ਉਮਰਾਂ ‘ਚ ਕੀ ਰੱਖਿਆ….. ਵਾਹ! ਬਾਪੂ ਜੀ!! ਸਭ ਰਹੇ ਖੈਰ…ਤਮਗੇ ਚੁੰਮਣ ਤੁਹਾਡੇ ਪੈਰ

  • 82 ਸਾਲਾ ਸ. ਜਗਜੀਤ ਸਿੰਘ ਕਥੂਰੀਆ ਆਸਟਰੇਲੀਆ ਵਿਖੇ ਜਾਣਗੇ ਟ੍ਰਿਪਲ ਜੰਪ ਅਤੇ ਤਿੰਨ ਕਿਲੋਮੀਟਰ ਪੈਦਲ ਕਦਮੀ ਮੁਕਾਬਲੇ ਲਈ

baba jagjit singh

ਔਕਲੈਂਡ 25 ਅਗਸਤ – ਭਾਰਤ ਦੀਆਂ ਖਾਦੀਆਂ ਖੁਰਾਕਾਂ ਨਿਊਜ਼ੀਲੈਂਡ ਵਰਗੇ ਮੁਲਕਾਂ ਵਿਚ ਮਿਲਦੇ ਮੌਕੇ ਜਦੋਂ ਉਮਰਾਂ ਨੂੰ ਪਰ੍ਹਾਂ ਕਰਕੇ ਅੰਗੜਾਈ ਲੈ ਲੈਣ ਤਾਂ ਸਾਡੇ ਬਾਬੇ 82 ਸਾਲਾਂ ਦੇ ਉਮਰੀ ਅੱਖਰਾਂ ਨੂੰ ਘੁੰਮਾ ਕੇ 28 ਸਾਲਾਂ ਦੇ ਕਰ ਵਿਖਾਉਂਦੇ ਨੇ। ਗੱਲ ਹੈ ਬਸ ਜ਼ਜਬਾ ਰੱਖਣ ਦੀ ਫਿਰ ਉਮਰਾਂ ਵਿਚ ਕੀ ਰੱਖਿਆ। ਗੱਲ ਕਰਾਂਗੇ 82 ਸਾਲਾ ਸ. ਜਗਜੀਤ ਸਿੰਘ ਕਥੂਰੀਆ ਦੀ। ਬਾਪੂ ਜੀ ਨੇ ਜਿੱਥੇ 30ਵੀਂਆਂ ਨਿਊਜ਼ੀਲੈਂਡ ਮਾਸਟਰ ਗੇਮਾਂ ਦੇ ਵਿਚ ਸੋਨੇ ਅਤੇ ਚਾਂਦੀ ਦਾ ਤਮਗਾ ਜਿੱਤ ਕੇ ਨਿਊਜ਼ੀਲੈਂਡ ਵਸਦੇ ਭਾਰਤੀਆਂ ਦਾ ਮਾਣ ਵਧਾਇਆ ਸੀ ਉਥੇ ਬਾਪੂ ਜੀ ਨੇ ਆਪਣੀ ਮਿਹਨਤ ਅਤੇ ਸ਼ੌਕ ਨੂੰ ਬਰਕਰਾਰ ਰੱਖਦਿਆਂ ਹੁਣ ਆਪਣੀ ਉਡਾਰੀ ਨੂੰ ਅੰਤਰਰਾਸ਼ਟਰੀ ਪੱਧਰ ਦੀ ਕਰ ਲਈ ਹੈ। ਉਨ੍ਹਾਂ ਦੀ ਚੋਣ ਮਕੈ (ਆਸਟਰੇਲੀਆ) ਵਿਖੇ 31 ਅਗਸਤ ਤੋਂ ਸ਼ੁਰੂ ਹੋ ਰਹੀ ‘ਓਸ਼ੀਆਨਾ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2019’ ਦੇ ਲਈ ਹੋਈ ਹੈ। ਉਹ 30 ਅਗਸਤ ਨੂੰ ਆਪਣੇ ਬਲਬੂਤੇ ਉਤੇ ਭਾਗ ਲੈਣ ਜਾ ਰਹੇ ਹਨ। ਉਹ ਟ੍ਰਿਪਲ ਜੰਪ ਅਤੇ ਤਿੰਨ ਕਿਲੋਮੀਟਰ ਦੇ ਪੈਦਲ ਕਦਮੀ ਮੁਕਾਬਲੇ ਦੇ ਵਿਚ ਭਾਗ ਲੈਣਗੇ। ਉਹ ਆਪਣਾ ਸਾਰਾ ਖਰਚਾ ਖੁਦ ਹੀ ਕਰ ਰਹੇ ਹਨ ਅਤੇ ਹੋਟਲ ਆਦਿ ਦਾ ਵੀ ਖੁਦ ਹੀ ਪ੍ਰਬੰਧ ਕਰ ਰਹੇ। ਮੇਰੇ ਪੁੱਛਣ ਉਤੇ ਕਿ ਇਥੇ ਬਹੁਤ ਸਾਰੇ ਖੇਡ ਕਲੱਬ ਹਨ ਜੋ ਖਿਡਾਰੀਆਂ ਦੀ ਮਦਦ  ਕਰਦੇ ਹਨ, ਉਹ ਤੁਹਾਡੀ ਮਦਦ ਵਾਸਤੇ ਆ ਸਕਦੇ ਹਨ ਤਾਂ ਉਨ੍ਹਾਂ ਕਿਹਾ ਕਿ ਮੈਂ ਕਦੀ ਕਿਸੀ ਨੂੰ ਕਿਹਾ ਨਹੀਂ। ਪੈਨਸ਼ਨ ਦੇ ਵਿਚੋਂ ਆਪਣਾ ਖਰਚਾ ਕਰਾਂਗਾ ਜੇਕਰ ਕਿਸੀ ਖੇਡ ਕਲੱਬ ਨੂੰ ਮੈਨੂੰ ਸਪਾਂਸਰ ਕਰਕੇ ਖੁਸ਼ੀ ਮਿਲਦੀ ਹੋਵੇ ਤਾਂ ਉਹ ਮੇਰੇ ਲਈ ਹੌਂਸਲਾ ਅਫਜ਼ਾਈ ਅਤੇ ਸ਼ਾਬਾਸ਼ੀ ਹੋਵੇਗੀ। ਉਨ੍ਹਾਂ ਦਾ ਖੇਡ ਜ਼ਜਬਾ ਅਤੇ ਸਿੱਖੀ ਸਰੂਪ ਸਾਰੀ ਕਮਿਊਨਿਟੀ ਦੇ ਲਈ ਮਾਣ ਵਾਲੀ ਗੱਲ ਹੈ ਜੋ ਕਿ ਨਿਊਜ਼ੀਲੈਂਡ ਤੋਂ ਆਸਟਰੇਲੀਆ ਜਾ ਕੇ ਸਾਡਾ ਮਾਣ ਵਧਾਉਣਗੇ। ਉਨ੍ਹਾਂ ਦੀ ਟਰੈਵਲ ਇੰਸ਼ੋਰੈਂਸ ‘ਪੰਜਾਬੀ ਹੈਰਲਡ’ ਵੱਲੋਂ ਸਪਾਂਸਰ ਕੀਤੀ ਜਾਵੇਗੀ।

