ਸਾਵਧਾਨ! ਓ.ਸੀ.ਆਈ. ਨੇ ਕਈਆਂ ਦੀ ਫਲਾਈਟ ਛਡਾਈ 

  • 20 ਸਾਲ ਤੱਕ ਦੀ ਉਮਰ ਅਤੇ ਫਿਰ 50 ਸਾਲ ਦੀ ਉਮਰ ਬਾਅਦ ਦੁਬਾਰਾ ਲੈਣੀ ਪੈ ਸਕਦੀ ਹੈ ਓ. ਸੀ. ਆਈ. ਬੁੱਕਲੈਟ
  • 21 ਤੋਂ 49 ਸਾਲ ਦਰਮਿਆਨ ਲਾਜ਼ਮੀ ਨਹੀਂ ਪਰ ਰੱਖੋ ਪੁਰਾਣਾ ਪਾਸਪੋਰਟ ਕੋਲ
  • 45 ਡਾਲਰ ਫੀਸ, ਡ੍ਰਾਫਟ, ਲਿਫਾਫੇ, ਤਸਦੀਕਸ਼ੁਦਾ ਕਾਗਜ਼, ਫੋਟੋਆਂ, ਆਨ ਲਾਈਨ ਅੱਪਲੋਡ ਆਦਿ ਸਾਰਾ ਕੁਝ ਦੁਬਾਰਾ ਕਰਨਾ ਹੁੰਦਾ

OIC PIC

ਔਕਲੈਂਡ 5 ਨਵੰਬਰ -ਜਿਹੜੇ ਪ੍ਰਵਾਸੀ ਭਾਰਤੀ ਆਪਣੀ ਅਤੇ ਆਪਣੇ ਬੱਚਿਆਂ ਦੀ ਓ.ਸੀ.ਆਈ. ਲੈ ਕੇ ਇਹ ਸੋਚ ਕੇ ਬੈਠੇ ਹਨ ਕਿ ਜਦੋਂ ਦਿਲ ਕਰੇ ਇੰਡੀਆ ਦੀ ਟਿਕਟ ਲਓ ਅਤੇ ਉਡ ਜਾਓ, ਗਲਤ ਸਾਬਿਤ ਹੋ ਸਕਦੇ ਹਨ ਕਿਉਂਕਿ ਓ.ਸੀ.ਆਈ. ਦੀ  ਉਮਰ ਵੀ ਤੁਹਾਡੀ ਉਮਰ ਦੇ ਨਾਲ ਬਦਲ ਜਾਂਦੀ ਹੈ। ਕਈ ਲੋਕਾਂ ਕੋਲ ਓ. ਸੀ. ਆਈ. ਹੋਣ ਦੇ ਬਾਵਜੂਦ ਵੀ ਫਲਾਈਟ ਨਹੀਂ ਫੜ੍ਹਨ ਦਿੱਤੀ ਜਾ ਰਹੀ ਕਿਉਂਕਿ ਕਾਨੂੰਨਨ ਉਨ੍ਹਾਂ ਨੂੰ ਓ. ਸੀ. ਆਈ. ਕਾਰਡ ਜਾਂ ਬੁੱਕਲੈਟ ਦੁਬਾਰਾ ਇਸ਼ੂ ਕਰਵਾਉਣ ਦੀ ਲੋੜ ਹੈ। 20 ਸਾਲ ਦੀ ਉਮਰ ਤੱਕ ਜੇਕਰ ਤੁਸੀਂ  ਨਵਾਂ ਪਾਸਪੋਰਟ ਲੈਂਦੇ ਹੋ ਤਾਂ ਓ. ਸੀ.ਆਈ. ਵੀ ਦੁਬਾਰਾ ਇਸ਼ੂ ਕਰਵਾਉਣੀ ਹੋਏਗੀ। 21 ਸਾਲ ਤੋਂ 49 ਸਾਲ ਦਰਮਿਆਨ ਜੇਕਰ ਤੁਸੀਂ ਨਵਾਂ ਪਾਸਪੋਰਟ ਪ੍ਰਾਪਤ ਕਰਦੇ ਹੋ ਤਾਂ ਓ.ਸੀ. ਆਈ ਦੁਬਾਰਾ ਇਸ਼ੂ ਕਰਾਉਣੀ ਲਾਜ਼ਮੀ ਨਹੀਂ ਹੈ, ਪਰ ਇਸਦੇ ਬਦਲੇ ਪੁਰਾਣਾ ਪਾਸਪੋਰਟ ਰੱਖਣਾ ਹੋਏਗਾ ਜਿਸ ਦਾ ਨੰਬਰ ਓ.ਸੀ.ਆਈ. ਕਾਰਡ ਉਤੇ ਛਪਿਆ ਹੋਵੇ। ਜੇਕਰ ਕੋਈ ਚਾਹੇ ਕਿ ਦੁਬਾਰਾ ਓ. ਸੀ. ਕਾਰਡ ਇਸ ਕਰਕੇ ਲੈਣਾ ਹੈ ਕਿ ਨਵਾਂ ਪਾਸਪੋਰਟ ਨੰਬਰ ਓ. ਸੀ. ਆਈ. ਕਾਰਡ ਉਤੇ ਆ ਜਾਵੇ ਤਾਂ ਉਹ ਅਪਲਾਈ ਕਰ ਸਕਦਾ ਹੈ। ਜਾਂ ਫਿਰ ਨਿੱਜੀ ਜਾਣਕਾਰੀ ਤਬਦੀਲ ਹੋਣ ‘ਤੇ, ਓ.ਸੀ.ਆਈ. ਕਾਰਡ ਗੁੰਮ ਹੋਣ ‘ਤੇ ਜਾਂ ਪਾਸਪੋਰਟ ਆਦਿ ਗੁੰਮ ਹੋਣ ਉਤੇ ਵੀ ਦੁਬਾਰਾ ਓ.ਸੀ.ਆਈ. ਕਾਰਡ ਲਿਆ ਜਾ ਸਕਦਾ ਹੈ। ਤੁਹਾਡਾ ਪਤਾ ਆਦਿ ਬਦਲ ਗਿਆ ਹੈ ਤਾਂ ਵੀ ਨਵਾਂ ਓ.ਸੀ.ਆਈ. ਕਾਰਡ ਅਪਲਾਈ ਕੀਤਾ ਜਾ ਸਕਦਾ ਹੈ।

50 ਸਾਲ ਦੀ ਉਮਰ ਬਾਅਦ ਜੇਕਰ ਤੁਸੀਂ ਨਵਾਂ ਪਾਸਪੋਰਟ ਬਣਾਉਦੇ ਹੋ ਤਾਂ ਦੁਬਾਰਾ ਓ.ਸੀ. ਆਈ ਕਾਰਡ ਲੈਣਾ ਲਾਜ਼ਮੀ ਹੋਵੇਗਾ। ਜੇਕਰ ਤੁਸੀਂ ਪਹਿਲੀ ਵਾਰ ਓ.ਸੀ.ਆਈ. ਕਾਰਡ 50 ਸਾਲ ਦੀ ਉਮਰ ‘ਚ ਹੀ ਲਿਆ ਹੈ ਤਾਂ ਫਿਰ ਸਾਰੀ ਉਮਰ ਦੁਬਾਰਾ ਓ.ਸੀ.ਆਈ. ਕਾਰਡ ਲੈਣ ਦੀ ਜਰੂਰਤ ਨਹੀਂ ਰਹੇਗੀ। ਯਾਤਰਾ ਵਾਲੇ ਉਹ ਪਾਸਪੋਰਟ ਕੋਲ ਰੱਖਣਾ ਜਰੂਰੀ ਹੋਏਗਾ ਜਿਸਦਾ ਨੰਬਰ ਓ.ਸੀ.ਆਈ. ਕਾਪੀ ਉਤੇ ਲਿਖਿਆ ਹੋਵੇ। ਦੁਬਾਰਾ ਓ.ਸੀ.ਆਈ. ਅਪਲਾਈ ਕਰਨ ਵਾਸਤੇ ਲਗਪਗ ਓਨਾ ਹੀ ਕਾਰਜ ਦੁਬਾਰਾ ਕਰਨਾ ਪੈਂਦਾ ਹੈ ਜਿੰਨਾ ਪਹਿਲੀ ਵਾਰ ਕਰਨਾ ਹੁੰਦਾ ਹੈ। ਫੋਟੋਆਂ, ਜਸਟਿਸ ਆਫ ਪੀਸ ਦੇ ਤਸਦੀਕਸ਼ੁਦਾ  ਪੁਰਾਣੇ-ਨਵੇਂ ਪਾਸਪੋਰਟ, ਡਿਜ਼ੀਟਲ ਫੋਟੋਆਂ ਆਦਿ ਅੱਪਲੋਡ ਕਰਨੀਆਂ ਹੁੰਦੀਆਂ ਹਨ।

45 ਡਾਲਰ ਪ੍ਰਤੀ ਐਪਲੀਕਸ਼ਨ ਡ੍ਰਾਫਟ ਰਾਹੀਂ ਫੀਸ , ਪੁਰਾਣੀ ਅਸਲੀ ਓ.ਸੀ.ਆਈ. ਕਾਪੀ ਅਤੇ ਖਾਲੀ ਕੋਰੀਅਰ ਲਿਫਾਫੇ ਆਦਿ ਵੀ ਭੇਜਣੇ ਹੁੰਦੇ ਹਨ। ਇਸ ਕਾਰਜ ਵਾਸਤੇ ਨਿਰਧਾਰਤ ਸਮਾਂ 40 ਦਿਨ ਤੱਕ ਲਗ ਸਕਦਾ ਹੈ ਬਾਕੀ ਤੁਹਾਡੀ ਕਿਸਮਤ ਕਿ ਪਹਿਲਾਂ ਆ ਜਾਵੇ ਕਿਉਂਕਿ ‘ਮੇਰਾ ਭਾਰਤ ਮਹਾਨ-ਜਿੱਥੇ ਵਸਦੀ ਹੈ ਜਾਨ’
ਜਿਆਦਾ ਜਾਣਕਾਰੀ ਲਈ ਵੈਬਸਾਈਟ www.mea.gov.in/oci-related-matters.htm ਉਤੇ ਜਾਓ।