ਇਲੈਕਟਰੋਨਿਕ ਮੀਡੀਆ ਦਾ ਤਮਾਸ਼ਾ…..

ਭਾਰਤੀ ਇਲੈੱਕਟਰੋਨਿਕ ਮੀਡੀਆ (ਨਿਊਜ਼ ਚੈਨਲ) ਇਸ ਵੇਲੇ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦਾ ਸੰਦੀਪ ਸਿੰਘ ਨਾਮਕ ਇੱਕ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਹ ਕਤਲ ਕਿਉਂ ਹੋਇਆ, ਇਹ ਅਜੇ ਜਾਂਚ ਦਾ ਵਿਸ਼ਾ ਹੈ ਪਰ ਮੌਕੇ ‘ਤੇ ਪਹੁੰਚੇ ਕੁਝ ਚੈਨਲਾਂ ਵਾਲਿਆਂ ਨੇ ਇਸ ਮੁੱਦੇ ‘ਤੇ ਐਨੀ ਘਟੀਆ ਰਿਪੋਰਟਿੰਗ ਕੀਤੀ ਕਿ ਜੇ ਪੰਜਾਬ ਦੇ ਲੋਕ ਸਮਝਦਾਰ ਨਾ ਹੁੰਦੇ ਤਾਂ ਹੁਣ ਤੱਕ ਜਰੂਰ ਹੀ ਪੰਜਾਬ ਵਿੱਚ ਹਿੰਦੂ ਸਿੱਖ ਦੰਗੇ ਹੋ ਚੁੱਕੇ ਹੋਣੇ ਸਨ। ਕਈ ਚੈਨਲਾਂ ਵਾਲਿਆਂ ਨੇ ਆਪਣੇ ਵੱਲੋਂ ਅੱਗ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਕੋਈ ਕੱਟੜ ਸਿੱਖ ਲੀਡਰਾਂ ਦੇ ਬਿਆਨ ਵਿਖਾ ਰਿਹਾ ਸੀ ਤੇ ਕੋਈ ਕੱਟੜ ਹਿੰਦੂ ਲੀਡਰਾਂ ਦੇ। ਲੀਡਰਾਂ ਨੂੰ ਉਹ ਕੁਝ ਕਹਿਣ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ ਜੋ ਚੈਨਲ ਵਾਲੇ ਸੁਣਨਾ ਚਾਹੁੰਦਾ ਸਨ, ਭਾਵ ਫਿਰਕੂ ਨਫਰਤ ਫੈਲਾਉਣ ਵਾਲੀਆਂ ਗੱਲਾਂ। ਸ਼ੋਸ਼ਲ ਮੀਡੀਆ ਤੋਂ ਸੰਦੀਪ ਸਿੰਘ ਦੀਆਂ ਭੜਕਾਊ ਵੀਡੀਉ ਲੱਭ ਲੱਭ ਕੇ ਅੱਪਲੋਡ ਕੀਤੀਆਂ ਜਾ ਰਹੀਆਂ ਸਨ। ਇਥੋਂ ਤੱਕ ਕਿ ਉਸ ਦੇ ਮਾਸੂਮ ਬੱਚਿਆਂ, ਪਤਨੀ, ਭੈਣ ਭਰਾਵਾਂ ਅਤੇ ਮਾਂ ਬਾਪ ਦੀਆਂ ਫੋਟੋਆਂ ਵੀ ਵਿਖਾ ਦਿੱਤੀਆਂ ਗਈਆਂ। ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਕੁਝ ਭੜਕੇ ਹੋਏ ਲੋਕਾਂ ਨੇ ਸੰਦੀਪ ਸਿੰਘ ਦੀ ਦੁਕਾਨ ਅਤੇ ਕਾਰ ਦੀ ਭੰਨ ਤੋੜ ਕਰ ਦਿੱਤੀ ਸੀ। ਇੱਕ ਅਤਿ ਉਤਸ਼ਾਹੀ ਪੱਤਰਕਾਰ ਨੇ ਸੋਚਿਆ ਕਿ ਉਸ ਦਾ ਘਰ ਕਿਵੇਂ ਬਚ ਗਿਆ, ਉਸ ਨੂੰ ਵੀ ਅੱਗ ਲਗਾਈ ਜਾਣੀ ਚਾਹੀਦੀ ਹੈ। ਉਹ ਫਟਾ ਫਟ ਕੈਮਰਾ ਲੈ ਕੇ ਸੰਦੀਪ ਸਿੰਘ ਦੇ ਘਰ ਪਹੁੰਚ ਗਿਆ ਤੇ ਉਸ ਦੀ ਵੀਡੀਉ ਵਿਖਾਉਣੀ ਚਾਲੂ ਕਰ ਦਿੱਤੀ ਤਾਂ ਜੋ ਦੰਗਾਕਾਰੀਆਂ ਨੂੰ ਘਰ ਲੱਭਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਹ ਤਾਂ ਲੋਕ ਹੀ ਸਿਆਣੇ ਰਹੇ, ਨਹੀਂ ਪੱਤਰਕਾਰ ਸਾਹਿਬ ਨੇ ਤਾਂ ਆਪਣੀ ਡਿਊਟੀ ਬਾਖੂਬੀ ਨਿਭਾ ਦਿੱਤੀ ਸੀ।
ਕੁਝ ਦਿਨ ਪਹਿਲਾਂ ਹੋਏ ਟੀ 20 ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਸੈਮੀ ਫਾਈਨਲ ਵਿੱਚ ਪਹੁੰਚ ਗਏ ਸਨ ਤੇ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣ ਲਈ ਸੀ। ਬੱਸ ਫਿਰ ਕੀ ਸੀ? ਨਾਲ ਦੀ ਨਾਲ ਸਾਡੇ ਦੇਸ਼ ਭਗਤ ਨੈਸ਼ਨਲ ਮੀਡੀਆ ਨੂੰ ਰਾਸ਼ਟਰਵਾਦ ਦਾ ਕਰੋਨਾ ਹੋ ਗਿਆ। ਇੱਕ ਚੈਨਲ ਦੀ ਮਹਾਂ ਮੂੰਹ ਫੱਟ ਮਹਿਲਾ ਐਂਕਰ ਆਪਣੇ ਪ੍ਰੋਗਰਾਮ ਵਿੱਚ ਵਾਰ ਵਾਰ ਪਾਕਿਸਤਾਨੀ ਟੀਮ ਨੂੰ ਬਾਬਰ ਸੈਨਾ ਦੇ ਨਾਮ ਨਾਲ ਪੁਕਾਰ ਰਹੀ ਸੀ। ਜਦੋਂ ਹੱਦ ਹੋ ਗਈ ਤਾਂ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਭਾਰਤ ਦੇ ਇੱਕ ਪ੍ਰਸਿੱਧ ਸਾਬਕਾ ਖਿਡਾਰੀ ਨੂੰ ਇਹ ਕਹਿ ਕੇ ਉਸ ਨੂੰ ਚੁੱਪ ਕਰਾਉਣਾ ਪਿਆ ਕਿ ਭਾਰਤ ਅਜੇ ਫਾਈਨਲ ਵਿੱਚ ਨਹੀਂ ਪਹੁੰਚਿਆ ਤੇ ਪਾਕਿਸਤਾਨੀ ਟੀਮ ਨੂੰ ਬਾਬਰ ਸੈਨਾ ਕਹਿਣਾ ਸਪੋਰਟਸਮੈਨ ਸਪਿਰਟ ਦੇ ਖਿਲਾਫ ਹੈ। ਜੇ ਭਾਰਤ ਫਾਈਨਲ ਵਿੱਚ ਪਹੁੰਚ ਗਿਆ ਤਾਂ ਉਸ ਦਾ ਮੁਕਾਬਲਾ ਪਾਕਿਸਤਾਨੀ ਕ੍ਰਿਕਟ ਟੀਮ ਨਾਲ ਹੋਣਾ ਹੈ, ਪਾਕਿਸਤਾਨੀ ਫੌਜ ਨਾਲ ਨਹੀਂ।
ਇੱਕ ਚੈਨਲ ਨੇ ਤਾਂ ਹੱਦ ਹੀ ਕਰ ਦਿੱਤੀ, ਉਸ ਨੇ ਭਾਰਤ ਅਤੇ ਇੰਗਲੈਂਡ ਦਰਮਿਆਨ ਹੋਣ ਵਾਲੇ ਸੈਮੀਫਾਈਨਲ ਦਾ ਰਿਜ਼ਲਟ ਪਤਾ ਕਰਨ ਲਈ ਜੋਤਸ਼ੀਆਂ ਦੀ ਇੱਕ ਪੂਰੀ ਫੌਜ ਹੀ ਬੁਲਾ ਲਈ ਸੀ। ਸਾਰੇ ਦੇ ਸਾਰੇ ਠੱਗ ਜੋਤਸ਼ੀਆਂ ਨੇ ਸ਼ੁੱਕਰ ਨੂੰ ਛਨੀ ਦੇ ਘਰ, ਮੰਗਲ ਨੂੰ ਰਾਹੂ ਦੇ ਘਰ ਤੇ ਐਤਵਾਰ ਨੂੰ ਬੁੱਧ ਦੇ ਘਰ ਵਾੜ ਕੇ ਸੈਮੀਫਾਈਨਲ ਤਾਂ ਕੀ, ਫਾਈਨਲ ਵਿੱਚ ਵੀ ਭਾਰਤ ਦੀ ਸੌ ਪ੍ਰਤੀਸ਼ਤ ਜਿੱਤ ਦੀ ਭਵਿੱਖਬਾਣੀ ਕਰ ਦਿੱਤੀ ਸੀ। ਪਰ ਨਤੀਜਾ ਜੋ ਆਇਆ, ਉਹ ਸਭ ਦੇ ਸਾਹਮਣੇ ਹੈ।
ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਨਿਊਜ਼ ਚੈਨਲ ਭਾਰਤ ਦੀ ਡੁੱਬਦੀ ਹੋਈ ਅਰਥ ਵਿਵਸਥਾ, ਰਸਾਤਲ ਵੱਲ ਜਾ ਰਹੀ ਜੀ.ਡੀ.ਪੀ., ਭੁੱਖਮਰੀ, ਗਰੀਬੀ, ਨਾਬਰਾਬਰੀ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਆਦਿ ਦੇ ਪ੍ਰਕੋਪ ਨੂੰ ਭੁੱਲ ਕੇ ਅਰਥਹੀਣ ਖਬਰਾਂ ਦਾ ਕਚੂੰਮਰ ਕੱਢਣ ‘ਤੇ ਲੱਗੇ ਹੋਏ ਹਨ। ਪੁਲਵਾਮਾ ਵਿਖੇ (14 ਫਰਵਰੀ 2019) ਸੀ.ਆਰ.ਪੀ. ‘ਤੇ ਹੋਏ ਫਿਦਾਇਨ ਹਮਲੇ ਅਤੇ ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਵੇਲੇ ਤਾਂ ਚੈਨਲਾਂ ਨੇ ਜਨਤਾ ਨੂੰ ਇਹ ਮੰਨਣ ਲਈ ਮਜ਼ਬੂਰ ਕਰ ਦਿੱਤਾ ਸੀ ਕਿ ਬੱਸ ਜੰਗ ਬੱਸ ਲੱਗੀ ਕਿ ਲੱਗੀ। ਖਬਰਾਂ ਵੇਖ ਕੇ ਲੱਗਦਾ ਸੀ ਕਿ ਭਾਰਤੀ ਫੌਜ ਚੀਨ ਅਤੇ ਪਾਕਿਸਤਾਨ ਵੱਲ ਕੂਚ ਕਰਨ ਲਈ ਬੱਸ ਚੈਨਲਾਂ ਦੇ ਹੁਕਮਾਂ ਦੀ ਉਡੀਕ ਕਰ ਰਹੀ ਹੈ। ਫੌਜੀ ਵਰਦੀਆਂ ਪਹਿਨ ਕੇ ਨਿਊਜ਼ ਐਂਕਰ ਇਸ ਤਰਾਂ ਉੱਛਲ ਕੂਦ ਮਚਾ ਰਹੇ ਸਨ ਜਿਵੇਂ ਭਾਰਤ ਦੀਆਂ ਅੰਤਰ ਮਹਾਂਦੀਪੀ ਮਿਜ਼ਾਈਲਾਂ ਦਾ ਕੰਟਰੋਲ ਇਨ੍ਹਾਂ ਦੇ ਹੱਥ ਵਿੱਚ ਹੋਵੇ। ਚੀਨ ਨੂੰ ਤਾਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਾਨਪੁਰ (ਯੂ.ਪੀ.) ਦੇ ਬਦਮਾਸ਼ ਵਿਕਾਸ ਦੂਬੇ ਦਾ, ਜਿਸ ਨੇ ਅੱਠ ਪੁਲਿਸ ਵਾਲਿਆਂ ਦੀ ਹੱਤਿਆ ਕਰ ਕੇ (3 ਜੁਲਾਈ 2020) ਉਸ ਨੂੰ ਤਬਾਹੀ ਤੋਂ ਬਚਾ ਲਿਆ। ਇਸ ਹੱਤਿਆਕਾਂਡ ਤੋਂ ਬਾਅਦ ਸਾਰੇ ਚੈਨਲਾਂ ਵਾਲੇ ਚੀਨ ਅਤੇ ਪਾਕਿਸਤਾਨ ਨੂੰ ਭੁੱਲ ਕੇ ਵਿਕਾਸ ਦੂਬੇ ਦੇ ਪਿੱਛੇ ਪੈ ਗਏ। ਲੋਕਾਂ ਦੀ ਵਿਕਾਸ ਦੂਬੇ ਦੀਆਂ ਖਬਰਾਂ ਤੋਂ ਉਸ ਵੇਲੇ ਜਾਨ ਛੁੱਟੀ ਜਦੋਂ ਉਸ ਦਾ ਇੱਕ ਪੁਲਿਸ ਮੁਕਾਬਲੇ (10 ਜੁਲਾਈ 2020) ਵਿੱਚ ਅੰਤ ਹੋ ਗਿਆ।
