ਕੀ ਬਾਦਲ ਪਰਿਵਾਰ, ਪਰਿਵਾਰਬਾਦ ਦਾ ਦਾਗ ਮੱਧਮ ਕਰ ਰਿਹਾ ਹੈ?

ਵਿਧਾਨ ਸਭਾ ਹਲਕਾ ਖੇਮਕਰਨ ਤੇ ਮਜੀਠਾ ਲੋਕ ਚਰਚਾ ਵਿੱਚ ਹਨ

ਜਦੋਂ ਵੀ ਚੋਣਾਂ ਦਾ ਸਮਾਂ ਆਉਂਦਾ ਹੈ ਤਾਂ ਬਾਦਲ ਪਰਿਵਾਰ ਟਿਕਟਾਂ ਦੀ ਵੰਡ ਨੂੰ ਲੈ ਕੇ ਚਰਚਾ ਵਿੱਚ ਰਹਿੰਦਾ ਹੈ। ਅਕਾਲੀ ਦਲ ਦੀ ਭਾਵੇਂ ਆਪਣੀ ਕੋਰ ਕਮੇਟੀ ਵੀ ਹੈ, ਪਰ ਟਿਕਟਾਂ ਦੀ ਵੰਡ ਨੂੰ ਲੈ ਕੇ ਕੋਰ ਕਮੇਟੀ ਡੰਮੀ ਹੀ ਸਾਬਤ ਹੁੰਦੀ ਹੈ, ਬਾਦਲ ਪਰਿਵਾਰ ਆਪਣੀ ਮਰਜੀ ਨਾਲ ਹੀ ਟਿਕਟਾਂ ਦੀ ਵੰਡ ਕਰਦਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਗਈਆਂ ਹਨ, ਅਕਾਲੀ ਦਲ ਨੇ ਆਪਣੀ ਚੋਣ ਮੁਹਿੰਮ ਦੀ ਸੁਰੂਆਤ ਕਰ ਦਿੱਤੀ ਹੈ ਅਤੇ ਪੰਜਾਬ ਦੀਆਂ 64 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ।
ਇਸ ਵਾਰ ਅਕਾਲੀ ਦਲ ਦੀ ਸੀਟ ਖੇਮਕਰਨ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਦੀ ਸਪੁੱਤਰੀ ਤੇ ਮਰਹੂਮ ਮੁੱਖ ਮੰਤਰੀ ਸ੍ਰ: ਪ੍ਰਤਾਪ ਸਿੰਘ ਕੈਰੋਂ ਦੀ ਪੋਤ ਨੂੰਹ ਬੀਬੀ ਪਰਨੀਤ ਕੌਰ ਚੋਣ ਲੜਣਾ ਚਾਹੁੰਦੇ ਹਨ। ਕੈਰੋਂ ਪਰਿਵਾਰ ਮਾਝੇ ਦੀ ਸਿਆਸਤ ਦਾ ਥੰਮ ਸਮਝਿਆ ਜਾਦਾ ਹੈ। ਇਸ ਪਰਿਵਾਰ ਦੀ ਨੂੰਹ ਬੀਬੀ ਪਰਨੀਤ ਕੌਰ ਸੁਪਤਨੀ ਸ੍ਰ: ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਹੁਤ ਸ਼ਰੀਫ ਤੇ ਸਮਾਜ ਸੇਵਕ ਮੰਨੀ ਜਾਂਦੀ ਹੈ, ਭਾਵੇਂ ਬਾਦਲ ਪਰਿਵਾਰ ਤੇ ਕੈਰੋਂ ਪਰਿਵਾਰ ਦੋਵੇਂ ਹੀ ਸਿਆਸਤ ਵਿੱਚ ਉੱਚਕੋਟੀ ਦਾ ਸਥਾਨ ਰਖਦੇ ਹਨ, ਪਰ ਬੀਬੀ ਪਰਨੀਤ ਕੌਰ ਨੇ ਕਦੇ ਵੀ ਚੋਣ ਨਹੀਂ ਲੜੀ, ਉਸਨੇ ਘਰੇਲੂ ਸੁਆਣੀ ਵਜੋਂ ਜਿੰਦਗੀ ਦਾ ਵੱਡਾ ਹਿੱਸਾ ਬਿਤਾਇਆ ਹੈ। ਉਹਨਾਂ ਦੇ ਪਤੀ ਸ੍ਰ: ਆਦੇਸ਼ ਪ੍ਰਤਾਪ ਸਿੰਘ ਅਕਾਲੀ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਤੇ ਰਹੇ ਹਨ।
ਚੋਣਾਂ ਲਈ ਟਿਕਟਾਂ ਦੀ ਵੰਡ ਸਮੇਂ ਬਾਦਲ ਪਰਿਵਾਰ ਤੇ ਦੋਸ਼ ਲਗਦੇ ਰਹੇ ਹਨ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸਤੇਦਾਰਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਹਨ, ਇਹ ਪਰਿਵਾਰਵਾਦ ਦੀ ਵੱਡੀ ਮਿਸ਼ਾਲ ਹੈ। ਕਿਉਂਕਿ ਸ੍ਰ: ਪ੍ਰਕਾਸ ਸਿੰਘ, ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਦਲ ਦੇ ਮੌਜੂਦਾ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਦੇ ਭਣੋਈਏ ਸ੍ਰ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਸੁਖਬੀਰ ਬਾਦਲ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਨੂੰ ਟਿਕਟਾਂ ਦਿੱਤੀਆਂ ਤੇ ਵਜ਼ੀਰ ਬਣਾਇਆ। ਅਗਲੀਆਂ ਚੋਣਾਂ ਲਈ ਕੈਰੋਂ ਪਰਿਵਾਰ ਦੋ ਸੀਟਾਂ ਤੇ ਚੋਣ ਲੜਣ ਦਾ ਇੱਛੁਕ ਸੀ, ਪੱਟੀ ਤੋਂ ਆਦੇਸ ਪ੍ਰਤਾਪ ਸਿੰਘ ਤੇ ਖੇਮਕਰਨ ਤੋਂ ਬੀਬੀ ਪਰਨੀਤ ਕੌਰ।
ਸ੍ਰ: ਸੁਖਬੀਰ ਸਿੰਘ ਬਾਦਲ ਨੇ ਜਿਹੜੀਆਂ ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉਹਨਾਂ ਵਿੱਚ ਖੇਮਕਰਨ ਸੀਟ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਘੋਸਿਤ ਕਰ ਦਿੱਤਾ ਹੈ। ਕੈਰੋਂ ਪਰਿਵਾਰ ਇਸ ਸੀਟ ਤੋਂ ਹਰ ਹਾਲਤ ਵਿੱਚ ਚੋਣ ਲੜਣ ਦਾ ਐਲਾਨ ਕਰ ਚੁੱਕਾ ਹੈ, ਬੀਬੀ ਪਰਨੀਤ ਕੌਰ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਚੋਣ ਲੜੇਗੀ ਜਾਂ ਆਜ਼ਾਦ ਉਮੀਦਵਾਰ ਵਜੋਂ, ਇਹ ਵੀ ਕਿਆਸ ਅਰਾਂਈਆਂ ਜਾ ਰਹੀਆਂ ਹਨ। ਕਿਉਂਕਿ ਕੈਰੋਂ ਪਰਿਵਾਰ ਵੀ ਜੋ ਕਹਿੰਦਾ ਹੈ ਉਹੀ ਕਰਦਾ ਹੈ।
