ਬਲਰਾਜ ਓਬਰਾਏ ਬਾਜ਼ੀ ਦੀਆਂ ਗਲਪ ਰਚਨਾਵਾਂ ਉੱਤੇ ਅਰਥ ਭਰਪੂਰ ਗੋਸ਼ਟੀ

160227 Bhagwant Singh  IMG(4)‘ਬਾਜ਼ੀ’ ਆਨੰਦੀ ਪਾਠ ਤੋਂ ਪਾਠ ਆਨੰਦ ਵੱਲ ਦੀ ਵਿਵੇਕਸ਼ੀਲ ਸਾਪੇਖਕਤਾ ਦਾ ਪੱਖ ਪੂਰਦਾ ਗਲਪਕਾਰ -ਡਾ. ਤੇਜਵੰਤ ਮਾਨ

ਪੰਜਾਬੀ ਸਾਹਿਤ ਸਭਾ ਸੰਗਰੂਰ ਰਜਿ. ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਸਹਿਯੋਗ ਨਾਲ ਦਫਤਰ ਭਾਸ਼ਾ ਵਿਭਾਗ ਸੰਗਰੂਰ ਵਿਖੇ ਬਲਰਾਜ ਓਬਰਾਏ ਬਾਜ਼ੀ ਦੀਆਂ ਗਲਪ ਰਚਨਾਵਾਂ ਉੱਤੇ ਕਰਵਾਈ ਗਈ ਵਿਚਾਰ ਚਰਚਾ ਦੀ ਪ੍ਰਧਾਨਗੀ ਕਰਦਿਆਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਨੇ ਕਿਹਾ ਕਿ ਬਾਜ਼ੀ ਆਨੰਦੀ ਪਾਠ ਤੋਂ ਪਾਠ ਆਨੰਦ ਵੱਲ ਦੀ ਵਿਵੇਕਸ਼ੀਲ ਸਾਪੇਖਕਤਾ ਦਾ ਪੱਖ ਪੂਰਦਾ ਗਲਪਕਾਰ ਹੈ। ਉਸਨੇ ਆਪਣੀਆਂ ਲਿਖਤਾਂ ਰਾਹੀਂ ਸਾਬਿਤ ਕਰ ਦਿੱਤਾ ਹੈ ਕਿ ਸਾਹਿਤ ਸੁਆਦਲਾ ਰੱਸਗੁੱਲਾ ਨਹੀਂ ਹੁੰਦਾ ਜੋ ਸਮਾਜ ਅਤੇ ਮਾਨਵ ਦੀ ਸਿਹਤ ਨੂੰ ਰੋਗਗ੍ਰਸਤ ਕਰੇ। ਸਗੋਂ ਇਹ ਕੁਸੈਲਾ ਪਰ ਗੁਣਕਾਰੀ ਔਲਾ ਹੁੰਦਾ ਹੈ ਜੋ ਸਮਾਜ ਵਿੱਚ ਗੰਦੇ ਖੂਨ ਨੂੰ ਸਾਫ ਕਰਨ ਵਿੱਚ ਸਹਾਈ ਹੁੰਦਾ ਹੈ। ਬਲਰਾਜ ਓਬਰਾਏ ਬਾਜ਼ੀ ਦੀਆਂ ਗਲਪ ਰਚਨਾਵਾਂ ‘ਮੰਗੇਤਰ’,’ਉਸਦੀ ਉਡੀਕ’ ਤੇ ‘ਨਿੰਮ੍ਹੀ ਮੁਸਕਾਨ’ ਕਹਾਣੀ ਸੰਗ੍ਰਹਿ ਭਾਵੇਂ ਪਿਆਰ ਦੁਆਲੇ ਕੇਂਦਰਤ ਹੁੰਦੀਆਂ ਹਨ ਪਰ ਇੰਨ੍ਹਾਂ ਦੇ ਬਿਰਤਾਂਤ ਮਾਨਵੀ ਕਦਰਾਂ ਕੀਮਤਾਂ ਦੇ ਉੱਚੇ ਸੁੱਚੇ ਮਿਆਰਾਂ ਨੂੰ ਕਾਇਮ ਰੱਖਦੇ ਹਨ।
