ਬਠਿੰਡਾ,ਪਟਿਆਲਾ ਰੈਲੀਆਂ ਬਨਾਮ ਬਰਗਾੜੀ ਦਾ ਪੰਥਕ ਇਕੱਠ: ਪੰਥਕ ਧਿਰਾਂ ਪਾਟੋਧਾੜ ਹੋ ਕੇ ਇਤਿਹਾਸ ਦੀਆਂ ਗੁਨਾਹਗਾਰ ਨਾ ਬਣਨ

ralliesਜੂਨ ਮਹੀਨੇ ਵਿੱਚ ਜਦੋਂ ਤੋਂ ਸ੍ਰੀ ਗੁਰੂ ਗ੍ਰੰਥ ਸਹਿਬ ਦੇ ਪਾਵਨ ਸਰੂਪ ਚੋਰੀ ਹੋਣ ਦੀ ਘਟਨਾ ਵਾਪਰੀ ਹੈ ਤੇ ਉਸ ਤੋਂ ਵਾਅਦ ਜਦੋਂ ਬਰਗਾੜੀ ਵਿੱਚ ਗੁਰੂ ਗਰੰਥ ਸਹਿਬ ਦੇ ਅੰਗ ਪਾੜ ਕੇ ਗਲੀਆਂ ਵਿੱਚ ਸੁੱਟ ਕੇ ਘੋਰ ਬੇਅਦਬੀ ਕਰਨ ਦੀ ਦਿਲ ਕੰਬਾਊ ਘਟਨਾ ਵਾਪਰੀ ਤਾਂ ਸਿੱਖਾਂ ਵਿੱਚ ਇੱਕ ਦਮ ਗੁੱਸ਼ੇ ਦੀ ਲਹਿਰ ਫੈਲ ਗਈ। ਸਿੱਖਾਂ ਨੇ ਬਰਗਾੜੀ ਵੱਲ ਨੂੰ ਚਾਲੇ ਪਾ ਦਿੱਤੇ ਅਤੇ ਕੌਮ ਦਾ ਗੁਸ਼ਾ ਦੋਸ਼ੀਆਂ ਨੂੰ ਪਾੜ ਕੇ ਖਾ ਜਾਣ ਵਾਲਾ ਸੀ।ਉਧਰ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀ ਸੀ ਲੈ ਰਹੀ ਤੇ ਸਿੱਖਾਂ ਦੇ ਗੁਸ਼ੇ ਨੂੰ ੨੦੧੭ ਦੀਆਂ ਚੋਣਾਂ ਤੱਕ ਲੈ ਜਾਣਾ ਚਾਹੁੰਦੀ ਸੀ ਤਾਂ ਕਿ ਭਾਜਪਾ ਹਾਈਕਮਾਂਡ ਤੇ ਦਬਦਬਾ ਬਣਿਆ ਰਹੇ। ਪ੍ਰੰਤੂ ਸਿੱਖ ਕੌਮ ਦੋਸੀਆਂ ਨੂੰ ਜਲਦੀ ਤੋਂ ਜਲਦੀ ਗਿਰਫਤਾਰ ਕਰਕੇ ਸਜ਼ਾ ਦੀ ਮੰਗ ਕਰ ਰਹੀ ਸੀ ਜੋ ਸਰਕਾਰ ਅੱਜ ਤੱਕ ਵੀ ਪੂਰੀ ਨਹੀ ਕਰ ਸਕੀ। ਸਿੱਖਾਂ ਨੇ ਬਰਗਾੜੀ ਵਿੱਚ ਅਣਮਿਥੇ ਸਮੇਂ ਲਈ ਸਾਂਤਮਈ ਧਰਨਾ ਅਰੰਭ ਕਰ ਦਿੱਤਾ ਤਾਂ ਕਿ ਸਰਕਾਰ ਤੇ ਦਵਾਅ ਬਣਾ ਕੇ ਦੋਸ਼ੀਆਂ ਨੂੰ ਗਿਰਫਤਾਰ ਕਰਵਾਇਆ ਜਾ ਸਕੇ। ਸੋ ਸਮੁੱਚੇ ਪੰਜਾਬ ਦੇ ਹਰ ਕੋਨੇ ਚੋਂ ਸੰਗਤਾਂ ਨੇ ਬਰਗਾੜੀ ਵੱਲ ਵਹੀਰਾਂ ਘੱਤ ਕੇ ਧਰਨੇ ਵਿੱਚ ਪਹੁੰਚਣਾ ਸੁਰੂ ਕਰ ਦਿੱਤਾ। ਸੂਬਾ ਸਰਕਾਰ ਨੇ ਲੋਕਾਂ ਦੇ ਗੁਸ਼ੇ ਨੂੰ ਠੰਡਾ ਕਰਨ ਲਈ ਦੋਸ਼ੀਆਂ ਨੂੰ ਜਲਦੀ ਲੱਭ ਕੇ ਗਿਰਫਤਾਰ ਕਰਨ ਦੀ ਵਜਾਇ ਲੋਕਾਂ ਵਿੱਚ ਡਰ ਦਾ ਮਹੌਲ ਪੈਦਾ ਕਰਨ ਲਈ ਸਾਂਤਮਈ ਧਰਨਾ ਦੇ ਰਹੇ ਸਿੱਖਾਂ ਤੇ ਗੋਲੀਆਂ ਚਲਾਉਣ ਦਾ ਹੁਕਮ ਦੇ ਕੇ ਅਜਿਹੀ ਇਤਿਹਾਸਿਕ ਗਲਤੀ ਕਰ ਲਈ ਜਿਸ ਦਾ ਖਮਿਆਜਾ ਸੂਬਾ ਸਰਕਾਰ ਨੂੰ ਭੂਗਤਣਾ ਪਿਆ। ਸਿੱਖਾਂ ਦਾ ਗੁਸ਼ਾ ਸੱਤਵੇਂ ਅਸਮਾਨ ਤੱਕ ਪਹੁੰਚ ਗਿਆ ,ਉਹਨਾਂ ਨੇ ਸਰਕਾਰੀ ਜਬਰ ਦੀ ਪ੍ਰਬਾਹ ਤੋਂ ਬੇਪ੍ਰਬਾਹ ਹੋ ਕੇ ਥਾਂ ਥਾਂ ਸੜਕਾਂ ਤੇ ਬੈਠ ਕੇ ਪੱਕੇ ਧਰਨੇ ਲਾ ਦਿੱਤੇ।ਸਰਕਾਰ ਦੀ ਇਸ ਵਧੀਕੀ ਤੋਂ ਗੁਸ਼ੇ ਵਿੱਚ ਆਏ ਸਿੱਖਾਂ ਨੇ ਅਕਾਲੀ ਮੰਤਰੀਆਂ ਵਿਧਾਇਕਾਂ,ਸਰੋਮਣੀ ਕਮੇਟੀ ਮੈਂਬਰਾਂ ਅਤੇ ਜਥੇਦਾਰਾਂ ਨੂੰ ਘੇਰਨਾ ਸੁਰੂ ਕਰ ਦਿੱਤਾ, ਉਹਨਾਂ ਨੂੰ ਕਿਸੇ ਵੀ ਜਨਤਕ ਸਮਾਗਮਾਂ ਵਿੱਚ ਸਾਮਲ ਹੋਣ ਤੇ ਸਿੱਖਾਂ ਦੇ ਗੁਸ਼ੇ ਦਾ ਸਿਕਾਰ ਹੋਣਾ ਪੈ ਰਿਹਾ ਸੀ। ਇਸ ਸਮੇ ਦੌਰਾਨ ਹੀ ਸੂਬਾ ਸਰਕਾਰ ਦੇ ਕੁੱਝ ਮੰਤਰੀ ਕਨੇਡਾ ਅਮਰੀਕਾ ਦੇ ਦੌਰੇ ਤੇ ਚਲੇ ਗਏ ਜਿੱਥੇ ਉਹਨਾਂ ਨੂੰ ਉਥੋਂ ਦੇ ਸਿੱਖਾਂ ਨੇ ਧੱਕੇ ਮਾਰ ਮਾਰ ਕੇ ਚਲਦੇ ਕਰ ਦਿੱਤਾ। ਵਿਦੇਸਾਂ ਵਿੱਚ ਵਾਪਰੀ ਇਹ ਘਟਨਾ ਸ਼ੋਸ਼ਲ ਮੀਡੀਏ ਰਾਹੀ ਸਕਿੰਟਾਂ ਵਿੱਚ ਹੀ ਸਾਰੀ ਦੁਨੀਆਂ ਵਿੱਚ ਅੱਗ ਵਾਂਗੂ ਫੈਲ ਗਈ।ਵਿਦੇਸਾਂ ਵਿੱਚ ਵਾਪਰੀ ਇਸ ਘਟਨਾ ਦਾ ਅਸਰ ਪੰਜਾਬ ਵਿੱਚ ਵੀ ਹੋਇਆ, ਹੁਣ ਲੋਕ ਇਥੇ ਵੀ ਮੰਤਰੀਆਂ ਵਿਧਾਇਕਾਂ ਅਤੇ ਸਰੋਮਣੀ ਕਮੇਟੀ ਮੈਂਬਰਾਂ ਨੂੰ ਮਾਰ ਕੁੱਟ ਕਰਨ ਤੱਕ ਪੁੱਜ ਗਏ।