ਸਾਹਿਤਕਾਰ ਬਹਾਦਰ ਡਾਲਵੀ ਨੂੰ ਸਮਰਪਿਤ ਸਾਹਿਤਕ ਸਮਾਗਮ

ਮਿਆਰੀ ਬਾਲ ਸਾਹਿਤ ਤੇ ਗੀਤਕਾਰੀ ਦਾ ਰਚੈਤਾ ਸੀ ਡਾਲਵੀ- ਡਾ. ਦਰਸ਼ਨ ਸਿੰਘ ਆਸ਼ਟ

ਸਾਹਿਤਕਾਰ ਬਹਾਦਰ ਡਾਲਵੀ ਦੀ ਯਾਦ ਨੂੰ ਸਮਰਪਿਤ ਪਲੇਠੀ ਸਲਾਨਾ ਬਰਸੀ ਮੌਕੇ ਸਾਹਿਤਕ ਸਮਾਗਮ ਮੋਗਾ ਵਿਖੇ ਕਰਵਾਇਆ ਗਿਆ। ਜਿਸ ਦੇ ਪ੍ਰਧਾਨਗੀ ਮੰਚ ਵਿਚ ਮੁੱਖ ਮਹਿਮਾਨ  ਭਾਰਤੀ ਸਾਹਿਤ ਅਕਾਦਮੀ ਬਾਲ ਸਾਹਿਤ  ਪੁਰਸਕਾਰ ਵਿਜੈਤਾ ਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ , ਵਿਸ਼ੇਸ਼ ਮਹਿਮਾਨ ਸਾਬਕਾ ਪ੍ਰਧਾਨ ਪੰਜਾਬ ਗੀਤਕਾਰ ਸਭਾ ਸਰਬਜੀਤ ਸਿੰਘ ਵਿਰਦੀ, ਨਾਵਲਕਾਰ  ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਤੇ ਸ਼੍ਰੋਮਣੀ ਲੇਖਕ ਬਲਦੇਵ ਸਿੰਘ ਸੜਕਨਾਮਾ  ,  ਗੋਲੂ ਕਾਲੇ ਕੇ  , ਡਾ.ਸੁਰਜੀਤ ਦੌਧਰ, ਪ੍ਰਿੰ : ਦਲਜੀਤ ਕੌਰ ਹਠੂਰ, ਸੁਰਿੰਦਰ ਕੌਰ ਡਾਲਵੀ ਅਤੇ ਜਸਬੀਰ ਕਲਸੀ ਧਰਮਕੋਟ ਕਹਾਣੀਕਾਰ  ਹਾਜਰ ਸਨ। 
           ਸਮਾਗਮ ਵਿਚ  ਆਏ ਸਾਹਿਤਕਾਰਾਂ ਨੂੰ ਗੋਲੂ ਕਾਲੇ ਕੇ, ਪ੍ਰਧਾਨ ਪੰਜਾਬੀ ਗੀਤਕਾਰ ਸਭਾ ਮੋਗਾ ਨੇ  ਜੀ ਆਇਆਂ ਨੂੰ ਕਿਹਾ । ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਟੇਜ ਸਕੱਤਰ ਜਸਬੀਰ ਕਲਸੀ ਧਰਮਕੋਟ ਨੇ  ਬਹਾਦਰ ਡਾਲਵੀ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਕਰਵਾ ਕੇ  ਸ਼ਰਧਾਂਜਲੀ ਦਿਵਾਈ  ਅਤੇ ਸ਼ਰਧਾ ਦੇ ਫੁਲ ਭੇਂਟ ਕੀਤੇ। । ਗਾਇਕ ਵੱਲੋਂ ਬਹਾਦਰ ਡਾਲਵੀ ਦਾ ਲਿਖਿਆ ਗੀਤ ਗਾਇਆ ਗਿਆ। 
