ਬਾਸਕਿਟਬਾਲ ਟੂਰਨਾਮੈਂਟ (ਲੜਕੀਆਂ) ਦੀਆਂ ਟੀਮਾਂ ਦੇ ਬੇਅੰਤ ਕੌਰ ਸੇਖੋਂ ਨੇ ਸ਼ੁਰੂ ਕਰਵਾਏ ਮੁਕਾਬਲੇ: ਡਾ. ਢਿੱਲੋਂ

(ਫ਼ਰੀਦਕੋਟ) :- ਬਾਬਾ ਫਰੀਦ ਬਾਸਕਿਟਬਾਲ ਕਲੱਬ ਫਰੀਦਕੋਟ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਬਾਬਾ ਫਰੀਦ ਆਗਮਨ ਪੁਰਬ ਦੀ ਖੁਸ਼ੀ ਵਿੱਚ ਕਰਵਾਏ ਗਏ 27ਵੇਂ ਗੋਲਡ ਕੱਪ ਟੂਰਨਾਮੈਂਟ ਵਿੱਚ ਪੰਜਾਬ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਬਹੁਤ ਜੋਹਰ ਦਿਖਾਏ, ਦੇਰ ਰਾਤ ਤੱਕ ਚੱਲਣ ਵਾਲੇ ਮੁਕਾਬਲਿਆਂ ਵਿੱਚ ਦਰਸ਼ਕਾਂ ਦੀ ਭਰਵੀਂ ਹਾਜਰੀ ਤੋਂ ਪ੍ਰਤੀਤ ਹੁੰਦਾ ਸੀ ਕਿ ਹੁਣ ਆਮ ਲੋਕਾਂ ਦਾ ਵੀ ਖੇਡਾਂ ਵਿੱਚ ਰੁਝਾਨ ਅਰਥਾਤ ਦਿਲਚਸਪੀ ਵੱਧਦੀ ਜਾ ਰਹੀ ਹੈ। ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਕਾਲਜ ਆਫ ਨਰਸਿੰਗ ਨੇ ਦੱਸਿਆ ਕਿ ਪੀ.ਏ.ਪੀ. ਅਤੇ ਲਵਲੀ ਯੂਨੀਵਰਸਿਟੀ ਦੀਆਂ ਲੜਕੀਆਂ ਦੀਆਂ ਟੀਮਾਂ ਦੇ ਮੁਕਾਬਲੇ ਸ਼ੁਰੂ ਕਰਾਉਣ ਲਈ ਬਤੌਰ ਮੁੱਖ ਮਹਿਮਾਨ ਪੁੱਜੇ ਬੀਬੀ ਬੇਅੰਤ ਕੌਰ ਸੇਖੋਂ ਧਰਮਪਤਨੀ ਗੁਰਦਿੱਤ ਸਿੰਘ ਸੇਖੋਂ ਨੇ ਪਹਿਲਾਂ ਦੋਨਾਂ ਟੀਮਾਂ ਦੀਆਂ ਲੜਕੀਆਂ ਨਾਲ ਜਾਣ-ਪਛਾਣ ਕੀਤੀ ਤੇ ਫਿਰ ਉਹਨਾਂ ਨਾਲ ਬਾਸਕਿਟਬਾਲ ਖੇਡ ਦੇ ਕੁਝ ਨੁਕਤੇ ਸਾਂਝੇ ਕਰਨ ਉਪਰੰਤ ਮੁਕਾਬਲਾ ਸ਼ੁਰੂ ਕਰਵਾਉਣ ਤੋਂ ਪਹਿਲਾਂ ਉਕਤ ਲੜਕੀਆਂ ਨੂੰ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਕਲੱਬ ਦੇ ਸਕੱਤਰ ਅਮਨਦੀਪ ਸਿੰਘ ਬਾਬਾ ਨੇ ਦੱਸਿਆ ਕਿ ਹਰ ਸਾਲ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਲੜਕੇ ਅਤੇ ਲੜਕੀਆਂ ਦੀਆਂ ਜੇਤੂ ਟੀਮਾਂ ਨੂੰ ਵੱਖੋ ਵੱਖਰੇ ਤੌਰ ‘ਤੇ ਗੋਲਡ ਕੱਪ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਉਹਨਾਂ ਮੰਨਿਆ ਕਿ ਉਕਤ ਟੂਰਨਾਮੈਂਟ ਵਿੱਚ ਜਿੱਥੇ ਜਿਲਾ ਪ੍ਰਸ਼ਾਸ਼ਨ ਦਾ ਭਰਪੂਰ ਸਹਿਯੋਗ ਮਿਲਦਾ ਹੈ, ਉੱਥੇ ਇਲਾਕੇ ਭਰ ਦੇ ਸਹਿਯੋਗੀ ਸੱਜਣਾ ਤੋਂ ਇਲਾਵਾ ਐੱਨਆਰਆਈ ਵੀਰ-ਭੈਣਾ ਵੀ ਖਿਡਾਰੀਆਂ ਦੇ ਚੰਗੇਰੇ ਭਵਿੱਖ ਲਈ ਬਣਦਾ ਯੋਗਦਾਨ ਪਾਉਂਦੇ ਹਨ।