ਇਸ ਸਾਹਿਤਕ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਭਗਵੰਤ ਸਿੰਘ ਖੋਜ ਅਫਸਰ ਭਾਸ਼ਾ ਵਿਭਾਗ ਪੰਜਾਬ, ਸ੍ਰੀ ਵਿਸ਼ਾਲ ਗਰਗ ਮੈਨੇਜਰ ਦੀ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ, ਸ੍ਰ. ਭੁਪਿੰਦਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ., ਡਾ. ਅਰਵਿੰਦਰ ਕੌਰ ਕਾਕੜਾ, ਡਾ. ਦਵਿੰਦਰ ਕੌਰ, ਪ੍ਰਿੰਸੀਪਲ ਸੁਲਖਨ ਮੀਤ, ਸ੍ਰੀ ਮੋਹਨ ਸ਼ਰਮਾ, ਸ੍ਰ. ਸੁਖਵਿੰਦਰ ਸਿੰਘ ਫੁੱਲ, ਸ੍ਰ. ਅਵਤਾਰ ਸਿੰਘ ਛਾਜਲੀ, ਸ੍ਰੀ ਪਵਨ ਹਰਚੰਦਪੁਰੀ, ਬਲਰਾਜ ਓਬਰਾਏ ਬਾਜ਼ੀ, ਸ੍ਰੀ ਅਸ਼ੋਕ ਪ੍ਰਵੀਨ ਭੱਲਾ ਅਤੇ ਪ੍ਰਸਿੱਧ ਸੂਫੀ ਗਾਇਕ ਭਗਵਾਨ ਹਾਸ ਸਾਮਿਲ ਹੋਏ।
ਸਮਾਗਮ ਦਾ ਆਰੰਭ ਉਰਦੂ ਸ਼ਾਇਰ ਜਨਾਬ ਕ੍ਰਿਸ਼ਨ ਬੇਤਾਬ ਦੀ ਨਜਮ ਨਾਲ ਹੋਇਆ। ਉਨ੍ਹਾਂ ਕਿਹਾ ਕਿ ਦਿਲ ਦੀਆਂ ਗਹਿਰਾਈਆਂ ਨੂੰ ਛੋਹ ਲੈਣ ਵਾਲਾ ਰੁਮਾਂਸ, ਸਫਲ ਕਾਮੇਡੀ ਅਤੇ ਕਾਮਯਾਬ ਟਰੈਜਡੀ ਨੂੰ ਲਿਖਣ ਦੇ ਫਨ ਵਿੱਚ ਮਾਹਿਰ ਹੈ ਬਾਜ਼ੀ। ਉਪਰੰਤ ਡਾ. ਭਗਵੰਤ ਸਿੰਘ ਨੇ ਅੱਜ ਦੇ ਸਮਾਗਮ ਦੀ ਮਹੱਤਤਾ ਅਤੇ ਬਾਜ਼ੀ ਦੇ ਨਾਵਲਾਂ ਅਤੇ ਕਹਾਣੀਆਂ ਬਾਰੇ ਮੁੱਢਲੀ ਜਾਣਕਾਰੀ ਦਿੰਦੀਆਂ ਹੋਇਆ ਕਿਹਾ ਕਿ ਬਾਜ਼ੀ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਲੇਖਕ ਹੈ। ਪ੍ਰਸਿੱਧ ਡਾ. ਅਰਵਿੰਦਰ ਕੌਰ ਕਾਕੜਾ, ਡਾ. ਦਵਿੰਦਰ ਕੌਰ ਅਤੇ ਡਾ. ਸੁਖਵਿੰਦਰ ਪਰਮਾਰ ਨੇ ਬਲਰਾਜ ਓਬਰਾਏ ਬਾਜ਼ੀ ਦੇ ਨਾਵਲਾਂ ਅਤੇ ਕਹਾਣੀਆਂ ਨੂੰ ਕੇਂਦਰ ਵਿੱਚ ਰੱਖ ਕੇ ਪੇਪਰ ਪੜ੍ਹੇ। ਡਾ. ਦਵਿੰਦਰ ਕੌਰ ਨੇ ਕਿਹਾ ਕਿ ਬਾਜ਼ੀ ਪਿਆਰ ਦੀ ਭਾਸ਼ਾ ਨੂੰ ਕਾਮ-ਮੁਕਤ ਰੱਖਦਿਆਂ ਆਪਣੀ ਸਮੁੱਚੀ ਗਲਪ ਰਚਨਾ ਵਿੱਚ ਸਾਪੇਖੀ ਸਮਾਜਕ ਸਬੰਧਾਂ ਦਾ ਵਿਸ਼ਲੇਸਨ ਕਰਦਾ ਹੈ। ਡਾ. ਸੁਖਵਿੰਦਰ ਸਿੰਘ ਪਰਮਾਰ ਨੇ ਮਿੰਨੀ ਕਹਾਣੀ ਦਾ ਸਾਰਥਿਕਤਾ ਅਤੇ ਆਦਰਸ਼ ਪਿਆਰ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਬਾਜ਼ੀ ਨੇ ਦੋ ਪਿਆਰ ਨਾਵਲਿਟ ‘ਮੰਗੇਤਰ’ ਅਤੇ ‘ਉਸਦੀ ਉਡੀਕ’ ਲਿਖ ਕੇ ਅਜੋਕੀ ਨੌਜਵਾਨ ਪੀੜ੍ਹੀ ਜੋ ਆਤਮਘਾਤੀ ਸੋਚ ਅਪਣਾ ਰਹੀ ਹੈ ਨੂੰ ਜਿੰਦਗੀ ਵੱਲ ਸੁਖਾਵਾ ਅਤੇ ਆਨੰਦਮਈ ਮੌੜਾ ਪਾਉਣ ਲਈ ਹੁਲਾਰਾ ਦਿੱਤਾ ਹੈ। ਡਾ. ਅਰਵਿੰਦਰ ਕੌਰ ਕਾਕੜਾ ਨੇ ਬਲਰਾਜ ਓਬਰਾਏ ਬਾਜ਼ੀ ਦੇ ਦੋਹਾ ਨਾਵਲਾਂ ਅਤੇ ਮਿੰਨੀ ਕਹਾਣੀਆਂ ਦਾ ਵਿਸ਼ਲੇਸਨ ਸਮਾਜਕ, ਆਰਥਿਕ ਅਤੇ ਸੱਭਿਆਚਾਰਕ ਟਰਰਾਵੀ ਦ੍ਰਿਸ਼ਟੀ ਤੋਂ ਕਰਦਿਆਂ ਲੇਖਕ ਦੀ ਪ੍ਰਸੰਸ਼ਾ ਕੀਤੀ ਅਤੇ ਉਸਨੇ ਨਾਵਲਾਂ ਵਿੱਚ ਪਿਆਰ ਕਥਾ ਨੂੰ ਚੰਮ ਰੁੱਚੀ ਤੋਂ ਬਾਹਰ ਜਾ ਕੇ ਸਮਾਜਿਕ, ਆਰਥਿਕ ਵਿਸੰਗਤੀਆਂ ਦੇ ਸੰਦਰਭ ਵਿੱਚ ਪੇਸ਼ ਕੀਤਾ ਹੈ। ਡਾ. ਕਾਕੜਾ ਨੇ ਬਾਜ਼ੀ ਦੀਆਂ ਮਿੰਨੀ ਕਹਾਣੀਆਂ ਵਿੱਚ ਸਪਾਟ ਵਾਕ ਬਿਆਨੀ ਹੋਣ ਬਾਰੇ ਦੱਸਿਆ। ਪ੍ਰਸਿੱਧ ਸ਼ਾਇਰ ਸ੍ਰੀ ਮੋਹਨ ਸ਼ਰਮਾ ਨੇ ਕਿਹਾ ਕਿ ਬਾਜ਼ੀ ਦੀਆਂ ਗਲਪ ਰਚਨਾਵਾਂ ਵਿੱਚ ਜਿੱਥੇ ਬ੍ਰਿਹੋ ਪੱਖ ਭਾਰੂ ਹੈ ਉਥੇ ਪਾਕ ਮੁਹੱਬਤ ਮਨ ਦੀਆਂ ਕੋਮਲ ਤਲੀਆਂ ਤੇ ਧਰਨ ਦਾ ਪਾਠਕਾਂ ਨੂੰ ਇਕ ਸੁਨੇਹਾ ਵੀ ਹੈ, ਸ਼ੈਲੀ ਭਾਵਪੂਰਤ ਹੈ ਅਤੇ ਵਿਸ਼ੇ ਦਾ ਨਿਭਾਅ ਢੁੱਕਵਾਂ ‘ਮੰਗੇਤਰ’ ਅਤੇ ‘ਉਸਦੀ ਉਡੀਕ’ ਨਾਵਲ ਆਪਣਾ ਜਿਕਰਯੋਗ ਅਸਥਾਨ ਬਨਾਉਣਗੇ ਇਹ ਮੇਰਾ ਵਿਸ਼ਵਾਸ ਹੈ। ਸ੍ਰ. ਸੁਖਵਿੰਦਰ ਸਿੰਘ ਫੁੱਲ ਨੇ ਕਿਹਾ ਕਿ ਬਾਜ਼ੀ ਦੀਆਂ ਲਿਖਤਾਂ ਵਿੱਚ ਜਿੱਥੇ ਰੁਮਾਂਸਵਾਦ ਦਾ ਪੱਖ ਭਾਰੂ ਹੈ, ਉਥੇ ਸਮਾਜਿਕ ਚੇਤਨਤਾ ਦੀ ਵੀ ਘਾਟ ਨਹੀਂ ਹੈ।
ਵਿਚਾਰ ਚਰਚਾ ਵਿੱਚ ਡਾ. ਅਸ਼ੋਕ ਪ੍ਰਵੀਨ ਭੱਲਾ, ਪਵਨ ਹਰਚੰਦਪੁਰੀ, ਅਮਰ ਗਰਗ ਕਲਮਦਾਨ, ਪ੍ਰਿੰਸੀਪਲ ਸੁਲਖਨ ਮੀਤ, ਸ੍ਰ. ਭੁਪਿੰਦਰ, ਗੁਰਨਾਮ ਸਿੰਘ ਇਤਿਹਾਸ ਖੋਜੀ, ਰਾਜ ਕੁਮਾਰ ਗਰਗ, ਡਾ. ਗੁਰਬਚਨ ਝਨੇੜੀ, ਸ੍ਰੀ ਵਿਸ਼ਾਲ ਗਰਗ, ਪ੍ਰਿੰਸੀਪਲ ਲਾਲ ਸਿੰਘ ਸਨਰਾਈਜ ਇੰਸਟੀਚਿਊਟ, ਭੁਪਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਛਾਜਲੀ, ਡਾ. ਤੇਜਾ ਸਿੰਘ ਤਿਲਕ, ਮੇਘ ਗੋਇਲ, ਨਰੰਜਣ ਸਿੰਘ ਦੋਹਲਾ, ਕੁਲਵੰਤ ਕਸਕ, ਪ੍ਰੋ: ਬੂਟਾ ਸਿੰਘ, ਗੁਲਜਾਰ ਸਿੰਘ ਸ਼ੌਕੀ, ਮੀਤ ਸਕਰੋਦੀ ਅਤੇ ਡਾ. ਬਿਕਰ ਸਿੰਘ ਸਿੱਧੂ ਨੇ ਹਿੱਸਾ ਲਿਆ।
ਇਸ ਮੌਕੇ ਉੱਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਰਜਿ. ਵੱਲੋਂ ਬਲਰਾਜ ਓਬਰਾਏ ਬਾਜ਼ੀ, ਡਾ. ਦਵਿੰਦਰ ਕੌਰ, ਡਾ. ਅਰਵਿੰਦਰ ਕੌਰ ਕਾਕੜਾ ਅਤੇ ਡਾ. ਸੁਖਵਿੰਦਰ ਪਰਮਾਰ ਦਾ ਸਨਮਾਨ ਸਮੁੱਚੇ ਪ੍ਰਧਾਨਗੀ ਮੰਡਲ ਨੇ ਕੀਤਾ। ਬਾਜ਼ੀ ਦੀਆਂ ਪੁਸਤਕਾਂ ‘ਮੰਗੇਤਰ’,’ਉਸਦੀ ਉਡੀਕ’ ਤੇ ‘ਨਿੰਮ੍ਹੀ ਮੁਸਕਾਨ’ ਦੇ ਮੁੱਖ ਚਿੱਤਰ ਬਨਾਉਣ ਵਾਲੇ ਚਿੱਤਰਕਾਰ ਗੁਰਮੀਤ ਗੀਤੀ ਬਡਰੁੱਖਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਵੀ ਦਰਬਾਰ ਵਿੱਚ ਸਰਵ ਸ੍ਰੀ ਮੇਘ ਗੋਇਲ, ਧਰਮਜੀਤ ਤੁੰਗਾਂ, ਜੀਤ ਹਰਜੀਤ, ਅਮਰੀਕ ਗਾਗਾ, ਦੇਸ਼ ਭੂਸ਼ਣ, ਭਗਵਾਨ ਹਾਂਸ, ਸਰਤਾਜ ਹਾਂਸ, ਬੀ.ਕੇ. ਬਰਿਆਹ, ਮੀਤ ਸਰਕੋਦੀ, ਸੁਖਦੇਵ ਸਿੰਘ ਸਾਗਰ, ਕਮਲਜੀਤ ਰਾਮਪੁਰਾ, ਗੁਰਚਰਨ ਦਿਲਵਰ, ਕੁਲਵੰਤ ਕਸ਼ਕ, ਜਸਵੀਰ ਸਿੰਘ, ਕੌਰ ਸੈਨ, ਗੁਰਨਾਮ ਸਿੰਘ, ਹਰਜੀਤ ਸਿੰਘ ਢੀਂਗਰਾ, ਭੂਵਨ ਢੀਂਗਰਾ, ਨਰੰਜਣ ਸਿੰਘ ਦੋਹਲਾ, ਸ਼ੇਰ ਸਿੰਘ ਸ਼ੇਰਪੁਰੀ, ਰਜਿੰਦਰ ਵਰਮਾ, ਪਰਮਿੰਦਰ ਪੰਮੀ ਆਦਿ ਸ਼ਾਇਰਾਂ ਨੇ ਆਪਣੇ ਖੁਬਸੂਰਤ ਕਲਾਮ ਪੇਸ਼ ਕੀਤੇ। ਆਖਿਰ ਵਿੱਚ ਬਾਜ਼ੀ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਸੰਗਰੂਰ ਰਜਿ. ਰੂਪੀ ਗੁਰੂਕੁਲ ਵਿੱਚੋਂ ਮੈਂ ਬਹੁਤ ਕੁੱਝ ਸਿੱਖਿਆ ਹੈ। ਜਿਸਦੀ ਬਦੌਲਤ ਮੈਂ ਅੱਜ ਸਾਹਿਤ ਜਗਤ ਵਿੱਚ ਜਿਕਰਯੋਗ ਸਥਾਨ ਬਣਾਉਣ ਵਿੱਚ ਕਾਮਯਾਬ ਹੋਇਆ ਹਾਂ। ਡਾ. ਤੇਜਵੰਤ ਮਾਨ ਜੀ ਦੀ ਯੋਗ ਅਗਵਾਈ ਸਦਕਾ ਮੇਰੇ ਪਿਤਾ ਜੀ ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਦੀ ਸਵੈ ਜੀਵਨੀ ਤੇ ਆਧਾਰਤ ਪੁਸਤਕ ‘ਹਿੰਦੂਸਤਾਨ ਦੀ ਜੰਗੇ ਆਜ਼ਾਦੀ ਵਿੱਚ ਆਜ਼ਾਦ ਪਾਰਟੀ ਪੰਜਾਬ ਦੇ ਗੁੰਮਨਾਮ ਦੇਸ਼ ਭਗਤਾਂ ਦੇ ਸੰਘਰਸ਼ ਦੀ ਦਾਸਤਾਨ’ ਅੱਜ ਸੰਸਦ ਦੀ ਲਾਈਬ੍ਰੇਰੀ ਦੀ ਸੋਭਾ ਵਧਾ ਰਹੀ ਹੈ।

Install Punjabi Akhbar App

Install
×