ਮੋਦੀ ਸਰਕਾਰ ਨੇ ਅੰਤਰ ਰਾਸ਼ਟਰੀ ਤੇ ਭਾਰਤੀ ਕਾਰਪੋਰੇਟ ਘਰਾਣਿਆਂ ਦੋਵਾਂ ਲਈ ਲੁੱਟ ਦੇ ਰਾਹ ਖੋਹਲੇ- ਕਾ: ਸੇਖੋਂ

ਪੰਜਾਬ ਚੋਣਾਂ ਸਮੇਂ ਜਮਹੂਰੀ ਤੇ ਧਰਮ ਨਿਰਪੱਖ ਧਿਰਾਂ ਨਾਲ ਸਮਝੌਤਾ ਸੰਭਵ

ਬਠਿੰਡਾ -ਕੇਂਦਰ ਦੀ ਮੋਦੀ ਸਰਕਾਰ ਨੇ ਅੰਤਰ ਰਾਸ਼ਟਰੀ ਅਤੇ ਦੇਸ਼ ਦੇ ਕਾਰਪੋਰੇਟ ਘਰਾਣਿਆਂ, ਦੋਵਾਂ ਲਈ ਲੁੱਟ ਦੇ ਰਾਹ ਖੋਹਲ ਦਿੱਤੇ ਹਨ। ਇਹ ਇੰਕਸਾਫ਼ ਕਰਦਿਆਂ ਸੀ ਪੀ ਆਈ ਐੱਮ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਫਾਸ਼ੀਵਾਦੀ ਤੇ ਫਿਰਕੂ ਤਾਕਤਾਂ ਨੂੰ ਹਰਾਉਣ ਲਈ ਜਮਹੂਰੀ ਤੇ ਧਰਮ ਨਿਰਪੱਖ ਪਾਰਟੀਆਂ ਨਾਲ ਸਮਝੌਤਾ ਕੀਤਾ ਜਾਵੇਗਾ। ਉਹ ਸਥਾਨਕ ਪਾਰਟੀ ਦਫ਼ਤਰ ਵਿਖੇ ਜਿਲ੍ਹਾ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਇਸ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਸਨ।
ਕਾ: ਸੇਖੋਂ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਅੰਤਰ ਰਾਸਟਰੀ ਕਾਰਪੋਰੇਟ ਘਰਾਣਿਆਂ ਅਤੇ ਭਾਰਤੀ ਕਾਰਪੋਰੇਟ ਘਰਾਣਿਆਂ ਦੋਵਾਂ ਲਈ ਲੁੱਟ ਕਰਨ ਦੇ ਰਾਹ ਖੋਹਲ ਦਿੱਤੇ ਹਨ। ਇਹਨਾਂ ਘਰਾਣਿਆਂ ਨੂੰ ਕਿਸਾਨਾਂ, ਗਰੀਬਾਂ ਤੇ ਮਿਹਨਤਕਸ਼ ਲੋਕਾਂ ਦੀ ਕੀਮਤ ਤੇ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਅਜਿਹਾ ਕਰਨ ਨਾਲ ਆਮ ਲੋਕਾਂ ਵਿੱਚ ਭੁੱਖਮਰੀ ਤੇ ਬੇਰੁਜਗਾਰੀ ਦਾ ਵਾਧਾ ਹੋ ਰਿਹਾ ਹੈ ਤੇ ਖੇਤੀਬਾੜੀ ਤਬਾਹ ਹੋ ਰਹੀ ਹੈ। ਉਹਨਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਭਾਜਪਾ ਤੇ ਆਰ ਐੱਸ ਐੱਸ ਵੱਲੋਂ ਦੇਸ਼ ਭਰ ‘ਚ ਫਿਰਕੂ ਏਜੰਡਾ ਲਾਗੂ ਕਰਦਿਆਂ ਸਮਾਜ ਵਿੱਚ ਫਿਰਕੂਵੰਡ ਧਰੁਵੀਕਰਨ ਤੇਜ ਕੀਤਾ ਜਾ ਰਿਹਾ ਹੈ, ਜੋ ਦੇਸ ਲਈ ਘਾਤਕ ਹੋਵੇਗਾ। ਉਹਨਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ, ਕੇਂਦਰ ਸਰਕਾਰ ਫੌਜ ਦੀਆਂ ਸਾਂਝੀਆਂ ਮਸਕਾਂ ਤੇ ਸਾਜੋ ਸਮਾਨ ਦੀ ਸਾਂਝ ਭਿਆਲੀ ਅਮਰੀਕਾ ਨਾਲ ਕਰ ਰਹੀ ਹੈ, ਜੋ ਦੇਸ਼ ਦੇ ਹਿਤ ਵਿੱਚ ਨਹੀਂ ਹੈ। ਫੌਜ ਦੇ ਕੰਮ ਕਾਰ ਸਬੰਧੀ ਸਾਮਰਾਜੀ ਦੇਸ਼ ਨਾਲ ਸਾਂਝ ਪੈਦਾ ਕਰਕੇ ਭਾਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜੋ ਭਾਰਤੀ ਲੋਕਰਾਜ ਤੇ ਧੱਬਾ ਹੈ।
ਕਾ: ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਵਿੱਚ ਕਿਸਾਨਾਂ ਤੇ ਖੇਤ ਮਜਦੂਰਾਂ ਵਿੱਚ ਵੀ ਵੰਡੀਆਂ ਪਾ ਕੇ ਸਦੀਆਂ ਤੋਂ ਚਲਦੇ ਇੱਕਮੁੱਠਤਾ ਵਾਲੇ ਰਿਸਤੇ ਨੂੰ ਤੋੜਣ ਦੇ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਕਾਲੇ ਕਾਨੂੰਨਾਂ ਵਿੱਚੋ ਕਿਸਾਨਾਂ ਲਈ ਦੋ ਕਾਨੂੰਨ ਵਧੇਰੇ ਨੁਕਸਾਨਦੇਹ ਤੇ ਤਬਾਹਕੁੰਨ ਹਨ, ਜਦ ਕਿ ਇੱਕ ਕਾਨੂੰਨ ਜੋ ਜਮਾਂਖੋਰਾਂ ਨੂੰ ਖੁਲ੍ਹ ਦਿੰਦਾ ਹੈ, ਉਸਦਾ ਕਿਸਾਨਾਂ ਨਾਲੋਂ ਵੀ ਮਜਦੂਰ ਵਰਗ ਨੂੰ ਵੱਧ ਨੁਕਸਾਨ ਹੋਵੇਗਾ। ਉਹਨਾਂ ਕਿਸਾਨਾਂ ਤੇ ਖੇਤ ਮਜਦੂਰਾਂ ਨੂੰ ਅਪੀਲ ਕੀਤੀ ਕਿ ਇੱਕਜੁੱਟ ਹੋ ਕੇ ਕਿਸਾਨ ਸੰਘਰਸ ਵਿੱਚ ਡਟਣ। ਉਹਨਾਂ ਸੱਦਾ ਦਿੱਤਾ ਕਿ ਦੇਸ ਦੀ ਆਰਥਿਕਤਾ ਦੇ ਧੁਰੇ ਖੇਤੀਬਾੜੀ ਨੂੰ ਬਚਾਉਣ ਲਈ ਏਕਤਾ ਨਾਲ ਕਿਸਾਨ ਸੰਘਰਸ ਵਿੱਚ ਯੋਗਦਾਨ ਪਾਇਆ ਜਾਵੇ।
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਤੇ ਵਰ੍ਹਦਿਆਂ ਕਾ: ਸੇਖੋਂ ਨੇ ਕਿਹਾ ਕਿ ਰਾਜ ਸਰਕਾਰ ਆਪਣੇ ਹਰ ਵਾਅਦੇ ਤੇ ਫੇਲ੍ਹ ਸਾਬਤ ਹੋਈ ਹੈ। ਨਸ਼ਾਖੋਰੀ ਪਹਿਲਾਂ ਵਾਂਗ ਚੱਲ ਰਹੀ ਹੈ ਕੈਪਟਨ ਸਰਕਾਰ ਨਸ਼ਾ ਰੋਕਣ ਵਾਲੇ ਵਾਅਦੇ ਤੇ ਖਰੀ ਨਹੀਂ ਉੱਤਰ ਸਕੀ। ਇਸੇ ਤਰ੍ਹਾਂ ਨਜਾਇਜ ਮਾਈਨਿੰਗ ਤੇ ਵੀ ਕੰਟਰੌਲ ਨਹੀਂ ਕੀਤਾ ਜਾ ਸਕਿਆ। ਇਸ ਧੰਦੇ ਚੋਂ ਪਿਛਲੀ ਸਰਕਾਰ ਸਮੇਂ ਅਕਾਲੀ ਵਜ਼ੀਰ ਤੇ ਆਗੂ ਹੱਥ ਰੰਗਦੇ ਰਹੇ ਹਨ ਅਤੇ ਹੁਣ ਕਾਂਗਰਸੀ ਆਗੂ ਮੋਟੀ ਕਮਾਈ ਕਰ ਰਹੇ ਹਨ।
