ਬੌਣਾ ਆਦਮੀ…..

ਜਦੋਂ ਪੰਜਾਬੋਂ ਆ ਕੇ ਆਪਣੀ ਕੁੜੀ ਨਾਲ ਘੁੰਮਣ ਲਈ ਘਰ ਦੇ ਨਾਲ ਲੱਗਦੀ ਪਾਰਕ ਵਿੱਚ ਆਥਣੇ ਪੰਛੀਆਂ ਦੀ ਡਾਰ ਜਾਂਦੀ ਵੇਖ ਮੇਰੀ ਬੇਟੀ ਦਾ ਚਿਹਰਾ ਏਦਾਂ ਚਮਕ ਉੱਠਿਆ ਜਿਵੇ ਬਚਪਨ ਵਿੱਚ ਚੂਹੜੂ/ਚਮਨ ਦੀ ਹੱਟੀ ਤੋਂ ਭਰਵਾਂ ਰੂੰਗਾ ਮਿਲਣ ਤੇ ਹੁੰਦਾ ਸੀ. “ਪੰਛੀ ਕਿੰਨੇ ਲੱਕੀ ਹਨ ਜਿਹੜੇ ਹੁਣ ਇਕੱਠੇ ਰਹਿਣਗੇ ਰਾਤ ਨੂੰ” ਪਾਰਕ ਚ ਲੱਗੇ ਟੇਬਲ ਤੇ ਬੈਠੀ ਸੱਜੇ ਪੈਰ ਦੇ ਬੂਟ ਨਾਲ ਘਾਹ ਪੁਟਦੀ ਕਹਿਦੀ ਤਾਂ ਲੱਗਿਆ ਜਿਵੇ ਕਿ ਇਹ ਆਪਣਾ ਅੰਦਰਲਾ ਲਾਵਾ ਇਸ ਘਾਹ ਉੱਪਰ ਕੱਢ ਰਹੀ ਹੋਵੇ. ਇਕਦਮ ਮੇਰੀਆਂ ਅੱਖਾਂ ਚ ਦੇਖਦੀ ਕਹਿੰਦੀ “ਜਦੋਂ ਇਹ ਪੰਛੀ ਬੁੜੇ ਹੋ ਗਏ ਤਾਂ ਇਹਨਾਂ ਦੇ ਬੱਚੇ ਜਾਣਗੇ ਇਹਨਾਂ ਲਈ ਖਾਣਾ ਲੈਣ ਫਿਰ?”. ਮੇਰੇ ਹਾਂ ਵਿਚ ਸਿਰ ਹਿਲਾਉਣ ਤੇ ਕਹਿੰਦੀ “ਜੇ ਬੱਚੇ ਨਾਂ ਮੁੜਨ ਤਾਂ ਫਿਰ?” ਤਾਂ ਮੈਨੂੰ ਲੱਗਿਆ ਜਿਵੇ ਇਸਨੂੰ ਵਕਤ ਨੇ ਸਮੇਂ ਤੋਂ ਪਹਿਲਾਂ ਹੀ ਬਹੁਤ ਸਿਆਣੀ ਕਰ ਦਿੱਤਾ ਹੋਵੇ ਤੇ ਮੈ ਜਵਾਬ ਸੋਚਣ ਲੱਗਿਆ ਪੰਜਾਬ ਚ ਪਹੁੰਚ ਗਿਆ. ਮੈਨੂੰ ਲੱਗਿਆ ਜਿਵੇ ਮੈ ਉਹ ਬੱਚਾ ਹੋਵਾਂ ਜਿਹੜਾ ਆਪਣੇ ਮਾਂ ਬਾਪ ਲਈ ਮੈਲਬੌਰਨ ਖਾਣਾ ਲੈਣ ਆਇਆ ਹੋਵਾਂ ਤੇ ਏਥੇ ਦਾ ਹੀ ਹੋ ਕੇ ਰਹਿ ਗਿਆ ਹੋਵਾਂ, ਅੱਖਾਂ ਵਿੱਚੋਂ ਹੰਝੂ ਟਿਪ ਟਿਪ ਡਿਗਣ ਲੱਗੇ ਜਿਵੇ ਸਵੇਰੇ ਸਵੇਰੇ ਪਹੁ ਫੁੱਟਾਲੇ ਵੇਲੇ ਸੂਰਜ ਦੀ ਤਪਸ਼ ਨਾਲ ਕੂਲ਼ੇ ਕੂਲ਼ੇ ਪੱਤਿਆਂ ਤੋ ਤਰੇਲ ਤਿਲਕ ਰਹੀ ਹੁੰਦੀ ਆ. ਉਹ ਦਿਨਾਂ ਵੀ ਯਾਦ ਆ ਗਏ ਜਦੋਂ ਬਚਪਨ ਚ ਮਾਂ ਬਾਪ ਨਾਲ ਆਥਣੇ ਸਾਰੇ ਕੱਠੇ ਹੁੰਦੇ ਸੀ ਤੇ ਕਿੰਨੀਆਂ ਸੋਹਣੀਆਂ ਰਾਤਾਂ ਹੁੰਦੀਆਂ ਸੀ, ਇਕ ਪੱਖੇ ਮੂਹਰੇ ਕੋਠੇ ਤੇ ਮੰਜੇ ਡਾਹ ਕੇ ਤਾਰੇ ਗਿਣਨੇ, ਬੇਬੇ ਨੇ ਰਾਤ ਨੂੰ ਕਈ ਵਾਰ ਸੁੱਤੇ ਪਿਆਂ ਦਾ ਸਿਰ ਉੱਪਰ ਚੱਕ ਦੁੱਧ ਦਾ ਗਲਾਸ ਮੂੰਹ ਨੂੰ ਲਾ ਦੇਣਾ, ਚਾਚੇ ਦੇ ਮੁੰਡੇ ਦੀਪੇ ਦਾ ਨੀਂਦ ਚ ਤੁਰਨ ਕਰਕੇ ਕੰਧ ਨਾਲ ਰੱਖੀਆਂ  ਕਪਾਹ ਦੀਆਂ ਸਿਟੀਆਂ ਉੱਪਰ ਡਿਗਣਾ ਕੋਠੇ ਤੋ ਆਦਿ. ਫਿਰ ਸਿਰ ਉੱਪਰ ਮੰਡਰਾਉਦੇ ਬੱਦਲ਼ਾਂ ਨੂੰ ਦੇਖ ਚੇਤਾ ਆਇਆ ਕਿ ਹਾੜ ਸਾਉਣ ਮਹੀਨੇ ਰਾਤ ਨੂੰ ਕਿਮੇ ਭਾਜੜ ਪੈਂਦੀ ਹੁੰਦੀ ਸੀ ਜਦੋਂ ਅਚਾਨਕ ਤੇਜ ਨੇਰੀ ਆ ਦਬੋਚਦੀ ਹੁੰਦੀ ਸੀ ਸੁੱਤਿਆਂ ਨੂੰ. ਮੈ ਹੁਣ 7-8 ਸਾਲਾਂ ਬਾਦ ਪੰਜਾਬ ਗਿਆ ਤਾਂ ਮੈ ਦੇਖਿਆ ਕਿ ਹੁਣ ਬਹੁਤੇ ਪੰਜਾਬੀ ਵੀ ਪੰਛੀਆਂ ਵਾਂਗ ਆਪਣੀਆਂ ਬੱਚਿਆਂ ਨੂੰ ਉੱਡਣਾ ਸਿੱਖਾ ਕੇ ਆਪ ਜੰਮਣ ਭੋਏਂ ਛੱਡਣਾ ਨਹੀਂ ਚਾਹੁੰਦੇ ਹਨ. ਮੇਰੇ ਮੋਢਾ ਮਾਰ ਮੇਰੀ ਲਾਡਲੀ ਫਿਰ ਪੁੱਛਣ ਲੱਗੀ “ਪਾਪਾ ਇਹ ਲੜਦੇ ਨਹੀਂ ਆਪਣਿਆ ਆਲਣਿਆ ਲਈ ਜਾਂ ਖਾਣੇ ਲਈ?”

ਤਾਂ ਮੇਰੇ ਮੂੰਹੋਂ ਸੁਭਾਵਿਕ ਜਿਹੇ ਹੀ ਨਿਕਲ ਗਿਆ ” ਪੁੱਤ  ਇਹ ਆਲਣਿਆ, ਖਾਣੇ, ਬਾਰਡਰਾਂ ਅਤੇ ਕੁਰਸੀ ਲਈ ਤਾ ਬਿਲਕੁਲ ਵੀ ਨਹੀਂ ਲੜਦੇ ਕਿਉਂਕਿ ਇਹਨਾਂ ਦਾ ਇਨਸਾਨਾਂ ਵਾਂਗ ਕੋਈ ਧਰਮ, ਜਾਤ ਅਤੇ ਕੌਮ ਨਹੀ ਹੁੰਦਾ”. “ਪਾਪਾ ਇਹ ਪੰਛੀ ਸਕੂਲ ਨਹੀਂ ਜਾਂਦੇ?” ਤਾ ਮੈ ਡੂੰਘਾ ਸਾਹ ਲੈ ਕੇ ਕਿਹਾ ” ਜੇ ਸਕੂਲ ਜਾਂਦੇ ਹੁੰਦੇ ਤਾਂ ਸ਼ਾਇਦ ਇਹ ਵੀ ਕੋਈ ਹੋਰ ਬੋਲੀ ਬੋਲਦੇ ਹੁੰਦੇ ਜਿਵੇ ਹੁਣ ਪੰਜਾਬ ਚ ਉੱਚੀਆਂ ਉੱਚੀਆਂ ਬਿਲਡਿੰਗਾਂ ਵਾਲੇ ਸਕੂਲਾਂ ਚ ਪੰਜਾਬੀ ਬੱਚਿਆਂ ਨੂੰ ਪੰਜਾਬੀ ਬੋਲਣ ਤੋ ਹੀ ਸਖ਼ਤ ਮਨਾਹੀ ਹੈ” ਫਿਰ ਇਕਦਮ ਘੁੰਮ ਕੇ ਮੇਰਾ ਮੂੰਹ ਆਪਣੇ ਹੱਥਾਂ ਚ ਫੜਕੇ ਕਹਿੰਦੀ “ਹਾਂ ਪਾਪਾ ਬਰਨਾਲੇ ਅਵਨੀਤ ਜਿਸ ਅੰਗਰੇਜ਼ੀ ਸਕੂਲ ਚ ਪੜਦੀ ਉੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਲੱਗਦਾ ਬੱਚਿਆਂ ਨੂੰ ਪਰ ਫਿਰ ਹਿੰਦੀ ਬੋਲਣੀ ਕਿਉਂ ਲਾਜ਼ਮੀ ਹੈ ਸਕੂਲ ਚ?”.

