ਵਪਾਰਕ ਹਿਟ ਲਿਸਟ:  ‘ਗੂਗਲ’ ਵੀ ਰੱਖਦੈ ਆਪਣੇ ਸਪੈਸ਼ਲਿਸਟ

– ਨਿਊਜ਼ੀਲੈਂਡ ਵਾਸੀ ਸ. ਬਲਵਿੰਦਰ ਸਿੰਘ  ਗੂਗਲ ਮੁਕਾਬਲੇ ‘ਚ ਦੂਜੀ ਵਾਰ ਬਣੇ ‘ਗੂਗਲ ਐਡਵਰਡਜ਼ ਸਪੈਸ਼ਲਿਸਟ’

(ਨਿਊਜ਼ੀਲੈਂਡ-ਆਸਟਰੇਲੀਆ ਗੂਗਲ ਐਡਵਰਡਜ਼ ਸਪੈਸ਼ਲਿਸਟ ਸ. ਬਲਵਿੰਦਰ ਸਿੰਘ)
(ਨਿਊਜ਼ੀਲੈਂਡ-ਆਸਟਰੇਲੀਆ ਗੂਗਲ ਐਡਵਰਡਜ਼ ਸਪੈਸ਼ਲਿਸਟ ਸ. ਬਲਵਿੰਦਰ ਸਿੰਘ)

ਆਕਲੈਂਡ  -ਵਪਾਰ ਸ਼ੁਰੂ ਕਰਨਾ ਜਿੱਥੇ ਚੁਣੌਤੀ ਭਰਿਆ ਕੰਮ ਹੁੰਦਾ ਹੈ ਉਥੇ ਵਪਾਰ ਨੂੰ ਸਫਲਤਾ ਪੂਰਵਕ ਚਲਾਈ ਰੱਖਣਾ ਵੀ ਕਾਰੀਗਰੀ ਦਾ ਕੰਮ ਹੁੰਦਾ ਹੈ। ਅੱਜ ਦੇ ਆਧੁਨਿਕ ਯੁੱਗ ਦੇ ਵਿਚ ਹਰ ਵਿਅਕਤੀ ਹਰ ਖੇਤਰ ਦੇ ਵਿਚ ਮਾਹਿਰ ਨਹੀਂ ਹੁੰਦਾ ਪਰ ਜੇਕਰ ਉਸਦੇ ਸੰਪਰਕ ਵਿਚ ਕੋਈ ਹੁਨਰਮੰਦ ਆ ਜਾਵੇ ਤਾਂ ਵਪਾਰਕ ਗੱਡੀ ਕਦੀ ਵੀ ਲੀਹ ਤੋਂ ਥੱਲੇ ਨਹੀਂ ਉਤਰਦੀ। ਅੱਜ ਵੱਡੇ-ਵੱਡੇ ਬਿਜ਼ਨਸ ‘ਆਨ ਲਾਈਨ’ ਇਸ਼ਤਿਹਾਰਬਾਜ਼ੀ ਦੇ ਸਹਾਰੇ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੇ ਹਨ ਇਹ ਇਸ਼ਤਿਹਾਰ ਕਿਹੋ ਜਿਹੇ ਹੋਣ? ਅਤੇ ਕਿਵੇਂ ਆਨ ਆਈਨ ਕੀਤੇ ਜਾਣ? ਕਿਵੇਂ ਦਾ ਉਸਦਾ ਲਿਖਿਆ ਮੈਟਰ ਹੋਵੇ ਕਿ ਪੂਰੀ ਦੁਨੀਆ ਤੁਹਾਡੇ ਕਾਰੋਬਾਰ ਬਾਰੇ ਜਾਣ ਸਕੇ? ਵੀ ਇਕ ਕਲਾਕਾਰੀ ਵਾਲਾ ਆਈ.ਟੀ. ਕੰਮ ਹੈ।  ਦੁਨੀਆ ਭਰ ‘ਚ ਪ੍ਰਸਿੱਧ ਸਰਚ ਇੰਜਣ ‘ਗੂਗਲ’ ਅਜਿਹੀ ਸੇਵਾ ਪ੍ਰਦਾਨ ਕਰਨ ਵਾਲਿਆਂ ਦੇ ਮੁਕਾਬਲੇ ਕਰਵਾ ਕੇ ਉਨ੍ਹਾਂ ਦੀ ਮੁਹਾਰਿਤ ਉਤੇ ਮੋਹਰ ਲਗਾਉਂਦਾ ਹੈ। ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਖੁਸ਼ੀ ਹੋਵੇਗੀ ਕਿ ਇਕ ਗੁਰਸਿੱਖ ਨੌਜਵਾਨ ਬਲਵਿੰਦਰ ਸਿੰਘ ਨੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਹੋਏ ‘ਗੂਗਲ ਐਡਵਰਡਜ਼’ ਮੁਕਾਬਲੇ ਦੇ ਵਿਚ ਭਾਗ ਲਿਆ, 6 ਔਖੀਆਂ ਪ੍ਰੀਖਿਆਵਾਂ ਦੇ ਵਿਚ ਪਾਸ ਕੇ ‘ਗੂਗਲ ਐਡਵਰਡਜ਼ ਸਪੈਸ਼ਲਿਸਟ’ ਦਾ ਖਿਤਾਬ ਦੂਜੀ ਵਾਰ ਆਪਣੇ ਨਾਂਅ ਕੀਤਾ। ਇਸ ਨੌਜਵਾਨ ਨੂੰ ‘ਗੂਗਲ’ ਵੱਲੋਂ ‘ਸਪੈਸ਼ਲ ਐਡੀਸ਼ਨ ਸਰਟੀਫਿਕੇਟ’ ਅਤੇ ਨਾਂਅ ਉਕਰੀ ਟ੍ਰਾਫੀ ਅਤੇ ਭੇਜੀ ਗਈ ਹੈ। ਆਈ. ਟੀ. ਪ੍ਰੋਫੈਸ਼ਨਲ ਇਹ ਨੌਜਵਾਨ ਪਾਪਾਟੋਏਟੋਏ ਵਿਖੇ ਐਨ.ਜ਼ੈਡ. ਫਿਕਸ ਨਾਂਅ ਦਾ ਬਿਜਨਸ ਚਲਾ ਰਿਹਾ ਹੈ ਅਤੇ ਇਸਦੇ ਨਾਲ ਹੀ  ‘ਨਿਊਜ਼ੀਲੈਂਡ ਸਕੂਲ ਆਫ ਇੰਟਰਨੈਟ ਮਾਰਕੀਟਿੰਗ’ ਦੇ ਜ਼ਰੀਏ ਆਈ. ਟੀ. ਨਾਲ ਸਬੰਧਿਤ ਉਪਕਰਣ ਦੀ ਰਿਪੇਅਰ ਦਾ ਕੰਮ ਵੀ ਸਿਖਾਉਂਦਾ ਹੈ ਅਤੇ ਕਈ ਨਵੇਂ ਸਿਖਿਆਰਥੀ ਆਪਣਾ ਕੰਮ ਸ਼ੁਰੂ ਕਰ ਰਹੇ ਹਨ। ਸ਼ਾਲਾ! ਇਹ ਨੌਜਵਾਨ ਚੜ੍ਹਦੀ ਕਲਾ ਵਿਚ ਰਹੇ ਅਤੇ ਭਾਈਚਾਰੇ ਦਾ ਨਾਂਅ ਰੌਸ਼ਨ ਕਰੇ।