400 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬੰਗਾ ਫਲਾਈਓਵਰ ਦਾ ਐਮ.ਪੀ. ਤਿਵਾੜੀ ਨੇ ਕੀਤਾ ਉਦਘਾਟਨ

ਫਗਵਾੜਾ ਤੋਂ ਰੋਪੜ ਤੱਕ ਆਵਾਜਾਈ ਦੀ ਵੱਡੀ ਸਮੱਸਿਆ ਹੋਈ ਹੱਲ-ਮਨੀਸ਼ ਤਿਵਾੜੀ

ਨਿਊਯਾਰਕ/ ਬੰਗਾ  —ਕਰੀਬ 400 ਕਰੋੜ ਦੀ ਲਾਗਤ ਨਾਲ ਬਣਿਆ 3 ਕਿਲੋਮੀਟਰ ਲੰਬਾ ਬੰਗਾ ਦਾ ਐਲੀਵੇਟਿਡ ਰੋਡ ਅੱਜ ਚਾਲੂ ਹੋ ਗਿਆ। ਇਸ ਮੌਕੇ ਫਲਾਈਓਵਰ ਦਾ ਉਦਘਾਟਨ ਕਰਨ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਰੋਡ ਦੇ ਚਾਲੂ ਹੋਣ ਨਾਲ ਫਗਵਾੜਾ ਤੋਂ ਰੋਪੜ ਤੱਕ ਆਵਾਜਾਈ ਦੀ ਵੱਡੀ ਸਮੱਸਿਆ ਹੱਲ ਹੋ ਗਈ ਹੈ। ਉਨਾਂ ਕਿਹਾ ਕਿ ਫਗਵਾੜਾ-ਰੋਪੜ ਮਾਰਗ ’ਤੇ ਕੁੱਲ 1400 ਕਰੋੜ ਦੀ ਲਾਗਤ ਆਈ ਹੈ, ਜਿਸ ਵਿਚੋਂ 400 ਕਰੋੜ ਰੁਪਏ ਕੇਵਲ ਬੰਗਾ ਦੇ ਇਸ ਐਲੀਵੇਟਿਡ ਰੋਡ ’ਤੇ ਹੀ ਖ਼ਰਚ ਹੋਏ ਹਨ। ਉਨਾਂ ਨਾਲ ਹੀ ਕਿਹਾ ਕਿ ਇਸ ਰੋਡ ਕਾਰਨ ਜਿਨਾਂ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਹੈ, ਉਨਾਂ ਦੇ ਨੁਕਸਾਨ ਦੀ ਵੀ ਕਿਸੇ ਤਰਾਂ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸ੍ਰੀ ਤਿਵਾੜੀ ਨੇ ਕਿਹਾ ਕਿ ਉਨਾਂ ਦਾ ਮੰਨਣਾ ਹੈ ਕਿ ਸ਼ਹਿਰਾਂ ਦੇ ਵਿਚੋਂ ਅਜਿਹੇ ਫਲਾਈਓਵਰ ਨਹੀਂ ਲੰਘਣੇ ਚਾਹੀਦੇ ਅਤੇ ਇਨਾਂ ਨੂੰ ਬਾਈਪਾਸ ਵਿਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਜਿਥੇ ਸ਼ਹਿਰ ਵੀ ਅਬਾਦ ਰਹਿੰਦੇ ਹਨ, ਉਥੇ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੁੰਦੀ ਹੈ। ਉਨਾਂ ਕਿਹਾ ਕਿ ਇਹ ਪ੍ਰਾਜੈਕਟ ਉਨਾਂ ਦੇ ਐਮ. ਪੀ ਬਣਨ ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ, ਇਸ ਲਈ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਬਾਈਪਾਸ ਵਿਚ ਤਬਦੀਲ ਨਹੀਂ ਕੀਤਾ ਜਾ ਸਕਿਆ।ਕਿਸਾਨੀ ਅੰਦੋਲਨ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨ. ਡੀ. ਏ ਦੀ ਸਰਕਾਰ ਹੈ, ਉਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਹੰਕਾਰੀ ਹੋਈ ਸਰਕਾਰ ਹੈ ਅਤੇ ਇਹ ਕਿਸਾਨਾਂ ਦੇ ਬਿਲਕੁਲ ਖਿਲਾਫ਼ ਹੈ। ਉਨਾਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਕੰਟਰੋਲ ਕਰਨ ਵਿਚ ਕੇਂਦਰ ਸਰਕਾਰ ਪੂਰੀ ਤਰਾਂ ਅਸਫਲ ਰਹੀ ਹੈ ਅਤੇ ਲੋਕ ਇਸ ਤੋਂ ਬੇਹੱਦ ਦੁਖੀ ਹਨ। ਇਸ ਮੌਕੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿਘ ਪੱਲੀ ਝਿੱਕੀ, ਪੰਜਾਬ ਲਾਰਜ ਸਕੇਲ ਇੰਡਸਟ੍ਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਸ. ਐਸ. ਪੀ ਅਲਕਾ ਮੀਨਾ, ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਦਰਬਜੀਤ ਸਿੰਘ ਪੂਨੀ, ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ, ਠੇਕੇਦਾਰ ਰਜਿੰਦਰ ਸਿੰਘ, ਬਲਦੇਵ ਸਿੰਘ ਮਖਸੂਸਪੁਰ, ਡਾ. ਹਰਪ੍ਰੀਤ ਸਿੰਘ ਕੈਂਥ ਤੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਅਤੇ ਚੇਅਰਮੈਨ ਪਵਨ ਦੀਵਾਨ ਨਾਲ ਮੋਜੂਦ ਸਨ।

Install Punjabi Akhbar App

Install
×