ਪੰਜਾਬ ਸਰਕਾਰ ਦੇ ਕਈ ਸੀਨੀਅਰ ਮੰਤਰੀਆਂ ਅਤੇ ਬੀਬੀ ਜਗੀਰ ਕੌਰ ਵਰਗੀਆਂ ਨੂੰ ਆਪਣੇ ਜੁੱਤੇ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ ਹੈ।ਇੱਥੇ ਹੀ ਵਸ ਨਹੀ ਉੱਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਜਿਲ੍ਹਾ ਮਾਨਸਾ ਦੇ ਇੱਕ ਪਿੰਡ ਦੇ ਗੁਰਦੁਆਰਾ ਸਹਿਬ ਵਿੱਚ ਰੱਖੇ ਗਏ ਸਮਾਗਮ ਵਿੱਚ ਸਾਮਲ ਹੋਣ ਲਈ ਸਾਰੀ ਪੰਜਾਬ ਦੀ ਪੁਲਿਸ  ਤਾਇਨਾਤ ਕੀਤੇ ਹੋਣ ਦੇ ਬਾਵਜੂਦ ਵੀ ਗੁਰਦੁਆਰਾ ਸਹਿਬ ਵਿੱਚ ਦਾਖਲ ਹੋਣ ਲਈ ਗੁਰਦੁਆਰਾ ਸਹਿਬ ਦੀ ਕੰਧ ਤੋੜਨੀ ਪਈ ਸੀ।ਹਾਲਾਤ ਇਸਤਰਾਂ ਦੇ ਹੁੰਦੇ ਗਏ ਜਾਂ ਇਹ ਕਹਿ ਸਕਦੇ ਹਾਂ ਕਿ ਕੇਂਦਰੀ ਅਜੰਸ਼ੀਆਂ ਨੇ ਇੱਕ ਬਹੁਤ ਹੀ ਸੋਚੀ ਸਮਝੀ ਸਾਜਿਸ਼ ਤਹਿਤ ਗੁਰੂ ਸਹਿਬ ਦੀ ਬੇਅਦਬੀ ਕਰਾਉਣ ਦੀਆਂ ਇਹਨਾਂ ਹਿਰਦੇਵੇਧਕ ਘਟਨਾਵਾਂ ਨੂੰ ਲਗਾਤਾਰ ਜਾਰੀ ਰੱਖਿਆ। ਉਧਰ ਸੂਬਾ ਸਰਕਾਰ ਆਰ ਐਸ ਐਸ ਦੀ ਘੁਰਕੀ ਤੋਂ ਡਰਦੀ ਅਸਲ ਦੋਸ਼ੀਆਂ ਨੂੰ ਫੜਨ ਵਾਲੇ ਰਾਹ ਨਹੀ ਤੁਰੀ।ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿੱਖ ਕੌਂਮ ਤੇ ਭੀੜ ਪੈਂਦੀ ਰਹੀ ਹੈ ਤਾਂ ਪੁਰਾਤਨ ਸਮਿਆਂ ਵਿੱਚ ਵੀ ਸਿੱਖ ਸਰਬਤ ਖਾਲਸਾ ਬੁਲਾ ਕੇ ਕੌਮੀ ਫੈਸਲੇ ਲੈਂਦੇ ਰਹੇ ਹਨ।ਮੌਜੂਦਾ ਬਿਗੜੇ ਹਾਲਾਤਾਂ ਚੋਂ ਨਿਕਲਣ ਲਈ ਵੀ ਸਿੱਖ ਕੌਮ  ਨੇ ਸਰਬਤ ਖਾਲਸਾ ਬਲਾਉਂਣ ਦਾ ਫੈਸਲਾ ਕਰ ਲਿਆ।