ਬੀਬੀ ਪਰਨੀਤ ਕੌਰ ਨੂੰ ਟਿਕਟ ਕਿਉਂ ਨਹੀਂ ਦਿੱਤੀ ਗਈ? ਇਸ ਸਬੰਧੀ ਵੀ ਦੋ ਚਰਚਾਵਾਂ ਹਨ, ਪਹਿਲੀ ਕਿ ਸ੍ਰ: ਸੁਖਬੀਰ ਸਿੰਘ ਬਾਦਲ ਪਰਿਵਾਰਵਾਦ ਵਾਲਾ ਦਾਗ ਮੱਧਮ ਕਰਨਾ ਚਾਹੁੰਦੇ ਹਨ, ਦੂਜੀ ਕਿ ਉਹ ਸਹੁਰੇ ਪਰਿਵਾਰ ਤੇ ਭੈਣ ਦੇ ਪਰਿਵਾਰ ਪ੍ਰਤੀ ਨਜਰੀਏ ਦਾ ਮੁਜ਼ਾਹਰਾ ਕਰ ਰਹੇ ਹਨ। ਜੇਕਰ ਉਹ ਪਹਿਲੇ ਵਿਚਾਰ ਤੇ ਕਾਇਮ ਹਨ ਤੇ ਉਸੇ ਕਰਕੇ ਬੀਬੀ ਪਰਨੀਤ ਕੌਰ ਨੂੰ ਟਿਕਟ ਨਹੀਂ ਦਿੱਤੀ ਤਾਂ ਚੰਗੀ ਗੱਲ ਵੀ ਹੈ ਤੇ ਸੁਆਗਤ ਕਰਨਾ ਵੀ ਬਣਦਾ ਹੈ। ਪਰ ਜੇ ਸੱਚਮੁੱਚ ਇਹ ਫੈਸਲਾ ਹੈ ਤਾਂ ਸ੍ਰ: ਬਿਕਰਮ ਸਿੰਘ ਮਜੀਠੀਆ ਨੂੰ ਵੀ ਟਿਕਟ ਨਹੀਂ ਦਿੱਤੀ ਜਾਵੇਗੀ। ਜੇ ਸ੍ਰ: ਮਜੀਠੀਆ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਇਸਨੂੰ ਪਰਿਵਾਰਵਾਦ ਰੋਕਣ ਵਾਲਾ ਫੈਸਲਾ ਨਹੀਂ ਮੰਨਿਆ ਜਾਵੇਗਾ। ਲੋਕਾਂ ‘ਚ ਆਮ ਚਰਚਾ ਹੈ ਕਿ ਜੇਕਰ ਸੁਖਬੀਰ ਦੀ ਭੈਣ ਨੂੰ ਟਿਕਟ ਨਹੀਂ ਤਾਂ ਹਰਸਿਮਰਤ ਦੇ ਭਰਾ ਨੂੰ ਵੀ ਨਹੀਂ। ਜੇਕਰ ਭੈਣ ਦੇ ਪਰਿਵਾਰ ਤੇ ਸਹੁਰੇ ਪਰਿਵਾਰ ਵਾਲਾ ਨਜਰੀਆ ਹੈ ਤਾਂ ਮਾੜਾ ਤੇ ਪੰਜਾਬੀ ਸੱਭਿਆਚਾਰ ਵਿਰੋਧੀ ਹੈ।
ਪਰਿਵਾਰਵਾਦ ਨੂੰ ਸਿਆਸਤ ਵਿੱਚ ਠੱਲ੍ਹ ਪੈਣੀ ਚਾਹੀਦੀ ਹੈ, ਇਹ ਚੰਗਾ ਰੁਝਾਨ ਹੈ। ਪਰ ਖੇਮਕਰਨ ਸੀਟ ਵਾਲਾ ਫੈਸਲਾ ਮਜੀਠਾ ਸੀਟ ਤੇ ਵੀ ਲਾਗੂ ਹੁੰਦਾ ਹੈ ਜਾਂ ਨਹੀਂ, ਇਹ ਕੁੱਝ ਦਿਨਾਂ ਵਿੱਚ ਸਾਹਮਣੇ ਆ ਜਾਵੇਗਾ, ਜਿਸਤੋਂ ਬਾਦਲ ਪਰਿਵਾਰ ਦੀ ਸੋਚ ਤੇ ਨੀਤੀ ਸਪਸ਼ਟ ਹੋ ਜਾਵੇਗੀ।

Install Punjabi Akhbar App

Install
×