ਬੰਦੀ ਛੋੜ ਦਿਵਸ ਮੌਕੇ  ਕਰਵਾਇਆ ਗਿਆ ਸਾਲਾਨਾ ਹਾਕੀ ਕੱਪ

ਲੰਘੇ ਹਫ਼ਤੇ ਅੰਤ ਦੌਰਾਨ ਹਰ ਵਰੇ ਦੀ ਤਰਾਂ ਇਸ ਵਾਰ ਵੀ ਮੈਲਬੌਰਨ  ਦੇ ਇਲਾਕੇ ਕਰੇਗੀਬਰਨ ‘ਚ ਫਾਲਕਨਸ ਹਾਕੀ ਕਲੱਬ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਹਾਕੀ ਕੱਪ ਕਰਾਇਆ ਗਿਆ।  ਕਰੇਗੀਬਰਨ ਹਾਕੀ ਮੈਦਾਨ ਗਰੈਂਡ ਬੁਲੇਵਾਰਡ ‘ਚ ਹੋਏ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਮਰਦਾਂ ਦੇ ਫ਼ਾਈਨਲ ‘ਚ ਆਪਣੀ ਹੀ ਹਾਕੀ ਨਰਸਰੀ ਦੀ ਪੈਦਾਇਸ਼ ਨੌਜੁਆਨ ਖਿਡਾਰੀਆਂ ਨਾਲ ਭਰੀ ਕਰੇਗੀਬਰਨ ਫ਼ਾਲਕਨ ਹਾਕੀ ਕਲੱਬ ਦੀ ਟੀਮ  ਦੀ ਟੀਮ ਨੇ ਰੋਮਾਚਿਕ ਮੁਕਾਬਲੇ ‘ਚ ਮੈਲਬੌਰਨ ਸਿੱਖ ਯੁਨਾਈਟਡ ਦੀ ਟੀਮ ਨੂੰ 5-3 ਨਾਲ ਹਰਾ ਕੇ ਜੇਤੂ ਖ਼ਿਤਾਬ ਹਾਸਿਲ  ਕੀਤਾ।  ਬੀਬੀਆਂ ਦੇ ਮੁਕਾਬਲੇ ‘ਚ ਕਰੇਗੀਬਰਨ ਫਾਲਕਨ ਦੀ ਟੀਮ ਨੇ ਡੌਨਕਾਸਟਰ ਹਾਕੀ ਕਲੱਬ ਨੂੰ 5-2 ਨਾਲ ਹਰਾਇਆ। ਹਰੇਕ ਵਰੇ ਵਿਕਟੋਰੀਆ ਪੁਲਿਸ ਨਾਲ ਇੱਕ ਪ੍ਰਦਰਸ਼ਨੀ ਮੈਚ ਖੇਲਿਆ ਜਾਂਦਾ ਹੈ , ਜਿਸਦੀ ਫ਼ਾਈਨਲ ਮੈਚ ਜਿੰਨੀ ਹੀ ਉਡੀਕ ਹੁੰਦੀ ਹੈ। ਇਸ ਵਰੇ ਵਿਕਟੋਰੀਆ ਪੁਲਿਸ ਦੀ ਟੀਮ ਕਰੇਗੀਬਰਨ ਫਾਲਕਨ ਨੂੰ 3-2 ਨਾਲ ਹਰਾ ਕੇ ਇਸ ਮੁਕਾਬਲੇ ਦੀ ਜੇਤੂ ਰਹੀ। 

ਤਿੰਨੋਂ ਦਿਨ ਹੀ ਇਹਨਾਂ ਮੁਕਾਬਲਿਆਂ ਦਾ ਬਜ਼ੁਰਗਾਂ ਤੇ ਬੱਚਿਆਂ ਸਮੇਤ ਖੇਡ ਪ੍ਰੇਮੀਆਂ ਨੇ ਖ਼ੂਬ ਆਨੰਦ ਮਾਣਿਆ। ਆਖਿਰੀ ਦਿਨ ਰੂਹ ਪੰਜਾਬ ਦੀ ਭੰਗੜਾ ਅਕਾਦਮੀ ਅਤੇ ਮੈਲਬੌਰਨ ਭੰਗੜਾ ਸਕੁਐਡ ਦੇ ਬੱਚਿਆਂ ਵੱਲੋਂ ਸੱਭਿਆਚਾਰਿਕ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਅਸਟਰੇਲੀਅਨ ਸਿੱਖ ਸਪੋਰਟ ਵੱਲੋਂ ਚਾਹ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਫਲਾਂ ਦੀ ਸੇਵਾ ਟਰਬਨ ਫਾਰ ਅਸਟਰੇਲੀਆ ਵੱਲੋਂ ਕੀਤੀ ਗਈ।