
“ਦ ਬਿਲਡਿੰਗ ਸਸਟੇਨੇਬਿਲੀਟੀ ਇੰਡੇਕਸ” (BASIX) ਨੂੰ ਹੋਰ ਵੀ ਜਨਹਿਤ ਲਈ ਵਧੀਆ ਅਤੇ ਸੁਖਾਵਾਂ ਬਣਾਉਣ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਨੇ ਇਸ ਵਿੱਚ ਫੌਰੀ ਤੌਰ ਤੇ ਕੁੱਝ ਫੇਰ ਬਦਲ ਕੀਤੇ ਹਨ ਜਿਨ੍ਹਾਂ ਰਾਹੀਂ ਸਰਕਾਰ ਦਾ ਦਾਅਵਾ ਹੈ ਕਿ ਪਹਿਲਾਂ ਤੋਂ ਹੀ ਫਾਇਦੇਮੰਦ ਇਸ ਸਿਸਟਮ ਨੂੰ ਇਨ੍ਹਾਂ ਫੇਰ ਬਦਲਾਂ ਰਾਹੀਂ ਹੋਰ ਵੀ ਫਾਇਦੇਮੰਦ ਬਣਾਇਆ ਜਾ ਰਿਹਾ ਹੈ ਅਤੇ ਇਹ ਸਭ ਜਨਹਿਤ ਲਈ ਹੀ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਰੋਬ ਸਟੋਕਸ ਨੇ ਕਿਹਾ ਕਿ ਆਨਲਾਈਨ ਇਸ ਟੂਲ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਨਵੀਆਂ ਅਤੇ ਉਸਾਰੂ ਤਕਨੀਕਾਂ ਰਾਹੀਂ ਅਨਰਜੀ ਅਤੇ ਪਾਣੀ ਦੀ ਪਹਿਲਾਂ ਤੋਂ ਵੀ ਜ਼ਿਆਦਾ ਸਾਂਭ ਸੰਭਾਲ ਵੀ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਦੂਸਰੇ ਰਾਜਾਂ ਦਾ ਤੁਲਨਾਤਮਕ ਅਧਿਐਨ ਵੀ ਕੀਤਾ ਜਾ ਸਕਦਾ ਹੈ। ਇਸ ਰਾਹੀਂ ਨਕਸ਼ਾ ਨਵੀਸਾਂ ਅਤੇ ਪਲੈਨਰਾਂ ਨੂੰ ਹੋਰ ਵੀ ਜ਼ਿਆਦਾ ਸੁਵਿਧਾ ਹੋਣ ਵਾਲੀ ਹੈ ਅਤੇ ਘਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਰਾਮਦਾਇਅਕ ਅਤੇ ਅਨਰਜੀ ਸੇਵਿੰਗ ਬਣਾਉਣ ਵਾਸਤੇ ਜ਼ਿਆਦਾ ਮਦਦਗਾਰ ਸਾਬਿਤ ਹੋ ਰਹੀ ਹੈ। ਇਸ ਦੇ ਤਹਿਤ -ਇਮਾਰਤਾਂ ਅਤੇ ਘਰਾਂ ਨੂੰ ‘ਪੈਸਿਵ ਹਾਊਸ’ ਦੇ ਮਾਪਦੰਢਾਂ ਤਹਿਤ ਉਸਾਰਨ ਦੇ ਪ੍ਰਾਵਧਾਨਾਂ ਦੇ ਨਾਲ ਨਾਲ ਬੇਸਿਕਸ ਦੀਆਂ ਮੁੱਢਲੀਆਂ ਨਿਯਮਾਂਵਲੀਆਂ ਆਦਿ ਦੀ ਪਾਲਣਾ ਨਾਲ; ਘਰਾਂ ਅਤੇ ਇਮਾਰਤਾਂ ਅਦਿ ਵਿੱਚ ਲਿਫਟਾਂ ਆਦਿ ਲਗਾਉਣ ਵਾਸਤੇ ਨਵੇਂ ਅਤੇ ਉਪਯੋਗੀ ਟੂਲ ਜਿਨ੍ਹਾਂ ਰਾਹੀਂ ਕਿ ਬਿਜਲੀ ਜਾਂ ਹੋਰ ਚਾਲਕ ਸਾਧਨਾਂ ਦੀ ਬਚਤ ਕੀਤੀ ਜਾ ਸਕਦੀ ਹੈ, ਦੀ ਵਰਤੋਂ; ਅਤੇ ਕੌਮੀ ਪੱਧਰ ਉਪਰ ਨੈਥਰਸ (NatHERS) ਦੇ ਮਾਪਦੰਢਾਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਆਸਟ੍ਰੇਲੀਆਈ ਪੈਸਿਵ ਹਾਊਸ ਐਸੋਸਿਏਸ਼ਨ ਦੇ ਸੀ.ਈ.ਓ. ਪੌਲ ਵਾਲ ਨੇ ਇਸ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਰਕਾਰ ਦਾ ਉਤਮ ਕਦਮ ਮੰਨਿਆ ਹੈ। ਜ਼ਿਆਦਾ ਜਾਣਕਾਰੀ ਲਈ https://www.planningportal.nsw.gov.au/basix/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।