ਬਹਿਬਲ ਕਲਾਂ ‘ਚ ਇਨਸਾਫ ਲਈ ਲੱਗੇ ਧਰਨੇ ‘ਚ ਪੁੱਜੇ ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਕੁਲਤਾਰ ਸਿੰਘ ਸੰਧਵਾਂ
ਫਰੀਦਕੋਟ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ‘ਚ ਹੋਈ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਇਨਸਾਫ ਲਈ ਚੱਲ ਰਹੇ ਸਾਂਤੀ ਪੂਰਵਕ ਰੋਸ ਪ੍ਰਦਰਸਨ ‘ਚ ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਸਾਬਕਾ ਆਈ. ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਹਾਜਰੀ ਭਰੀ ਅਤੇ 6 ਸਾਲ ਬਾਅਦ ਵੀ ਦੋਸੀਆਂ/ਸਾਜਿਸ ਕਰਤਾਵਾਂ ਨੂੰ ਸਜਾ ਅਤੇ ਸੰਗਤ ਨੂੰ ਇਨਸਾਫ ਨਾ ਮਿਲਣ ਲਈ ਬਾਦਲਾਂ ਵਾਂਗ ਸੱਤਾਧਾਰੀ ਕਾਂਗਰਸ ਨੂੰ ਜਿੰਮੇਵਾਰ ਠਹਿਰਾਇਆ।
ਸੰਗਤ ਨੂੰ ਸੰਬੋਧਨ ਕਰਦੇ ਹੋਏ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਸਹੀਦੀਆਂ ਪਾ ਗਏ ਕ੍ਰਿਸਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਰੋਸ ਧਰਨੇ ਲਾਉਣੇ ਪੈ ਰਹੇ ਹਨ, ਇਹ ਬੇਹੱਦ ਅਫ਼ਸੋਸਜਨਕ ਅਤੇ ਸਮੁੱਚੇ ਸਿਸਟਮ ਲਈ ਸ਼ਰਮ ਵਾਲੀ ਗੱਲ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਲਈ ਇਨਸਾਫ਼ ਦਿਵਾਉਣ ਦੀ ਸਹੁੰ ਖਾਧੀ ਸੀ, ਪਰ 5 ਸਾਲਾਂ ਵਿੱਚ ਪਹਿਲਾ ਕੈਪਟਨ ਅਮਰਿੰਦਰ ਸਿੰਘ ਅਤੇ ਹੁਣ ਚਰਨਜੀਤ ਸਿੰਘ ਚੰਨੀ ਦੋਸ਼ੀਆਂ ਅਤੇ ਸਾਜਿਸ਼ਕਾਰਾਂ ਨੂੰ ਬਚਾਉਣ ਦੀ ਸਿਆਸਤ ਕਰ ਰਹੇ ਹਨ। ਲੋਕਾਂ ਦੇ ਨਾਲ-ਨਾਲ ਅਦਾਲਤਾਂ ਨੂੰ ਵੀ ਗੁੰਮਰਾਹ ਕਰ ਰਹੇ ਹਨ। ਸਾਬਕਾ ਆਈ.ਜੀ ਨੇ ਸਵਾਲ ਉਠਾਇਆ ਕਿ ਮਾਨਯੋਗ ਹਾਈਕੋਰਟ ਨੇ ਸਰਕਾਰੀ ਸਿਸਟਮ ‘ਚ ਖੋਟ ਕਾਰਨ ਸਿਰਫ਼ ਬਹਿਬਲ ਕਲਾਂ ਗੋਲੀ ਕਾਂਡ ਦੀ ਕਾਨੂੰਨੀ ਸੁਣਵਾਈ ‘ਤੇ ਰੋਕ ਲਾਈ ਹੈ, ਪ੍ਰੰਤੂ ਪਹਿਲਾ ਕੈਪਟਨ ਅਤੇ ਹੁਣ ਚੰਨੀ ਸਰਕਾਰ ਬੇਅਦਬੀ ਵਾਲੇ ਦੂਜੇ ਕੇਸਾਂ ਅਤੇ ਜਾਂਚ ਦੀ ਜਾਣਬੁੱਝ ਕੇ ਪੈਰਵੀ ਨਹੀਂ ਕਰ ਰਹੀ।
ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੰਗਤ ਇਨਸਾਫ਼ ਚਾਹੁੰਦੀ ਹੈ, ਇਸ ਲਈ ਰਾਜਨੀਤੀ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਚੁੱਕੀ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਸੁਖਜੀਤ ਸਿੰਘ ਢਿੱਲੋਂ ਅਤੇ ਹੋਰ ਆਗੂ ਵੀ ਮੌਜ਼ੂਦ ਸਨ।