ਬਟਾਲੇ ਦਾ ਦੁਖਾਂਤ -ਜਿਹੜੀ ਨਸਲਾਂ ਨੂੰ ਖ਼ਤਮ ਕਰੇ ਉਹ ਕਮਾਈ ਕਿਸ ਕੰਮ ਦੀ

“ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ” 

bagel singh dhaliwal 190907 batala tragedy yy

ਬਟਾਲੇ ਦੇ ਪਟਾਕਿਆਂ ਵਾਲੇ ਗੁਦਾਮ ਚ ਹੋਏ ਧਮਾਕੇ ਚ 50 ਵਿਅਕਤੀਆਂ ਦੇ ਮਰਨ ਵਾਲੀ ਖ਼ਬਰ ਬੇਹੱਦ ਹੀ ਦੁੱਖ ਦੇਣ ਵਾਲੀ ਮਨਹੂਸ ਖ਼ਬਰ ਹੈ ਅਤੇ ਜੋ ਮਾਲਕ ਦੇ ਪਰਿਵਾਰ ਵਾਲੀ ਘਟਨਾ ਹੈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਇੱਕ ਬੱਚਾ ਜੋ ਟਿਊਸ਼ਨ ਪੜ੍ਹਨ ਗਿਆ ਸੀ ਸਿਰਫ਼ ਉਹ ਹੀ ਬਚਿਆ ਹੈ, ਬਾਕੀ ਸਾਰਾ ਪਰਿਵਾਰ ਇਸ ਹਾਦਸੇ ਦੀ ਭੇਟ ਚੜ ਗਿਆ, ਉਹ ਇਸ ਸਮੁੱਚੇ ਦੁਖਾਂਤ ਤੋਂ ਵੀ ਵੱਧ ਅਸਹਿ ਹੈ, ਇਸ ਅਣਹੋਣੀ ਨੇ ਦਿਲ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਇਸ ਦੁਖਦਾਈ ਖ਼ਬਰ ਤੋ ਪਟਾਕੇ ਵਿਕ੍ਰੇਤਾਵਾਂ ਨੂੰ ਸਬਕ ਲੈਣਾ ਚਾਹੀਦਾ ਹੈ, ਅਤੇ ਇਸ ਮਾਨਵਤਾ ਅਤੇ ਕੁਦਰਤ ਵਿਰੋਧੀ ਕਾਰੋਬਾਰ ਤੋ ਤੋਬਾ ਕਰ ਲੈਣੀ ਚਾਹੀਦੀ ਹੈ, ਇਹ ਦੇ ਨਾਲ ਜਿੱਥੇ ਉਨ੍ਹਾਂ ਦੀ ਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਹੋਵੇਗੀ, ਓਥੇ ਪਹਿਲਾਂ ਹੀ ਜ਼ਹਿਰੀਲਾ ਹੋ ਚੁੱਕਿਆ ਪੰਜਾਬ ਦਾ ਵਾਤਾਵਰਣ ਹੋਰ ਮਲੀਨ ਹੋਣ ਤੋ ਵੀ ਬਚ ਸਕੇਗਾ, ਨਾਲੇ ਇੱਕ ਕਹਾਵਤ ਵੀ ਹੈ ਕਿ “ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ”, ਸੋ ਜਿਹੜਾ ਕਾਰੋਬਾਰ ਸਾਡੀਆਂ ਨਸਲਾਂ ਤੱਕ ਨੂੰ ਖ਼ਤਮ ਕਰ ਰਿਹਾ ਹੈ, ਉਹਦੀ ਚੰਦਰੀ ਕਮਾਈ ਕਿਹੜੇ ਕੰਮ ਦੀ।

ਸੋ ਜਿੱਥੇ ਉਨ੍ਹਾਂ ਪੀੜਤ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੋਣਾ ਸਾਡਾ ਸਭਨਾਂ ਦਾ ਫ਼ਰਜ਼ ਹੈ, ਓਥੇ ਇਸ ਧਮਾਕੇ ਨਾਲ ਗੂੜ੍ਹੀ ਨੀਂਦ ਚੋ ਜਾਗਣਾ ਵੀ ਪਵੇਗਾ, ਅਤੇ ਇਹ ਸਿੱਖਣਾ ਵੀ ਪਵੇਗਾ ਕਿ ਲਾਲਚਾਂ ਬੱਸ ਅਜਿਹੇ ਖ਼ਤਰਨਾਕ ਕਾਰੋਬਾਰ ਕਰਨੇ ਕਦੇ ਵੀ ਮਨੁੱਖੀ ਹਿਤਾਂ ਵਿੱਚ ਨਹੀਂ ਹੋ ਸਕਦੇ। ਬਰੂਦ ਦੇ ਢੇਰ ਤੇ ਬੈਠ ਕੇ ਕੀਤੀ ਜਾਣ ਵਾਲੀ ਕਮਾਈ ਸਿਆਣੇ ਤੇ ਸੂਝਵਾਨ ਲੋਕਾਂ ਦਾ ਕੰਮ ਨਹੀਂ ਹੈ। ਪਿਛਲੇ ਕਾਫ਼ੀ ਸਮੇਂ ਤੋ, ਜਦੋਂ ਤੋ ਪੰਜਾਬ ਦਾ ਵਾਤਾਵਰਣ ਖ਼ਤਰਨਾਕ ਹੱਦ ਤੱਕ ਗੰਧਲਾ ਹੋ ਚੁੱਕਾ ਹੈ ਤਾਂ ਕੁੱਝ ਸੂਝਵਾਨ ਲੋਕਾਂ ਨੇ ਇਸ ਗੱਲ ਤੇ ਚਿੰਤਾ ਜਤਾਈ ਹੈ ਅਤੇ ਇਸ ਪਾਸੇ ਜਾਗਰੂਕਤਾ ਲਹਿਰ ਚਲਾਉਣ ਦਾ ਬੀੜਾ ਵੀ ਚੁੱਕਿਆ ਹੈ। ਵਾਤਾਵਰਣ ਦੀ ਸਾਂਭ ਸੰਭਾਲ ਲਈ ਕੰਮ ਕਰਦੀਆਂ ਸੰਸਥਾਵਾਂ ਨੇ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਹੈ ਕਿ ਉਹ ਕਿਹੜੇ ਕਾਰਨ ਹਨ, ਜਿਨ੍ਹਾਂ ਨੇ ਪੰਜਾਬ ਦੇ ਸ਼ੁੱਧ ਪੌਣ ਪਾਣੀ ਨੂੰ ਜ਼ਹਿਰੀਲਾ ਬਣਾ ਕੇ ਸਾਹ ਲੈਣ ਦੇ ਵੀ ਕਾਬਿਲ ਨਹੀਂ ਰਹਿਣ ਦਿੱਤਾ। ਉਹਦੇ ਲਈ ਕਾਰਖ਼ਾਨਿਆਂ ਵਿੱਚ ਵਰਤੇ ਜਾਂਦੇ ਖ਼ਤਰਨਾਕ ਰਸਾਇਣ ਜ਼ੁੰਮੇਵਾਰ ਹਨ, ਜਿਹੜੇ ਧਰਤੀ ਦੇ ਉੱਪਰ ਅਤੇ ਹੇਠਾਂ ਦੋਨੋਂ ਜਗ੍ਹਾ ਹੀ ਜਹਿਰਾਂ ਸੁੱਟ ਰਹੇ ਹਨ, ਜਿਨ੍ਹਾਂ ਨਾਲ ਸਾਡੇ ਧਰਤੀ ਹੇਠਲੇ ਅੰਮ੍ਰਿਤ ਵਰਗੇ ਸ਼ੁੱਧ ਪਾਣੀ ਵਿੱਚ ਰਸਾਇਣ ਘੁਲ ਗਏ ਤੇ ਪਾਣੀ ਪੀਣ ਯੋਗ ਨਹੀਂ ਰਿਹਾ। ਕਾਰਖ਼ਾਨਿਆਂ ਦੇ ਧੂੰਏਂ ਨੇ ਹਵਾ ਨੂੰ ਦੂਸ਼ਿਤ ਕਰਨ ਵਿੱਚ ਵੱਡੀ ਭੂਮਿਕਾ ਅਦਾ ਕੀਤੀ।

ਦੂਜਾ ਕਾਰਨ ਹੈ ਕਿਸਾਨੀ ਫ਼ਸਲਾਂ ਵਿੱਚ ਵਰਤੇ ਜਾਣ ਵਾਲੇ ਜ਼ਹਿਰੀਲੇ ਕੀਟਨਾਸ਼ਕ ਅਤੇ ਰਸਾਇਣਿਕ ਤੱਤ, ਜਿਹੜੇ ਜਿੱਥੇ ਧਰਤੀ ਨੂੰ ਬਾਂਝ ਬਣਾਉਣ ਵਿੱਚ ਅਸਰਦਾਰ ਭੂਮਿਕਾ ਨਿਭਾ ਰਹੇ ਹਨ, ਓਥੇ ਜ਼ਹਿਰੀਲੇ ਕੀਟਨਾਸ਼ਕ ਦੀ ਲੋੜ ਤੋ ਵੱਧ ਵਰਤੋਂ ਨੇ ਸਾਡੇ ਅਨਾਜ ਨੂੰ ਵੀ ਜ਼ਹਿਰੀਲਾ ਬਣਾ ਦਿੱਤਾ ਹੈ। ਤੀਜਾ ਕਾਰਨ ਹੈ ਵਾਤਾਵਰਣ ਨੂੰ ਜਿਹੜਾ ਸਭ ਤੋ ਵੱਧ ਦੂਸ਼ਿਤ ਕਰਦਾ ਹੈ, ਉਹ ਹੈ ਬਰੂਦੀ ਪਟਾਕਿਆਂ ਦੀ ਖੇਡ, ਜਿਸ ਨੇ ਜਿੱਥੇ ਆਮ ਲੋਕਾਂ ਦੀ ਜੇਬ ਤੇ ਬੇਲੋੜਾ ਭਾਰ ਪਾਇਆ ਹੈ, ਓਥੇ ਇਸ ਬਰੂਦੀ ਖੇਡ ਨੇ ਕਿੰਨੇ ਹੀ ਘਰਾਂ ਦੇ ਚਿਰਾਗ਼ ਬੁਝਾਏ ਹਨ। ਹਰ ਸਾਲ ਦੀਵਾਲੀ ਅਤੇ ਦਸਹਿਰੇ ਮੌਕੇ ਅਜਿਹੀਆਂ ਦੁਰਘਟਨਾਵਾਂ ਦਾ ਵੱਡੀ ਗਿਣਤੀ ਵਿੱਚ ਵਾਪਰਨਾ ਆਮ ਵਰਤਾਰਾ ਬਣ ਗਿਆ ਹੈ। ਪਿਛਲੇ ਸਾਲ ਅੰਮ੍ਰਿਤਸਰ ਵਿੱਚ ਦਸਹਿਰੇ ਮੌਕੇ ਵਾਪਰੀ ਘਟਨਾ ਦਾ ਦਰਦ ਅਜੇ ਘਟਿਆ ਨਹੀਂ ਕਿ ਬੀਤੇ ਕੱਲ੍ਹ ਬਟਾਲੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਪੂਰੇ ਪੰਜਾਬ ਦਾ ਧਿਆਨ ਖਿੱਚਿਆ ਹੈ। ਹਰ ਇੱਕ ਮਨੁੱਖੀ ਦਿਲ ਅੰਦਰ ਜਿੱਥੇ ਮਰਨ ਵਾਲਿਆਂ ਨਾਲ ਹਮਦਰਦੀ ਦਾ ਹੋਣਾ ਸੁਭਾਵਿਕ ਹੈ, ਓਥੇ ਇਹ ਸੁਆਲ ਵੀ ਹਰ ਇੱਕ ਦੀ ਜ਼ੁਬਾਨ ਤੇ ਹੈ ਕਿ ਇਸ ਖ਼ਤਰਨਾਕ ਰਵਾਇਤ ਨੂੰ ਬੰਦ ਕਿਉਂ ਨਹੀਂ ਕੀਤਾ ਜਾਂਦਾ?

