ਵਿਧਾਨ ਸਭਾ ਚੋਣਾਂ 2017 ਚ ਕੀ ਬੈਂਸ ਭਰਾ ਵੀ ਮਨਪ੍ਰੀਤ ਬਾਦਲ ਵਾਲਾ ਰੋਲ ਨਿਭਾਉਣਗੇ?

bainsbrosਬੈਂਸ ਭਰਾ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਜ਼ਾਦ ਉਮੀਦਵਾਰਾਂ ਵਜੋਂ ਲੁਧਿਆਣਾ ਤੋਂ ਜਿੱਤੇ ਸਨ ਅਤੇ ਅਕਾਲੀ ਦਲ  ਬਾਦਲ ਨੇ ਆਪਣਾ ਬਹੁਮੱਤ ਮਜ਼ਬੂਤ ਕਰਨ ਲਈ ਦੋਹਾਂ ਭਰਾਵਾਂ ਨੂੰ ਕੈਬਨਿਟ ਅਤੇ ਪਾਰਲੀਮਾਨੀ ਦੇ ਅਹੁਦਿਆਂ ਦਾ ਲਾਲਚ ਦੇ ਕੇ ਆਪਣੇ ਹੱਕ ਵਿਚ ਹਮਾਇਤ ਲੈ ਲਈ ਸੀ ਪਰ ਅਕਾਲੀ ਦਲ ਬਾਦਲ ਦੀ ਇਹ ਵਿਸ਼ੇਸ਼ਤਾ ਹੈ ਕਿ ਇਕ ਵਾਰ ਲੀਹ ਪਾੜਨ ਵਾਲੇ ਨੂੰ ਇਹ ਮੁੜ ਲੀਹ ਤੇ ਨਹੀਂ ਆਉਣ ਦਿੰਦਾ ਪਰ ਤਾਲੋਂ ਜਰੂਰ ਉਖਾੜ ਦਿੰਦਾ ਹੈ। ਇਹੋ ਹਾਲ ਬੈਂਸ ਭਰਾਵਾਂ ਦਾ ਹੋਇਆ ਅਤੇ ਅਕਾਲੀ ਸਰਕਾਰ ਵਿਚ ਸ਼ਾਮਲ ਹੋਕੇ ਨਾਂ ਅਹੁਦੇ ਮਿਲੇ ਤੇ ਨਾਂ ਕੰਮ ਹੋਏ, ਜਿਸਤੋ ਪਰੇਸ਼ਾਨ ਰਹਿੰਦਿਆਂ ਆਖਿਰ ਬੈਂਸ ਭਰਾਵਾਂ ਨੇ ਅਕਾਲੀ ਦਲ ਬਾਦਲ ਵਿਰੁੱਧ ਬਗਾਵਤ ਦਾ ਝੰਡਾ ਚੁੱਕ ਲਿਆ ਅਤੇ ਟੀਮ ਇਨਸਾਫ ਬਣਾਕੇ ਬਾਦਲਾਂ ਵੱਲੋਂ ਰੇਤੇ ਦੀਆਂ ਖੱਡਾਂ ਤੇ ਕੀਤੇ ਕਬਜ਼ੇ ਤੋੜਨ ਦਾ ਬਿਗਲ ਵਜਾਕੇ ਐਲਾਨ ਕਰ ਦਿੱਤਾ ਕਿ ਉਹ ਹਰ ਜਿਲ੍ਹੇ ਚ ਜਾਕੇ ਲੋਕਾਂ ਨੂੰ ਮੁਫਤ ਰੇਤਾ ਵੰਡਣਗੇ ਪਰ ਅਕਾਲੀ ਸਰਕਾਰ ਨੇ ਬੈਂਸ ਭਰਾਵਾਂ ਨੂੰ ਆਪਣੇ ਜਿਲ੍ਹੇ ਦੀ ਖੱਡ ਤੋਂ ਰੇਤਾ ਭਰਨ ਦੇ ਐਕਸ਼ਨ ਦੌਰਾਨ ਗ੍ਰਿਫਤਾਰ ਕਰਕੇ ਮਾਈਨਿੰਗ ਦਾ ਹੀ ਨਹੀਂ ਸਗੋ ਇਸਦੇ ਨਾਲ ਆਈ ਪੀ ਸੀ ਦੀ ਧਾਰਾ 307 ਦਾ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਅਤੇ ਆਖਿਰ ਹਾਈਕੋਰਟ ਵਿਚ ਜਾਕੇ ਬੈਂਸ ਭਰਾਵਾਂ ਦੀ ਜ਼ਮਾਨਤ ਹੋਈ। ਇਸ ਤਰਾਂ ਦੂਸਰੇ ਐਕਸ਼ਨ ਤੇ ਵੀ ਪਹਿਲਾਂ ਵਾਂਗ ਫੇਰ ਜੇਲ੍ਹ ਭੇਜ ਦਿੱਤਾ ਗਿਆ ਅਤੇ ਹੁਣ ਫੇਰ ਜ਼ਮਾਨਤ ਲੈ ਕੇ ਬਾਹਰ ਆਏ। ਇਹ ਕਹਾਵਤ ਆਮ ਪ੍ਰਚੱਲਤ ਹੈ ਕਿ ਕਿਸੇ ਵੀ ਵਿਅਕਤੀ ਨੂੰ ਰਾਜਨੀਤੀ ਵਿਚ ਸਫਲ ਹੋਣ ਲਈ ਜੇਲ੍ਹ ਯਾਤਰਾ ਘਿਉ ਵਾਂਗ ਕੰਮ ਕਰਦੀ ਹੈ। ਬੈਂਸ ਭਰਾਵਾਂ ਨੇ ਆਪਣੀ ਆਜ਼ਾਦਾਨਾ ਰਾਜਨੀਤਕ ਹੋਂਦ ਬਣਾਉਣ ਲਈ ਇਹ ਹੀ ਰਸਤਾ ਅਖਤਿਆਰ ਕੀਤਾ ਹੈ। ਉਹ ਹੁਣ ਬਾਦਲ ਸਰਕਾਰ ਦੇ ਵਿਰੋਧ ਵਿਚ ਹੋਣ ਵਾਲੇ ਹਰ ਧਰਨੇ ਮਜ਼ਾਹਰੇ ਵਿਚ ਲੋਕਾਂ ਦੀ ਹਮਾਇਤ ਤੇ ਪੁੱਜਦੇ ਹਨ। ਪਿਛਲੇ ਦਿਨੀ ਫਰੀਦਕੋਟ ਬੱਸ ਕਾਂਡ ਵਿਚ ਗ੍ਰਿਫਤਾਰ ਨੌਜਵਾਨਾਂ ਦੀ ਮੁਲਾਕਾਤ ਲਈ ਵੀ ਉਹ ਗਏ ਅਤੇ ਪ੍ਰਸ਼ਾਸ਼ਨ ਨੂੰ ਨਾਂ ਚਾਹੁਦਿਆਂ ਹੋਇਆਂ ਵੀ ਬੈਂਸ ਭਰਾਵਾਂ ਦੀ ਮੁਲਾਕਾਤ ਗ੍ਰਿਫਤਾਰ ਨੌਜਵਾਨਾਂ ਨਾਲ ਕਰਵਾਉਣੀ ਪਈ ਪਰ ਕੁੱਝ ਦਿਨ ਬਾਅਦ ਵਿਚ ਕਾਂਗਰਸ ਪਾਰਟੀ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਵੀ ਪਾਰਟੀ ਦੇ ਲਾਮ ਲਸ਼ਕਰ ਸਮੇਤ ਜੇਲ੍ਹ ਚ ਬੰਦ   ਨੌਜਵਾਨਾਂ ਦੀ ਮੁਲਾਕਾਤ ਲਈ ਆਏ ਪਰ ਉਨ੍ਹਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਜਦੋਂ ਕਿ ਬੈਂਸ ਭਰਾਵਾਂ ਦੀ ਹੋਂਦ ਨਾਲੋਂ ਕਾਂਗਰਸ ਪਾਰਟੀ ਦੀ ਹੋਂਦ ਕਿਤੇ ਵੱਡੀ ਹੈ। ਸ: ਬਾਜਵਾਂ ਸਪੁਰਡੈਂਟ ਜੇਲ੍ਹ ਨੂੰ ਇਹ ਤਾਹਨੇ ਵੀ ਮਾਰਕੇ ਗਏ ਕਿ ਦੱਸ ਬੈਂਸ ਭਰਾਵਾਂ ਦੀ ਕੀ ਰਿਸ਼ਤੇਦਾਰੀ ਸੀ ਮੁੰਡਿਆਂ ਨਾਲ ਜਿਨ੍ਹਾਂ ਦੀ ਮੁਲਾਕਾਤ ਕਰਵਾ ਦਿੱਤੀ ਗਈ ਤੇ ਮੇਰੀ ਕਿਉਂ ਨਹੀਂ। ਇਸ ਤੇ ਲੋਕਾਂ ਵਿਚ ਕੁੱਝ ਘੁਸਰ ਮੁਸਰ ਹੋਣੀ ਸ਼ੁਰੂ ਹੋ ਗਈ ਹੈ ਕਿ ਕਿਤੇ 2017 ਦੀਆਂ ਚੋਣਾਂ ਵਿਚ ਮੁੜ ਸੱਤਾ ਹਾਸਲ ਕਰਨ ਲਈ ਬੈਂਸ ਭਰਾ ਬਾਦਲ ਪਰਵਾਰ ਦੀ ਕੋਈ ਚਾਲ ਤਾਂ ਨਹੀਂ ਕਿ ਉਨ੍ਹਾਂ ਨੂੰ ਇਹੋ ਜਿਹੀ ਪ੍ਰਸਿੱਧੀ ਦੇ ਕੇ ਬਦਲ ਚਾਹੁਣ ਵਾਲੇ ਲੋਕਾਂ ਦਾ ਝੁਕਾਅ ਕਾਂਗਰਸ ਜਾਂ ਆਪ ਦੀ ਬਜਾਏ ਬੈਂਸ ਭਰਾਵਾਂ ਵੱਲ ਕਰਵਾਇਆ ਜਾਵੇ ਅਤੇ ਰੁੱਸੇ ਲੋਕ ਉਨ੍ਹਾਂ ਵੱਲੋਂ ਖੜ੍ਹੀ ਕੀਤੀ ਪਾਰਟੀ ਵਿਚ ਸ਼ਾਮਲ ਹੋ ਕੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਵਾਂਗ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਬਾਦਲ ਲਈ ਜਿੱਤ ਦਾ ਰਾਹ ਪੱਧਰਾ ਕਰ ਦੇਣ। ਇੱਥੇ ਵਰਨਣਯੋਗ ਹੈ ਕਿ 2012 ਵਿਚ ਜੇ ਮਨਪ੍ਰੀਤ ਬਾਦਲ ਨਵੀਂ ਪਾਰਟੀ ਨਾਂ ਬਣਾਉਂਦਾ ਤਾਂ ਅਕਾਲੀ ਸਰਕਾਰ ਦੁਬਾਰਾ ਸੱਤਾ ਵਿਚ ਨਹੀਂ ਆ ਸਕਦੀ ਸੀ ਭਾਵੇਂ ਕੈਪਟਨ ਅਮਰਿੰਦਰ ਸਿੰਘ ਦਾ ਅੰਦਰੂਨੀ ਕਿੰਨਾਂ ਵੀ ਵਿਰੋਧ ਕਿਉਂ ਨਾਂ ਹੁੰਦਾ। ਇਹ ਗੱਲ ਚਿੱਟੇ ਦਿਨ ਵਾਂਗ ਸ਼ਪਸ਼ਟ ਹੈ ਕਿ ਜੇਕਰ ਬੈਂਸ ਭਰਾ ਕੋਈ ਰਾਜੀਤਕ ਪਾਰਟੀ ਖੜ੍ਹੀ ਕਰਨ ਦਾ ਐਲਾਨ ਕਰਦੇ ਹਨ ਤਾਂ ਇਹ ਅਕਾਲੀ ਦਲ ਬਾਦਲ ਲਈ ਮੁੜ ਜਿੱਤ ਦਾ ਰਾਹ ਪੱਧਰਾ ਕਰਨ ਦੇ ਤੁੱਲ ਹੋਵੇਗਾ। ਹਾਂ ਜੇਕਰ ਉਹ ਆਪ ਜਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਕੇ ਜਾਂ ਹਮਾਇਤ ਦੇ ਕੇ ਚੱਲਣਗੇ ਤਾਂ, ਤਾਂ ਹੀ ਉਨ੍ਹਾਂ ਨੂੰ ਬਾਦਲਾਂ ਦੇ ਅਸਲ ਵਿਰੋਧੀ ਮੰਨਿਆਂ ਜਾ ਸਕਦਾ ਹੈ। ਨਹੀਂ ਤਾਂ ਮਾਮਲਾ ਸ਼ੱਕ ਦੇ ਘੇਰੇ ਵਿਚ ਹੀ ਮੰਨਿਆਂ ਜਾਵੇਗਾ।

Install Punjabi Akhbar App

Install
×