         ‘ ਸਾਹਿਤਕ ਲਿਖਤਾਂ ਦਾ ਸਿਰਨਾਵਾਂ ਬਹਾਦਰ ਡਾਲਵੀ ਜੀਵਨ , ਰਚਨਾ ਅਤੇ ਯਾਦਾਂ ‘ ਪੁਸਤਕ ਦੇ ਮੁੱਖ ਸੰਪਾਦਕ ਨਵ ਡਾਲਵੀ ਸਪੁੱਤਰ ਬਹਾਦਰ ਡਾਲਵੀ ਤੇ ਸੰਪਾਦਕ ਜਸਬੀਰ ਕਲਸੀ ਧਰਮਕੋਟ ਵੱਲੋਂ ਤਿਆਰ ਕੀਤੀ ਗਈ ਨੂੰ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਲੋਕ ਅਰਪਣ ਕੀਤਾ। ਇਸ ਸਮੇਂ ਡਾ.ਆਸ਼ਟ ਨੇ ਬੋਲਦਿਆਂ ਕਿਹਾ ਕਿ ਬਹਾਦਰ ਡਾਲਵੀ ਮਿਆਰੀ  ਬਾਲ ਸਾਹਿਤ ਤੇ ਗੀਤਾਂ ਦਾ ਰਚੈਤਾ ਸੀ। ਉਨ੍ਹਾਂ ਭਾਵੇਂ ਥੋੜ੍ਹਾ ਲਿਖਿਆ ਪਰ ਉਪਯੋਗੀ ਲਿਖਿਆ। ਡਾਲਵੀ ਪਰਿਵਾਰ ਪਰਿਵਾਰ,ਖਾਸ ਕਰਕੇ ਉਹਨਾਂ ਦੇ ਬੇਟੇ  ਨਵ ਡਾਲਵੀ ਕੈਨੇਡਾ ਨੇ ਅੱਜ ਲੋਕ ਅਰਪਣ ਹੋਈ ਪੁਸਤਕ ਜਰੀਏ ਜਿਉਂਦਾ ਕਰ ਦਿੱਤਾ ਏ ਅਤੇ ਬਹਾਦਰ ਡਾਲਵੀ  ਦੀ ਯਾਦ ਵਿਚ ਪੁਰਸਕਾਰ ਸ਼ੁਰੂ ਕਰਕੇ ਨਵੇਂ ਤੇ ਚੰਗੇ  ਲੇਖਕ ਨੂੰ ਉਤਸ਼ਾਹਿਤ ਕਰਨਾ ਬਹੁਤ ਚੰਗਾ ਯਤਨ ਹੈ। ‘
           ਵਿਸ਼ੇਸ਼ ਮਹਿਮਾਨ ਸਰਬਜੀਤ ਸਿੰਘ ਵਿਰਦੀ ਨੇ ਕਿਹਾ ਕਿ ਬਹਾਦਰ ਡਾਲਵੀ ਬਹੁਤ ਪਿਆਰੇ ਇਨਸਾਨ ਸਨ। ਉਹ ਚੰਗੀ ਸਲਾਹ ਦਿੰਦੇ ਸਨ।  ਲੋਕ ਅਰਪਣ ਹੋਈ ਪੁਸਤਕ ਦੀ ਜਾਣ ਪਛਾਣ ਕਰਵਾਉਂਦਿਆਂ ਡਾ.