ਜਾਗਣ ਦਾ ਵੇਲਾ – ਬਾਦਲ ਪਰਿਵਾਰ ਦੀ ਭਾਜਪਾ ਪ੍ਰਤੀ ਵਫਾਦਾਰੀ ਕੌਂਮੀ ਗੈਰਤ ਦਾ ਘਾਣ

baghel singh dhaliwal 180712 ਜਾਗਣ ਦਾ ਵੇਲਾrr

ਬਿਨਾ ਸ਼ੱਕ  ਗੱਠਜੋੜ ਹਮੇਸਾ ਰਾਜਨੀਤਕ ਲਾਭ ਲੈਣ ਖਾਤਰ ਭਾਵ ਸੱਤਾ ਪਰਾਪਤੀ ਲਈ ਹੀ ਕੀਤੇ ਜਾਂਦੇ ਹਨ। ਸਿਆਸੀ ਗਲਿਆਰਿਆਂ ਵਿੱਚ ਗੱਠਜੋੜ ਹੋਣੇ ਤੇ ਟੁੱਟਣੇ ਆਮ ਵਰਤਾਰਾ ਹੈ।ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਇਹ ਗੱਠਜੋੜ ਚਿਰ ਸਥਾਈ ਵੀ ਨਹੀ ਹੁੰਦੇ। ਕਈ ਵਾਰ ਤਾਂ ਇਹ ਵੀ ਹੁੰਦਾ ਹੈ ਕਿ ਕਈ ਪਾਰਟੀਆਂ ਦੇ ਹੋਏ ਗੱਠਜੋੜ ਚੋਣਾਂ ਤੋਂ ਪਹਿਲਾਂ ਹੀ ਟੁੱਟ ਜਾਂਦੇ ਹਨ। ਰਾਜਨੀਤੀ ਖੇਡ ਹੀ ਅਜਿਹੀ ਹੈ ਕਿ ਇੱਕ ਪਾਰਟੀ ਦੀਆਂ ਹੀ ਕਈ ਕਈ ਪਾਰਟੀਆਂ ਬਣ ਜਾਂਦੀਆਂ ਹਨ। ਇਸ ਦੀ ਉਦਾਹਰਣ ਪੰਜਾਬ ਵਿੱਚ ਅਕਾਲੀ ਦਲ ਦੇ ਵੱਖ ਵੱਖ ਧੜਿਆਂ ਤੋਂ ਦੇਖੀ ਜਾ ਸਕਦੀ ਹੈ। ਇੱਕ ਸਮਾ ਤਾਂ ਉਹ ਵੀ ਆਇਆ ਸੀ ਜਦੋਂ ਅਕਾਲੀ ਦਲ ਦੇ ਵੱਖ ਵੱਖ ਧੜਿਆਂ ਦੀ ਗਿਣਤੀ ਵਧਕੇ 17 ਤੱਕ ਪਹੁੰਚ ਗਈ ਸੀ,ਭਾਂਵੇਂ ਕਿ ਹੁਣ ਇਹਨਾਂ ਦਲਾਂ ਦੀ ਗਿਣਤੀ ਘੱਟ ਹੋ ਗਈ ਹੈ। ਇਹ ਸਾਰੇ ਹੀ ਆਪਸੀ ਸਿਧਾਂਤਕ ਮੱਤਭੇਦ ਹੋਣ ਦੀ ਗੱਲ ਕਰਦੇ ਹਨ, ਜਦੋਂ ਕਿ ਅਸਲ ਸਚਾਈ ਤਾਂ ਇਹ ਹੈ ਕਿ ਅਕਾਲੀ ਦਲ ਦਾ ਸਿਧਾਂਤ ਤਾਂ ਗੁਰੂ ਦਾ ਫਲਸਫਾ ਹੈ, ਗੁਰੂ ਦਾ ਸਿਧਾਂਤ ਹੈ, ਉਹ ਸਿਧਾਂਤ ਜਿਹੜਾ ਸਿੱਖਾਂ ਦੀ ਅਜਾਦ ਪ੍ਰਭੂਸੱਤਾ ਦੀ ਗੱਲ ਕਰਦਾ ਹੈ। ਉਹ ਸਿਧਾਂਤ ਜਿਹੜਾ ਕਦੇ ਵੀ ਸਿੱਖ ਨੂੰ ਗੁਲਾਮੀ ਵਾਲਾ ਜੀਵਨ ਜਿਉਣ ਦੀ ਇਜਾਜਤ ਨਹੀ ਦਿੰਦਾ। ਸਿੱਖ ਲਈ ਰਾਜਨੀਤੀ ਵਿੱਚ ਸਭ ਤੋਂ ਉੱਤਮ ਸਿਧਾਂਤ ਗੁਰੂ ਦੀ ਮੱਤ ਅਨੁਸਾਰ ਚੱਲ ਕੇ ਰਾਜ ਭਾਗ ਪਰਾਪਤ ਕਰਨ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਮੀਰੀ ਪੀਰੀ ਦਾ ਸਿਧਾਂਤ ਹੈ, ਪਰ ਅਫਸੋਸ ਕਿ ਅੱਜ ਦੇ ਸਿੱਖ ਰਾਜਨੀਤਕ ਆਗੂ ਲੋਭ ਲਾਲਸਾ ਚ ਡੁੱਬ ਕੇ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਟੱੁਟ ਚੁੱਕੇ ਹਨ ਤੇ ਦਿੱਲੀ ਦੇ ਤਖਤ ਨਾਲ ਜੁੜੇ ਹੋਏ ਹਨ, ਇਹੋ ਮੁੱਖ ਕਾਰਨ ਹੈ ਕਿ ਕੌਂਮ ਦੇ ਪੱਲੇ ਪਿਛਲੇ ਲੰਮੇ ਅਰਸੇ ਤੋਂ ਖੁਆਰੀਆਂ ਹੀ ਖੁਆਰੀਆਂ ਪੈ ਰਹੀਆਂ ਹਨ।