ਜਿਉਂ ਜਿਉਂ ਮਨੁੱਖ ਸਮਝਦਾਰ ਹੋ ਰਿਹਾ ਹੈ, ਤਿਉਂ ਤਿਉਂ ਇਹ ਬਿਮਾਰੀ ਘਟਣ ਦੀ ਬਜਾਏ ਹੋਰ ਵਧ ਰਹੀ ਹੈ। ਦੀਵਾਲੀ, ਦਸਹਿਰੇ ਤੋ ਅੱਗੇ ਵੱਧ ਕੇ ਹੁਣ ਵਿਆਹ ਸਾਦੀਆਂ, ਨਗਰ ਕੀਰਤਨਾਂ ਸਮੇਤ ਹਰ ਖ਼ੁਸ਼ੀ ਦੇ ਮੌਕੇ ਤੇ ਪਟਾਕੇ ਅਤੇ ਆਤਿਸ਼ਬਾਜ਼ੀ ਸਟੇਟਸ ਸਿੰਬਲ ਬਣ ਚੁੱਕੀ ਹੈ। ਜਦੋਂ ਕਿ ਹਾਲਾਤਾਂ ਦੇ ਮੱਦੇਨਜ਼ਰ ਚਾਹੀਦਾ ਤਾਂ ਇਹ ਹੈ ਕਿ ਪਟਾਕਿਆਂ ਤੇ ਪੂਰਨ ਪਾਬੰਦੀ ਲਾਉਣ ਲਈ ਕਦਮ ਚੁੱਕੇ ਜਾਣ, ਪਰ ਅਫ਼ਸੋਸ ਕਿ ਇੱਕੀਵੀਂ ਸਦੀ ਦਾ ਵਿਗਿਆਨਿਕ ਸੋਚ ਵਾਲਾ ਮਨੁੱਖ ਇਸ ਖੇਡ ਨੂੰ ਹੋਰ ਪ੍ਰਫੁੱਲਿਤ ਕਰ ਰਿਹਾ ਹੈ। ਆਮ ਲੋਕਾਂ ਵਿੱਚ ਅਜੇ ਵੀ ਇਸ ਜਾਗਰੂਕਤਾ ਦੀ ਘਾਟ ਹੈ ਕਿ ਇਸ ਬਰੂਦੀ ਵਪਾਰ ਪਿੱਛੇ ਵੀ ਦਿੱਲੀ ਮੁੰਬਈ ਵਿੱਚ ਬੈਠੇ ਉਹ ਹੀ ਪੂੰਜੀਪਤੀਆਂ ਦੀ ਜਮਾਤ ਦਾ ਦਿਮਾਗ਼ ਅਤੇ ਮੁਨਾਫ਼ਾ ਹੈ ਜਿਹੜੀ ਤੁਹਾਨੂੰ ਕਾਰਖ਼ਾਨਿਆਂ ਰਾਹੀਂ ਅਤੇ ਕੀਟਨਾਸ਼ਕ ਤੇ ਰਸਾਇਣਿਕ ਤੱਤਾਂ ਰਾਹੀ ਜਹਿਰਾਂ ਪਰੋਸ ਕੇ ਦੇ ਰਹੀ ਹੈ। ਜਿਸ ਜਮਾਤ ਦਾ ਪੂਰੇ ਭਾਰਤੀ ਸਿਸਟਮ ਤੇ ਹੀ ਕਬਜ਼ਾ ਹੋਵੇ, ਉਹਦੇ ਖ਼ਿਲਾਫ਼ ਉਨ੍ਹਾਂ ਦੀਆਂ ਕਠਪੁਤਲੀ ਸਰਕਾਰਾਂ ਕਿਵੇਂ ਫ਼ੈਸਲੇ ਲੈ ਸਕਦੀਆਂ ਹਨ?ਇਸ ਲਈ ਅਜਿਹੇ ਕਾਰੋਬਾਰਾਂ ਨੂੰ ਬੰਦ ਕਰਵਾਉਣ ਲਈ ਸਰਕਾਰਾਂ ਤੇ ਟੇਕ ਰੱਖਣੀ ਕੋਈ ਸਿਆਣਪ ਨਹੀਂ ਹੋਵੇਗੀ। ਇਸ ਸਮੱਸਿਆ ਤੋ ਛੁਟਕਾਰਾ ਪਾਉਣ ਲਈ ਖ਼ੁਦ ਲੋਕਾਂ ਨੂੰ ਅਤੇ ਇਸ ਮਾਰੂ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਖ਼ੁਦ ਹੀ ਪਹਿਲਕਦਮੀ ਕਰਨੀ ਪਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅੰਮ੍ਰਿਤਸਰ ਦੇ ਦਸਹਿਰੇ ਅਤੇ ਬਟਾਲੇ ਵਰਗੇ ਹਾਦਸੇ ਵਾਪਰਦੇ ਰਹਿਣਗੇ, ਜਿਨ੍ਹਾਂ ਤੇ ਅਸੀਂ ਸਿਰਫ਼ ਅਫ਼ਸੋਸ ਹੀ ਪਰਗਟ ਕਰ ਸਕਾਂਗੇ। ਇਸ ਲਈ ਜਿੱਥੇ ਇਸ ਬਰੂਦੀ ਕਾਰੋਬਾਰ ਦੇ ਖ਼ਿਲਾਫ਼ ਲੋਕ ਲਹਿਰ ਪੈਦਾ ਕਰਨ ਦੀ ਲੋੜ ਹੈ, ਓਥੇ ਪਟਾਕੇ ਵੇਚਣ ਤੇ ਬਣਾਉਣ ਦੇ ਕਾਰੋਬਾਰ ਨਾਲ ਜੁੜੇ ਛੋਟੇ, ਵੱਡੇ ਵਪਾਰੀਆਂ ਨੂੰ ਸਨਿਮਰ ਅਪੀਲ ਵੀ ਹੈ, ਕਿ ਇਸ ਦੁਖਾਂਤ ਤੋ ਸਬਕ ਲੈਂਦੇ ਹੋਏ ਇਸ ਬਿਮਾਰੀ ਨੂੰ ਪੰਜਾਬ ਚੋ ਖ਼ਤਮ ਕਰਕੇ ਆਪਣੇ ਲਈ, ਆਪਣੇ ਪਰਿਵਾਰ ਲਈ ਅਤੇ ਆਪਣੇ ਸਮਾਜ ਲਈ ਸ਼ੁੱਧ ਵਾਤਾਵਰਣ ਬਚਾ ਕੇ ਰੱਖਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਸੁਖ ਦਾ ਸਾਹ ਲੈ ਸਕਣ ਯੋਗ ਵਾਤਾਵਰਣ ਮਿਲ ਸਕੇ।

Install Punjabi Akhbar App

Install
×