ਆਨਲਾਈਨ ਦਾਨ ਜਾਂ ਖਰੀਦੋ ਫਰੋਖਤ ਸਮੇਂ ਠੱਗੀਆਂ ਤੋਂ ਸਾਵਧਾਨ: ਕੋਵਿਡ-19

(ਬ੍ਰਿਸਬੇਨ) ਕੋਵਿਡ-19 ਕਾਰਨ ਵੱਖ-ਵੱਖ ਦੇਸ਼ਾਂ ਵਿੱਚ ਲਾਗੂ ਤਾਲਾਬੰਦੀ ਦੌਰਾਨ ਲੋਕਾਂ ਦੀ ਮਦਦ ਲਈ ਅੱਗੇ ਆਉਣ ਵਾਲਿਆਂ ਉੱਪਰ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਦੇ ਹਮਲੇ ਵਧਦੇ ਜਾ ਰਹੇ ਹਨ। ਮਸਲਨ ਬਹੁਤੇ ਲੋਕ ਦਿਲਕਸ਼ ਆਫਰਾਂ ਦੇਖ ਕੇ ਧੜਾਧੜ ਆਨਲਾਈਨ ਆਰਡਰ ਕਰ ਰਹੇ ਹਨ ਪਰ ਉਨ੍ਹਾਂ ਕੋਲ ਚੀਜ਼ਾਂ ਨਹੀਂ ਪਹੁੰਚ ਰਹੀਆਂ ਹਨ। ਇੱਥੇ ਬਹੁਤ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਵੀ ਹੈ ਜੋ ਇੰਟਰਨੈਟ ਸਕੈਮ ਦਾ ਸ਼ਿਕਾਰ ਹੋ ਕੇ ਆਪਣੀ ਕਮਾਈ ਦਾ ਚੋਖਾ ਹਿੱਸਾ ਗੁਆ ਚੁੱਕੇ ਹਨ। ਗੌਰਤਲਬ ਹੈ ਕਿ ਸਮੁੱਚੇ ਵਿਸ਼ਵ ਵਿੱਚ ਅਜੇ ਵੀ ਬਹੁਤੀਆਂ ਫੈਕਟਰੀਆਂ-ਦੁਕਾਨਾਂ ਬੰਦ ਹਨ। ਪਰ ਜਿਹਨਾਂ ਕੁਝ ਲੋਕਾਂ ਨੂੰ ਹਾਲੇ ਕੰਮ ਮਿਲਿਆ ਹੋਇਆ ਹੈ। ਉਹਨਾਂ ‘ਚੋਂ ਕਈ ਇੰਟਰਨੈਟ ਉੱਪਰ ਧੋਖਾਧੜੀ ਦੇ ਜਾਲ ਵਿਛਾ ਰਹੇ ਹਨ। ਸਸਤੇ ਸਮਾਨ ਦੇ ਆਫ਼ਰ ਦਿਖਾ ਕੇ ਆਨਲਾਈਨ ਅਦਾਇਗੀਆਂ ਲੈ ਰਹੇ ਹਨ ਜਦਕਿ ਚੀਜ਼ਾਂ ਗਾਹਕਾਂ ਤੱਕ ਪਹੁੰਚ ਨਹੀਂ ਰਹੀਆਂ ਹਨ। ਫ਼ਰਜ਼ੀ ਵੈੱਬਸਾਈਟਾਂ ਬਣਾ ਕੇ ਡੋਨੇਸ਼ਨਾਂ ਲੈ ਰਹੇ ਹਨ। ਪੁਲਿਸ ਅਤੇ ਗਾਹਕਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀਆਂ ਏਜੰਸੀਆਂ ਸੰਕਟ ਦੇ ਇਸ ਦੌਰ ਵਿੱਚ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਪ੍ਰਤੀ ਲਗਾਤਾਰ ਸੁਚੇਤ ਕਰ ਰਹੀਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਸਾਈਬਰ ਅਪਰਾਧੀ ਸ਼ਿਕਾਰ ਫ਼ਸਾਉਣ ਲਈ ਹਮੇਸ਼ਾ ਵੱਡੀਆਂ ਕੌਮਾਂਤਰੀ ਘਟਨਾਵਾਂ ਦਾ ਸਹਾਰਾ ਲੈਂਦੇ ਹਨ। ਹਾਲਾਂਕਿ ਕਰੋਨਾਵਾਇਰਸ ਦੀ ਲਾਗ ਦੇ ਦੌਰਾਨ ਜਿਸ ਗਤੀ ਨਾਲ ਇਹ ਹਮਲੇ ਹੋ ਰਹੇ ਹਨ ਉਹ ਹੈਰਾਨ ਕਰਨ ਵਾਲੇ ਹਨ। ਸਾਈਬਰ ਐਨਾਲੈਟਿਕਸ ਥਰੈਟ ਫਰਮ CYFIRMA ਦੇ ਫ਼ਾਊਂਡਰ ਅਤੇ ਮੁਖੀ ਕੁਮਾਰ ਰਿਤੇਸ਼ ਨੇ ਦੱਸਿਆ ਕਿ ਸਭ ਤੋਂ ਪ੍ਰੇਸ਼ਾਨੀ ਦੀ ਗੱਲ ਹੈ ਕਿ ਸਾਈਬਰ ਹਮਲਿਆਂ ਵਿੱਚ ਆਈ ਤੇਜ਼ੀ ਮਲਵੇਅਰ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਧੋਖਾਧੜੀ ਲਈ ਉੱਤਮ ਦਰਜੇ ਦੀਆਂ ਤਿਕੜਮਾਂ ਵਰਤੀਆਂ ਜਾ ਰਹੀਆਂ ਹਨ। ਉਹਨਾਂ ਹੋਰ ਕਿਹਾ ਕਿ ਹਮਲਾਵਰ ਬੇਰਹਿਮ ਹੋ ਕੇ ਆਪਣਾ ਕੰਮ ਕਰ ਰਹੇ ਹਨ। ਨਕਲੀ ਵੈਕਸੀਨ ਅਤੇ ਫ਼ਰਜ਼ੀ ਇਲਾਜਾਂ ਦਾ ਬਾਜ਼ਾਰ ਇਸ ਸਮੇਂ ਸਿਖਰਾਂ ‘ਤੇ ਹੈ। ਆਨਲਾਈਨ ਦਾਨ ਦੇ ਨਾਂਅ ਉੱਪਰ ਫੇਕ ਮੋਬਾਈਲ ਐਡਰੈੱਸ ਉੱਪਰ ਅਦਾਇਗੀਆਂ ਕਰਵਾ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਦਾਨ ਦੇਣ ਵਾਲੇ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਜਾ ਰਹੇ ਇਨ੍ਹਾਂ ਫ਼ਰਜ਼ੀ ਖਾਤਿਆਂ ਦਾ ਜਿਵੇਂ ਹੜ੍ਹ ਆ ਗਿਆ ਹੈ। ਖਾਤਿਆਂ ਦੇ ਪਤੇ ਪਹਿਲੀ ਨਜ਼ਰ ਵਿੱਚ ਦੇਖਣ ਨਾਲ ਇਨ੍ਹਾਂ ਉੱਪਰ ਜਲਦੀ ਕੀਤਿਆਂ ਸ਼ੱਕ ਨਹੀਂ ਹੁੰਦਾ। ਸਗੋਂ ਇਹ ਅਸਲੀ ਲਗਦੇ ਹਨ। ਜਿਵੇਂ pmcares@pnb, pmcares@hdfcbank, pmcare@yesbank, pmcare@ybl, pmcares@icici ਆਦਿ। ਜਾਲਸਾਜ਼ੀ ਕਰਨ ਵਾਲਿਆਂ ਵੱਲੋਂ ਕਾਗਜ਼ੀ ਕਾਰਵਾਈ ਵਿੱਚ ਮਦਦ ਦੀ ਪੇਸ਼ਕਸ਼ ਬਹਾਨੇ ਬੈਂਕ ਕਸਟਮਰ ਨੂੰ ਭਰੋਸੇ ਵਿੱਚ ਲੈ ਕੇ ਉਨ੍ਹਾਂ ਦਾ ਅਕਾਊਂਟ ਨੰਬਰ ਪੁੱਛ ਲੈਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਅਕਾਊਂਟ ਵਿੱਚੋਂ ਪੈਸੇ ਉੱਡਣ ਲਗਦੇ ਹਨ। ਉਹ ਈਮੇਲ, ਐੱਸਐੱਮਐੱਸ, ਫੋਨ ਕਾਲਾਂ ਅਤੇ ਮਲਵੇਅਰ ਸਮੇਤ ਹਰ ਤਰੀਕੇ ਦੀ ਵਰਤੋਂ ਕਰ ਰਹੇ ਹਨ ਤਾਂ ਕਿ ਇਸ ਮਹਾਂਮਾਰੀ ਵਿੱਚ ਵੱਧ ਸ਼ਿਕਾਰ ਫਸਾ ਸਕਣ। ਉਹ ਅਜਿਹੇ ਲੋਕਾਂ ਨੂੰ ਵੀ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੋ ਸਮਝਦੇ ਹਨ ਕਿ ਉਨ੍ਹਾਂ ਨੂੰ ਜਾਲਸਾਜ਼ੀਆਂ ਦੀ ਸਮਝ ਹੈ।
ਕੰਜ਼ਿਊਮਰ ਕੰਸਲਟਿੰਗ ਫਰਮ ਗਟਰਨਰ ਦੀ ਪ੍ਰਿੰਸੀਪਲ ਐਨਾਲਿਸਟ ਰਾਜਪ੍ਰੀਤ ਕੌਰ ਨੇ ਦੱਸਿਆ, “ਲੋਕਾਂ ਨੂੰ ਅਜਿਹੀ ਈ-ਮੇਲ ਆਉਂਦੀ ਹੈ। ਇਸ ਵਿੱਚ ਜਿਹੜੀ ਅਟੈਚਮੈਂਟ ਹੁੰਦੀ ਹੈ। ਉਸ ਵਿੱਚ ਮਲਵੇਅਰ ਹੁੰਦਾ ਹੈ। ਮਲਵੇਅਰ ਉਪਕਰਣ ਨੂੰ ਠੱਪ ਕਰ ਦਿੰਦੇ ਹਨ ਅਤੇ ਸੂਚਨਾਵਾਂ ਚੋਰੀ ਕਰ ਲਈਆਂ ਜਾਂਦੀਆਂ ਹਨ। ਮਲਵੇਅਰ ਦਾਖ਼ਲ ਹੋ ਜਾਣ ਨਾਲ ਤੁਹਾਡੇ ਉਪਕਰਣ ਨੂੰ ਤੁਰੰਤ ਨੁਕਸਾਨ ਪਹੁੰਚਦਾ ਹੈ। ਇਹ ਕਰੈਸ਼ ਹੋ ਸਕਦਾ ਹੈ, ਰੀ-ਬੂਟ ਹੋ ਸਕਦਾ ਹੈ ਜਾਂ ਫਿਰ ਇਹ ਹੌਲਾ ਪੈ ਸਕਦਾ ਹੈ। ਐਨਲਿਟਿਕਸ ਪਲੇਟਫ਼ਰਮ DNIF ਦੀ ਇੱਕ ਰਿਪੋਰਟ ਅਨੁਸਾਰ ਇਸ ਤਰ੍ਹਾਂ ਦੇ ਮੇਲ ਅਤੇ ਮੈਸੇਜ ਦੇ ਮਾਮਲੇ ਵਿੱਚ ਬਹੁਤ ਸਾਵਧਾਨੀ ਦੀ ਜ਼ਰੂਰਤ ਹੁੰਦੀ ਹੈ। ਹੈਂਡ ਸੈਨੇਟਾਈਜ਼ਰ ਅਤੇ ਮਾਸਕ ਦੀ ਕਮੀ ਨੂੰ ਵੀ ਠੱਗਾਂ ਨੇ ਬਾਖ਼ੂਬੀ ਵਰਤਿਆ ਹੈ। ਧੋਖਾਧੜੀ ਬਾਬਤ ਫ਼ਰਜ਼ੀ ਈ-ਕਾਮਰਸ ਸਾਈਟਾਂ ਖੁੱਲ੍ਹ ਰਹੀਆਂ ਹਨ। ਸਾਈਬਰ ਸੁਰੱਖਿਆ ਫ਼ਰਮ Lucideus ਦੇ ਸਹਿ-ਸੰਸਥਾਪਕ ਰਾਹੁਲ ਤਿਆਗ ਕਹਿੰਦੇ ਹਨ ਕਿ ਜੇ ਕੋਈ ਤੁਹਾਨੂੰ ਈ-ਮੇਲ ਜਾਂ ਮੈਸਜ ਭੇਜਣ ਵਾਲਾ ਕੋਈ ਪਤਾ ਸ਼ੱਕੀ ਲੱਗੇ ਤਾਂ ਤੁਰੰਤ ਚੌਕਸ ਹੋ ਜਾਓ। ਹੋ ਸਕੇ ਤਾਂ ਟੂ-ਫੈਕਟਰ ਅਥੈਂਟੀਕੇਸ਼ਨ ਦੀ ਵਰਤੋਂ ਕਰੋ। ਇਸ ਦੀ ਵਰਤੋਂ ਕਰਦੇ ਸਮੇਂ ਗੂਗਲ ਜਾਂ ਮਾਈਕ੍ਰੋਸਾਫ਼ਟ ਦੀਆਂ ਅਥੈਂਟੀਕੇਸ਼ਨ ਐਪਲੀਕੇਸ਼ਨਾਂ ਦੀ ਵਰਤੋਂ ਕਰ ਸਕਦੇ ਹੋ। ਐੱਸਐੱਮਐੱਸ ਕੋਡ ਹਾਸਲ ਕਰਨ ਦੀ ਥਾਂ ਕਾਲ ਕਰੋ। ਉਹਨਾਂ ਹੋਰ ਕਿਹਾ ਕਿ ਜੇ ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਵੀ ਤੁਹਾਡੇ ਨਾਲ ਠੱਗੀ ਵੱਜੀ ਹੈ ਤਾਂ ਆਪਣੇ ਬੈਂਕ ਨਾਲ ਸੰਪਰਕ ਕਰੋ ਅਤੇ ਹਦਾਇਤਾਂ ਦਾ ਪਾਲਣ ਕਰੋ। ਪੀਡਬਲਿਊਸੀ ਇੰਡੀਆ (PwC India) ਵਿੱਚ ਸਾਈਬਰ ਸੁਰੱਖਿਆ ਲੀਡਰ ਸਿਧਾਰਥ ਵਿਸ਼ਵਨਾਥ ਨੇ ਦੱਸਿਆ ਕਿ ਭਾਰਤ ਦੇ ਗ੍ਰਹਿ- ਮੰਤਰਾਲਾ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਹਨ ਉਨ੍ਹਾਂ ਮੁਤਾਬਕ ਸਾਈਬਰ ਅਪਰਾਧ ਦੇ ਸ਼ਿਕਾਰ https://cybercrime.gov.in/ ਉੱਪਰ ਜਾ ਕੇ ਸ਼ਿਕਾਇਤ ਦਰਜ ਕਰਾ ਸਕਦੇ ਹਨ।

Install Punjabi Akhbar App

Install
×