ਬਾਪੂ ਸੂਰਤ ਸਿੰਘ ਪ੍ਰਤੀ ਹਕੂਮਤ ਦੇ ਵਹਿਸੀ ਰਵੰਈਏ ਨੇ 30 ਸਾਲ ਪੁਰਾਣੇ ਦਰਦ ਮੁੜ ਛੇੜ ਦਿੱਤੇ

BREAKING-NEWS-Bapu-Surat-Singh-Khalsa ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੀ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਸੁਰੂ ਕੀਤੀ ਫੈਸਲਾਕੁਨ ਭੁੱਖ ਹੜਤਾਲ ਨੂੰ ਲੈ ਕੇ ਜੋ ਹਲਾਤ ਬਣਦੇ ਜਾ ਰਹੇ ਹਨ ਉਹ 30 ਸਾਲ ਪਹਿਲਾਂ ਗੁਜਰੇ ਭਿਆਨਕ ਹਾਲਾਤਾਂ ਦੀ ਯਾਦ ਤਾਜਾ ਕਰਵਾਉਂਦੇ ਹਨ ਜਿੰਨਾਂ ਦੀ ਯਾਦ ਆਉਂਦਿਆਂ ਹੀ ਇੱਕ ਦਰਦਨਾਕ ਟੀਸ ਕਾਲਜੇ ਵਿੱਚੋਂ ਉੱਠਦੀ ਹੈ ਜਿਹੜੀ ਸਿੱਖ ਮਨਾਂ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਜਾਂਦੀ ਹੈ। 1982 ਵਿੱਚ ਪੰਜਾਬ ਦੇ ਪਾਣੀਆਂ ਤੋਂ ਸੁਰੂ ਹੋਕੇ ਸਮੁੱਚੀਆਂ ਹੱਕੀ ਮੰਗਾਂ ਲਈ ਸਰੋਮਣੀ ਅਕਾਲੀ ਦਲ ਵੱਲੋਂ ਸੁਰੂ ਕੀਤੇ ਧਰਮਯੁੱਧ ਮੋਰਚੇ ਨੇ ਵਗੈਰ ਕੋਈ ਪਰਾਪਤੀ ਕੀਤਿਆਂ , ਬੜਾ ਕੁੱਝ ਗਵਾਉਂਣ ਦੇ ਨਾਲ ਨਾਲ ਅਜਿਹੇ ਜਖਮ ਲੈੈ ਲਏ, ਜਿਹੜੇ  ਰਹਿੰਦੀ ਦੁਨੀਆਂ ਤੱਕ ਰਿਸ਼ਦੇ ਰਹਿਣਗੇ।ਸਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਨੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਬਲਦੀ ਦੇ ਬੁੱਥੇ ਦੇ ਕੇ ਅਜਿਹੀ ਇਤਿਹਾਸਿਕ ਗਦਾਰੀ ਕੀਤੀ ਜਿਹੜੀ ਸਿੱਖਾਂ ਲਈ ਜੂਨ ਚੁਰਾਸੀ ਦਾ ਕਦੇ ਨਾ ਭਰਨ ਵਾਲਾ ਗਹਿਰਾ ਜਖਮ ਸਾਬਤ ਹੋਈ।ਜੂਨ ਚੁਰਾਸੀ ਤੋਂ ਵਾਅਦ ਲਗਾਤਾਰ ਭਾਰਤੀ ਸਟੇਟ ਨੇ ਸਿੱਖ ਕੌਮ ਨੂੰ ਅਕਿਹ ਤੇ ਅਸਿਹ ਦਰਦ ਦਿੱਤਾ।ਇਸ ਦੇ ਰੋਸ ਵਜੋਂ ਸਿੱਖ ਨੌਜਵਾਨਾਂ ਵੱਲੋਂ ਸੁਰੂ ਕੀਤੀ ਹਥਿਆਰਬੰਦ ਜੱਦੋਜਹਿਦ ਨੂੰ ਵੀ ਸਰਕਾਰ ਨੇ ਗੱਲਵਾਤ ਰਾਹੀਂ ਹੱਲ ਕਰਨ ਦੀ ਵਜਾਇ ਸਖਤੀ ਨਾਲ ਕੁਚਲਣ ਨੂੰ ਤਰਜੀਹ ਦਿੱਤੀ। ਬਚਦੇ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਿੰਨਾੰ ਲਈ ਮੁੜਕੇ ਦੇਸ ਦਾ ਕਨੂੰਨ ਬਹਿਰਾ ਬੋਲਾ ਹੋ ਗਿਆ।ਮੁਢੋਂ ਹੀ ਭਾਵ ਸਨ 1947 ਤੋਂ ਲੈ ਕੇ ਅੱਜ ਤੱਕ ਭਾਰਤ ਸਰਕਾਰ ਘੱਟ ਗਿਣਤੀਆਂ ਦੇ ਮੁਢਲੇ ਹੱਕ ਹਕੂਕਾਂ ਨੂੰ ਬਹੁ ਗਿਣਤੀ ਤੋਂ ਕੁਰਬਾਨ ਕਰਦੀ ਆ ਰਹੀ ਹੈ ਜਿਸ ਦੀ ਬਦੌਲਤ ਸਿੱਖਾਂ ਸਮੇਤ ਸਮੁੱਚੀਆਂ ਘੱਟ ਗਿਣਤੀ ਕੌਮਾਂ ਦੇ ਮਨਾਂ ਅੰਦਰ ਬੇਗਾਨਗੀ ਦੀ ਭਾਵਨਾ ਘਰ ਕਰ ਚੁੱਕੀ ਹੈ।ਅੱਜ ਜਦੋਂ ਤਿੰਨ ਦਹਾਕੇ ਵੀਤ ਜਾਣ ਵਾਅਦ ਵੀ ਭਾਰਤੀ ਕਨੂੰਨ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀ ਸਾਰ ਲੈਣੀ ਮੁਨਾਸਿਬ ਨਾ ਸਮਝੀ ਤਾਂ ਬੀਹਵੀਂ ਸਦੀ ਦੇ ਮਹਾਨ ਸਹੀਦ ਸੰਤ ਖਾਲਸਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਨਿੱਘਾ ਸਾਥ ਮਾਨਣ ਵਾਲੇ ਇੱਕ ਬੁਢੜੇ ਸਿੱਖ ਬਾਪੂ ਸੂਰਤ ਸਿੰਘ ਖਾਲਸਾ ਦੇ ਖੂੰਨ ਨੇ ਉਬਾਲਾ ਖਾਧਾ। ਉਹਨਾਂ ਨੇ ਭਾਰਤੀ ਜੇਲ੍ਹਾਂ ਚ ਸਜਾਵਾਂ ਪੂਰੀਆਂ ਕਰ ਕੇ ਨਰਕ ਭੋਗ ਰਹੇ ਸਿੱਖ ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠਣ ਦਾ ਦ੍ਰਿੜ ਫੈਸਲਾ ਕਰਕੇ ਐਲਾਨ ਕਰ ਦਿੱਤਾ ਕਿ ਮੇਰੀ ਭੁੱਖ ਹੜਤਾਲ ਓਨੀ ਦੇਰ ਜਾਰੀ ਰਹੇਗੀ ਜਿੰਨੀ ਦੇਰ ਬੰਦੀ ਸਿੰਘ ਰਿਹਾਅ ਨਹੀ ਹੋ ਜਾਂਦੇ।ਬਾਪੂ ਸੂਰਤ ਸਿੰਘ ਖਾਲਸਾ ਦੇ ਸ਼ਹਾਦਤ ਵੱਲ ਇਸਾਰਾ ਕਰਦੇਇਸ ਦ੍ਰਿੜ ਅਤੇ ਅਡੋਲ ਫੈਸਲੇ ਨੇ ਇੱਕ ਲਹਿਰ ਖੜੀ ਕਰ ਦਿੱਤੀ ਹੈ।