ਪ੍ਰਸਿੱਧ ਸੂਫ਼ੀ ਗਾਇਕ ਬਰਕਤ ਸਿੱਧੂ ਨਹੀਂ ਰਹੇ

Barkat-Sidhu140817ਸੂਫੀਆਨਾ ਕਲਾਮ ਦੇ ਬਾਦਸ਼ਾਹ ਦਰਵੇਸ਼ ਗਾਇਕ ਜ਼ਿਲ੍ਹਾ ਮੋਗਾ ਦੇ ਮਾਣ ਬਰਕਤ ਸਿੱਧੂ ਆਖਿਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ ਬੀਤੀ ਰਾਤ ਇਸ ਸੰਸਾਰ ਤੋਂ ਰੁਖਸਤ ਹੋ ਗਏ। ਪਿਛਲੇ ਕੁੱਝ ਮਹੀਨਿਆਂ ਤੋਂ ਬਰਕਤ ਸਿੱਧੂ ਕੈਂਸਰ ਦੀ ਬਿਮਾਰੀ ਨਾਲ ਪੀੜ੍ਹਤ ਸਨ। ਆਪਣੇ ਮਿੱਤਰ ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ ਦੇ ਗ੍ਰਹਿ ਮੋਗਾ ਵਿਖੇ ਉਨ੍ਹਾਂ ਨੇ ਆਪਣਾ ਆਖਰੀ ਸਾਹ ਲਿਆ ਤੇ ‘ਬੋਲ ਮਿੱਟੀ ਦਿਆ ਬਾਵਿਆ’ ‘ਰੱਬਾ ਮੇਰੇ ਹਾਲ ਦਾ ਮਹਿਰਮ ਤੂੰ’, ‘ਗੋਰੀਏ ਮੈਂ ਜਾਣਾ ਪ੍ਰਦੇਸ’ ਵਾਰਿਸ ਦੀ ਹੀਰ ਨੂੰ ਆਵਾਜ਼ ਦੇਣ ਵਾਲਾ ਗਾਇਕ ਸਦਾ ਲਈ ਖਾਮੋਸ਼ ਹੋ ਗਿਆ। ਪੂਰਨ ਸ਼ਾਹਕੋਟੀ ਦੇ ਚਚੇਰੇ ਭਾਈ ਬਰਕਤ ਸਿੱਧੂ ਦਾ ਜਨਮ ਸੰਨ 1946 ਦੇ ਕਰੀਬ ਸ਼ਾਹਕੋਟ ਦੇ ਨਜ਼ਦੀਕ ਪਿੰਡ ਕੰਨੀਆ ਵਿਖੇ ਹੋਇਆ ਅਤੇ ਬਾਅਦ ਵਿਚ ਉਹ ਆਪਣੇ ਪਰਿਵਾਰ ਸਮੇਤ ਮੋਗਾ ਦੀ ਧਰਤੀ ‘ਤੇ ਆ ਵਸੇ। ਬਰਕਤ ਸਿੱਧੂ ਨੇ ਸੂਫ਼ੀ ਗਾਇਕੀ ਦਾ ਪੱਲਾ ਨਹੀਂ ਛੱਡਿਆ। ਭਾਰਤੀ ਲੋਕ ਸੰਗੀਤ ਅਕੈਡਮੀ ਦਿੱਲੀ ਦੇ ਉਹ ਇਕੋ ਇਕ ਪ੍ਰਵਾਨਿਤ ਗਾਇਕ ਸਨ ਅਤੇ ਆਲ ਇੰਡੀਆ ਰੇਡੀਓ ਜਲੰਧਰ ‘ਤੇ ਉਹ ਜੱਜ ਦੀ ਭੂਮਿਕਾ ਵੀ ਨਿਭਾਉਂਦੇ ਰਹੇ। ਬਰਕਤ ਸਿੱਧੂ ਦੀ ਜ਼ਿੰਦਗੀ ਵਿਚ ਅਨੇਕਾਂ ਉਤਰਾਅ ਚੜ੍ਹਾਅ ਆਏ ਅਤੇ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦਰਵੇਸ਼ਾਂ ਵਾਂਗ ਕੱਟੀ।

( ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)