ਨਿਰੰਤਰ ਇੱਕਜੁੱਟਤਾ ਦਾ ਸਬੂਤ ਹੈ ਸਿੱਖ ਕੌਂਮ ਦਾ ਬਰਗਾੜੀ ਤੋਂ ਲੈ ਕੇ ਫਤਿਹਗੜ ਸਹਿਬ ਤੱਕ ਦਾ ਸਫਰ

ਪਿਛਲੇ ਸਾਲ ਜਦੋਂ ਬਰਗਾੜੀ ਵਿੱਚ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਵਾਲੀ ਘਟਨਾ ਵਾਪਰੀ ਤਾਂ ਸਿੱਖਾਂ ਵਿੱਚ ਗੁਸੇ ਦੀ ਲਹਿਰ ਫੈਲ ਗਈ।ਸਿੱਖ ਕੌਂਮ ਦਾ ਗੁਸਾ ਉਸ ਸਮੇ ਭਾਂਬੜ ਬਣ ਕੇ ਮੱਚ ਪਿਆ ਜਦੋਂ ਰੋਸ ਪ੍ਰਗਟ ਕਰਦੀਆਂ ਨਿਹੱਥੀਆਂ ਸਿੱਖ ਸੰਗਤਾਂ ਉੱਤੇ ਸੂਬਾ ਸਰਕਾਰ ਦੇ ਹਿਟਲਰਸ਼ਾਹੀ ਅਦੇਸ਼ਾਂ ਤੇ ਪੰਜਾਬ ਪੁਲਿਸ ਨੇ ਅੰਨੇ ਵਾਹ ਗੋਲੀਆਂ ਚਲਾ ਦਿੱਤੀਆ, ਜਿਸ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਤੋਂ ਇਲਾਵਾ ਸੈਂਕੜੇ ਲੋਕਾਂ ਨੂੰ ਜਖਮੀ ਕਰ ਦਿੱਤਾ ਗਿਆ ਸੀ। ਸਮੁੱਚੀ ਸਿੱਖ ਕੌਂਮ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਸੜਕਾਂ ਤੇ ਆ ਗਈ। ਸਿੱਖ ਕੌਂਮ ਦੇ ਇਸ ਸੰਘਰਸ਼ ਵਿੱਚ ਹਿੰਦੂ, ਮੁਸਲਿਮ ,ਇਸਾਈ ਸਭਨਾਂ ਨੇ ਹੀ ਦਿਲੋਂ ਹਮਦਰਦੀ ਪ੍ਰਗਟ ਕਰਦਿਆਂ ਸਿੱਖ ਕੌਂਮ ਦਾ ਸਾਥ ਵੀ ਦਿੱਤਾ ਸੀ, ਪ੍ਰੰਤੂ ਬਹੁਤ ਹੀ ਗਹਿਰੀਆਂ ਸਾਜਿਸਾਂ ਤਹਿਤ ਗੁਰੂ ਗਰੰਥ ਸਹਿਬ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਰਹੀਆਂ ਪਰ ਸੂਬਾ ਸਰਕਾਰ ਅਸਲ ਦੋਸ਼ੀਆਂ ਤੱਕ ਪਹੁੰਚਣ ਦੀ ਵਜਾਇ ਸਿੱਖ ਨੌਜਵਾਨਾਂ ਨੂੰ ਹੀ ਫੜ ਕੇ ਝੂਠੇ ਕੇਸਾਂ ਵਿੱਚ ਉਲਝਾਉਣ ਦੇ ਰਾਹ ਪੈ ਗਈ। ਸੂਬਾ ਸਰਕਾਰ ਦੀ ਇੱਕ ਤੋਂ ਵਾਅਦ ਇੱਕ ਧੱਕੇਸ਼ਾਹੀ ਤੋ ਦੁਖੀ ਸਿੱਖ ਕੌਂਮ ਆਰ ਪਾਰ ਦੀ ਲੜਾਈ ਦੇ ਰਾਹ ਹੋ ਤੁਰੀ।ਸੂਬਾ ਸਰਕਾਰ ਦੇ ਕੌਂਮ ਵਿਰੋਧੀ ਰਵੱਈਏ ਚੋਂ ਹੀ ਸਿੱਖਾਂ ਨੇ ਸਰਬੱਤ ਖਾਲਸਾ ਬਲਾਉਣ ਦਾ ਇਤਿਹਾਸਿਕ ਫੈਸਲਾ ਲਿਆ। ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੇ ਸੰਘਰਸ਼ ਦੌਰਾਨ ਸ਼ਹੀਦ ਹੋਏ ਨੌਜਵਾਨਾਂ ਦੇ ਬਰਗਾੜੀ ਵਿੱਚ ਹੋਏ ਭੋਗ ਸਮਾਗਮ ਵਿੱਚ ਆਪ ਮੁਹਾਰੇ ਪਹੁੰਚੀਆਂ ਸਿੱਖ ਸੰਗਤਾਂ ਦੇ ਬੇ ਮਿਸ਼ਾਲ ਇਕੱਠ ਨੇ ਸਰਕਾਰਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ। ਬੇਸ਼ੱਕ ਇਸ ਭੋਗ ਸਮਾਗਮ ਮੌਕੇ ਵੱਡੇ ਵੱਡੇ ਸਿੱਖ ਪ੍ਰਾਚਾਰਕਾਂ ਨੇ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਸੰਘਰਸ਼  ਕਰਨ ਦਾ ਐਲਾਨ ਵੀ ਕੀਤਾ ਸੀ ਜਿਸ ਨੂੰ ਕੌਂਮ ਨੇ ਪਰਵਾਂਨ ਕਰਦਿਆਂ ਧਰਨੇ ਮੁਜਾਹਰੇ ਅਤੇ ਰੋਸ਼ ਪ੍ਰਦਰਸ਼ਨ ਲਗਾਤਾਰ ਸੁਰੂ ਕਰ ਦਿੱਤੇ । ਇਹਨਾਂ ਰੋਸ ਪਰਦਰਸ਼ਨਾਂ ਵਿੱਚ ਸਿੱਖਾਂ ਦੀ ਹਾਜਰੀ ਘਟਣ ਦੀ ਵਜਾਇ ਵਧਦੀ ਜਾ ਰਹੀ ਸੀ ਪ੍ਰੰਤੂ ਸਿੱਖ ਪ੍ਰਚਾਰਕਾਂ ਦੇ ਸੰਘਰਸ਼ ਤੋਂ ਪਾਸਾ ਵੱਟ ਲੈਣ ਦੀ ਨਾ ਮੁਆਫਕਰਨਯੋਗ ਇਤਿਹਾਸਿਕ ਗਲਤੀ ਨੇ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਵਿਰੋਧੀ ਸੰਘਰਸ਼ ਨੂੰ ਵੱਡੀ ਢਾਹ ਲਾਈ। ਉਹਨਾਂ ਨੇ  ਧਰਨੇ ਖਤਮ ਕਰਨ ਦਾ ਐਲਾਨ ਕਰ ਮਾਰਿਆ ਜਿਸ ਕਰਕੇ ਸਿੱਖ ਸੰਗਤਾਂ ਵਿੱਚ ਦੁਵਿਧਾ ਪੈਦਾ ਹੋ ਗਈ।ਇਸ ਦੁਵਿਧਾ ਦਾ ਨਤੀਜਾ ਇਹ ਨਿਕਲਿਆ ਕਿ ਬੇਅਦਬੀ ਵਿਰੋਧੀ ਸੰਘਰਸ਼ ਹੌਲੀ ਹੌਲੀ ਦਮ ਤੋੜ ਗਿਆ।ਸਿੱਖ ਆਗੂਆਂ ਵੱਲੋਂ ਦਿੱਤੇ ਸਰਬੱਤ ਖਾਲਸਾ ਦੇ ਸੱਦੇ ਨੇ ਸਿੱਖ ਕੌਂਮ ਨੂੰ ਅਜਿਹਾ ਹੌਸਲਾ ਦਿੱਤਾ ਕਿ ਸਮੁੱਚੀ ਸਿੱਖ ਕੌਂਮ ਸਰਕਾਰੀ ਰੋਕਾਂ ਦੇ ਬਾਵਜੂਦ ਵੀ ਲੱਖਾਂ ਦੀ ਗਿਣਤੀ ਵਿੱਚ ਸਰਬੱਤ ਖਾਲਸਾ ਸਮਾਗਮ ਵਿੱਚ ਇਕੱਤਰ ਹੋ ਗਈ। ਉਹ ਵੱਖਰੀ ਗੱਲ ਹੈ ਕਿ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਤੋਂ ਕੁੱਝ ਕਮੀਆਂ ਵੀ ਰਹਿ ਗਈਆਂ ਪ੍ਰੰਤੂ ਇਸ ਦੇ ਬਾਵਜੂਦ ਵੀ ਸਿੱਖ ਮਨਾਂ ਅੰਦਰ ਮੱਚ ਰਹੀ  ਸਰਕਾਰ ਵਿਰੋਧੀ ਗੁਸ਼ੇ ਦੀ ਅੱਗ ਠੰਡੀ ਨਹੀ ਹੋਈ। ਪੰਜਾਬ ਦੇ ਲੋਕਾਂ ਨੇ ਪਹਿਲਾਂ ਕਦੇ ਵੀ ਕਿਸੇ ਵਕਤੀ ਲਹਿਰ ਨੂੰ ਐਨਾ ਲੰਮਾ ਸਮਾ ਭਰਪੂਰ ਸਾਥ ਨਹੀ ਦਿੱਤਾ, ਕਿਉਂ ਕਿ ਇਹ ਸਿੱਖ ਕੌਂਮ ਦੀ ਗੈਰਤ ਦਾ ਸਵਾਲ ਹੈ,ਪਿਉ ਦੀ ਪੱਗ ਉਤਾਰਨ ਦਾ ਸਵਾਲ ਹੈ,ਇਸ ਲਈ ਸਿੱਖ ਇਹ ਕਦੇ ਵੀ ਬਰਦਾਸਤ ਨਹੀ ਕਰ ਸਕਦੇ ਕਿ ਉਹਨਾਂ ਦੇ ਸਾਹਾਂ ਤੋਂ ਵੀ ਪਿਆਰੇ ਜੁੱਗੋ ਜੁੱਗ ਅਟੱਲ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਕੋਈ ਬੇਅਦਬੀ ਕਰਨ ਦੀ ਗੁਸ਼ਤਾਖੀ ਕਰੇ, ਅਤੇ ਜੇ ਫਿਰ ਪੰਥ ਦੇ ਨਾਮ ਤੇ ਵੋਟਾਂ ਲੈ ਕੇ ਸਾਰੀ ਉਮਰ ਸਰਕਾਰ ਦਾ ਸੁਖ ਮਾਨਣ ਵਾਲੇ ਲੋਕ ਹੀ ਖੁਦ ਇਸ ਬੇਅਦਬੀ ਲਈ ਦੋਸ਼ੀ ਜਾਪਣ ਲੱਗ ਪੈਣ ਫੇਰ ਤਾਂ ਲੋਕਾਂ ਕੋਲ ਫੈਸਲਾਕੁਨ ਸੰਘਰਸ਼ ਕਰਨ ਲਈ ਧੜੇਵੰਦੀ ਛੱਡ ਕੇ ਏਕਤਾ ਤੋਂ ਬਗੈਰ ਕੋਈ ਚਾਰਾ ਹੀ ਨਹੀ ਬਚਦਾ। ਪੰਥਕ ਜਥੇਵੰਦੀਆਂ ਦੀ ਸਿਖਰਾਂ ਤੇ ਪਹੁੰਚੀ ਆਪਸੀ ਧੜੇਵੰਦੀ ਦੇ ਚਲਦਿਆਂ ਅਤੇ ਪਰਚਾਰਕਾਂ ਵਲੋਂ ਸੰਘਰਸ਼ ਨੂੰ ਪਿੱਠ ਦਿਖਾ ਜਾਣ ਦੇ ਬਾਵਜੂਦ ਵੀ ਸਿੱਖ ਕੌਂਮ ਅੱਜ ਵੀ ਇਸ ਆਸ ਵਿੱਚ ਹੈ ਕਿ ਕੋਈ ਨਾ ਕੋਈ ਰਾਹ ਗੁਰੂ ਜਰੂਰ ਦਿਖਾਵੇਗਾ, ਕੌਂਮ ਦੀ ਬਿਗੜੀ ਸੰਵਾਰਨ ਲਈ ਆਪ ਬਹੁੜੇਗਾ ਤੇ ਕੌਂਮ ਨੂੰ ਇਸ ਮੰਝਧਾਰ ਚੋਂ ਬਾਹਰ ਜਰੂਰ ਕੱਢੇਗਾ। ਏਸੇ ਆਸ ਨੂੰ ਲੈ ਕੇ ਕੌਂਮ ਅੱਜ ਵੀ ਉਹਨਾਂ ਪੰਥਕ ਆਗੂਆਂ ਵੱਲ ਦੇਖ ਰਹੀ ਹੈ ਜਿਹੜੇ ਲੰਮੇ ਸਮੇ ਤੋਂ ਅਡੋਲਤਾ ਨਾਲ ਅਜਾਦ ਸਿੱਖ ਰਾਜ ਦੀ ਲੜਾਈ ਲੜ ਰਹੇ ਹਨ।