ਕਾ: ਸੇਖੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਤੇ ਖੇਤ ਮਜਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਬਣਨ ਉਪਰੰਤ ਕੁੱਝ ਪ੍ਰਤੀਸ਼ਤ ਕਰਜਾ ਹੀ ਮੁਆਫ ਕੀਤਾ ਗਿਆ। ਜਿਸਦਾ ਥੋੜੇ ਜਿਹੇ ਕਿਸਾਨਾਂ ਨੂੰ ਲਾਭ ਹੋਇਆ, ਜਦ ਕਿ ਬਹੁਤੇ ਗਰੀਬ ਦਰਮਿਆਨੇ ਕਿਸਾਨਾਂ ਤੇ ਖੇਤ ਮਜਦੂਰਾਂ ਨੂੰ ਇਹ ਮੁਆਫ਼ੀ ਨਹੀਂ ਮਿਲੀ। ਇਸੇ ਤਰ੍ਹਾਂ ਬੁਢਾਪਾ ਪੈਨਸਨ ਵਿੱਚ ਵਾਧਾ ਕਰਦਿਆਂ 15 ਸੌ ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ, ਜਦ ਕਿ ਚੋਣਾਂ ਤੋਂ ਪਹਿਲਾਂ ਇਹ ਪੈਨਸਨ 25 ਸੌ ਰੁਪਏ ਕਰਨ ਦਾ ਵਾਅਦਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਰਾਜ ਵਿੱਚ ਕਾਨੂੰਨੀ ਅਵਸਥਾ ਵੀ ਚੰਗੀ ਨਹੀਂ ਹੈ। ਗੈਂਗਵਾਰ ਹੋ ਰਹੇ ਹਨ, ਜੇਲ੍ਹਾਂ ਵਿੱਚ ਨਸ਼ਾ ਸਰੇਆਮ ਪਹੁੰਚ ਰਿਹਾ ਹੈ। ਉਹਨਾਂ ਕਿਹਾ ਕਿ ਰਾਜ ਸਰਕਾਰ ਆਪਣੇ ਵਾਅਦਿਆਂ ਤੋਂ ਮੁਨਕਰ ਹੋ ਗਈ ਹੈ ਤੇ ਪੰਜਾਬ ਦੇ ਹਾਲਾਤ ਸੁਖਾਵੇਂ ਨਹੀਂ ਰਹੇ।
ਇੱਕ ਸਵਾਲ ਦੇ ਜਵਾਬ ਵਿੱਚ ਕਾ: ਸੇਖੋਂ ਨੇ ਕਿਹਾ ਕਿ 2022 ਵਿੱਚ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਫਿਰਕੂ ਤੇ ਫਾਸ਼ੀਵਾਦੀ ਸਕਤੀਆਂ ਨੂੰ ਹਰਾਉਣ ਲਈ ਪਾਰਟੀ ਨੀਤੀਆਂ ਅਨੁਸਾਰ ਧਰਮ ਨਿਰਪੱਖ ਤੇ ਜਮਹੂਰੀ ਧਿਰਾਂ ਨਾਲ ਸਮਝੌਤਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਜੇ ਤੱਕ ਕਿਸੇ ਧਿਰ ਨਾਲ ਗੱਲਬਾਤ ਸੁਰੂ ਨਹੀਂ ਕੀਤੀ, ਪਰ ਜਦੋਂ ਕਿਸੇ ਧਰਮ ਨਿਰਪੱਖ ਧਿਰ ਪਹੁੰਚ ਕਰੇਗੀ ਤਾਂ ਵਿਚਾਰ ਕੀਤੀ ਜਾਵੇਗੀ। ਇਸ ਮੌਕੇ ਕਾ:ਮੇਘ ਨਾਥ ਤੇ ਕਾ: ਗੁਰਦੇਵ ਸਿੰਘ ਬਾਂਡੀ ਐਡਵੋਕੇਟ ਵੀ ਮੌਜੂਦ ਸਨ।
