ਆਹ! ਧੰਨ ਪਿਤਾ ਬਾਪੂ ਤਰਲੋਕ ਸਿੰਘ ਅਗਵਾਨ ਵਿਛੋੜਾ ਦੇ ਗਏ

NZ NEWS 8 may-1ਜਦੋਂ ਕਿਤੇ ਹੋਣਹਾਰ ਵਿਅਕਤੀ ਜਾਂ ਦੁਨੀਆ ਉਤੇ ਬਹਾਦਰੀ ਭਰਿਆ ਕੰਮ ਕਰਨ ਵਾਲੇ ਨੂੰ ਇਜੱਤ ਦੇਣੀ ਹੋਵੇ ਤਾਂ ਸਿਆਣੇ ਵਿਅਕਤੀ ਦੇ ਮੂੰਹੋ ਪਹਿਲਾਂ ਇਹੀ ਨਿਕਲਦਾ ਹੈ ਧੰਨ ਹੋਣਗੇ ਇਸਦੇ ਮਾਤਾ-ਪਿਤਾ ਜਿਸ ਨੇ ਅਜਿਹੀ ਔਲਾਦ ਨੂੰ ਜਨਮ ਦਿੱਤਾ। ਕੁਝ ਅਜਿਹੇ ਹੀ ਮਾਪਿਆਂ ਵਿਚੋਂ ਇਕ ਸਨ ਸ਼ਹੀਦ ਭਾਈ ਸਤਵੰਤ ਸਿੰਘ ਦੇ ਸਤਿਕਾਰਯੋਗ ਪਿਤਾ ‘ਬਾਪੂ ਤਰਲੋਕ ਸਿੰਘ’ ਵਾਸੀ ਪਿੰਡ ਅਗਵਾਨ ਜ਼ਿਲ੍ਹਾ ਗੁਰਦਾਸਪੁਰ। ਅੱਜ ਸਵੇਰੇ ਉਨ੍ਹਾਂ 8 ਵਜੇ ਦੇ ਕਰੀਬ ਦੇ ਫੋਰਟਿਸ ਐਕਸਕਾਰਟ ਹਸਪਤਾਲ ਅੰਮ੍ਰਿਤਸਰ ਵਿਖੇ ਆਪਣੀ ਜ਼ਿੰਦਗੀ ਦਾ ਆਖਰੀ ਸਵਾਸ ਲਿਆ ਅਤੇ ਪਰਲੋਕ ਸਿਧਾਰ ਗਏ। ਉਨ੍ਹਾਂ ਦੀ ਉਮਰ 80 ਵਰ੍ਹੇ ਸੀ। ਕੱਦ-ਕਾਠ ਅਤੇ ਸਿਹਤ ਪੱਖੋਂ ਐਨੇ ਜਵਾਨ ਸਨ ਕਿ ਕਿਸੇ ਵੱਡੇ ਫੌਜੀ ਅਧਿਕਾਰੀ ਤੋਂ ਘੱਟ ਨਹੀਂ ਸਨ ਜਾਪਦੇ। ਸਰੀਰਕ ਜੁੱਸਾ ਹਮੇਸ਼ਾਂ ਜਵਾਨ ਅਤੇ ਚੜ੍ਹਦੀ ਕਲਾ ਵਿਚ ਰਹਿੰਦਾ ਸੀ।
ਨਿਊਜ਼ੀਲੈਂਡ ਰਹਿੰਦੇ ਉਨ੍ਹਾਂ ਦੇ ਸਪੁੱਤਰ ਭਾਈ ਸਰਵਣ ਸਿੰਘ ਨੇ ਦੱਸਿਆ ਕਿ 6 ਜਨਵਰੀ 1989 ਨੂੰ ਜਦੋਂ ਸ਼ਹੀਦ ਸਤਵੰਤ ਸਿੰਘ ਹੋਰਾਂ ਨੂੰ ਫਾਂਸੀ ਦਿੱਤੀ ਜਾਣੀ ਸੀ ਤਾਂ ਇਕ ਦਿਨ ਪਹਿਲਾਂ ਉਹ ਉਨ੍ਹਾਂ ਨੂੰ ਮਿਲਣ ਵਾਸਤੇ ਨਵੀਂ ਦਿੱਲੀ ਗਏ। ਤਿਹਾੜ ਜ਼ੇਲ੍ਹ ਦੇ ਵਿਚ ਬੜੇ ਔਖਿਆਂ ਉਨ੍ਹਾਂ ਦੀ ਆਖਰੀ ਮੁਲਾਕਾਤ ਕਰਵਾਈ ਗਈ ਪਰ ਜੋ ਜੋਸ਼ ਬਾਪੂ ਜੀ ਨੂੰ ਤਿਹਾੜ ਜ਼ੇਲ੍ਹ ਦੇ ਵਿਚ ਆਇਆ ਉਹ ਜੈਕਾਰਿਆਂ ਦੇ ਰੂਪ ਵਿਚ ਪੰਥ ਦੀ ਝੋਲੀ ਪਿਆ ਅਤੇ ਸਿੱਖ ਕੌਮ ਦੀ ਨਿਡਰਤਾ ਇਕ ਵਾਰ ਫਿਰ ਜ਼ੇਲ੍ਹਾਂ ਦੀਆਂ ਬੈਰਕਾਂ ਵਿਚ ਗੂੰਜੀ।

