ਬਠਿੰਡਾ ਜਿਲ੍ਹਾ ਕੋਵਿਡ ਤੇ ਜਿੱਤ ਦੇ ਨੇੜੇ-ਤਿੰਨ ਮਰੀਜ ਇਲਾਜ ਅਧੀਨ

ਡਿਪਟੀ ਕਮਿਸ਼ਨਰ ਤੇ ਜਿਲ੍ਹਾ ਪੁਲਿਸ ਮੁਖੀ ਦੀ ਭੂਮਿਕਾ ਦੀ ਸ਼ਲਾਘਾ

ਬਠਿੰਡਾ/ 20 ਮਈ/ — ਬਠਿੰਡਾ ਜਿਲ੍ਹੇ ‘ਚ ਕਰੋਨਾ ਦਾ ਡਟਵਾਂ ਮੁਕਾਬਲਾ ਕਰਦਿਆਂ ਲੱਗਭੱਗ ਲੜਾਈ ਜਿੱਤ ਲਈ ਹੈ। ਹੁਣ ਤੱਕ 1901 ਨਮੂਨੇ ਕੋਵਿਡ 19 ਵਾਇਰਸ ਸਬੰਧੀ ਲਏ ਗਏ ਸਨ, ਜਿਹਨਾਂ ਚੋਂ ਕੇਵਲ ਤਿੰਨ ਵਿਅਕਤੀ ਹੀ ਪ੍ਰਭਾਵਿਤ ਰਹਿ ਗਏ ਹਨ, ਉਹ ਵੀ ਕੁੱਝ ਦਿਨਾਂ ਤੱਕ ਤੰਦਰੁਸਤ ਹੋ ਕੇ ਘਰ ਪਰਤ ਜਾਣਗੇ।
ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਜਿਲ੍ਹੇ ਭਰ ਵਿੱਚ ਹੁਣ ਤੱਕ ਕੋਵਿਡ 19 ਤੋਂ ਪ੍ਰਭਾਵਿਤ ਬਿਮਾਰੀ ਦੀ ਜਾਣਕਾਰੀ ਹਾਸਲ ਕਰਨ ਲਈ ਕੁੱਲ 1901 ਵਿਅਕਤੀਆਂ ਦੇ ਨਮੂਨੇ ਲਏ ਗਏ ਸਨ, ਜਿਹਨਾਂ ਵਿੱਚ ਮਰਦ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ।
ਉਹਨਾਂ ਦੱਸਿਆ ਕਿ ਜਾਂਚ ਲਈ ਭੇਜੀਆਂ ਰਿਪੋਰਟਾਂ ਚੋ 52 ਹੋਰ ਨੈਗੇਟਿਵ ਆਈਆਂ ਹਨ ਅਤੇ ਇੱਕ ਹੋਰ ਵਿਅਕਤੀ ਤੰਦਰੁਸਤ ਹੋ ਕੇ ਚਲਾ ਗਿਆ ਹੈ। ਉਹਨਾਂ ਦੱਸਿਆ ਕਿ ਕੁੱਲ ਰਿਪੋਰਟਾਂ ਚੋਂ 1790 ਰਿਪੋਰਟਾਂ ਨੈਗੇਟਿਵ ਆਈਆਂ ਹਨ। 68 ਰਿਪੋਰਟਾਂ ਬਕਾਇਆ ਸਨ, ਜਿਹਨਾਂ ਚੋਂ 52 ਹੋਰ ਨੈਗੇਟਿਵ ਰਿਪਰਟਾਂ ਮਿਲੀਆਂ ਹਨ। ਹੁਣ ਤੱਕ ਜਿਲ੍ਹੇ ਭਰ ਵਿੱਚ 43 ਵਿਅਕਤੀਆਂ ਦੀਆਂ ਰਿਪੋਰਟਾਂ ਪੌਜੇਟਿਵ ਸਨ, ਜਿਹਨਾਂ ਦਾ ਵੱਖ ਵੱਖ ਇਕਾਂਤਵਾਸ ਕੇਂਦਰਾਂ ਵਿੱਚ ਇਲਾਜ ਚੱਲ ਰਿਹਾ ਸੀ। ਪੀੜ੍ਹਤਾਂ ਚੋ 40 ਮਰੀਜ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ ਅਤੇ ਕੇਵਲ ਤਿੰਨ ਪ੍ਰਭਾਵਿਤ ਮਰੀਜ ਇਲਾਜ ਅਧੀਨ ਹਨ।
ਡਿਪਟੀ ਕਮਿਸਨ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ 19 ਦਾ ਪਸਾਰ ਰੋਕਣ ਲਈ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ, ਉਹਨਾਂ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਅਤੇ ਪ੍ਰਸਾਸਨ ਦੇ ਸੁਝਾਅ ਮੰਨਦਿਆਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀ। ਉਹਨਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਨਤਾ ਦੇ ਸਹਿਯੋਗ ਬਗੈਰ ਇਹ ਲੜਾਈ ਜਿੱਤਣੀ ਅਤੀ ਮੁਸਕਿਲ ਸੀ। ਉਹਨਾਂ ਕਿਹਾ ਕਿ ਇਸ ਭਿਆਨਕ ਮਹਾਂਮਾਰੀ ਦਾ ਅਜੇ ਅੰਤ ਬਹੁਤ ਦੂਰ ਹੈ, ਇਸ ਲਈ ਉਹਨਾਂ ਲੋਕਾਂ ਨੂੰ ਪਹਿਲਾਂ ਵਾਂਗ ਸਾਵਧਾਨੀਆਂ ਜਾਰੀ ਰੱਖਣ ਦੀ ਅਪੀਲ ਕੀਤੀ।
ਬਠਿੰਡਾ ਜਿਲ੍ਹੇ ਦੇ ਲੋਕ ਖੁਸ਼ ਹਨ ਕਿ ਉਹ ਜਿੱਤ ਦੇ ਨਜਦੀਕ ਪਹੁੰਚ ਗਏ ਹਨ ਅਤੇ ਕੁੱਝ ਦਿਨਾਂ ‘ਚ ਉਹ ਮੁਕੰਮਲ ਜਿੱਤ ਹਾਸਲ ਕਰ ਲੈਣਗੇ। ਜਿਲ੍ਹਾ ਵਾਸੀ ਇਸ ਮਹਾਂਮਾਰੀ ਤੇ ਪ੍ਰਾਪਤ ਜਿੱਤ ਲਈ ਡਿਪਟੀ ਕਮਿਸਨਰ ਸ੍ਰੀ ਬੀ ਸ੍ਰੀਨਿਵਾਸਨ ਤੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਨਾਨਕ ਸਿੰਘ ਦੀ ਨਿਭਾਈ ਭੂਮਿਕਾ ਦੀ ਸਲਾਘਾ ਕਰ ਰਹੇ ਹਨ।