ਸੋ ਇਹ ੧੦ ਨਵੰਬਰ ਦਾ ਸਰਬੱਤ ਖਾਲਸਾ ਸਮਾਗਮ ਹੀ ਸੀ ਜਿਸ ਨੇ ਅਕਾਲੀ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ। ਸੂਬਾ ਸਰਕਾਰ ਨੇ ਸਰਬੱਤ ਖਾਲਸਾ ਸਮਾਗਮ ਨੂੰ ਗੈਰ ਕਨੂੰਨੀ ਐਲਾਨਕੇ ਉਹਦੇ ਪ੍ਰਬੰਧਕਾਂ ਸਮੇਤ ਥਾਪੇ ਗਏ ਜਥੇਦਾਰਾਂ ਨੂੰ ਜੇਲਾਂ ਵਿੱਚ ਬੰਦ ਕਰ ਦਿੱਤਾ। ਬਾਹਰ ਬਚਦੇ ਪੰਥਕ ਆਗੂਆਂ ਅਤੇ ਸੱਚ ਦੀ ਗੱਲ ਕਹਿਣ ਲਿਖਣ ਵਾਲੇ ਪੱਤਰਕਾਰਾਂ ਤੱਕ ਨੂੰ ਵੀ ਫੜਕੇ ਝੂਠੇ ਕੇਸਾਂ ਵਿੱਚ ਬੰਦ ਕਰਨ ਵਰਗੇ ਜੁਲਮ ਕਰਨੇ ਸੁਰੂ ਕਰ ਦਿੱਤੇ, ਉਧਰ ਸਦਭਾਵਨਾ ਦੇ ਨਾਮ ਤੇ ਰੈਲੀਆਂ ਕਰਨ ਦਾ ਪ੍ਰੋਗਰਾਮ ਬਣਾ ਦਿੱਤਾ। ਪਿਛਲੇ ਦਿਨਾਂ ਵਿੱਚ ਬਠਿੰਡਾ ਵਿੱਚ ਹੋਈ ਸਦਭਾਵਨਾ ਰੈਲੀ ਵਿੱਚ ਸਰਕਾਰ ਵੱਲੋਂ ਇਕੱਠ ਕਰਨ ਲਈ ਵਰਤਿਆ ਗਿਆ ਢੰਗ ਬੇਹੱਦ ਹੀ ਸਰਮਨਾਕ ਕਿਹਾ ਜਾ ਸਕਦਾ ਹੈ ਜਿਸ ਵਿੱਚ ਸਰਕਾਰੀ ਮੁਲਾਜਮਾਂ ਦੀ ਸਿਰਕਤ ਨੂੰ ਯਕੀਨੀ ਬਨਾਉਣ ਲਈ ਸਖਤ ਹਦਾਇਤਾਂ ਤੋਂ ਇਲਾਵਾ ਪਿੰਡਾਂ ਸਹਿਰਾਂ ਵਿੱਚੋਂ ਪੋਸਤ ਸਰਾਬ ਵਰਗੇ ਨਸਿਆਂ ਦੇ ਲਾਲਚ ਦੇ ਦੇ ਕੇ ਲਿਆਂਦੇ ਗਏ ਨਸ਼ੇੜੀਆਂ ਦੀਆਂ ਫਿਲਮਾਂ ਵੀ ਸ਼ੋਸ਼ਲ ਮੀਡੀਏ ਤੇ ਸ਼ਾਈਆਂ ਰਹੀਆਂ ਹਨ।ਇਸ ਦੌਰਾਨ ਹੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਗਰਸ ਦੇ ਪ੍ਰਧਾਨ ਬਣਨ ਵਿੱਚ ਕਾਮਯਾਬ ਹੋ ਗਏ ਤੇ ਨਾਲ ਦੀ ਨਾਲ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਿ ਮੈਂ ਵੀ ਪ੍ਰਧਾਨਗੀ ਦਾ ਪਦ ਸੰਭਾਲਣ ਦੀ ਰਸਮ ਬਠਿੰਡਾ ਉਸੇ ਜਗਾਹ ਤੇ ਇੱਕ ਵਿਸ਼ਾਲ ਰੈਲੀ ਕਰਕੇ ਹੀ ਨਿਭਾਵਾਂਗਾ ਜਿੱਥੇ ਸੁਖਵੀਰ ਬਾਦਲ ਨੇ ਰੈਲੀ ਕੀਤੀ ਸੀ। ਬਸ ਐਨਾ ਕਹਿਣ ਦੀ ਦੇਰ ਸੀ ਕਿ ਪਹਿਲਾਂ ਹੀ ਟਿਕਾਣਿਉਂ ਹਿੱਲੀ ਸਰਕਾਰ ਨੇ ਉਸੇ ਦਿਨ ਪਟਿਆਲੇ ਵਿਖੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ। ਅਕਾਲੀ ਕਾਂਗਰਸੀਆਂ ਦੇ ਆਪਸੀ ਰਾਮ ਰੌਲੇ ਵਿੱਚ ਪੰਜਾਬ ਦੇ ਲੋਕ ਹਮੇਸਾਂ ਦੀ ਤਰਾਂ ਇੱਕ ਵਾਰ ਫਿਰ ਭਟਕ ਗਏ।ਗੁਰੂ ਸਹਿਬ ਦੀ  ਹੋਈ ਬੇਅਦਬੀ ਦੇ ਸੰਘਰਸ਼ ਨੂੰ ਛੱਡਕੇ ਇੱਕ ਵਾਰ ਫਿਰ ਅਕਾਲੀ ਕਾਂਗਰਸੀਆਂ ਵਿੱਚ ਵੰਡੇ ਦੇਖੇ ਗਏ।ਸਿੱਖ ਸੰਘਰਸ਼ ਨੂੰ ਤੇਜ ਕਰਨ ਲਈ ਕੁੱਝ ਪੰਥਕ ਜਥੇਵੰਦੀਆਂ ਨੇ ਬਰਗਾੜੀ ਵਿਖੇ ਸ੍ਰੀ ਅਖੰਡ ਪਾਠ ਅਰੰਭ ਕਰਵਾ ਦਿੱਤੇ ਜਿੰਨਾਂ ਦੇ ਭੋਗ ਤੇ ਪਹੁੰਚਣ ਲਈ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਸੀ ਤਾਂ ਕਿ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਗਿਰਫਤਾਰ ਕਰਵਾਉਣ ਅਤੇ ਸਰਬੱਤ ਖਾਲਸਾ ਅਤੇ ਉਸਤੋਂ ਵਾਅਦ ਝੂਠੇ ਕੇਸਾਂ ਵਿੱਚ ਫੜ ਕੇ ਜੇਲਾਂ ਵਿੱਚ ਬੰਦ ਕੀਤੇ ਸਿੱਖ ਆਗੂਆਂ ਨੂੰ ਰਿਹਾ ਕਰਵਾਉਣ ਲਈ ਪਰੋਗਰਾਮ ਉਲੀਕਿਆ ਜਾ ਸਕੇ।ਇਹ ਤਿੰਨੋਂ ਹੀ ਪ੍ਰੋਗਰਾਮ ਇੱਕੋ ਦਿਨ ੧੫ ਦਸੰਬਰ ਦੇ ਸਨ। ਪਟਿਆਲਾ,ਬਠਿੰਡਾ ਅਤੇ ਬਰਗਾੜੀ ਦੇ ਇਕੱਠਾਂ ਵਿੱਚੋਂ ਬਰਗਾੜੀ ਦਾ ਇਕੱਠ ਇੱਕ ਗੱਲ ਚਿੱਟੇ ਦਿਨ ਵਾਂਗ ਸਾਫ ਕਰ ਗਿਆ ਹੈ,ਕਿ ਉਸ ਦਿਨ ਬਰਗਾੜੀ ਵਿੱਚ ਪਹੁੰਚੇ ਸਿੱਖ ਹੀ ਅਸਲ ਗੁਰੂ ਦੇ ਸਿੱਖ ਸਮਝੇ ਜਾ ਸਕਦੇ ਹਨ ਜਿੰਨਾਂ ਨੇ ਅਕਾਲੀਆਂ ਅਤੇ ਕਾਗਰਸੀਆਂ ਦੇ ਰਾਜਨੀਤਕ ਇਕੱਠਾਂ ਵਿੱਚ ਜਾਣ ਨਾਲੋਂ ਆਪਣੇ ਗੁਰੂ ਦੇ ਚਰਨੀ ਲੱਗਣ ਨੂੰ ਤਰਜੀਹ ਦਿੱਤੀ। ਸਾਡੇ ਪੰਜਾਬ ਦੇ ਲੋਕਾਂ ਦੀ ਇਹ ਵੱਡੀ ਤਰਾਸਦੀ ਹੈ ਕਿ ਇਹ ਵਖਤ ਨੂੰ ਬਹੁਤ ਜਲਦੀ ਭੁੱਲਕੇ ਮਹਿਜ ਦੋ ਬੁੱਕ ਦਾਰੂ ਜਾਂ ਚਮਚੇ ਪੋਸਤ ਦੇ ਪਿੱਛੇ ਭੱਜਣ ਵਾਲੇ ਅਕਾਲੀ ਜਾਂ ਕਾਂਗਰਸੀ ਝੱਟ ਬਣ ਜਾਂਦੇ ਹਨ।