ਉਨ੍ਹਾਂ ਜਦੋਂ ਮਾਸਟਰੇ ਗੇਮਾਂ ਦੇ ਵਿਚ ਭਾਗ ਲਿਆ ਸੀ ਤਾਂ ਉਹ ‘ਟ੍ਰਿਪਲ ਜੰਪ’ ਦੇ ਵਿਚ 4.55 ਮੀਟਰ ਲੰਬਾ ਜੰਪ ਲਗਾ ਕੇ ਸੋਨੇ ਦਾ ਤਮਗਾ ਜਿੱਤ ਗਏ ਸਨ, ਤਿੰਨ ਕਿਲੋਮੀਟਰ ਪੈਦਲ ਚੱਲਣ ਦਾ ਸਫਰ ਉਨ੍ਹਾਂ 25.13 ਮਿੰਟ ਦੇ ਵਿਚ ਮੁਕਾ ਕੇ ਚਾਂਦੀ ਦਾ ਤਮਗਾ ਜਿਤਿਆ ਸੀ ਅਤੇ 60 ਮੀਟਰ ਦੌੜ ਦੇ ਵਿਚ ਉਹ ਚੌਥੇ ਨੰਬਰ ਉਤੇ ਆਏ ਸਨ। ਪਾਕਿਸਤਾਨੀ ਪੰਜਾਬ ਦੇ ਵਿਚ ਪੈਦਾ ਹੋਏ ਸ. ਜਗਜੀਤ ਸਿੰਘ ਕਥੂਰੀਆ ਹਰਿਆਣਾ ਤੋਂ ਸਿਖਿਆ ਵਿਭਾਗ ਤੋਂ ਹੈਡਮਾਸਟਰ ਰਿਟਾਇਰਡ ਹੋਏ ਅਤੇ ਫਿਰ ਪ੍ਰਾਈਵੇਟ ਸਕੂਲ ਦੇ ਵਿਚ ਪਿੰ੍ਰਸੀਪਲ ਰਹੇ ਹਨ। ਨਵੀਂ ਦਿੱਲੀ ਅਤੇ ਕਰਨਾਲ ਵਿਖੇ ਇਨ੍ਹਾਂ ਨੇ ਆਪਣਾ ਘਰ ਬਣਾਇਆ ਹੋਇਆ ਹੈ ਪਰ  ਹੁਣ 2008 ਤੋਂ ਨਿਊਜ਼ੀਲੈਂਡ ਵਿਖੇ ਆਪਣੀ ਬੇਟੀ ਸ੍ਰੀਮਤੀ ਹਰਪ੍ਰੀਤ ਕੌਰ ਦੇ ਕੋਲ ਪਾਪਾਟੋਏਟੋਏ  ਸ਼ਹਿਰ ਵਿਖੇ ਰਹਿ ਰਹੇ ਹਨ।

Install Punjabi Akhbar App

Install
×