ਕਾਂਗਰਸ ਤੇ ਅਕਾਲੀ ਉਮੀਦਵਾਰਾਂ ਦੀ ਬੇਸਬਰੀ ਨਾਲ ਉਡੀਕ – ਬਲਜਿੰਦਰ ਕੌਰ, ਗੁਰਸੇਵਕ ਜਵਾਹਰਕੇ ਤੇ ਸੁਖਪਾਲ ਖਹਿਰਾ ਮੈਦਾਨ ਵਿੱਚ ਨਿੱਤਰੇ 

Sukhpal Khaira
(ਸੁਖਪਾਲ ਸਿੰਘ ਖਹਿਰਾ)

ਬਠਿੰਡਾ/ 12 ਅਪਰੈਲ/  – ਲੋਕ ਸਭਾ ਚੋਣਾਂ ਲਈ ਪੰਜਾਬ ਦੀ ਸਭ ਤੋਂ ਹਾਟ ਸੀਟ ਮੰਨੀ ਜਾਂਦੀ ਹਲਕਾ ਬਠਿੰਡਾ ਲਈ ਰਾਜ ਦੀਆਂ ਦੋਵੇਂ ਮੁੱਖ ਪਾਰਟੀਆਂ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਇੱਕ ਦੂਜੇ ਦਾ ਮੂੰਹ ਤੱਕ ਰਹੀਆਂ ਹਨ, ਜਦ ਕਿ ਆਮ ਆਦਮੀ ਪਾਰਟੀ ਵੱਲੋਂ ਪ੍ਰੋ: ਬਲਜਿੰਦਰ ਕੌਰ, ਅਕਾਲੀ ਦਲ ਅਮ੍ਰਿਤਸਰ ਵੱਲੋਂ ਗੁਰਸੇਵਕ ਸਿੰਘ ਜਵਾਹਰ ਕੇ ਅਤੇ ਪੰਜਾਬ ਜਮਹੂਰੀ ਗੱਠਜੋੜ ਵੱਲੋਂ ਸ੍ਰੀ ਸੁਖਪਾਲ ਸਿੰਘ ਖਹਿਰਾ ਮੈਦਾਨ ਵਿੱਚ ਕੁੱਦ ਪਏ ਹਨ।

Baljinder Kaur
(ਪ੍ਰੋ: ਬਲਜਿੰਦਰ ਕੌਰ)

ਅਕਾਲੀ ਦਲ ਵੱਲੋਂ ਹਲਕਾ ਬਠਿੰਡਾ ਨੂੰ ਸਭ ਤੋਂ ਅਹਿਮ ਮੰਨਿਆਂ ਜਾਂਦਾ ਹੈ, ਕਿਉਂਕਿ ਅਕਾਲੀ ਦਲ ਦੇ ਸੁਪਰੀਮੋ ਸ੍ਰ: ਪ੍ਰਕਾਸ ਸਿੰਘ ਬਾਦਲ ਦਾ ਇਹ ਜੱਦੀ ਹਲਕਾ ਹੈ। ਉਹਨਾਂ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਇੱਥੋਂ ਦੋ ਵਾਰ ਚੋਣ ਜਿੱਤ ਚੁੱਕੇ ਹਨ। ਬੀਬੀ ਬਾਦਲ ਨੇ ਭਾਵੇਂ ਇਸ ਹਲਕੇ ਦੇ ਵਿਕਾਸ ਵਿੱਚ ਕਾਫ਼ੀ ਯੋਗਦਾਨ ਪਾਇਆ ਅਤੇ ਸਰਗਰਮੀਆਂ ਲਗਾਤਾਰ ਜਾਰੀ ਰੱਖੀਆਂ, ਪਰ ਪਿਛਲੇ ਅਕਾਲੀ ਭਾਜਪਾ ਦੇ ਰਾਜ ਸਮੇਂ ਹੋਈਆਂ ਸ੍ਰੀ ਗੁਰੂੂੂੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਨਸ਼ਿਆਂ ਕਾਰਨ ਹੋਈ ਜਵਾਨੀ ਦੀ ਤਬਾਹੀ ਕਾਰਨ ਦਲ ਦੀ ਹਾਲਾਤ ਕਾਫ਼ੀ ਪਤਲੀ ਹੋ ਗਈ ਜਾਪਦੀ ਹੈ। ਅਕਾਲੀ ਦਲ ਵੱਲੋਂ ਬੀਬੀ ਬਾਦਲ ਨੂੰ ਉਮੀਦਵਾਰ ਘੋਸਿਤ ਕਰਨਾ ਹੀ ਮੁਸਕਿਲ ਜਾਪ ਰਿਹਾ ਹੈ ਅਤੇ ਪਾਰਟੀ ਵੱਲੋਂ ਕਾਂਗਰਸ ਦੇ ਉਮੀਦਵਾਰ ਦੇ ਐਲਾਨ ਦੀ ਉਡੀਕ ਕੀਤੀ ਜਾ ਰਹੀ ਹੈ, ਤਾਂ ਜੋ ਹਾਲਾਤਾਂ ਦਾ ਸਹੀ ਅੰਦਾਜ਼ਾ ਲਾ ਕੇ ਹੀ ਐਲਾਨ ਕੀਤਾ ਜਾਵੇ।