ਲੰਘੀ 12 ਫਰਬਰੀ ਨੂੰ ਸਰੋਮਣੀ ਅਕਾਲੀ ਦਲ (ਅ) ਅਤੇ ਉਹਦੀਆਂ ਸਹਿਯੋਗੀ ਜਥੇਵੰਦੀਆਂ ਵੱਲੋਂ ਸਿੱਖ ਕੌਂਮ ਦੇ ਮਹਾਨ ਜਰਨੈਲ ਅਤੇ ਵੀਹਵੀ ਸਦੀ ਦੇ ਮਹਾਨ ਸਿੱਖ ਸ਼ਹੀਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸ੍ਰੀ ਫਤਿਹਗੜ ਸਹਿਬ ਵਿਖੇ ਮਨਾਏ ਗਏ ਜਨਮ ਦਿਹਾੜੇ ਮੌਕੇ ਹੋਇਆ ਰਿਕਾਰਡਤੋੜ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਨਾਂ ਤਾਂ ਕੌਂਮ ਦਾ ਗੁਸ਼ਾ ਠਰਿਆ ਹੈ ਅਤੇ ਨਾ ਹੀ ਕੌਂਮ ਉਹਨਾਂ ਹਿਰਦੇਵੇਧਕ ਘਟਨਾਵਾਂ ਨੂੰ ਭੁੱਲੀ ਹੈ ਜਿਹੜੀਆਂ ਸਰਕਾਰੀ ਏਜੰਸੀਆਂ ਦੀ ਸ਼ਹਿ ਤੇ ਪਿਛਲੇ ਸਾਲ ਜੂਨ ਮਹੀਨੇ ਤੋਂ ਸੁਰੂ ਹੋ ਕੇ ਲਗਾਤਾਰ ਵਾਪਰਦੀਆਂ ਰਹੀਆਂ ਹਨ ਪਰੰਤੂ ਸੂਬਾ ਸਰਕਾਰ ਇਨਸਾਫ ਦੇਣ ਵਿੱਚ ਬੁਰੀ ਤਰਾਂ ਫੇਲ ਹੋਈ ਹੈ। ਸੰਤ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਤੇ ਹੋਏ ਇਹ ਬੇਮਿਸ਼ਾਲ ਇਕੱਠ ਨੇ ਦੁਨੀਆਂ ਨੂੰ ਇਹ ਸੁਨੇਹਾ ਵੀ ਪਹੁੰਚਦਾ ਕੀਤਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਦੇ ਵੀ ਸਿੱਖ ਮਨਾਂ ਚੋਂ ਅਲੋਪ ਨਹੀ ਹੋ ਸਕਦੇ ਬਲਕਿ ਨੌਜਵਾਨਾਂ ਦੇ ਜੋਸ਼ ਨੇ ਇਹ ਸੁਨੇਹਾ ਵੀ ਦਿੱਤਾ ਹੈ ਕਿ ਉਹ ਜਿੱਥੇ ਸਮੁੱਚੀ ਸਿੱਖ ਕੌਂਮ ਦੇ ਹਰਮਨ ਪਿਆਰੇ ਹਨ ਉਥੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਹਨ। ਸਿੱਖ ਕੌਂਮ ਵੱਲੋਂ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਸਿੱਖ ਕੌਂਮ ਦੀ ਬਰਗਾੜੀ ਤੋਂ ਲੈ ਕੇ ਫਤਿਹਗੜ ਸਹਿਬ ਤੱਕ ਦੀ ਨਿਰੰਤਰ ਇੱਕਜੁੱਟਤਾ ਦਾ ਸਬੂਤ ਵੀ ਪੇਸ਼ ਕਰਦਾ ਹੈ

Install Punjabi Akhbar App

Install
×