ਸੁਰਜੀਤ ਦੌਧਰ ਨੇ  ਕਿਹਾ ਕਿ  ਪੁਸਤਕ ਦੇ ਸੰਪਾਦਕ ਜਸਬੀਰ ਕਲਸੀ ਧਰਮਕੋਟ ਵੱਲੋਂ ਚੰਗੀ ਤਰਤੀਬ ਤੇ ਚੰਗੇ ਲੇਖ ਸ਼ਾਮਿਲ ਕਰਕੇ ਬਹੁਤ ਸ਼ਾਨਦਾਰ ਕੰਮ ਕੀਤਾ ਗਿਆ  ਹੈ। ਪੁਸਤਕ ਰਾਹੀਂ ਬਹਾਦਰ ਡਾਲਵੀ ਦੀ ਰੂਹ ਹਾਜਰ ਹੋ ਗਈ ਹੈ। ‘ ਬਹਾਦਰ ਡਾਲਵੀ ਯਾਦਗਾਰੀ ਪਲੇਠਾ  ਸਾਹਿਤਕ ਪੁਰਸਕਾਰ 2021’  ਪੰਜਾਬੀ ਬਾਲ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ  ਨੌਜਵਾਨ ਬਾਲ ਸਾਹਿਤਕਾਰ ਰਣਜੀਤ ਸਿੰਘ ਹਠੂਰ ਦੀ ਕਾਵਿ ਪੁਸਤਕ ‘ਤਾਰੇ ਲੱਭਣ ਚੱਲੀਏ’ ਨੂੰ ਇੱਕੀ ਸੌ ਰੁਪਏ  , ਮਾਣ- ਪੱਤਰ,ਲੋਈ ਅਤੇ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਮੇਲ ਸਿੰਘ ਬੌਡੇ ਨੇ ਮਾਣ- ਪੱਤਰ ਪੜ੍ਹਿਆ।  ਰਣਜੀਤ ਸਿੰਘ ਹਠੂਰ ਦੀ ਜਾਣ ਪਛਾਣ ਉਸ ਦੇ ਅਧਿਆਪਕ ਪ੍ਰੋਫੈਸਰ ਕਰਮ ਸਿੰਘ ਨੇ ਸਾਂਝੀ ਕੀਤੀ ਅਤੇ ਰਣਜੀਤ ਸਿੰਘ ਹਠੂਰ ਨੇ ਪੁਰਸਕਾਰ ਪ੍ਰਾਪਤੀ ਉਪਰੰਤ ਕਿਹਾ ਕਿ ਇਸ ਪੁਰਸਕਾਰ ਨਾਲ ਉਸਦੀ ਜਿੰਮੇਵਾਰੀ ਵਧ ਗਈ ਹੈ।  ਇਸ ਸਮਾਗਮ ਵਿਚ ਬਲਦੇਵ ਸਿੰਘ ਸੜਕਨਾਮਾ, ਬੇਅੰਤ ਕੌਰ ਗਿੱਲ, ਜਸਵੀਰ ਭਲੂਰੀਆ ਤੇ ਅਸ਼ੋਕ ਚਟਾਨੀ ਨੇ ਵੀ ਮੁਲਵਾਨ ਵਿਚਾਰ ਰੱਖੇ। ਡਾਕਟਰ ਬਲਜੀਤ ਤੇ ਗੁਰਮਿਲਾਪ ਸਿੰਘ ਗਿੱਲ , ਅਮਰਜੀਤ ਸ਼ੇਰਪੁਰੀ   ਨੇ ਗੀਤ ਗਾਏ।  ਅੰਤ ਵਿਚ ਡਾਲਵੀ ਪਰਿਵਾਰ ਵੱਲੋਂ  ਡਾ.ਦਰਸ਼ਨ ਸਿੰਘ ਆਸ਼ਟ,ਸਰਬਜੀਤ ਸਿੰਘ ਵਿਰਦੀ ਅਤੇ ਪ੍ਰੋਫੈਸਰ ਕਰਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ।  ਬਹਾਦਰ ਡਾਲਵੀ ਦੀ ਨੂੰਹ  ਸੁਰਿੰਦਰ ਕੌਰ ਡਾਲਵੀ  ਧੰਨਵਾਦ ਕਹਿੰਦੇ ਹੋਏ ਭਾਵੁਕ ਹੋ ਗਏ ।  