Gursewak Singh Jawaharke
(ਗੁਰਸੇਵਕ ਸਿੰਘ ਜਵਾਹਰ ਕੇ)

ਉਧਰ ਕਾਂਗਰਸ ਅਕਾਲੀ ਦਲ ਵੱਲੋਂ ਐਲਾਨ ਕਰਨ ਦੀ ਉਡੀਕ ਕਰ ਰਹੀ ਹੈ, ਕਿ ਜੇਕਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਐਲਾਨਿਆਂ ਜਾਂਦਾ ਹੈ ਤਾਂ ਉਸਦੇ ਮੁਕਾਬਲੇ ਲਈ ਕੋਈ ਸ਼ਕਤੀਸ਼ਾਲੀ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਜਾਵੇਗਾ ਅਤੇ ਜੇਕਰ ਉਹ ਇਸ ਹਲਕੇ ਤੋਂ ਚੋਣ ਨਹੀਂ ਲੜਦੇ ਤਾਂ ਹਾਲਾਤਾਂ ਨੂੰ ਦੇਖ ਕੇ ਮੈਦਾਨ ਭਖਾਇਆ ਜਾਵੇਗਾ। ਇਸ ਤਰ੍ਹਾਂ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਐਲਾਨ ਨੂੰ ਉਡੀਕ ਰਹੀਆਂ ਹਨ।

ਪੰਜਾਬ ਜਮਹੂਰੀ ਗੱਠਜੋੜ ਵੱਲੋਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ੍ਰੀ ਸੁਖਪਾਲ ਸਿੰਘ ਖਹਿਰਾ ਨੂੰ ਇਸ ਹਲਕੇ ਤੋਂ ਉਮੀਦਵਾਰ ਬਣਾਇਆ ਹੈ, ਜਿਹਨਾਂ ਕਾਫ਼ੀ ਦਿਨਾਂ ਤੋਂ ਆਪਣੀ ਚੋਣ ਮੁਹਿੰਮ ਸੁਰੂ ਕੀਤੀ ਹੋਈ ਹੈ। ਉਹ ਹਲਕੇ ਦੇ ਪਿੰਡਾਂ ਵਿੱਚ ਲਗਾਤਾਰ ਚੋਣ ਮੀਟਿੰਗਾਂ ਕਰ ਰਹੇ ਹਨ ਅਤੇ ਮੁਹਿੰਮ ਨੂੰ ਭਖਾ ਰਹੇ ਹਨ। ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਜ: ਗੁਰਸੇਵਕ ਸਿੰਘ ਜਵਾਹਰਕੇ ਨੂੰ ਇਸ ਹਲਕੇ ਤੋਂ ਉਮੀਦਵਾਰ ਘੋਸਿਤ ਕੀਤਾ ਹੈ ਅਤੇ ਉਹਨਾਂ ਵੀ ਕਾਫ਼ੀ ਦਿਨਾਂ ਤੋਂ ਆਪਣੀ ਚੋਣ ਮੁਹਿੰਮ ਸੁਰੂ ਕੀਤੀ ਹੋਈ ਹੈ।

ਆਮ ਆਦਮੀ ਪਾਰਟੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ: ਬਲਜਿੰਦਰ ਸਿੰਘ ਨੂੰ ਇਸ ਹਲਕੇ ਤੋਂ ਉਮੀਦਵਾਰ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੋ: ਬਲਜਿੰਦਰ ਕੌਰ ਨੂੰ ਜਦ ਹਾਈਕਮਾਂਡ ਵੱਲੋਂ ਇਹ ਸੂਚਨਾ ਦਿੱਤੀ ਗਈ, ਉਸ ਸਮੇਂ ਉਹ ਇੱਕ ਪਿੰਡ ਵਿੱਚ ਪਾਠ ਦੇ ਭੋਗ ਵਿੱਚ ਹਾਜ਼ਰੀ ਭਰ ਰਹੇ ਸਨ। ਅਰਦਾਸ ਵਿੱਚ ਸਾਮਲ ਹੋਣ ਉਪਰੰਤ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰਵਾਨਾ ਹੋ ਗਏ, ਜਿੱਥੇ ਉਹਨਾਂ ਨਤਮਸਤਕ ਹੋ ਕੇ ਚੋਣ ਮੈਦਾਨ ਵਿੱਚ ਪੈਰ ਰੱਖ ਲਿਆ ਹੈ। ਇਸ ਐਲਾਨ ਨਾਲ ਇਸ ਹਲਕੇ ਤੋਂ ਲੋਕ ਸਭਾ ਲਈ ਚੋਣ ਮੁਕਾਬਲਾ ਦਿਲਚਸਪ ਬਣਦਾ ਜਾ ਰਿਹਾ ਹੈ। ਪਰ ਅਸਲ ਸਰਗਰਮੀ ਤਾਂ ਅਕਾਲੀ ਦਲ ਤੇ ਕਾਂਗਰਸ  ਦੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੀ ਹੋਵੇਗੀ। ਆਮ ਲੋਕ ਵੀ ਬੜੀ ਬੇਸਬਰੀ ਨਾਲ ਇਹਨਾਂ ਪਾਰਟੀਆਂ ਦੇ ਐਲਾਨਾਂ ਦੀ ਉਡੀਕ ਕਰ ਰਹੇ ਹਨ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Install Punjabi Akhbar App

Install
×