ਅਕਾਲੀ ਦਲਾਂ ਦੇ ਸਿਧਾਂਤਕ ਮੱਤਭੇਦ ਹੀ ਇਸ ਗੱਲ ਨੂੰ ਲੈ ਕੇ ਹਨ ਕਿ ਕੁੱਝ ਧੜੇ ਸਿੱਖੀ ਸਿਧਾਂਤਾਂ ਅਨੁਸਾਰ ਅਜਾਦ ਪ੍ਰਭੂਸੱਤਾ ਦੇ ਮੁਦਈ ਹਨ ਜਦੋਂ ਕਿ ਕੁੱਝ ਧੜੇ ਦਿੱਲੀ ਨੂੰ ਸਮੱਰਪਿਤ ਹੋਕੇ ਉਹਨਾਂ ਦੀ ਮਦਦ ਨਾਲ ਰਾਜਭਾਗ ਤੇ ਕਾਬਜ ਹੋਣ ਦਾ ਰਾਸਤਾ ਅਖਤਿਆਰ ਕਰ ਚੁੱਕੇ ਹਨ, ਜਿਹੜਾ ਸਿੱਖ ਕੌਂਮ ਲਈ ਸਭ ਤੋਂ ਮਾਰੂ ਸਾਬਤ ਹੋਇਆ ਹੈ।ਕਦੇ ਵੀ ਸਿਧਾਂਤਕ ਮੱਤਭੇਦ ਹੋਣ ਤੇ ਗੱਠਜੋੜ ਸਿਰੇ ਨਹੀ ਚੜਦੇ।ਗੈਰ ਸਿਧਾਂਤਕ ਗੱਠਜੋੜ ਟੁੱਟਣ ਕਾਰਨ ਸਰਕਾਰਾਂ ਟੱੁਟਣ ਦੀਆਂ ਕਿੰਨੀਆਂ ਹੀ ਉਦਾਹਰਣਾਂ ਹਨ। ਅਜੇ ਕੁੱਝ ਦਿਨ ਪਹਿਲਾਂ ਦੀ ਗੱਲ ਹੈ ਜਦੋ ਜੰਮੂ ਕਸਮੀਰ ਵਿੱਚ ਵਿੱਚ ਪਿਊਪਲ ਡੈਮੋਕਰੇਟਿਕ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਗੈਰ ਸਿਧਾਂਤਕ ਗੱਠਜੋੜ ਟੁੱਟ ਗਿਆ ਤੇ ਮਹਿਬੂਬਾ ਮੁਫਤੀ ਢਾਈ ਸਾਲ ਵੀ ਪੂਰੇ ਨਾ ਕਰ ਸਕੀ ਤੇ ਮਹਿਜ 26 ਕੁ ਮਹੀਨਿਆਂ ਵਿੱਚ ਹੀ ਉਹਨਾਂ ਦੀ ਕੁਰਸੀ ਖਿਸਕ ਗਈ। ਭਾਂਵੇਂ ਇਹ ਗੱਠਜੋੜ ਗੈਰ ਸਿਧਾਂਤਕ ਸੀ ਫਿਰ ਵੀ ਕਿਤੇ ਨਾ ਕਿਤੇ ਮਹਿਬੂਬਾ ਮੁਫਤੀ ਨੇ ਅਪਣੇ ਲੋਕਾਂ ਦੀ ਤਰਫਦਾਰੀ ਕਰਦਿਆਂ ਜਾਂ ਅਪਣੀ ਕੌਂਮ ਦੇ ਲੋਕਾਂ ਦੇ ਵਿਰੋਧ ਦੇ ਡਰ ਕਰਕੇ ਕੁਰਸੀ ਨੂੰ ਕੁਰਬਾਨ ਕਰ ਦਿੱਤਾ,ਪ੍ਰੰਤੂ ਪੰਜਾਬ ਦੀ ਖਾਸ ਕਰਕੇ ਸਿੱਖਾਂ ਦੀ ਨੁਮਾਇੰਦਾ ਪਾਰਟੀ ਸਰੋਮਣੀ ਅਕਾਲੀ ਦਲ ਦੇ ਮੁਖੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਦੁਸ਼ਮਣ ਜਮਾਤ ਭਾਰਤੀ ਜਨਤਾ ਪਾਰਟੀ ਨਾਲ ਇਹ ਗੈਰ ਸਿਧਾਂਤਕ ਸਮਝੌਤਾ ਕਿਵੇ ਨਿਭਾਇਆ ਜਾ ਰਿਹਾ ਹੈ। ਸਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੈਰ ਸਿਧਾਂਤਕ ਗੱਠਜੋੜ ਪਿਛਲੇ ਲੰਮੇ ਸਮੇ ਤੋਂ ਚੱਲ ਰਿਹਾ ਹੈ।

ਸਵਾਲ ਇਹ ਵੀ ਉੱਠਦਾ ਹੈ ਕਿ ਜਦੋਂ ਸਿਧਾਂਤਕ ਮੱਤਭੇਦ ਹੋਣ ਤੇ ਅਕਾਲੀ ਦਲ ਆਪਸ ਵਿੱਚ ਮਿਲ ਕੇ ਨਹੀ ਰਹਿ ਸਕਦੇ, ਫਿਰ ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਦਾ ਗੱਠਜੋੜ ਪਤੀ ਪਤਨੀ ਦੇ ਰਿਸਤੇ ਤੱਕ ਕਿਵੇਂ ਪਹੁੰਚ ਗਿਆ ਹੈ? ਸਭੈ ਸਾਂਝੀਵਾਲ ਸਦਾਇਨਿ ਦੇ ਸਿਧਾਂਤ ਤੇ ਪਹਿਰਾ ਦੇਣ ਵਾਲਾ ਅਕਾਲੀ ਦਲ ਫਿਰਕਾਪ੍ਰਸਤ ਪਾਰਟੀ ਨਾਲ ਗੱਠਜੋੜ ਕਿਵੇਂ ਨਿਭਾਅ ਰਿਹਾ ਹੈ? ਉਹ ਫਿਰਕਾਪ੍ਰਸਤ ਪਾਰਟੀ ਜਿਹੜੀ ਭਾਰਤ ਵਿੱਚੋਂ ਸਮੁੱਚੀਆਂ ਘੱਟ ਗਿਣਤੀਆਂ ਨੂੰ ਖਤਮ ਕਰਕੇ ਹਿੰਦੂ ਰਾਸ਼ਟਰ ਬਨਾਉਣ ਲਈ ਬਜਿੱਦ ਹੈ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਸਿੱਖ ਇਤਿਹਾਸ ਨੂੰ ਢਾਹ ਲਾਕੇ, ਸਿੱਖ ਕੌਂਮ ਦੀ ਹੋਂਦ ਖਤਮ ਕਰਨ ਤੇ ਤੁਲੀ ਹੋਈ ਹੈ, ਇੱਧਰ ਅਕਾਲੀ ਦਲ ਗੱਠਜੋੜ ਨੂੰ ਪਤੀ ਪਤਨੀ ਵਾਲਾ ਰਿਸਤਾ ਦੱਸਕੇ ਵਫਾਦਾਰੀ ਸਾਬਤ ਕਰਨ ਤੇ ਤੁਲਿਆ ਹੋਇਆ ਹੈ। ਬੀਤੇ ਕੱਲ ਦੀ ਮਲੋਟ ਵਿੱਚ ਹੋਈ ਮੋਦੀ ਦੀ ਧੰਨਵਾਦ ਰੈਲੀ ਸਿੱਖ ਕੌਂਮ ਦੇ ਸਿਰ ਚ ਖੇਹ ਪਾਉਣ ਤੋਂ ਵੱਧ ਕੁੱਝ ਵੀ ਨਹੀ ਹੈ। ਬਾਦਲ ਪਰਿਵਾਰ ਨੂੰ ਇਹ ਸੁਆਲ ਪੁੱਛਣਾ ਬਣਦਾ ਹੈ ਕਿ ਜਿਹੜੀ ਜੀ ਐਸ ਟੀ ਮੁਆਫ ਕਰਵਾਉਣ ਦੀ ਅਕਾਲੀ ਦਲ ਬਾਦਲ ਦੁਹਾਈ ਪਾ ਰਿਹਾ ਹੈ, ਕੀ ਉਹਦਾ ਸੱਚ ਇਹ ਨਹੀ ਕਿ ਉਹਨਾਂ ਪਹਿਲਾਂ ਗੁਰੂ ਕੇ ਲੰਗਰਾਂ ਤੇ ਜਜ਼ੀਆ ਲਾਇਆ ਬਾਅਦ ਵਿੱਚ ਮੁਆਫੀ ਦੇ ਨਾਮ ਤੇ ਲੰਗਰ ਦੀ ਪ੍ਰੰਪਰਾ ਨੂੰ ਹੀ ਤਹਿਸ ਨਹਿਸ ਕਰਨ ਦੀ ਸਕੀਮ ਬਣਾਈ ?