ਗੁਰਚਰਨ ਸਿੰਘ ਸੰਘਾ ਨੇ ਸਰਬ ਸਾਂਝਾ ਧੰਨਵਾਦ ਕੀਤਾ। ਇਸ ਸਮਾਗਮ ਦੀ  ਸੁਚੱਜੀ ਸਟੇਜ ਸੰਚਾਲਨਾ ਪ੍ਰੋਗਰਾਮ ਦੇ ਕਨਵੀਨਰ ਕਹਾਣੀਕਾਰ ਜਸਬੀਰ ਕਲਸੀ ਧਰਮਕੋਟ ਨੇ ਬਾਖੂਬੀ ਨਿਭਾਈ। ਕਲਸੀ ਨੇ ਕਿਹਾ ਕਿ ਬਰਸੀ ਸਮਾਗਮ ਦੇ ਕਰਤਾ ਫਿਲਮ ਡਾਇਰੈਕਟਰ  ਨਵ ਡਾਲਵੀ ਅੱਜ ਦੇ ਬਜਾਰਵਾਦ ਦੇ ਜੁਗ ਅੰਦਰ ਉਹ ਸਪੁੱਤਰ ਹੈ ਜਿਸ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ  ਲੱਖਾਂ ਰੁਪਏ ਖਰਚ ਕੇ ‘ ਬਹਾਦਰ ਏ ਬਰੇਵ ਮੈਨ ‘ ਸ਼ੌਰਟ ਫਿਲਮ ਬਣਾਈ ਅਤੇ ਹੁਣ ਪੁਸਤਕ ਤੇ ਪੁਰਸਕਾਰ ਦੇਣ ਲਈ ਉਸਾਰੂ ਪਹਿਲਕਦਮੀ ਕੀਤੀ ਹੈ।ਉਹਨਾਂ ਕਿਹਾ ਕਿ ਇਕ ਵਾਰ ਬਾਲ ਸਾਹਿਤਕਾਰ ਤੇ ਦੂਜੀ ਵਾਰ ਗੀਤਕਾਰ ਨੂੰ  ਬਹਾਦਰ ਡਾਲਵੀ ਯਾਦਗਾਰੀ ਸਾਹਿਤਕ ਪੁਰਸਕਾਰ ਨਾਲ  ਸਨਮਾਨਿਤ ਕੀਤਾ ਜਾਇਆ ਕਰੇਗਾ।   ਇਸ ਸਮਾਗਮ ਵਿਚ ਗਿਆਨ ਸਿੰਘ, ਮਨਿੰਦਰ ਮੋਗਾ, ਦਰਸ਼ਨ ਦੋਸਾਂਝ, ਗੁਰਮੀਤ ਹਮੀਰਗੜ, ਜਸਵੰਤ ਰਾਊਕੇ, ਅਮਰੀਕ ਸਿੰਘ ਸੈਦੋ ਕੇ, ਹਰਵਿੰਦਰ ਬਿਲਾਸਪੁਰ, ਸੀਰਾ ਗਰੇਵਾਲ, ਕੇਵਲ ਸਿੰਘ ਭੁੱਲਰ, ਸਰਬਜੀਤ ਕੌਰ ਬਰਾੜ, ਮੋਹੀ ਅਮਰਜੀਤ,  ਰਾਜਵਿੰਦਰ ਰੌਂਤਾ ਤੇ ਅਵਤਾਰ ਸਿੰਘ ਕਰੀਰ  ਸਰੋਤਿਆਂ ਵਜੋਂ ਹਾਜਰ ਸਨ। ਇਹਨਾਂ ਦੀ ਹਾਜਰੀ   ਨੂੰ  ਸਟੇਜ ਸਕੱਤਰ ਵੱਲੋਂ  ਇਹਨਾਂ ਨੂੰ ਆਪੋ ਆਪਣੇ ਸਥਾਨ ਉਪਰ ਵਾਰੀ ਅਨੁਸਾਰ  ਖੜ੍ਹੇ ਕਰਵਾ ਕੇ ਉਹਨਾਂ ਦੀ ਕਲਮ ਤੋਂ ਲਿਖੇ ਜਾ ਰਹੀ  ਸਾਹਿਤਕ ਵਿਧਾ ਦੀ ਜਾਣਕਾਰੀ ਸਾਰਿਆਂ ਨੂੰ ਦੱਸੀ ਗਈ ।

Install Punjabi Akhbar App

Install
×