ਹਰ ਸੱਚਾ ਪੰਥ ਦਰਦੀ ਇਸ ਲਹਿਰ ਨਾਲ ਖੜਨ ਨੂੰ ਆਪਣਾ ਕੌਮੀ ਫਰਜ ਸਮਝਣ ਲੱਗਾ ਹੈ।ਬਾਪੂ ਦੇ ਇਸ ਸਾਂਤਮਈ ਸੰਘਰਸ਼ ਨੇ ਪੂਰੇ ਪੰਜਾਬ ਹੀ ਨਹੀ ਬਲਕਿ ਜਿੱਥੇ ਜਿੱਥੇ ਵੀ ਸਿੱਖ ਭਾਈਚਾਰਾ ਵਸਦਾ ਹੈ ਹਰ ਉਸ ਮੁਲਕ ਵਿੱਚ ਆਪਣੇ ਸੰਘਰਸ਼ ਦੀ ਦਸਤਕ ਦੇ ਦਿੱਤੀ ਹੈ। ਬਾਪੂ ਖਾਲਸਾ ਦੇ ਇਸ ਹੱਕੀ ਸੰਘਰਸ਼ ਨੂੰ ਜਿੱਥੇ ਸਮੁੱਚੀਆਂ ਪੰਥਕ ਜਥੇਵੰਦੀਆਂ ਧਾਰਮਿਕ ਸੰਸਥਾਵਾਂ ਤੇ ਸਿੱਖ ਪ੍ਰਚਾਰਕਾਂ ਨੇ ਤਨੋ,ਮਨੋਂ ਸਾਥ ਦੇਕੇ ਕੌਮੀ ਫਰਜ ਪੂਰਾ ਕਰਨ ਦੀ ਕੋਸਿਸ ਕੀਤੀ ਹੈ ਉਥੇ ਸਰੋਮਣੀ ਅਕਾਲੀ ਦਲ (ਬਾਦਲ) ਨੇ ਇਸ ਸੰਘਰਸ਼  ਤੋਂ ਦੂਰੀ ਹੀ ਨਹੀ ਬਣਾਈ ਸਗੋਂ ਆਪਣੇ ਕੇਂਦਰੀ ਆਕਾਵਾਂ ਨੂੰ ਖੁਸ਼ ਕਰਨ ਲਈ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਸਖਤੀ ਨਾਲ ਦਵਾਉਣ ਦੀ ਠਾਣ ਕੇ ਆਪਣੀ ਸਰਕਾਰ ਦੀ ਪੂਰੀ ਸਕਤੀ ਝੋਕ ਦਿੱਤੀ ਹੋਈ ਹੈ। ਪਿਛਲੇ ਦਿਨੀ ਸਾਂਤਮਈ ਸਿੱਖਾਂ ਤੇ ਕੀਤਾ ਗਿਆ ਪੁਲਿਸ ਜਬਰ ਬਾਦਲ ਸਰਕਾਰ ਦੇ ਮੱਥੇ ਤੇ ਅਜਿਹਾ ਕਾਲਖ ਦਾ ਟਿੱਕਾ ਲਾ ਗਿਆ ਜਿਹੜਾ ਆਉਂਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਪਣਾ ਰੰਗ ਜਰੂਰ ਦਿਖਾਵੇਗਾ। ਕੇਂਦਰ ਅਤੇ ਪੰਜਾਬ ਸਰਕਾਰ ਦੀ ਮਕਾਰੀ ਅਤੇ ਸਾਂਝੀ ਬਦਨੀਤੀ ਚੋਂ ਆਇਆ ਸੁਪਰੀਮ ਕੋਰਟ ਦਾ ਫੈਸਲਾ ਦਸਦਾ ਹੈ ਕਿ ਸਿੱਖਾਂ ਨੂੰ 1984  ਤੋਂ ਵਾਅਦ ਮਿਲੇ ਦਰਦਾਂ ਦਾ ਹਿਸਾਬ ਹਾਲੇ ਪੂਰਾ ਨਹੀ ਹੋਇਆ। ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਕੁਚਲਣ ਦੀ ਸੂਬਾ ਸਰਕਾਰ ਦੀ ਰਣਨੀਤੀ ਨੇ ਜਿੱਥੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਿੱਖ ਵਿਰੋਧੀ ਸੋਚ ਨੂੰ ਨੰਗਾ ਕਰ ਦਿੱਤਾ ਹੈ ਉਥੇ ਤੀਹ ਸਾਲ ਪਹਿਲਾਂ ਸਰਕਾਰ ਵੱਲੋਂ ਸਿੱਖਾਂ ਨੂੰ ਦਿੱਤੇ ਗਹਿਰੇ ਜਖਮਾਂ ਦੇ ਦਰਦ ਨੂੰ ਮੁੜ ਤੋਂ ਮਹਿਸੂਸ ਕਰਵਾ ਦਿੱਤਾ ਹੈ।ਸਿੱਖ ਇੱਕ ਵਾਰੀ ਫਿਰ ਇਹ ਸੋਚਣ ਲਈ ਮਜਬੂਰ ਹੋਏ ਹਨ ਕਿ ਭਾਰਤੀ ਸਿਸਟਮ ਨਹੀ ਚਾਹੁੰਦਾ ਕਿ ਸਿੱਖ ਕੌਮ ਦੁੱਖ ਦਰਦਾਂ ਦੇ ਦੌਰ ਤੋਂ ਨਿਯਾਤ ਪਾਕੇ ਸੁਖ ਚੈਨ ਨਾਲ ਜੀਵੇ।ਚੁਰਾਸੀ ਤੋਂ ਵਾਅਦ ਦੇ ਭਿਆਨਕ ਦੌਰ ਦੀ ਯਾਦ ਸਿੱਖ ਕੌਮ ਨੂੰ ਕਿੱਧਰ ਨੂੰ ਤੁਰਨ ਲਈ ਮਜਬੂਰ ਕਰੇਗੀ  ਸੂਬੇ ਦੇ ਹਾਕਮ ਇਸ ਭਵਿਖੀ ਅਣਹੋਣੀ  ਨੂੰ  ਭਲੀਭਾਂਤ ਜਾਣਦੇ ਹਨ। ਉਹ ਖੁਦ ਅਜਿਹਾ ਮਹੌਲ ਤਿਆਰ ਕਰ ਰਹੇ ਹਨ ਜਿਹੜਾ ਮੁੜ ਸਿੱਖਾਂ ਦੀ ਨਸਲਕੁਸੀ ਲਈ ਸਾਜਗਾਰ ਹੋਵੇ।ਬਾਪੂ ਸੂਰਤ ਸਿੰਘ ਖਾਲਸਾ ਦੇ ਹੱਕੀ ਸੰਘਰਸ਼ ਨੂੰ ਅਪਣਾਉਂਦੀ ਹੋਈ ਸਿੱਖ ਕੌਂਮ ਆਪਣੇ ਮਰਜੀਬੜਿਆਂ ਦੀ ਜੇਲ੍ਹਾਂ ਚੋਂ ਰਿਹਾਈ ਚਾਹੁੰਦੀ ਹੈ, ਇਹਦੇ ਲਈ ਉਹਨਾਂ ਨੂੰ ਕੀ ਕੀ ਦੁੱਖ ਸਹਿਣੇ ਪੈ ਸਕਦੇ ਹਨ ਇਹ ਜਾਨਣਾ ਸਿੱਖ ਕੌਮ ਦੀ ਫਿਤਰਤ ਨਹੀ। ਸੋ ਚੰਗਾ ਹੋਵੇ ਜੇ ਕੇਂਦਰ ਸੂਬੇ ਦੇ ਹਾਕਮਾਂ ਦੀ ਸਿੱਖ ਕੌਂਮ ਨੂੰ ਪਿਛਲਾ ਇਤਿਹਾਸ ਦੁਹਰਾਉਣ ਵੱਲ ਧੱਕਣ ਦੀ ਸ਼ਾਜਿਸ ਨੂੰ ਸਮਝ ਕੇ ਸਿੱਖਾਂ ਦੇ ਦੁਖ ਦਰਦਾਂ ਨੂੰ ਜੇਕਰ ਖਤਮ ਨਹੀ ਕਰ ਸਕਦੀ ਤਾਂ ਘੱਟੋ ਘੱਟ ਹੋਰ ਦਰਦ ਦੇਣ ਤੋਂ ਜਰੂਰ ਗੁਰੇਜ ਕਰੇ।ਇਹ ਦੇਸ ਅਤੇ ਸਿੱਖ ਕੌਂਮ ਦੋਨਾਂ ਦੇ ਹਿਤ ਵਿੱਚ ਹੋਵੇਗਾ।

ਬਘੇਲ ਸਿੰਘ ਧਾਲੀਵਾਲ
99142-58142

Install Punjabi Akhbar App

Install
×