ਕੁਝ ਦਿਨ ਪਹਿਲਾਂ ਭਾਰਤ ਵਿੱਚ ਦੋ ਵੱਡੇ ਕਾਂਡ ਹੋਏ ਹਨ। ਇੱਕ ਤਾਂ ਬਿਲਕੀਸ ਬਾਨੋ ਬਲਾਤਕਾਰ ਕੇਸ ਦੇ ਮੁਜ਼ਰਿਮ ਰਿਹਾ ਕਰ ਦਿੱਤੇ ਗਏ ਤੇ ਦੂਸਰਾ ਗੁਜਰਾਤ ਵਿੱਚ ਮੋਰਬੀ ਪੁਲ ਹਾਦਸਾ, ਜਿਸ ਵਿੱਚ 150 ਦੇ ਕਰੀਬ ਬੇਗੁਨਾਹ ਮਾਰੇ ਗਏ ਹਨ। ਇੱਕ ਦੋ ਨੂੰ ਛੱਡ ਕੇ ਕਿਸੇ ਵੀ ਨਿਊਜ਼ ਚੈਨਲ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਰੋਜ਼ਾਨਾ ਪਾਕਿਸਤਾਨ ਤੇ ਚੀਨ ਨੂੰ ਪਾਣੀ ਪੀ ਪੀ ਕੇ ਕੋਸਣ ਵਾਲੀਆਂ ਸਾਡੀਆਂ ਮਹਿਲਾ ਐਂਕਰਾਂ ਨੇ ਵੀ ਇਸ ਸਬੰਧੀ ਕੋਈ ਪ੍ਰੋਗਰਾਮ ਨਹੀਂ ਕੀਤਾ। ਬਾਲੀਵੁੱਡ ਦੇ ਕਿਸੇ ਐਕਟਰ ਦੀ ਜੇਬ ਵਿੱਚ ਕਿੰਨੀ ਡਰੱਗ ਹੈ, ਭਾਰਤ ਵਿੱਚ ਏਲੀਅਨ ਦਾ ਟਿਕਾਣਾ ਕਿੱਥੇ ਬਣ ਰਿਹਾ ਹੈ ਜਾਂ 2000 ਦੇ ਨੋਟ ਵਿੱਚ ਭਾਰਤ ਸਰਕਾਰ ਨੇ ਨੈਨੋ ਚਿੱਪ ਪਾਈ ਹੈ ਕਿ ਨਹੀਂ, ਇਹ ਇਹਨਾਂ ਐਂਕਰਾਂ ਨੂੰ ਫੌਰਨ ਪਤਾ ਲੱਗ ਜਾਂਦਾ ਹੈ। ਪਰ ਮੋਰਬੀ ਹਾਦਸੇ ਦਾ ਜ਼ਿੰਮੇਵਾਰ ਕੌਣ ਹੈ, ਇਹ ਇਹਨਾਂ ਨੂੰ ਅੱਜ ਤੱਕ ਪਤਾ ਨਹੀਂ ਲੱਗ ਸਕਿਆ। ਭਾਰਤੀਆਂ ਨੂੰ ਸ਼ੁਕਰ ਮਨਾਉਣਾ ਚਾਹੀਦਾ ਹੈ ਕਿ ਇਥੇ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਬਹੁਤ ਮਜ਼ਬੂਤ ਅਤੇ ਅਜ਼ਾਦ ਹੈ। ਨਿਊਜ਼ ਚੈਨਲਾਂ ਦੀ ਬਜਾਏ ਇਹਨਾਂ ਤੋਂ ਜਿਆਦਾ ਸਟੀਕ ਅਤੇ ਸੱਚੀ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਪੰਜਾਬੀ ਅਖਬਾਰਾਂ ਵੀ ਵਧੀਆ ਅਤੇ ਨਿਰਪੱਖ ਰਿਪੋਰਟਿੰਗ ਕਰ ਰਹੀਆਂ ਹਨ। ਕਿਸੇ ਵੀ ਵਿਸ਼ੇ ਜਾਂ ਘਟਨਾ ਬਾਰੇ ਸਹੀ ਜਾਣਕਾਰੀ ਲੈਣ ਅਤੇ ਉਸ ਸਬੰਧੀ ਆਪਣੀ ਰਾਏ ਬਣਾਉਣ ਤੋਂ ਪਹਿਲਾਂ ਅਖਬਾਰ ਜਰੂਰ ਪੜ੍ਹ ਲੈਣੀ ਚਾਹੀਦੀ ਹੈ।