ਉਨ੍ਹਾਂ ਦੱਸਿਆ ਕਿ ਬਾਪੂ ਜੀ ਨੇ ਅਤੇ ਸਾਡੇ ਪਰਿਵਾਰ ਨੇ ਸਰਕਾਰੀ ਕਹਿਰ ਦੀ ਅੰਨ੍ਹੀ ਹਨ੍ਹੇਰੀ ਆਪਣੇ ਪਿੰਡਿਆਂ ਉਤੇ ਹੰਢਾਈ ਹੈ ਪਰ ਬਾਪੂ ਜੀ ਕਦੇ ਵੀ ਆਪ ਨਹੀਂ ਝੁੱਕੇ ਅਤੇ ਨਾ ਹੀ ਸਾਨੂੰ ਕਦੀ ਕਮਜ਼ੋਰ ਪੈਣ ਦਿੱਤਾ। ਉਨ੍ਹਾਂ ਕਿਹਾ ਕਿ ਬਾਪੂ ਜੀ ਦੇ ਤੁਰ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਦਾ ਇਕ ਅਹਿਮ ਸ਼ਕਤੀ ਸਰੋਤ ਸਾਥੋਂ ਸਦਾ ਲਈ ਵਿਛੜ ਗਿਆ ਹੈ।
ਪਰਿਵਾਰ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਵੇਗਾ: ਭਾਈ ਸਰਵਣ ਸਿੰਘ ਨੇ ਕਿਹਾ ਉਨ੍ਹਾਂ ਦਾ ਸਮੁੱਚਾ ਪਰਿਵਾਰ ਆਪਣੇ-ਆਪਣੇ ਵੀਜ਼ੇ ਆਦਿ ਪ੍ਰਾਪਤ ਕਰ ਕੇ ਬਾਪੂ ਤਰਲੋਕ ਸਿੰਘ ਹੋਰਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਜਾ ਰਿਹਾ ਹੈ। ਜਿਸ ਦਾ ਵੀ ਜਿੰਨੀ ਜਲਦੀ ਵੀਜ਼ਾ ਮਿਲ ਗਿਆ ਉਹ ਮੰਗਲਵਾਰ ਨੂੰ ਕੀਤੇ ਜਾ ਰਹੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਵੇਗਾ।
ਦੁੱਖ ਪ੍ਰਗਟ
ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਨੇ ਬਾਪੂ ਤਰਲੋਕ ਸਿੰਘ ਜੀ ਦੇ ਅਕਾਲ ਚਲਾਣੇ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਭਾਈ ਸਰਵਣ ਸਿੰਘ ਦੇ ਨਾਲ ਵੀ ਫੋਨ ਉਤੇ ਗੱਲਬਾਤ ਕੀਤੀ। ਇਸ ਦੁੱਖ ਦੀ ਘੜੀ ਉਨ੍ਹਾਂ ਪਰਿਵਾਰ ਦੇ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।
ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ:  ਸੁਸਾਇਟੀ ਦੇ ਸਮੁੱਚੇ ਮੈਂਬਰਾਂ ਵੱਲੋਂ ਬਾਪੂ ਤਰਲੋਕ ਸਿੰਘ ਦੇ ਅਕਾਲ ਚਲਾਣੇ ਉਤੇ ਪਰਿਵਾਰ ਦੇ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਗਈ ਹੈ। ਸੁਸਾਇਟੀ ਦੇ ਮੈਂਬਰ ਕੱਲ੍ਹ 12 ਵਜੇ ਭਾਈ ਸਰਵਣ ਸਿੰਘ ਦੇ ਨਾਲ ਅਫਸੋਸ ਪ੍ਰਗਟ ਕਰਨ ਉਨ੍ਹਾਂ ਦੇ ਗ੍ਿਰਹ ਵਿਖੇ ਵੀ ਜਾਣਗੇ। ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਹੀਦ ਸਤਵੰਤ ਸਿੰਘ ਨੇ ਜਿੱਥੇ ਕੁਰਬਾਨੀ ਦੇ ਕੇ ਸਿੱਖ ਪੰਥ ਦੀ ਆਨ-ਸਾਨ ਬਰਕਰਾਰ ਰੱਖੀ ਉਥੇ ਬਾਪੂ ਤਰਲੋਕ ਸਿੰਘ ਨੇ ਵੀ ਸਿੱਖ ਪੰਥ ਦੇ ਵਿਚ ਇਕ ਨਵੀਂ ਰੂਹ ਭਰਦਿਆਂ ਹਮੇਸ਼ਾਂ ਚੜ੍ਹਦੀ ਕਲਾ ਵਾਲਾ ਆਪਣਾ ਜੀਵਨ ਬਣਾਈ ਰੱਖਿਆ ਜਿਸ ਦੇ ਨਾਲ ਪੰਥ ਦੇ ਵਿਚ ਹਮੇਸ਼ਾਂ ਬਹਾਦਰੀ ਦੀ ਲੈਅ ਵਗਦੀ ਰਹੀ।
ਨਿਊਜ਼ੀਲੈਂਡ ਸਿੱਖ ਸੁਸਾਇਟੀ ਟੌਰੰਗਾ ਤੋਂ ਸਮੁੱਚੇ ਮੈਂਬਰਾਂ ਵੱਲੋਂ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਹੈ।
ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਨੇ ਬਾਪੂ ਤਰਲੋਕ ਸਿੰਘ ਜੀ ਦੇ ਅਕਾਲ ਚਲਾਣੇ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਸ. ਖੜਗ ਸਿੰਘ, ਸ. ਕੁਲਦੀਪ ਸਿੰਘ, ਸ. ਰਣਵੀਰ ਸਿੰਘ ਲਾਲੀ, ਸ. ਮੇਜਰ ਸਿੰਘ, ਜਗਜੀਤ ਸਿੰਘ ਕੰਗ, ਭਾਈ ਅਮਰਿੰਦਰ ਸਿੰਘ ਸੰਧੂ, ਸ. ਗੁਰਿੰਦਰ ਸਿੰਘ ਸੀ.ਏ., ਸ. ਨਿਰਮਲਜੀਤ ਸਿੰਘ ਭੱਟੀ, ਦਵਿੰਦਰ ਰਾਹਲ, ਨਰਿੰਦਰਪਾਲ ਸਿੰਘ ਘੁੰਮਣ, ਜਰਨੈਲ ਸਿੰਘ ਹਜ਼ਾਰਾ, ਉਪਿੰਦਰ ਸਿੰਘ, ਅਵਿਨਾਸ਼ ਸਿੰਘ ਹੀਰ, ਮਨਜੀਤ ਸਿੰਘ ਹਮਿਲਟਨ ਅਤੇ ਹੋਰ ਬਹੁਤ ਸਾਰੇ ਪਰਿਵਾਰਕ ਦੋਸਤਾਂ ਮਿੱਤਰਾਂ ਨੇ ਬਾਪੂ ਜੀ ਦੇ ਅਕਾਲ ਚਲਾਣੇ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks