ਕੌਮਾਂਤਰੀ ਪੱਧਰ ‘ਤੇ ਸੇਵਾਵਾਂ ਦਰਸਾਉਣ ਦੇ ਸੂਤਰਧਾਰ ਆਨਰੇਰੀ ਡਾਕਟਰ ਡਿਗਰੀ ਦੇ ਹੱਕਦਾਰ

ਭਾਈ ਘਨੱਈਆ ਜੀ ਮਾਨਵਾ ਸੇਵਾ ਦਿਵਸ ਮੌਕੇ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਨਿੰਨ ਸੇਵਕ ਭਾਈ ਘਨ੍ਹੱਈਆ ਜੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਸ਼ੀਰਵਾਦ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੈਦਾਨੇ ਜੰਗ ਵਿਚ ਜ਼ਖ਼ਮਾਂ ਦੀ ਤਾਬ ਨਾਲ ਤੜਪ ਰਹੇ ਜੰਗੀਆਂ ਦੀ ਬਿਨਾਂ ਕਿਸੇ ਭਿੰਨ-ਭੇਦ ਕੀਤੀ ਸੇਵਾ ਦੇ ਪ੍ਰਸੰਗ ਵਿਚ ਅੰਤਰਰਾਸ਼ਟਰੀ ਰੈਡ ਕਰਾਸ ਵਲੋਂ ਆਰੰਭੀ ਸੇਵਾ ਅਤੇ ਅੰਤਰਰਾਸ਼ਟਰੀ ਰਾਸ਼ਟਰੀ ਮਾਨਵਤਾ ਕਾਨੂੰਨ ਦੀ ਸਥਾਪਨਾ, ਵਿਸ਼ਵ ਭਰ ਦੇ ਇਤਿਹਾਸ ਵਿਚ ਨਿਵੇਕਲਾ ਪਹਿਲੂ ਹੈ। ਜੋ ਕਿ ਵਿਸ਼ਵ ਭਾਈਚਾਰੇ ਦੀ ਸਾਂਝ ਅਤੇ ਵਿਸ਼ਵ ਸ਼ਾਂਤੀ ਲਈ ਬਹੁਮੁੱਲਾ ਸੰਕੇਤ ਹੈ। ਇਹ ਸਭ ਕੁਝ ਦਾ ਆਧਾਰ ਭਾਈ ਘਨ੍ਹੱਈਆ ਜੀ ਵਲੋਂ ਇਨਸਾਨੀਅਤ ਵਾਸਤੇ ਨਿਭਾਈ ਉਹ ਸੇਵਾ ਹੈ ਜੋ ਦੁਨੀਆਂ ਭਰ ਵਿਚ ਅਦੁੱਤੀ ਮਿਸਾਲ ਹੈ।
ਅੰਤਰਰਾਸ਼ਟਰੀ ਰੈਡ ਕਰਾਸ ਸੇਵਾ ਦਾ ਜਨਮ ਵੀ ਮੈਦਾਨੇ ਜੰਗ ਵਿਚ ਜ਼ਖ਼ਮੀਆਂ ਦੀ ਸੇਵਾ ਕਰਨ ਕਰਕੇ ਹੀ ਹੋਇਆ ਸੀ। ਸਵਿਟਜ਼ਰਲੈਂਡ ਨਿਵਾਸੀ ਸਰ ਹੈਨਰੀ ਡਿਉਨਾ ਵਲੋਂ 1859 ਵਿਚ ਇਟਲੀ ਦੇ ਸਾਲਫਰੀਨੋ ਦੀ ਹੋਈ ਭਿਆਨਕ ਲੜਾਈ ਵਿਚ ਜ਼ਖ਼ਮੀ ਹੋਏ ਸੈਨਿਕਾਂ ਦੀ ਸੇਵਾ ਕੀਤੀ ਗਈ ਅਤੇ ਇਸ ਲੜਾਈ ਵਿਚ ਜ਼ਖ਼ਮੀਆਂ ਦੀ ਤਰਸਯੋਗ ਹਾਲਤ ਸਬੰਧੀ ਤੇ ਜ਼ਖ਼ਮੀਆਂ ਦੀ ਸੇਵਾ-ਸੰਭਾਲ ਸਬੰਧੀ ਇਕ ਕਿਤਾਬ ਲਿਖੀ, ਜਿਸ ਦਾ ਨਾਮ ਸੀ ਸਾਲਫਰੀਨੋ ਦੀ ਯਾਦ। ਹੈਨਰੀ ਡਿਉਨਾ ਵਲੋਂ ਇਨਸਾਨੀਅਤ ਦੇ ਭਲੇ ਲਈ ਦਿੱਤੇ ਸੁਝਾਵਾਂ ਦੀ ਲੋਕਾਂ ਨੇ ਸਰਾਹਨਾ ਕੀਤੀ ਅਤੇ ਇਸ ਨੂੰ ਵਿਸ਼ਵ ਭਰ ਵਿਚ ਪਹੁੰਚਾਉਣ ਦੇ ਉਪਰਾਲੇ ਕੀਤੇ। ਅੰਤਰਰਾਸ਼ਟਰੀ ਮਾਨਵਤਾ ਕਾਨੂੰਨ ਵਿਚ ਵੀ ਮੈਦਾਨੇ ਜੰਗ ਵਿਚ ਜ਼ਖ਼ਮੀਆਂ ਦੀ ਬਿਨਾਂ ਕਿਸੇ ਭੇਦ-ਭਾਵ ਸੇਵਾ ਸਬੰਧੀ ਹਦਾਇਤਾਂ ਦਰਜ ਹਨ ਅਤੇ ਇਸ ਕਾਨੂੰਨ ਦਾ ਮੂਲ ਆਧਾਰ ਹਨ।

ਪਰ ਭਾਈ ਘਨ੍ਹੱਈਆ ਜੀ ਵਲੋਂ ਸਾਲਫਰੀਨੋ ਦੀ ਜੰਗ ਤੋਂ ਬਹੁਤ ਪਹਿਲਾਂ ਸੰਨ 1704 ਵਿਚ ਭਿਆਨਕ ਜੰਗ ਦੌਰਾਨ ਬਿਨਾਂ ਵਿਤਕਰੇ ਪਿਆਸਿਆਂ ਨੂੰ ਪਾਣੀ ਪਿਆਉਣ ਅਤੇ ਜ਼ਖ਼ਮੀਆਂ ਨੂੰ ਮਲ੍ਹਮ ਪੱਟੀ ਕਰਨ ਦੀ ਨਿਭਾਈ ਮਹਾਨ ਸੇਵਾ ਕੇਵਲ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ।

ਸ: ਬਹਾਦਰ ਸਿੰਘ ਸੁਨੇਤ ਸੇਵਾ-ਮੁਕਤ ਪ੍ਰੋਫੈਸਰ ਫਾਰਮੇਸੀ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਨੇ ਨੌਕਰੀ ਕਰਦਿਆਂ ਇਸ ਖਲਾਅ ਨੂੰ ਭਰਨ ਲਈ ਸੰਨ 1987 ਵਿਚ ਭਾਈ ਘਨ੍ਹੱਈਆ ਜੀ ਮਿਸ਼ਨ ਦੇ ਨਾਮ ਹੇਠ ਸੰਸਥਾ ਦੀ ਸਥਾਪਨਾ ਕੀਤੀ। ਜਿਸ ਦਾ ਮੰਤਵ ਤੇ ਮਨੋਰਥ ਭਾਈ ਘਨ੍ਹੱਈਆ ਜੀ ਦੀ ਸੇਵਾ ਨੂੰ ਕੌਮਾਂਤਰੀ ਪੱਧਰ’ਤੇ ਸਾਂਝਾ ਕਰਨਾ ਸੀ। ਮਿਸ਼ਨ ਵਲੋਂ ਸਮਾਜ-ਸੇਵੀ ਕਾਰਜਾਂ ਦੇ ਨਾਲ ਹੀ ਭਾਈ ਘਨ੍ਹੱਈਆ ਜੀ ਦੀਆਂ ਮਹਾਨ ਸੇਵਾਵਾਂ, ਅੰਤਰਰਾਸ਼ਟਰੀ ਰੈਡ ਕਰਾਸ ਅਤੇ ਅੰਤਰਰਾਸ਼ਟਰੀ ਮਾਨਵਤਾ ਕਾਨੂੰਨ ਇਤਿਆਦਿ ਦੀ ਪਿੱਠ-ਭੂਮੀ ਸਬੰਧੀ ਖੋਜ ਕਾਰਜ ਵੀ ਆਰੰਭੇ ਗਏ। ਭਾਈ ਘਨ੍ਹੱਈਆ ਜੀ ਦੀਆਂ ਮਹਾਨ ਸੇਵਾਵਾਂ ਤੋਂ ਸੰਸਾਰ ਨੂੰ ਜਾਣੂ ਕਰਵਾਉਣ ਲਈ ਸਮੇਂ-ਸਮੇਂ ਅੰਤਰਰਾਸ਼ਟਰੀ ਰੈਡ ਕਰਾਸ ਅਤੇ ਰੈਡ ਕਰੀਸੈਂਟ ਜਨੇਵਾ, ਭਾਰਤੀ ਰੈਡ ਕਰਾਸ ਕਮੇਟੀ, ਭਾਰਤ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਕੌਮੀ-ਕੌਮਾਂਤਰੀ ਸ਼ਖ਼ਸੀਅਤਾਂ ਤੇ ਸੰਸਥਾਵਾਂ ਨੂੰ ਵੀ ਲਿਖਿਆ ਗਿਆ ਅਤੇ ਸਹਿਯੋਗ ਦੀ ਮੰਗ ਕੀਤੀ ਗਈ। ਇਹ ਵੀ ਅਪੀਲ ਕੀਤੀ ਗਈ ਕਿ ਵਿਸ਼ਵ ਸ਼ਾਂਤੀ, ਸੁੱਖ ਅਤੇ ਭਾਈਚਾਰਕ ਸਾਂਝ ਸਬੰਧੀ ਖੋਜ ਕਰ ਰਹੇ ਵਿਦਿਆਰਥੀਆਂ ਸਿਖਿਆਰਥੀਆਂ ਨੂੰ ਰੈਡ ਕਰਾਸ ਦੀ ਸਥਾਪਨਾ ਦੇ ਪਿਛੋਕੜ ਦੇ ਨਾਲ ਨਾਲ ਭਾਈ ਘਨ੍ਹੱਈਆ ਜੀ ਦੀਆਂ ਮਹਾਨ ਸੇਵਾਵਾਂ ਬਾਰੇ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ।
ਮਿਸ਼ਨ ਨੇ ਅਨੇਕਾਂ ਹੀ ਖ਼ੂਨ-ਦਾਨ ਕੈਂਪ, ਨੇਤਰਦਾਨ ਕੈਂਪ, ਡਾਕਟਰੀ ਸਹਾਇਤਾ ਕੈਂਪ ਲਗਾਏ ਤਾਂ ਉਨ੍ਹਾਂ ਵਿਚੋਂ ਖ਼ੂਨ-ਦਾਨ ਬੈਂਕ ਅਤੇ ਨੇਤਰਦਾਨ ਬੈਂਕ ਨਵੀਆਂ ਸੰਸਥਾਵਾਂ ਹੇਠ ਸਥਾਪਤ ਹੋਏ। ਸੇਵਾ ਦੇ ਸੰਕਲਪ ਸਬੰਧੀ ਸੈਮੀਨਾਰਾਂ ਦਾ ਆਯੋਜਨ ਕੀਤਾ। ਕਈ ਸਾਲਾਂ ਦੀ ਪੱਤਰ-ਵਿਹਾਰ ਦੀ ਲੰਮੀ ਘਾਲਣਾ ਬਾਅਦ ਨਤੀਜਿਆਂ ਦਾ ਆਰੰਭ ਹੋਇਆ। ਜਿਵੇਂ ਕਿ:
ਪੰਜਾਬ ਸਰਕਾਰ ਵਲੋਂ 20 ਸਤੰਬਰ ਨੂੰ ਭਾਈ ਘਨ੍ਹੱਈਆ ਜੀ ਮਾਨਵ ਸੇਵਾ ਦਿਵਸ ਸਰਕਾਰੀ ਪੱਧਰ’ਤੇ ਮਨਾਇਆ ਜਾਂਦਾ ਹੈ।
20 ਸਤੰਬਰ 2022 ਨੂੰ ਵੀ ਮਾਨਵ ਸੇਵਾ ਦਿਵਸ ਮਨਾਉਣ ਸਬੰਧੀ ਪੰਜਾਬ ਸਰਕਾਰ ਵਲੋਂ ਸਮੂਹ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਨੂੰ ਲਿਖਿਆ ਗਿਆ ਹੈ।
ਸਰਕਾਰੀ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਦੇ ਨਾਮ ਭਾਈ ਘਨ੍ਹੱਈਆ ਜੀ ਦੇ ਨਾਮ’ਤੇ ਰੱਖਣ ਸਬੰਧੀ ਵੀ ਕਾਰਜ ਹੋਇਆ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿਹਤ ਕੇਂਦਰ ਦਾ ਨਾਮ ਵੀ ਭਾਈ ਘਨ੍ਹੱਈਆ ਜੀ ਸਿਹਤ ਕੇਂਦਰ ਰੱਖਿਆ ਗਿਆ ਤਾਂ ਕਿ ਨੌਜਵਾਨੀ ਸੇਵਾ ਦੀ ਪ੍ਰੇਰਨਾ ਲੈ ਸਕੇ।
ਲੰਮੇ ਸਮੇਂ ਤੋਂ ਅੰਤਰਰਾਸ਼ਟਰੀ ਰੈਡ ਕਰਾਸ ਕਮੇਟੀ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਨਾਲ ਹੋਏ ਸੰਪਰਕ ਦੀ ਬਦੌਲਤ ਬਹੁਤ ਹੀ ਸ਼ਲਾਘਾਯੋਗ ਨਤੀਜੇ ਸਾਹਮਣੇ ਆਏ। ਜਿਸ ਦਾ ਸਬੂਤ ਹੈ ਕਿ ਹੁਣ ਅੰਤਰਰਾਸ਼ਟਰੀ ਰੈਡ ਕਰਾਸ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਵਲੋਂ ਮਹਾਨ ਸੇਵਾਵਾਂ ਪ੍ਰਤੀ ਸਤਿਕਾਰ ਭੇਟ ਕਰਦੇ ਹੋਏ ਤੇ ਮਾਨਤਾ ਦਿੰਦੇ ਹੋਏ, ਭਾਈ ਘਨ੍ਹੱਈਆ ਜੀ ਸਬੰਧੀ ਵਡਮੁੱਲੀ ਜਾਣਕਾਰੀ ਆਪਣੀਆਂ ਪ੍ਰਮਾਣਿਤ ਵੈਬਸਾਈਟਾਂ’ਤੇ ਦਰਜ ਕਰ ਦਿੱਤੀ ਹੈ।
ਜਦੋਂ ਹਰ ਸਮੇਂ ਸੰਸਾਰ ਵਿਚ ਕਿਤੇ ਨਾ ਕਿਤੇ ਜੰਗ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ, ਉਸ ਸਮੇਂ ਇਹ ਪ੍ਰਗਤੀ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜਿਸ ਨੇ ਕੌਮਾਂਤਰੀ ਭਾਈਚਾਰੇ ਵਿਚ ਵੀ ਮਾਣ ਸਤਿਕਾਰ ਵਧਾਇਆ ਹੈ।
ਸਮੇਂ ਦੀ ਮੰਗ ਹੈ ਕਿ ਸਰਬੱਤ ਦੇ ਭਲੇ ਹਿਤ ਪੈੜਾਂ ਛੱਡ ਕੇ ਜਾ ਚੁੱਕੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਵਜੋਂ ਹਰ ਦੇਸ਼ ਵਿਚ ਸ਼ਾਂਤੀ ਮਿਊਜ਼ੀਅਮ ਵੀ ਸਥਾਪਿਤ ਕੀਤੇ ਜਾਣ ਤਾਂ ਕਿ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਕਰਨ ਵਾਲੇ ਕਾਰਜਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਅਜਿਹੇ ਇਤਿਹਾਸਕ ਕਾਰਜਾਂ ਸਬੰਧੀ ਖੋਜ ਤੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਹਿਤ ਕਾਰਜਸ਼ੀਲ ਸ਼ਖ਼ਸੀਅਤਾਂ ਨੂੰ ਉਚੇਚਾ ਸਨਮਾਨਿਆ ਜਾਵੇ, ਤਾਂ ਕਿ ਹੋਰਾਂ ਅੰਦਰ ਵੀ ਹੋਰ ਖੋਜਾਂ ਤੇ ਸੇਵਾ ਕਾਰਜ ਕਰਨ ਦਾ ਉਤਸ਼ਾਹ ਭਰਿਆ ਜਾ ਸਕੇ।
ਅਜਿਹੀਆਂ ਕਾਰਜਸ਼ੀਲ ਸ਼ਖ਼ਸੀਅਤਾਂ ਵਿਚ ਪ੍ਰੋ: ਬਹਾਦਰ ਸਿੰਘ ਸੁਨੇਤ ਜੀ ਦਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ, ਜਿਨ੍ਹਾਂ ਨੇ ਭਾਈ ਘਨ੍ਹੱਈਆ ਜੀ ਦੀਆਂ ਸੇਵਾਵਾਂ ਨੂੰ ਕੌਮਾਂਤਰੀ ਪੱਧਰ’ਤੇ ਦਰਜ ਕਰਵਾਉਣ ਦੀ ਅਹਿਮ ਭੂਮਿਕਾ ਨਿਭਾਈ ਹੈ। ਸੇਵਾ ਦੇ ਖੇਤਰ ਵਿਚ ਯੋਗਦਾਨ ਕਰਕੇ ਹੀ ਆਪ ਜੀ ਨੂੰ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਭਾਈ ਘਨ੍ਹੱਈਆ ਜੀ ਅਵਾਰਡ, ਹੁਸ਼ਿਆਰਪੁਰ ਸੇਵਾ ਰਤਨ ਅਵਾਰਡ, ਅੰਬੈਸਡਰ ਫਾਰ ਪੀਸ ਅਵਾਰਡ ਮਿਲ ਚੁੱਕੇ ਹਨ। ਜ਼ਿਲ੍ਹਾ ਪ੍ਰਸ਼ਾਸ਼ਨ, ਸਿਹਤ ਵਿਭਾਗ, ਰੈਡ ਕਰਾਸ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਭਾਈ ਘਨ੍ਹੱਈਆ ਜੀ ਦੀਆਂ ਸੇਵਾਵਾਂ ਨੂੰ ਕੌਮਾਂਤਰੀ ਪੱਧਰ’ਤੇ ਦਰਜ ਕਰਵਾਉਣ ਦੀ ਦਹਾਕਿਆਂ ਦੀ ਘਾਲਣਾ ਅਤੇ ਖੋਜ ਕਾਰਜਾਂ ਨੂੰ ਗਹੁ ਨਾਲ ਵੇਖੀਏ ਤਾਂ ਆਪ-ਮੁਹਾਰੇ ਵਿਚਾਰਧਾਰਾ ਪੈਦਾ ਹੁੰਦੀ ਹੈ ਕਿ ਪ੍ਰੋ: ਬਹਾਦਰ ਸਿੰਘ ਸੁਨੇਤ ਜੀ ਨੂੰ ਆਨਰੇਰੀ ਡਾਕਟਰ ਡਿਗਰੀ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਯੂਨੀਵਰਸਿਟੀਆਂ ਦੀ ਅਜਿਹੀ ਪਹਿਲ ਸਿਹਤਮੰਦ ਸਮਾਜ ਦੀ ਸਿਰਜਣਾ ਹਿਤ ਸੰਸਾਰ ਨੂੰ ਸੁਨੇਹਾ ਦੇ ਸਕਦੀ ਹੈ। ਭਾਈ ਘਨ੍ਹੱਈਆ ਜੀ ਮਾਨਵ ਸੇਵਾ ਦਿਵਸ 20 ਸਤੰਬਰ ਮੌਕੇ ਅਜਿਹੀਆਂ ਪਿਰਤਾਂ ਹੋਰਾਂ ਨੂੰ ਵੀ ਹੋਰ ਖੋਜ ਕਾਰਜਾਂ ਅਤੇ ਸੇਵਾਵਾਂ ਵਾਸਤੇ ਉਤਸ਼ਾਹਿਤ ਕਰ ਸਕਦੀਆਂ ਹਨ।
(ਰਸ਼ਪਾਲ ਸਿੰਘ)
rashpalsingh714@gmail.coਮ