ਅਤੀ ਮਹੱਤਵਪੂਰਨ ਹਲਕੇ ਬਠਿੰਡਾ ਸ਼ਹਿਰੀ ਤੇ ਮੁਕਾਬਲਾ ਦਿਲਚਸਪ ਹੋਵੇਗਾ

(ਬਠਿੰਡਾ) -ਜਿਉਂ ਜਿਉਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਪੰਜਾਬ ਦਾ ਸਿਆਸੀ ਮਹੌਲ ਗਰਮ ਹੁੰਦਾ ਜਾ ਰਿਹਾ ਹੈ। ਸਾਰੀਆਂ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਕੇ ਚੋਣ ਅਖਾੜੇ ਨੂੰ ਮਘਾ ਰਹੀਆਂ ਹਨ। ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਇੱਕ ਮਹੱਤਵਪੂਰਨ ਹਲਕਾ ਹੈ, ਕਿਉਂਕਿ ਇਸ ਹਲਕੇ ਤੋਂ ਜੇਤੂ ਵਿਧਾਇਕ ਜੇਕਰ ਸੱਤਾਧਾਰੀ ਪਾਰਟੀ ਦਾ ਹੋਵੇ ਤਾਂ ਉਹ ਵਜਾਰਤੀ ਮੰਡਲ ਵਿੱਚ ਸ਼ਾਮਲ ਹੁੰਦਾ ਹੀ ਹੈ। ਮੌਜੂਦਾ ਸਰਕਾਰ ਦੇ ਵਿੱਤ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਵੀ ਇਸ ਹਲਕੇ ਤੋਂ ਵਿਧਾਇਕ ਹਨ। ਇਹ ਹਲਕਾ ਸਮੁੱਚੇ ਰਾਜ ਨੂੰ ਸਿਆਸੀ ਰਾਹ ਵਿਖਾਉਂਦਾ ਹੈ।
ਇਸ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਸਰੂਪ ਚੰਦ ਸਿੰਗਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਉਹ ਅਕਾਲੀ ਵਜਾਰਤ ‘ਚ ਮੁੱਖ ਸੰਸਦੀ ਸਕੱਤਰ ਰਹਿ ਚੁੱਕੇ ਹਨ। ਆਪਣੀ ਸਰਾਫਤ ਸਦਕਾ ਸ਼ਹਿਰੀਆਂ ਵਿੱਚ ਉਹ ਚੰਗਾ ਮਾਣ ਸਤਿਕਾਰ ਰਖਦੇ ਹਨ ਅਤੇ ਲੋਕਾ ਦੀ ਸੌਖੀ ਪਹੁੰਚ ਵਿੱਚ ਹਨ। ਉਹਨਾਂ ਤੇ ਭ੍ਰਿਸਟਾਚਾਰ ਵਰਗੇ ਦੋਸ਼ ਵੀ ਕਦੇ ਨਹੀਂ ਲੱਗੇ। ਮੌਜੂਦਾ ਸਰਕਾਰ ਦੀਆਂ ਕਥਿਤ ਵਧੀਕੀਆਂ ਵਿਰੁੱਧ ਉਹ ਡਟ ਕੇ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਕਾਂਗਰਸ ਪਾਰਟੀ ਵੱਲੋਂ ਸਿ ਹਲਕੇ ਤੋਂ ਸ੍ਰ: ਮਨਪ੍ਰੀਤ ਸਿੰਘ ਬਾਦਲ ਉਮੀਦਵਾਰ ਹਨ। ਉਹ ਪੰਜਾਬ ਦੇ ਵਿੱਤ ਮੰਤਰੀ ਹਨ ਅਤੇ ਉਹਨਾਂ ਨੂੰ ਚੰਗਾ ਸਿਆਸੀ ਤਜਰਬਾ ਹੈ। ਉਹ ਅਕਾਲੀ ਸਰਕਾਰ ਵਿੱਚ ਵੀ ਵਿੱਤ ਮੰਤਰੀ ਰਹੇ ਤੇ ਕਾਂਗਰਸ ਸਰਕਾਰ ਵਿੱਚ ਵੀ। ਉਹਨਾਂ ਬਠਿੰਡਾ ਸ਼ਹਿਰ ਦੇ ਵਿਕਾਸ ਵਿੱਚ ਕਾਫ਼ੀ ਯੋਗਦਾਨ ਪਾਇਆ ਹੈ। ਪਰ ਬਠਿੰਡਾ ਦੇ ਮੇਅਰ ਦੀ ਚੋਣ ਸਮੇਂ ਉਹਨਾਂ ਦੀ ਭੂਮਿਕਾ ਤੋਂ ਸ਼ਹਿਰੀ ਕਾਫ਼ੀ ਨਿਰਾਸ਼ ਹੋ ਗਏ ਸਨ ਅਤੇ ਉਹਨਾਂ ਦੇ ਇੱਕ ਨਜਦੀਕੀ ਪੁਲਿਸ ਅਫ਼ਸਰ ਦੀਆਂ ਵਧੀਕੀਆਂ ਨੇ ਵੀ ਉਹਨਾਂ ਦੀ ਛਵੀਂ ਤੇ ਕਾਫ਼ੀ ਸੱਟ ਮਾਰੀ ਹੈ। ਉਹਨਾਂ ਦੇ ਨਜਦੀਕੀਆਂ ਤੇ ਵੀ ਕਾਫ਼ੀ ਦੋਸ਼ ਲਗਦੇ ਰਹੇ ਹਨ। ਖਾਸ ਕਰਕੇ ਮੁਲਾਜ਼ਮ ਤਬਕਾ ਉਹਨਾਂ ਤੇ ਪੂਰਾ ਹੀ ਨਰਾਜ ਹੈ। ਖ਼ੁਦ ਉਹ ਤਰੱਕੀ ਪਸੰਦ ਹਨ ਅਤੇ ਉਹ ਗਰੀਬ ਬਸਤੀਆਂ ਵੱਲ ਵਧੇਰੇ ਧਿਆਨ ਦਿੰਦੇ ਹਨ।
ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀਂ ਸ੍ਰ: ਜਗਰੂਪ ਸਿੰਘ ਗਿੱਲ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਸ੍ਰ: ਗਿੱਲ ਛੇ ਵਾਰ ਨਗਰ ਕੌਸਲਰ ਰਹੇ ਹਨ ਅਤੇ ਹੁਣ ਵੀ ਇਸ ਅਹੁਦੇ ਤੇ ਹਨ। ਇਸਤੋਂ ਇਲਾਵਾ ਉਹ ਨਗਰ ਸੁਧਾਰ ਟਰਸਟ ਦੇ ਚੇਅਰਮੈਨ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੇ ਵੀ ਰਹੇ ਹਨ। ਪੇਸ਼ੇ ਵਜੋਂ ਉਹ ਵਕੀਲ ਹਨ ਅਤੇ ਸਥਾਨਕ ਸਰਕਾਰਾਂ ਦੇ ਕੰਮਕਾਰ ਦਾ ਉਹਨਾਂ ਨੂੰ ਵੱਡਾ ਤਜਰਬਾ ਹੈ। ਹਿੰਦੂਆਂ ਸਿੱਖਾਂ ਦੋਵਾਂ ਵਿੱਚ ਹੀ ਉਹਨਾਂ ਦਾ ਚੰਗਾ ਸਤਿਕਾਰ ਹੈ। ਨਗਰ ਨਿਗਮ ਦੇ ਮੇਅਰ ਸਮੇਂ ਉਹਨਾਂ ਨਾਲ ਹੋਈ ਧੱਕੇਸ਼ਾਹੀ ਸਦਕਾ ਸ਼ਹਿਰੀਆਂ ਦੀ ਉਹਨਾਂ ਨਾਲ ਹਮਦਰਦੀ ਵੀ ਹੈ। ਸ੍ਰ: ਗਿੱਲ ਦੇ ਮੈਦਾਨ ਵਿੱਚ ਆ ਜਾਣ ਨਾਲ ਮੁਕਾਬਲਾ ਦਿਲਚਸਪ ਹੋ ਗਿਆ ਹੈ।
ਭਾਰਤੀ ਜਨਤਾ ਪਾਰਟੀ ਨੇ ਅਜੇ ਆਪਣਾ ਕੋਈ ਉਮੀਦਵਾਰ ਨਹੀਂ ਉਤਾਰਿਆ। ਕਾਂਗਰਸ ਦੇ ਇੱਕ ਸੀਨੀਅਰ ਆਗੂ ਦੀਆਂ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਕਾਫ਼ੀ ਚਰਚਾਵਾਂ ਹਨ। ਜੇਕਰ ਉਹ ਭਾਜਪਾ ਵਿੱਚ ਸ਼ਾਮਲ ਹੋ ਕੇ ਇੱਥੋਂ ਉਮੀਦਵਾਰ ਬਣ ਗਿਆ ਤਾਂ ਮੁਕਾਬਲਾ ਹੋਰ ਦਿਲਚਸਪ ਬਣ ਜਾਵੇਗਾ। ਨਵੀਂ ਪਾਰਟੀ ਕਿਸਾਨ ਸਮਾਜ ਮੋਰਚਾ ਨੇ ਵੀ ਉਮੀਦਵਾਰ ਅਜੇ ਉਤਾਰਣਾ ਹੈ। ਉਮੀਦ ਹੈ ਇੱਥੇ ਪੰਜ ਕੋਣਾਂ ਮੁਕਾਬਲਾ ਹੋਵੇਗਾ।
ਇਸ ਹਲਕੇ ਨੂੰ ਭਾਵੇਂ ਸ਼ਹਿਰੀ ਹਲਕਾ ਮੰਨਿਆਂ ਜਾਦਾ ਹੈ, ਪਰ ਸ਼ਹਿਰ ਦੇ ਬਾਹਰੀ ਹਲਕਿਆਂ ਮੁਹੱਲਿਆਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਿੰਡਾਂ ਤੋਂ ਆ ਕੇ ਵਸੇ ਹੋਏ ਹਨ, ਉਹਨਾਂ ਦੀ ਵੋਟ ਗਿਣਤੀ ਅੰਦਰੂਨੀ ਸ਼ਹਿਰੀਆਂ ਤੋਂ ਘੱਟ ਨਹੀਂ ਹੈ। ਕੁੰਢੀਆਂ ਦੇ ਸਿੰਗ ਫਸਦੇ ਨਜ਼ਰ ਆ ਰਹੇ ਹਨ। ਵੋਟਰ ਵੀ ਪਾਰਟੀ ਨਾਲੋਂ ਵਿਅਕਤੀਗਤ ਤੇ ਸਖ਼ਸੀਅਤ ਵੱਲ ਵਧੇਰੇ ਧਿਆਨ ਦੇ ਰਹੇ ਹਨ। ਇਸ ਹਲਕੇ ਤੋਂ ਜਿੱਤ ਹਾਰ ਥੋੜੇ ਫ਼ਰਕ ਨਾਲ ਹੀ ਹੋਵੇਗੀ। ਨਤੀਜਾ ਕੀ ਹੋਵੇਗਾ? ਇਹ ਤਾਂ ਕਹਿੰਣਾ ਸੰਭਵ ਨਹੀਂ, ਪਰ ਮੁਕਾਬਲਾ ਸਖ਼ਤ ਤੇ ਦਿਲਚਸਪ ਹੋਵੇਗਾ।

Install Punjabi Akhbar App

Install
×