ਬੈਂਕ ਚੈਕ: ਕਦੇ ਭਰਦੇ ਸੀ ਖਜ਼ਾਨੇ..ਪਰ ਹੁਣ….

ਨਿਊਜ਼ੀਲੈਂਡ ’ਚ ਬੈਂਕਾਂ ਵੱਲੋ ਸਥਾਨਕ ਚੈਕਾਂ ਦਾ ਲੈਣ-ਦੇਣ ਹੋਣ ਲੱਗਾ ਖਾਤਮ -ਬਾਹਰਲੇ ਚੈਕ ਅਜੇ ਚਲਦੇ ਰਹਿਣਗੇ

ਔਕਲੈਂਡ :-ਨਿਊਜ਼ੀਲੈਂਡ ਦੇ ਵਿਚ ਕਈ ਦਹਾਕਿਆਂ ਤੋਂ ਪੈਸੇ ਦਾ ਆਦਾਨ ਪ੍ਰਦਾਨ ਕਰਨ ਦੇ ਲਈ ਇਲੈਕਟ੍ਰਾਨਿਕ ਪ੍ਰਣਾਲੀ ਵਰਤੀ ਜਾ ਰਹੀ ਹੈ ਪਰ  ਬੈਂਕ ਚੈਕ ਵੀ ਆਪਣੀ ਚਾਲੇ ਚੱਲੀ ਜਾ ਰਹੇ ਸਨ ਅਤੇ ਇਹ ਓਹੀ ਚੈਕ ਹੁੰਦੇ ਸਨ ਜੋ ਕਈ ਵਾਰ ਨਿੱਜੀ ਅਤੇ ਬੈਂਕਾਂ ਦੇ ਖਜ਼ਾਨੇ ਭਰਨ ਦੇ ਲਈ ਵਰਤੇ ਜਾਂਦੇ ਸਨ ਪਰ ਹੁਣ ਆਧੁਨਿਕ ਪ੍ਰਣਾਲੀ ਨੇ ਇਸ ਨੂੰ ਬੀਤੇ ਜ਼ਮਾਨੇ ਦਾ ਘੋਸ਼ਿਤ ਕਰ ਦਿੱਤਾ ਹੈ ਅਤੇ ਬੈਂਕਾਂ ਨੇ ਵੀ ਪੈਸੇ ਦੇਣ ਇਸ ਕਾਗਜ਼ ਦੇ ਟੁਕੜੇ ਤੋਂ ਮੂੰਹ ਮੋੜ ਲਿਆ ਹੈ। ਨਿਊਜ਼ੀਲੈਂਡ ਦੇ ਬਹੁਤ ਸਾਰੇ ਬੈਂਕ ਆਪਣੇ ਗਾਹਕਾਂ ਨੂੰ ਚਿੱਠੀਆਂ ਲਿਖ ਕੇ ਸੂਚਿਤ ਕਰ ਰਹੇ ਹਨ ਕਿ ਅਸੀਂ ਜਿੱਥੇ ਨਵੀਂਆਂ ਚੈਕ ਬੁੱਕਾਂ ਦੇਣੀਆਂ ਬੰਦ ਕਰ ਦੇਣੀਆਂ ਹਨ ਉਥੇ ਬੈਂਕਾਂ ਨੇ ਚੈਕ ਦਾ ਆਦਾਨ ਪ੍ਰਦਾਨ ਬੰਦ ਕਰ ਦੇਣਾ ਹੈ। ਅੱਜ ਏ. ਐਨ. ਜ਼ੈਡ ਵੱਲੋਂ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਕਿ 31 ਮਈ 2021 ਤੋਂ ਬਾਅਦ ਸਥਾਨਕ ਚੈਕ ਨਹੀਂ ਲਏ ਜਾਣਗੇ। ਇਸ ਦੇ ਨਾਲ ਹੀ ਅਜੇ ਆਸਟਰੇਲੀਅਨ, ਕੈਨੇਡੀਅਨ, ਬਿ੍ਰਟਿਸ਼ , ਅਮਰੀਕੀ ਚੈਕ ਅਜੇ ਚਲਦੇ ਰਹਿਣਗੇ।
ਏ. ਐਸ.ਬੀ. ਬੈਂਕ ਵੱਲੋਂ 28 ਮਈ ਨੂੰ ਚੈਕ ਬੰਦ ਕੀਤੇ ਜਾ ਰਹੇ ਹਨ। ਵੈਸਟਪੈਕ ਵੱਲੋਂ 25 ਜੂਨ ਨੂੰ ਚੈਕ ਬੰਦ ਕੀਤੇ ਜਾ ਰਹੇ ਹਨ। ਬੀ. ਐਨ. ਜ਼ੈਡ ਵੱਲੋਂ 30 ਜੂਨ ਨੂੰ ਚੈਕ ਬੰਦ ਕੀਤੇ ਜਾ ਰਹੇ ਹਨ। ਕੀਵੀ ਬੈਂਕ ਨੇ ਤਾਂ ਫਰਵਰੀ ਮਹੀਨੇ ਹੀ ਬੰਦ ਕਰ ਦਿੱਤੇ ਸਨ। ਟੈਕਸ ਵਿਭਾਗ ਅਤੇ ਐਕਸੀਡੈਂਟ ਕੰਪਨਸੇਸ਼ਨ ਕਾਰਪੋਰੇਸ਼ਨ ਨੇ ਪਿਛਲੇ ਸਾਲ ਮਾਰਚ ਮਹੀਨੇ ਇਹ ਚੈਕ ਬੰਦ ਕਰ ਦਿੱਤੇ ਸਨ। ਪੈਸੇ ਦਾ ਸਾਰਾ ਆਦਾਨ ਪ੍ਰਦਾਨ ਹੁਣ ਸਿਰਫ ਇਲੈਕਟ੍ਰਾਨਿਕ ਪ੍ਰਣਾਲੀ ਨਾਲ ਹੋਇਆ ਕਰੇਗਾ। ਮੰਨਿਆ ਜਾਂਦਾ ਹੈ ਕਿ ਚੈਕ ਦਾ ਆਰੰਭ ਇੰਡੀਆ ਦੇ ਵਿਚ ਮੌਰਿਆ ਰਾਜਵੰਸ਼ ਦੌਰਾਨ ਹੋਇਆ ਸੀ ਜੋ ਬਾਅਦ ਵਿਚ ਪੂਰੀ ਦੁਨੀਆ ਦੇ ਵਿਚ ਫੈਲ ਗਿਆ। ਸੋ ਕਿਸੇ ਸਮੇਂ ਲੋਕਾਂ ਅਤੇ ਬੈਂਕਾਂ ਦੇ ਖਜ਼ਾਨੇ ਭਰਨ ਵਾਲਾ ਬੈਂਕ ਦਾ ਚੈਕ ਹੁਣ ਪੱਕੀ ਵਿਦਾਇਗੀ ਲੈ ਰਿਹਾ ਹੈ।
ਦੇਸ਼ ਦੇ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਇੰਟਰੈਨਟ ਬੈਂਕਿੰਗ ਕਰਨ ਤੋਂ ਝਿਜਕਦੇ ਹਨ ਜਾਂ ਫਿਰ ਸੀਨੀਅਰ ਸਿਟੀਜ਼ਨ ਜਿਨ੍ਹਾਂ ਨੂੰ ਜਿਆਦਾ ਤਜ਼ਰਬਾ ਨਹੀਂ ਹੈ, ਉਨ੍ਹਾਂ ਦੇ ਲਈ ਏਜ ਕਨਸਰਨ ਵਰਗੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਅਤੇ ਬੈਂਕਾਂ ਵੱਲੋਂ ਫੋਨ ਬੈਂਕਿੰਗ ਦੀ ਸਹੂਲਤ ਬਾਰੇ ਜਾਗੁਰਿਕ ਕਰ ਰਹੀਆਂ ਹਨ।  20 ਸਾਲ ਪਹਿਲਾਂ ਨਿਊਜ਼ੀਲੈਂਡ ਦੇ 47.4% ਲੋਕ ਇੰਟਰਨੈਟ ਦੀ ਵਰਤੋਂ ਕਰਦੇ ਸਨ ਅਤੇ ਹੁਣ 93% (ਜਨਵਰੀ 2020) ਲੋਕ ਇਸਦੀ ਵਰਤੋਂ ਕਰਦੇ ਹਨ। ਨਿਊਜ਼ੀਲੈਂਡ ਦੀ ਆਬਾਦੀ ਭਾਵੇਂ 50 ਲੱਖ ਦੇ ਕਰੀਬ ਹੈ ਪਰ ਇਥੇ 65 ਲੱਖ ਦੇ ਕਰੀਬ ਮੋਬਾਇਲ ਉਪਭੋਗਤਾ ਹਨ।

Install Punjabi Akhbar App

Install
×