ਮੇਰੇ ਵੱਲੋਂ ਅਣਸੁਣਿਆ ਕਰਨ ਤੇ ਫਿਰ ਘਾਹ ਵਿੱਚੋਂ ਕੁਝ ਲੱਭ ਰਹੇ ਪੰਛੀਆਂ ਵੱਲ ਵੇਖ ਕੇ ਡੂੰਘੀ ਸੋਚ ਜਿਹੀ ਚ ਕਹਿੰਦੀ “ਜੇ ਕਿਤੇ ਇੰਨਾਂ ਪੰਛੀਆਂ ਦੀ ਮੰਮਾ ਜਾਂ ਪਾਪਾ ਨਾ ਮੁੜਨ ਫਿਰ?”  ਤਾਂ ਮੇਰੇ ਉੱਠਕੇ ਘੁੰਮਦੇ ਦੇ ਦਿਮਾਗ਼ ਵਿੱਚ ਜੰਮੂ ਚ ਪਿਛਲੀਆਂ ਵੋਟਾਂ ਤੋਂ ਕੁਝ ਦਿਨ ਪਹਿਲਾਂ ਆਪਣਿਆਂ ਬੱਚਿਆਂ ਲਈ ਦਾਣਾ ਚੁਗਣ ਗਏ 40 ਫ਼ੌਜੀ ਆ ਗਏ ਜਿਹੜੇ ਸ਼ਾਇਦ ਵੋਟਾਂ ਲਈ ਬਲੀ ਦੇ ਦਿੱਤੇ ਗਏ ਉੱਵੇਂ ਹੀ ਜਿਵੇ ਚਿੱਟੀ ਸਿਘਪੁਰਾ ਚ ਬਿੱਲ ਕਲਿੰਟਨ ਦੇ ਦੌਰੇ ਤੋਂ ਪਹਿਲਾਂ ਨਿਰਦੋਸ਼ ਸਿੱਖ ਮਾਰ ਦਿੱਤੇ ਗਏ ਸੀ, ਬਾਅਦ ਚ ਇਹਨਾਂ ਦੇ ਬੱਚਿਆਂ ਦਾ ਤਾਂ ਪਤਾ ਨਹੀ ਕੀ ਬਣਿਆ ਹੋਊ. ਮੇਰਾ ਹੱਥ ਫੜੀ ਘਰ ਨੂੰ ਆਉਂਦੀ ਕਹਿੰਦੀ “ਕਾਸ਼ ਪੰਜਾਬ ਚ ਸੜਕਾਂ ਤੇ ਭੀਖ ਮੰਗਣ ਵਾਲੇ ਬੱਚੇ ਇਨਸਾਨ ਦੇ ਬੱਚੇ ਨਾਂ ਹੋ ਕੇ ਪੰਛੀਆਂ ਦੇ ਬੱਚੇ ਹੁੰਦੇ ਤਾਂ ਕਿੰਨੀ ਵਧੀਆ ਜ਼ਿੰਦਗੀ ਜਿਉਦੇ” ਤਾਂ ਮੈਨੂੰ ਅੱਜ ਇਨਸਾਨ ਇਕ ਚਿੜੀ ਨਾਲ਼ੋਂ ਵੀ ਬੌਣਾ ਲੱਗ ਰਿਹਾ ਸੀ.

(ਬਲਜੀਤ ਫਰਵਾਲੀ)
0433258104
Mnjtkaur125@gmail.com