ਇਹ ਦੇ ਵਿੱਚ ਕੋਈ ਸ਼ੱਕ ਨਹੀ ਕਿ ਕੈਪਟਨ ਦੀ ਬਠਿੰਡਾ ਰੈਲੀ ਸੁਖਵੀਰ ਦੀ ਪਟਿਆਲਾ ਰੈਲੀ ਤੋਂ ਕਿਤੇ ਭਰਵੀਂ ਸੀ ਜਿਸ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਇੱਕ ਗੱਲ ਤਾਂ ਦੋਨੋਂ ਰੈਲੀਆਂ ਵਿੱਚ ਸਾਂਝੀ ਰਹੀ ਹੈ ਕਿ ਦਾਰੂ ਪੋਸਤ ਦੋਨਾਂ ਪਾਸੇ ਹੀ ਖੂਬ ਚੱਲਿਆ ਹੈ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਰੈਲੀ ਵਿੱਚ ਗੁਟਕਾ ਸਹਿਬ ਹੱਥ ਵਿੱਚ ਲੈ ਕੇ ਤੇ ਤਖਤ ਸ੍ਰੀ ਦਮਦਮਾ ਸਹਿਬ ਵੱਲ ਮੂੰਹ ਕਰਕੇ ਨਸ਼ਾ ਚਾਰ ਹਫਤਿਆਂ ਵਿੱਚ ਬੰਦ ਕਰਨ ਦੀ ਕਸਮ ਵੀ ਖਾਧੀ ਹੈ। ਜੇ ਗੱਲ ਕੀਤੀ ਜਾਵੇ ਬਰਗਾੜੀ ਵਾਲੇ ਇਕੱਠ ਦੀ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਹੋਇਆ ਇਹ ਬਰਗਾੜੀ ਦਾ ਸਮਾਗਮ ਵੀ ਕੋਈ ਘੱਟ ਮਹੱਤਵ ਨਹੀ ਰੱਖਦਾ ਬਲਕਿ ਇਥੇ ਹੋਇਆ ਇਕੱਠ ਉਹਨਾਂ ਲੋਕਾਂ ਦਾ ਇਕੱਠ ਸੀ ਜਿਹੜੇ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਸਾਧਨ ਮੁਹੱਈਆ ਕਰਵਾਉਣ ਤੋਂ ਆਪਣੇ ਸਾਧਨਾਂ ਰਾਹੀਂ ਆਪਣੇ ਆਪ ਪਹੁੰਚੇ ਸਨ। ਅਕਾਲੀ ਦਲ  ਅਤੇ ਕਾਂਗਰਸ ਪਾਰਟੀ ਦੀ ਰੈਲੀ ਵਿੱਚ ਪੁੱਜੇ ਜਿਆਦਾਤਰ ਲੋਕ ਮੂੰਹ ਮੁਲਾਹਜਾ ਰੱਖਣ ਲਈ ਜਾਂ ਫਿਰ ਕਿਸੇ ਲਾਲਚ ਵਸ ਹੀ ਸਾਮਲ ਹੋਏ ਸਨ ਸਮੱਰਪਣ ਭਾਵਨਾ ਵਾਲੇ ਤਾਂ ਉਹਨਾਂ ਦੇ ਇਕੱਠਾਂ ਵਿੱਚ ਵੀ ਤੀਹ ਤੀਹ ਪੈਂਤੀ ਪੈਂਤੀ ਹਜਾਰ ਹੀ ਹੋਣਗੇ ਜਦੋਂ ਕਿ ਬਿਨਾਸ਼ੱਕ ਬਰਗਾੜੀ ਵਿਖੇ ਹੋਇਆ ਤੀਹ ਪੈਂਤੀ ਹਜਾਰ ਦਾ ਇਕੱਠ ਹੀ ਸਮਰਪਤ ਨਿਰੋਲ ਸਿੱਖਾਂ ਦਾ ਇਕੱਠ ਕਿਹਾ ਜਾ ਸਕਦਾ ਹੈ। । ਏਥੇ ਇੱਕ ਗੱਲ ਹੋਰ ਵੀ ਸਾਫ ਹੋ ਜਾਂਦੀ ਹੈ ਕਿ ਜੇਕਰ ਅੱਜ ਵੀ ਸਿੱਖ ਪ੍ਰਚਾਰਕ ਅਤੇ ਪੰਥਕ ਧਿਰਾਂ ਇਮਾਨਦਾਰੀ ਨਾਲ ਗੁਰੂ ਸਹਿਬ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਤੁਰਨਾ ਸਿੱਖ ਲੈਣ ਤਾਂ ਉਹ ਦਿਨ ਦੂਰ ਨਹੀ ਜਦੋਂ ਸਾਡਾ ਗੁਰਦੁਆਰਾ ਪ੍ਰਬੰਧ ਸਹੀ ਸਿੱਖਾਂ ਦੇ ਹੱਥ ਵਿੱਚ ਹੋਵੇਗਾ।ਸਮੁੱਚੀਆਂ ਪੰਥਕ ਜਥੇਵੰਦੀਆਂ ਦੇ ਆਗੂਆਂ ਨੂੰ ਇਹ ਗੱਲ ਬੜੇ ਗਹੁ ਨਾਲ ਵਾਚਣੀ ਪਵੇਗੀ ਕਿ ਤੇਜਾ ਸਿੰਘ ਹੋਰਾਂ ਦੀ ਗਦਾਰੀ ਨਾਲ ਗਿਆ ਖਾਲਸੇ ਦਾ ਰਾਜ ਤਕਰੀਵਨ ਪੌਣੇ ਦੋ ਸੌ ਸਾਲਾਂ ਵਾਅਦ ਵੀ ਅਸੀਂ ਮੁੜ ਪਰਾਪਤ ਨਹੀ ਕਰ ਸਕੇ।ਜੇਕਰ ਹੁਣ ਵੀ ਨਾਂ ਸੰਭਲੇ ਤਾਂ ਇੱਕ ਗੱਲ ਏਥੇ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਫਿਰ ਘੱਟੋ ਘੱਟ ਤੁਸੀਂ ਤਾਂ ਆਪਣੀ ਉਮਰ ਵਿੱਚ ਰਾਜਭਾਗ ਤਾਂ ਦੂਰ ਦੀ ਗੱਲ ਹੈ ਗੁਰਦੁਆਰੇ ਵੀ ਅਜਾਦ ਨਹੀ ਕਰਵਾ ਸਕੋਂਗੇ ਫਿਰ ਇਤਿਹਾਸ ਵਿੱਚ ਤੁਹਾਨੂੰ ਵੀ ਉਹਨਾਂ ਲੋਕਾਂ ਦੀ ਕਤਾਰ ਵਿੱਚ ਖੜਾ ਕੀਤਾ ਜਾਵੇਗਾ ਜਿਹੜੇ ਕਿਸੇ ਨਾਂ ਕਿਸੇ ਰੂਪ ਵਿੱਚ ਸਿੱਖੀ ਦੇ ਨੁਕਸਾਨ ਲਈ ਜੁੰਮੇਵਾਰ ਰਹੇ ਹਨ ਇਸ ਲਈ ਇਤਿਹਾਸ ਦੇ ਗੁਨਾਹਗਾਰ ਨਾ ਬਣੋ।

Install Punjabi Akhbar App

Install
×