ਡਿਪਟੀ ਕਮਿਸ਼ਨਰ ਵੱਲੋਂ ਬਾਲ ਪ੍ਰੀਤ ਰਸਾਲੇ ਦਾ 12ਵਾਂ ਵਿਸ਼ੇਸ਼ ਅੰਕ ਜਾਰੀ

001 ਬੀਤੇ ਦਿਨੀਂ, ਬੱਚਿਆਂ ਵਿੱਚ ਰਚਨਾਤਮਕ ਰੁਚੀਆਂ ਪੈਦਾ ਕਰਕੇ ਮਿਆਰੀ ਸਾਹਿਤ ਨਾਲ ਜੋੜਨ ਲਈ ਜ਼ਿਲ੍ਹਾ ਬਾਲ ਭਲਾਈ ਕੌਂਸਲ ਪਟਿਆਲਾ ਦੇ ਪ੍ਰਬੰਧਾਂ ਹੇਠ ਪ੍ਰਕਾਸ਼ਿਤ ਹੁੰਦੇ ਦੋ-ਮਾਸਿਕ ਬਾਲ ਰਸਾਲੇ ‘ਬਾਲ ਪ੍ਰੀਤ’ ਦੇ 12ਵੇਂ ਵਿਸ਼ੇਸ਼ ਅੰਕ ਨੂੰ ਕੌਂਸਲ ਦੇ ਸਰਪ੍ਰਸਤ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਸ਼੍ਰੀ ਰੂਜਮ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਵੱਲੋਂ ਇਸ ਰਸਾਲੇ ਨੂੰ ਵਿਸ਼ੇਸ਼ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਹਰੇਕ ਅੰਕ ਵਿੱਚ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਦੀਆਂ ਰਚਨਾਵਾਂ ਅਤੇ ਚਿੱਤਰਾਂ ਦਾ ਪ੍ਰਕਾਸ਼ਿਤ ਹੋਣਾ, ਬੱਚਿਆਂ ਦੇ ਮਨਾਂ ‘ਚ ਸਾਹਿਤ ਸਿਰਜਣਾ ਪ੍ਰਤੀ ਪੈਦਾ ਹੋ ਰਹੀ ਦਿਲਚਸਪੀ ਭਵਿੱਖ ਵਿੱਚ ਸਾਰਥਕ ਨਤੀਜੇ ਸਾਹਮਣੇ ਲਿਆਵੇਗੀ। ਉਨ੍ਹਾਂ ਕਿਹਾ ਕਿ ਬੱਚੇ ਸਾਡਾ ਭਵਿੱਖ ਅਤੇ ਕੌਮ ਦਾ ਖਜ਼ਾਨਾ ਹਨ ਇਸ ਲਈ ਇਨ੍ਹਾਂ ਨੂੰ ਮਿਆਰੀ ਸਾਹਿਤ ਨਾਲ ਜੋੜਨਾ ਸਮੇਂ ਦੀ ਅਹਿਮ ਲੋੜ ਹੈ ਅਤੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਇਸ ਉਪਰਾਲੇ ਨੂੰ ਲਗਾਤਾਰ ਜਾਰੀ ਰੱਖਣ ਦੇ ਨਾਲ-ਨਾਲ ਇਸ ਦੇ ਦਾਇਰੇ ਨੂੰ ਹੋਰ ਵਿਆਪਕ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਨਵੀਂਆਂ ਸੋਚਾਂ, ਦ੍ਰਿੜ ਇਰਾਦੇ’ ਸਿਰਲੇਖ ਹੇਠ ਪ੍ਰਕਾਸ਼ਿਤ ਹੋਏ ‘ਬਾਲ ਪ੍ਰੀਤ’ ਦਾ ਇਸ ਅੰਕ ਵਿੱਚ ਬੱਚਿਆਂ ਨੇ ਆਪਣੀ ਸੋਚ ਸ਼ਕਤੀ ਨਾਲ ਵੱਡੀਆਂ ਕਾਲਪਨਿਕ ਉਡਾਰੀਆਂ ਮਾਰੀਆਂ ਹਨ ਜੋ ਸ਼ਲਾਘਾਯੋਗ ਹਨ।

ਇਸ ਮੌਕੇ ਸ਼੍ਰੀ ਰੂਜਮ ਵੱਲੋਂ ਰਸਾਲੇ ਲਈ ਖੂਬਸੂਰਤ ਚਿੱਤਰ ਬਣਾਉਣ ਵਾਲੇ ਸੱਤ ਬੱਚਿਆਂ ਨਰਿੰਦਰ ਕੌਰ ਅਜਰਾਵਰ, ਹਰਸਿਮਰਨ ਬਾਵਾ, ਸਿਮਰਨਜੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਗੁਰਵਿੰਦਰ ਸਿੰਘ ਨੂੰ ਨਗਦ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

002ਉਨ੍ਹਾਂ ਆਸ ਪ੍ਰਗਟਾਈ ਕਿ ਮੁਕਾਬਲਿਆਂ ‘ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਭਵਿੱਖ ਵਿੱਚ ਜ਼ਿਲ੍ਹੇ ਤੇ ਸੂਬੇ ਦਾ ਨਾਮ ਰੌਸ਼ਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਇਸ ਮੌਕੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਡਾ. ਸਿਮਰਪ੍ਰੀਤ ਕੌਰ, ਰਸਾਲੇ ਦੇ ਆਨਰੇਰੀ ਸੰਪਾਦਕ ਡਾ. ਦਰਸ਼ਨ ਸਿੰਘ ਆਸ਼ਟ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਹਰਸ਼ਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ. ਜਰਨੈਲ ਸਿੰਘ ਕਾਲੇਕੇ, ਡਾ. ਰਾਜਵੰਤ ਕੌਰ ਪੰਜਾਬੀ, ਡਾ. ਪ੍ਰਿਤਪਾਲ ਸਿੰਘ ਸਿੱਧੂ, ਸ. ਸਤਪਾਲ ਸਿੰਘ ਬਲਾਸੀ ਵੀ ਹਾਜ਼ਰ ਸਨ।