ਇਸ ਉਪਰੰਤ ਜਿਲ੍ਹਾ ਕਮੇਟੀ ਬਠਿੰਡਾ ਦੀ ਮੀਟਿੰਗ ਹੋਈ, ਜਿਸ ਵਿੱਚ ਬਜੁਰਗ ਕਮਿਊਨਿਸਟ ਕਾ: ਜੱਗਰ ਸਿੰਘ ਭੁੱਚੋ ਕਲਾਂ ਦੀ ਬੀਤੇ ਦਿਨੀਂ ਹੋਈ ਮੌਤ ਤੇ ਦੁੱਖ ਪ੍ਰਗਟ ਕੀਤਾ ਗਿਆ। ਇਸ ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਪਾਰਟੀ ਦੀ ਮਜਬੂਤੀ ਲਈ ਹੋਰ ਤਨਦੇਹੀ ਤੇ ਦ੍ਰਿੜਤਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਉਹਨਾਂ ਪਿਛਲੇ ਸਮੇਂ ਦੀਆਂ ਪਾਰਟੀ ਗਤੀਵਿਧੀਆਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਹਨਾਂ ਦੱਸਿਆ ਕਿ ਪਾਰਟੀ ਚੋਣਾਂ ਦੀ ਪ੍ਰਕਿਰਿਆ ਵੀ ਸੁਰੂ ਹੋ ਚੁੱਕੀ ਹੈ। ਪੰਜਾਬ ਦੀਆਂ ਜਥੇਬੰਦਕ ਚੋਣਾਂ ਇਸ ਵਰ੍ਹੇ ਨਵੰਬਰ ਮਹੀਨੇ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ। ਇਸ ਸਬੰਧੀ 21 ਤੇ 22 ਨਵੰਬਰ ਨੂੰ ਲੁਧਿਆਣਾ ਵਿਖੇ ਪੰਜਾਬ ਪੱਧਰੀ ਕਾਨਫਰੰਸ ਹੋਵੇਗੀ ਅਤੇ ਆਲ ਇੰਡੀਆ ਮਹਾਂ ਸੰਮੇਲਨ ਫਰਵਰੀ 2022 ਦੇ ਤੀਜੇ ਹਫ਼ਤੇ ਹੋਵੇਗਾ, ਜਿਸਦੀ ਸਹੀ ਤਰੀਖ ਤੇ ਸਥਾਨ ਦਾ ਇਸ ਸਾਲ ਦੇ ਅੰਤ ਵਿੱਚ ਐਲਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸਤੋਂ ਪਹਿਲਾਂ ਤਹਿਸੀਲ ਕਮੇਟੀ ਜਥੇਬੰਦਕ ਚੋਣਾਂ ਦਾ ਕੰਮ 31 ਜੁਲਾਈ ਤੱਕ ਅਤੇ ਜਿਲ੍ਹਾ ਕਮੇਟੀਆਂ ਦਾ ਗਠਨ ਸਤੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਜਥੇਬੰਦਕ ਚੋਣਾਂ ਪੂਰੀ ਪਾਰਦਰਸਤਾ ਨਾਲ ਕਰਵਾਈਆਂ ਜਾਣਗੀਆਂ। ਇਸ ਮੌਕੇ ਸਰਵ ਸ੍ਰੀ ਮੇਘ ਨਾਥ, ਗੁਰਦੇਵ ਸਿੰਘ ਬਾਂਡੀ ਐਡਵੋਕੇਟ, ਗੁਰਚਰਨ ਸਿੰਘ ਚੌਹਾਨ, ਇੰਦਰਜੀਤ ਸਿੰਘ, ਬਲਕਾਰ ਸਿੰਘ, ਹਰਦੇਵ ਸਿੰਘ ਜੰਡਾਂਵਾਲਾ, ਕੁਲਜੀਤਪਾਲ ਸਿੰਘ ਭੁੱਲਰ, ਬਨਵਾਰੀ ਲਾਲ ਹਾਜਰ ਸਨ।

Install Punjabi Akhbar App

Install
×