰੂਰਤ ਹੈ ਤਾਂ ਬਸ ਕੁੜੀਆਂ ਨੂੰ ਖੁੱਲ੍ਹੀ ਆਜ਼ਾਦੀ ਦੇਣ ਦੀ,ਹਰ ਖੇਤਰ ਵਿਚ ਉਹ ਤਰੱਕੀ ਕਰੇ, ਆਪਣੀ ਮਰਜ਼ੀ ਨਾਲ ਆਪਣੇ ਘਰ ਵਿਚ ਬਿਨਾਂ ਕਿਸੇ ਡਰ ਤੋਂ ਘੁੰਮ ਸਕੇ।ਲੋਕਾਂ ਨੂੰ ਜਾਗਰੂਕ ਕਰਨਾ,ਕਿ ਕੁੜੀਆਂ ਤੇ ਮੁੰਡਿਆਂ ਨੂੰ ਬਰਾਬਰ ਸਮਝਣਾ। ਕੁੱਝ ਇੰਝ ਸਮਾਂ ਆ ਜਾਵੇ ਕਿ ਕੁੜੀਆਂ ਰੁੱਖ ਦੀ ਉਸ ਟਾਹਣੀ ਉੱਤੇ ਸੁੰਦਰ ਆਲ੍ਹਣੇ ਵਾਂਗ ਝੂਲ ਰਹੀਆਂ ਹੋਣ,ਪਹਾੜਾਂ ਦੇ ਸਿਖ਼ਰਾਂ ‘ਤੇ ਪਹੁੰਚ ਕੇ ਬੱਦਲਾਂ ਨਾਲ ਗੱਲਾਂ ਕਰ ਰਹੀਆਂ ਹੋਣ।ਕੁੜੀਆਂ ਸਾਡੇ ਜੀਵਨ ਦਾ ਉਹ ਮਜ਼ਬੂਤ ਸਤੰਬ ”ਖੰਭਾ” ਹੈ ਜੋ ਵੱਖ-ਵੱਖ ਰੂਪ ਵਿਚ ਆ ਕੇ ਆਪਣੇ ਪਿਆਰ ਦੇ ਨਾਲ ਸਾਡੀ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਂਦੀ ਹੈ।ਇਸ ਕਰਕੇ ਉਨ੍ਹਾਂ ਦੀ ਰੱਖਿਆ ਕਰਨਾ ਸਾਡਾ ਫ਼ਰਜ਼ ਹੈ ਤਾਂਕਿ ਉਹ ਬਿਨਾਂ ਡਰ ਤੋਂ ਆਪਣੇ ਘਰ ਦੇ ਹਰ ਥਾਂ ‘ਤੇ ਬੇਝਿਜਕ ਜਾ ਸਕਣ ਤੇ ਉਸਦਾ ਭਰਪੂਰ ਅਨੰਦ ਸਕੂਨ ਨਾਲ ਲੈ ਸਕਣ ਤਾਂਕਿ ਘਰਦਿਆਂ ਨੂੰ ਆਪਣੀਆਂ ਕੁੜੀਆਂ ਨੂੰ ਘਰ ਤੋਂ ਬਾਹਰ ਭੇਜਣ ਲਈ ਸੋਚਣਾ ਨਾ ਪਵੇ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਨੰਦ ਉਹ ਖੁੱਲ੍ਹੀ ਹਵਾ ਵਿਚ ਲੈ ਸਕਣ।
ਫੁੱਲਾਂ ਵਾਂਗ ਉਹ ਆਪਣੀ ਮਹਿਕ ਨਾਲ ਹਰ ਇੱਕ ਦੇ ਚਿਹਰੇ ‘ਤੇ ਖ਼ੁਸ਼ੀਆਂ ਬਿਖੇਰ ਰਹੀ ਹੈ, ਬਦਲੇ ਵਿਚ ਕੋਈ ਵੀ ਉਸਨੂੰ ਫੁੱਲਾਂ ਵਾਂਗ ਨਾ ਤੋੜੇ, ਬਸ ਇਹ ਦੁਆ ਕਰ ਰਹੀ ਹੈ।ਉਸਦੇ ਚਿਹਰੇ ਦਾ ਨੂਰ ਇੰਝ ਬਣਾ ਕੇ ਰੱਖਣਾ, ਕਦੇ ਵੀ ਉਸਨੂੰ ਬੁਰੀ ਨਜ਼ਰ ਨਾਲ ਨਾ ਵੇਖਣਾ, ਜਦੋਂ ਵੀ ਮਨ ਵਿਚ ਇਹ ਬੁਰਾ ਖ਼ਿਆਲ ਆਵੇ,ਇੱਕ ਵਾਰ ਆਪਣੀ ਮਾਂ, ਭੈਣ ਤੇ ਧੀ ਬਾਰੇ ਜ਼ਰੂਰ ਸੋਚ ਲੈਣਾ।

(ਰਿਸ਼ਬ ਗੁਪਤਾ) +91 9988924884

rajeshniti00@gmail.com

Install Punjabi Akhbar App

Install
×