ਬੰਗਲਾਦੇਸ਼ ਵਿਚ ਜਮਾਤ-ਏ-ਇਸਲਾਮੀ ਮੁਖੀ ਨੂੰ ਮੌਤ ਦੀ ਸਜ਼ਾ

ਬੰਗਲਾਦੇਸ਼ ਦੇ ਕੱਟੜਪੰਥੀ ਸੰਗਠਨ ਜਮਾਤ-ਏ-ਇਸਲਾਮੀ ਦੇ ਮੁਖੀ ਮਤਿਉਰ ਰਹਿਮਾਨ ਨਿਜ਼ਾਮੀ ਨੂੰ ਜੱਜਾਂ ਦੇ ਇਕ ਵਿਸ਼ੇਸ਼ ਟ੍ਰਿਬਿਊਨਲ ਨੇ 1971 ਵਿਚ ਪਾਕਿਸਤਾਨ ਦੇ ਖਿਲਾਫ਼ ਯੁੱਧ ਅਪਰਾਧਾਂ ਲਈ ਮੌਤ ਦੀ ਸਜ਼ਾ ਸੁਣਾਈ ਹੈ। ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਦੇ ਤਿੰਨ ਮੈਂਬਰੀ ਜੱਜਾਂ ਦੇ ਮੁਖੀ ਜਸਟਿਸ ਇਨਾਤੁਰ ਰਹੀਮ ਨੇ ਸਜ਼ਾ ਸੁਣਾਉਂਦਿਆਂ ਕਿਹਾ, ‘ਉਸ ਦੀ ਗਰਦਨ ਉਦੋਂ ਤੱਕ ਫਾਂਸੀ ‘ਤੇ ਲਟਕਾਈ ਜਾਵੇ ਜਦੋਂ ਤੱਕ ਉਹ ਮਰ ਨਾ ਜਾਵੇ। ਜੱਜਾਂ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਨਿਜ਼ਾਮੀ ਦੇ ਅਪਰਾਧ ਇੰਨੇ ਗੰਭੀਰ ਹਨ ਕਿ ਉਹ ਮੌਤ ਦੀ ਸਜ਼ਾ ਤੋਂ ਘੱਟ ਦਾ ਹੱਕਦਾਰ ਨਹੀਂ। 71 ਸਾਲਾ ਨਿਜ਼ਾਮੀ ਖਿਲਾਫ਼ ਲਗਾਏ ਗਏ ਯੁੱਧ ਅਪਰਾਧ ਦੇ 16 ਦੋਸ਼ਾਂ ਵਿਚੋਂ 8 ਬਿਨਾਂ ਕਿਸੇ ਸ਼ੱਕ ਦੇ ਸਾਬਿਤ ਹੋ ਗਏ। ਅੱਖੀਂ ਵੇਖਣ ਵਾਲਿਆਂ ਨੇ ਕਿਹਾ ਕਿ ਨਿਜ਼ਾਮੀ ਅਦਾਲਤ ਵਿਚ ਮੌਜੂਦ ਸਨ ਤੇ ਜੱਜਾਂ ਵੱਲੋਂ ਫ਼ੈਸਲਾ ਸੁਣਾਉਣ ਮੌਕੇ ਉਹ ਚੁੱਪ ਖੜ੍ਹੇ ਰਹੇ।