ਇਹ ਵੀ ਸੱਚ ਹੈ ਕਿ ਕੇਂਦਰ ਦੀ ਇਸ ਬਦਨੀਤੀ ਨੂੰ ਸਫਲ ਕਰਵਾਉਣ ਲਈ ਵੀ ਅਕਾਲੀ ਦਲ ਬਾਦਲ ਅਤੇ ਸਰੋਮਣੀ ਕਮੇਟੀ ਪੂਰਾ ਤਾਣ ਲਾ ਰਹੇ ਹਨ। ਸਾਢੇ ਚਾਰ ਸਾਲਾਂ ਤੋਂ ਬਾਅਦ,ਜਦੋ ਮੋਦੀ ਦੀ ਸਰਕਾਰ ਕੋਲ ਸਿਰਫ ਗਿਣਤੀ ਦੇ ਦਿਨ ਬਚੇ ਹਨ, ਤਾਂ ਉਹਨਾਂ ਵੱਲੋਂ ਕਿਸਾਨਾਂ ਨੂੰ ਦੋ ਸੌ ਰੁਪਏ ਝੋਨੇ ਦੇ ਮੁੱਲ ਵਿੱਚ ਵਾਧਾ ਕਰਨ ਦੀ ਚਲਾਕੀ,ਉਹਨਾਂ ਦੀ ਅਸਲ ਮਣਸਾ ਨੂੰ ਉਜਾਗਰ ਕੀਤਾ ਹੈ। ਸੋ ਮੋਦੀ ਦੀ ਰੈਲੀ ਉਸ ਮੌਕੇ ਕਰਨੀ ਜਦੋ ਇੱਕ ਪਾਸੇ ਪੰਜਾਬ ਵਿੱਚ ਨਸ਼ਿਆਂ ਖਿਲਾਫ ਲੋਕ ਰੋਹ ਬਣਿਆ ਹੋਇਆ ਹੈ ਤੇ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਬਰਗਾੜੀ ਵਿੱਚ ਮੋਰਚਾ ਲੱਗਾ ਹੋਇਆ ਹੈ ਤਾਂ ਬਾਦਲ ਪਰਿਵਾਰ ਦੀ ਪੰਜਾਬ ਅਤੇ ਅਪਣੀ ਕੌਮ ਨਾਲ ਧਰੋਹ ਦੀ ਬਦਨੀਤੀ ਜੱਗ ਜਾਹਰ ਹੋਈ ਹੈ। ਜਿਸਤਰਾਂ ਮੋਦੀ ਵੱਲੋਂ ਦਸਤਾਰ ਨੂੰ ਉਤਾਰਿਆ ਗਿਆ ਹੈ, ਉਹਦੇ ਤੋਂ ਸਪੱਸਟ ਹੋਇਆ ਹੈ ਕਿ ਮੋਦੀ ਦੇ ਮਨ ਚ ਸਿੱਖੀ ਪ੍ਰਤੀ ਕਿੰਨੀ ਨਫਰਤ ਭਰੀ ਹੋਈ ਹੈ,ਇਹ ਬਾਦਲ ਪਰਿਵਾਰ ਰਾਹੀਂ ਸਿੱਖ ਕੌਂਮ ਨੂੰ ਜਲੀਲ ਕਰਕੇ ਕੌਂਮ ਨੂੰ ਚਿਤਾਵਨੀ ਦਿੱਤੀ ਗਈ ਹੈ। ਭਾਂਵੇਂ ਸਿੱਖ ਕੌਂਮ ਅੰਦਰ ਉਹ ਸੋਚ ਜਿਹੜੀ ਸੁਖਬੀਰ ਸਿੰਘ ਬਾਦਲ ਤੋਂ ਇਹ ਆਸ ਰੱਖ ਰਹੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਭਾਜਪਾ ਨਾਲ ਅਕਾਲੀ ਦਲ ਸਬੰਧ ਨਹੀ ਰੱਖੇਗਾ, ਉਹਦਾ ਭੁਲੇਖਾ ਦੂਰ ਹੋਇਆ ਹੈ, ਮਲੋਟ ਰੈਲੀ ਨੇ ਬਾਦਲ ਪਰਿਵਾਰ ਦੀ ਇੱਕ ਦੂਜੇ ਤੋਂ ਵਧਕੇ ਮੋਦੀ ਦੀ ਖੁਸ਼ਾਮਦ ਕਰਨ ਤੋਂ ਇਹ ਭੁਲੇਖਾ ਦੂਰ ਹੋਗਿਆ ਹੈ ਕਿ ਇਸ ਪਰਿਵਾਰ ਤੋਂ ਕਦੇ ਵੀ ਕੌਮੀ ਭਲੇ ਦੀ ਆਸ ਕਰਨੀ ਬਹੁਤ ਵੱਡੀ ਗਲਤ ਫਹਿਮੀ ਪਾਲਣ ਵਾਲੀ ਗੱਲ ਹੈ।

