ਕਿਸਾਨਾਂ ਨੇ ਜਿਲ੍ਹਾ ਫਰੀਦਕੋਟ ਵਿਚ ਝੋਨੇ ਦੀ ਲਵਾਈ ਲੱਗਪਗ ਮੁਕੰਮਲ ਕਰ ਲਈ ਹੈ ਅਤੇ ਇਸਦੇ ਨਾਲ ਹੀ ਬਾਸਮਤੀ ਦੀ ਅਗੇਤੀ ਲਵਾਈ ਸ਼ੁਰੂ ਕਰ ਦਿੱਤੀ ਹੈ। ਭਾਵੇਂ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਦਾ ਸਮਾਂ 15 ਜੂਨ ਅਤੇ ਬਾਸਮਤੀ ਦੀ ਲਵਾਈ ਦਾ ਸਮਾਂ 15 ਜੁਲਾਈ ਸਿਫਾਰਸ਼ ਕੀਤਾ ਹੈ ਪਰ ਕਿਸਾਨ ਆਪਣੇ ਹਿਸਾਬ ਨਾਲ ਬਾਸਮਤੀ ਦੀ ਪੂਸਾ 1121 ਕਿਸਮ ਅਗੇਤ ਲਗਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਗੇਤੀ ਬਾਸਮਤੀ ਨੂੰ ਬਿਮਾਰੀ ਘੱਟ ਹਮਲਾ ਕਰਦੀ ਹੈ ਜਦੋਂ ਕਿ ਪਿਛੇਤੀ ਬਿਜਾਈ ਤੇ ਬਹੁਤ ਸਾਰੇ ਕੀੜੇ ਮਕੌੜੇ ਹਮਲਾ ਕਰਦੇ ਹਨ ਜਿਸਦਾ ਝਾੜ ਤੇ ਬੁਰਾ ਅਸਰ ਪੈਂਦਾ ਹੈ। ਦੂਸਰਾ ਪਿਛਲੇ ਦਿਨੀ ਹੋਈ ਭਰਵੀਂ ਬਾਰਸ਼ ਦਾ ਵੀ ਕਿਸਾਨ ਲਾਹਾ ਲੈਣਾ ਚਾਹੁੰਦੇ ਹਨ। ਕਿਉਂ ਕਿ ਪਾਣੀ ਦੀ ਹੁਣ ਕੋਈ ਕਮੀ ਨਹੀਂ। ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਵੀ ਠੀਕ ਮਿਲ ਰਿਹਾ ਹੈ, ਪਰ ਖੇਤੀਬਾੜੀ ਵਿਭਾਗ ਅਨੁਸਾਰ ਬਾਸਮਤੀ ਦੀ ਅਗੇਤੀ ਬਿਜਾਈ ਨਾਲ ਇਹ ਗਰਮੀ ਦੇ ਮੌਸਮ ਵਿਚ ਹੀ ਪੱਕ ਜਾਂਦੀ ਹੈ, ਜਿਸ ਕਾਰਨ ਚੌਲ ਕੱਢਣ ਸਮੇਂ ਟੋਟਾ ਵਧੇਰੇ ਬਣਦਾ ਹੈ ਅਤੇ ਚੌਲ ਵਿਚ ਮਹਿਕ ਵੀ ਘੱਟ ਬਣਦੀ ਹੈ, ਪਰ ਕਿਸਾਨ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਦਾ, ਉਸਦਾ ਮਕਸਦ ਤਾਂ ਵੱਧ ਝਾੜ ਲੈਣਾ ਅਤੇ ਅਗੇਤੀ ਫਸਲ ਲਈ ਚੰਗਾ ਮੰਡੀਕਰਣ ਮਿਲ ਜਾਣਾ ਹੈ। ਇੱਥੇ ਜਿਕਰਯੋਗ ਹੈ ਕਿ ਪਿਛਲੇ ਸਾਲ ਜਿਹੜੇ ਕਿਸਾਨ ਅਗੇਤੀ ਬਾਸਮਤੀ ਵੇਚ ਗਏ ਉਨ੍ਹਾਂ ਨੂੰ 2700-2800 ਦਾ ਭਾਅ ਮਿਲ ਗਿਆ ਅਤੇ ਬਾਅਦ ਵਿਚ ਕਿਸੇ ਨੇ 2000 ਨੂੰ ਵੀ ਖਰੀਦ ਨਹੀਂ ਕੀਤੀ। ਜਿਸ ਕਰਕੇ ਬਹੁਤ ਸਾਰੇ ਘਰਾਂ ਵਿਚ ਅਜੇ ਵੀ ਪਿਛਲੇ ਸਾਲ ਦੀ ਬਾਸਮਤੀ ਪਈ ਹੈ ਅਤੇ ਉਹ ਇਸ ਸਾਲ ਆਉਣ ਵਾਲੀ ਫਸਲ ਵਿਚ ਮਿਲਾਕੇ ਉਸਨੂੰ ਵੇਚਣ ਦੀ ਤਾਕ ਵਿਚ ਹਨ। ਭਾਵੇਂ ਪਿਛਲੇ ਸਾਲ ਕਿਸਾਨਾਂ ਦੀ ਬਾਸਮਤੀ ਫਸਲ ਨੂੰ ਲੈ ਕੇ ਵੱਡੀ ਖੱਜਲ ਖੁਆਰੀ ਹੋਈ ਹੈ ਪਰੰਤੂ ਇਸ ਸਾਲ ਵੀ ਬਹੁਤ ਸਾਰੇ ਕਿਸਾਨ ਅਜਿਹੇ ਹਨ ਜਿਹੜੇ ਸਾਰੀ ਸਾਰੀ ਜ਼ਮੀਨ ਤੇ ਫੇਰ ਬਾਸਮਤੀ ਲਗਵਾ ਰਹੇ ਹਨ। ਇਹ ਤਾਂ ਉਹ ਹੀ ਜਾਣਦੇ ਹਨ ਕਿ ਉਨ੍ਹਾਂ ਦੀ ਇਸ ਪਿੱਛੇ ਕੀ ਸੋਚ ਕੰਮ ਕਰ ਰਹੀ ਹੈ ਪਰ ਹਾਲਾਤਾਂ ਮੁਤਾਬਕ ਬਾਸਮਤੀ ਦਾ ਭਵਿੱਖ ਮਾੜਾ ਹੀ ਨਜ਼ਰ ਆ ਰਿਹਾ ਹੈ। ਕਿਉਂ ਕਿ ਵਪਾਰੀਆਂ ਅਤੇ ਸਰਕਾਰ ਕੋਲ ਪਿਛਲੇ ਸਾਲ ਦਾ ਕੋਟਾ ਹੀ ਅਜੇ ਵਾਧੂ ਪਿਆ ਹੈ ਅਤੇ ਇਸ ਸਾਲ ਚੰਗੀ ਖਰੀਦ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਇਸ ਸਾਲ ਸ਼ੈਲਰਾਂ ਵਾਲਿਆਂ ਅਤੇ ਵਪਾਰੀਆਂ ਨੇ ਕਿਸਾਨਾਂ ਨੂੰ ਅਖਬਾਰਾਂ ਰਾਹੀਂ ਵੱਡੇ ਵੱਡੇ ਇਸ਼ਤਿਹਾਰ ਲਗਾਕੇ ਬਾਸਮਤੀ ਲਗਾਉਣ ਤੋਂ ਖਬਰਦਾਰ ਕੀਤਾ ਸੀ ਪਰ ਕਿਸਾਨਾਂ ਤੇ ਇਨ੍ਹਾਂ ਅਪੀਲਾਂ ਦਾ ਕੋਈ ਅਸਰ ਨਹੀਂ ਹੋਇਆ ਅਤੇ ਉਹ ਇਕ ਹੀ ਰੱਟ ਲਾ ਰਹੇ ਹਨ ਕਿ ਚਲੋ 2000 ਨੂੰ ਤਾਂ ਵਿਕੂਗੀ, ਝੋਨੇ ਨਾਲੋਂ ਤਾਂ ਵੱਧ ਪੈਸੇ ਵੱਟੇ ਜਾਣਗੇ।