ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ‘ਬੰਦੀ ਛੋੜ ਦਿਵਸ’ ਮੌਕੇ ਭਾਰੀ ਰੌਣਕਾਂ-ਦਿਲਕਸ਼ ਆਤਿਸ਼ਬਾਜੀ ਵੀ ਹੋਈ

NZ PIC 24 Oct-1
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਬੀਤੀ ਰਾਤ ਮਨਾਏ ਗਏ ‘ਬੰਦੀ ਛੋੜ ਦਿਵਸ’ ਮੌਕੇ ਭਾਰੀ ਗਿਣਤੀ ਦੇ ਵਿਚ ਸੰਗਤਾਂ ਜੁੜੀਆਂ। ਸਜੇ ਦੀਵਾਨ ਦੇ ਵਿਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਦਮਦਮੀ ਟਕਸਾਲ ਵਾਲੇ ਅਤੇ  ਭਾਈ ਇੰਦਰਜੀਤ ਸਿੰਘ ਬੰਬੇ ਵਾਲਿਆਂ ਨੇ ਮਨੋਹਰ ਕੀਰਤਨ ਕੀਤਾ। ਭਾਈ ਸਾਹਿਬ ਦਾ ਅੱਜ ਆਖਰੀ ਦੀਵਾਨ ਸੀ ਅਤੇ ਉਹ ਰਾਤ ਹੀ ਵਾਪਿਸ ਇੰਡੀਆ ਰਵਾਨਾ ਹੋ ਗਏ। ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਮਾਨ-ਸਨਮਾਨ ਕੀਤਾ ਗਿਆ।
ਜਦ ਕਿ ‘ਸਿੱਖ ਚਿਲਡਰਨ ਡੇਅ’ ਦੇ ਵਿਚ ਕਵੀਸ਼ਰੀ ਸ਼੍ਰੇਣੀ ਦੇ ਵਿਚ ਅੱਵਲ ਆਏ ਬੱਚਿਆਂ ਨੇ ਕਵੀਸ਼ਰੀ ਗਾਇਨ ਕੀਤੀ।  ਸਾਰੇ ਸਮਾਗਮ ਦੀ ਸਮਾਪਤੀ ਉਪਰੰਤ ਖੇਡ ਮੈਦਾਨ ਦੇ ਵਿਚ ਦਿਲਕਸ਼ ਆਤਿਸ਼ਬਾਜੀ ਦਾ ਨਜ਼ਾਰਾ ਵੇਖਣ ਨੂੰ ਮਿਲਿਆ। ਅੱਜ ਰਾਤ ਐਨੀ ਸੰਗਤ ਸੀ ਕਿ ਪਾਰਕਿੰਗ ਦੇ ਨਾਲ ਲਾਗੇ ਦੀਆਂ ਸਾਰੀਆਂ ਸੜਕਾਂ ਭਰ ਗਈਆਂ ਅਤੇ ਸਥਾਨਿਕ ਕੌਂਸਿਲ ਵਾਲਿਆਂ ਨੇ ਉਚੇਚੇ ਤੌਰ ‘ਤੇ ਫੋਨ ਕਰਕੇ ਸਮਾਗਮ ਸਬੰਧੀ ਪੁੱਛਿਆ। ਆਵਾਜਾਈ ਦੁਰਸਤ ਰੱਖਣ ਦੇ ਲਈ ਭਾਵੇਂ ਪੁਲਿਸ ਦੀ ਮਦਦ ਲਈ ਜਾ ਰਹੀ ਸੀ ਪਰ ਸੰਗਤ ਦਾ ਜ਼ੋਰ ਹੀ ਐਨਾ ਸੀ ਕਿ ਰਾਤ 11 ਵਜੇ ਤੱਕ ਲਗਾਤਾਰ ਆਮਦ ਬਣੀ ਰਹੀ। ਗੁਰੂ ਕੇ ਲੰਗਰ ਦੇ ਵਿਚ ਇਸ ਵਾਰ ਇਕ ਟੱਨ ਦਾਲ, 4 ਕੁਇੰਟਲ ਆਟਾ ਅਤੇ 2 ਕੁਇੰਟਲ ਚੌਲਾਂ ਦੀ ਖਪਤ ਹੋਈ ਅਤੇ ਇਕ ਲਗਪਗ ਕੁਇੰਟਲਾਂ ਦੇ ਹਿਸਾਬ ਨਾਲ ਮਠਿਆਈ ਪਹੁੰਚੀ।