ਸ੍ਰ ਪ੍ਰਕਾਸ ਸਿੰਘ ਬਾਦਲ ਪਿਛਲੇ ਸੱਤ ਦਹਾਕਿਆਂ ਤੋਂ ਸਿੱਖ ਕੌਂਮ ਦੇ ਹਿਤਾਂ ਨੂੰ ਪੈਰਾਂ ਹੇਠ ਰੋਲ਼ ਕੇ ਅਪਣੀ ਸੱਤਾ ਚੌਧਰ ਕਾਇਮ ਰੱਖਦਾ ਆ ਰਿਹਾ ਹੈ, ਸਿੱਖੀ ਸਿਧਾਂਤਾਂ, ਸਿੱਖ ਜੁਆਨੀ ਦਾ ਘਾਣ ਕਰਵਾਉਂਦਾ ਆ ਰਿਹਾ ਹੈ, ਕੌਂਮੀ ਗੈਰਤ ਨੂੰ ਮਾਰਨ ਵਿੱਚ ਸਿੱਖ ਦੁਸ਼ਮਣ ਜਮਾਤ ਦੇ ਹੱਥਾਂ ਦਾ ਖਿਡਾਉਣਾ ਬਣਿਆ ਹੋਇਆ ਹੈ,ਗੁਰਦੁਆਰਾ ਪ੍ਰਬੰਧ ਨੂੰ ਅਸਿੱਧੇ ਤੌਰ ਤੇ ਨਾਗਪੁਰ ਦੀ ਮਾਰੂ ਸੰਸਥਾ ਆਰ ਐਸ ਐਸ ਨੂੰ ਸੌਪ ਚੁੱਕਿਆ ਹੈ, ਪਰ ਅਫਸੋਸ ! ਸਿੱਖ ਕੌਂਮ ਨੇ ਕਦੇ ਵੀ ਇਸ ਪਾਸੇ ਗੰਭੀਰਤਾ ਨਾਲ ਨਹੀ ਸੋਚਿਆ। ਜੇਕਰ ਹੁਣ ਵੀ ਉਹ ਇਸ ਰਾਜਨੀਤਕ ਚਾਲ ਦਾ ਸ਼ਿਕਾਰ ਹੋ ਗਏ ਤਾਂ ਕਿਸੇ ਨੂੰ ਦੋਸ਼ ਦੇਣ ਦਾ ਕੋਈ ਲਾਭ ਨਹੀ ਹੋਵੇਗਾ, ਸਗੋਂ ਸਿੱਖ ਖੁਦ ਅਪਣੀ ਗੈਰਤ ਨੂੰ ਮਾਰ ਕੇ ਅਪਣੀ ਹੋਂਦ ਨੂੰ ਮਿਟਾਉਣ ਵੱਲ ਕਦਮ ਪੁੱਟ ਰਹੇ ਹੋਣਗੇ।

ਬਘੇਲ ਸਿੰਘ ਧਾਲੀਵਾਲ
99142-58142

Install Punjabi Akhbar App

Install
×