ਜਥੇਦਾਰ ਦੇ ਬਿਆਨ ਤੋ ਬਾਅਦ ਬਾਦਲ ਚੁੱਪ ਕਿਉਂ?

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਪਣੇ ਖਾਲਿਸਤਾਨ ਦੀ ਹਾਂਮੀ ਭਰਨ ਵਾਲੇ ਬਿਆਨ ਨੂੰ ਲੈ ਕੇ ਚਰਚਾ ਵਿੱਚ ਹਨ।ਭਾਂਵੇਂ ਉਹਨਾਂ ਵੱਲੋਂ ਦੁਵਾਰਾ ਵੀ ਇਹ ਦਲੀਲ ਦੇ ਕੇ ਅਪਣੇ ਸਟੈਂਡ ਨੂੰ ਦਰੁਸਤ ਕਰਾਰ ਦਿੱਤਾ ਗਿਆ ਹੈ ਕਿ ਜੇਕਰ ਦੇਸ਼ ਦਾ ਹਿੰਦੂ ਹਿੰਦੂ ਰਾਸ਼ਟਰ ਬਨਾਉਣ ਦੀ ਗੱਲ ਕਰ ਸਕਦਾ ਹੈ ਤਾਂ ਖਾਲਿਸਤਾਨ ਦੀ ਮੰਗ ਕਰਨਾ ਵੀ ਕੋਈ ਗੁਨਾਹ ਨਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜੂਨ 84 ਦੇ ਘੱਲੂਘਾਰੇ ਦੀ 36ਵੇਂ ਸਲਾਨਾ ਸ਼ਹੀਦੀ ਦਿਹਾੜੇ ਮੌਕੇ ਪੱਤਰਕਾਰਾਂ ਵੱਲੋਂ ਖਾਲਿਸਤਾਨ ਸਬੰਧੀ ਪੁੱਛੇ ਸੁਆਲ ਦੇ ਜਵਾਬ ਵਿੱਚ ਖਾਲਿਸਤਾਨ ਦੀ ਭਰੀ ਗਈ ਹਾਮੀ ਨੂੰ ਜਿੱਥੇ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ,ਓਥੇ ਸਿੱਖ ਕੌਂਮ ਦੇ ਇਸ ਸਰਬੋਤਮ ਰੁਤਬੇ ਨੂੰ ਇੱਕ ਵਾਰ ਫਿਰ ਢਾਹ ਲਾਏ ਜਾਣ ਦੀ ਸਾਜਿਸ਼ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਦੇ ਆਗੂ ਅਕਾਲੀ ਦਲ ਤੋ ਜਵਾਬ ਮੰਗ ਰਹੇ ਹਨ ਅਤੇ ਕੇਂਦਰੀ ਸਰਕਾਰ ਤੋ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਕੈਬਿਨਟ ਚੋ ਕੱਢੇ ਜਾਣ ਦੀ ਮੰਗ ਕਰ ਰਹੇ ਹਨ। ਉਧਰ ਆਪ ਦੀ ਪੰਜਾਬ ਦੀ ਲੀਡਰਸ਼ਿੱਪ ਇਸ ਮੌਕੇ ਅਪਣੇ ਆਪ ਨੂੰ ਸਰਕੂਲਰ ਸਿੱਧ ਕਰਨ ਦਾ ਮੌਕਾ ਹੱਥੋਂ ਨਹੀ ਖੁੰਝਣ ਦੇਣਾ ਚਾਹੁੰਦੀ,ਉਹਨਾਂ ਨੇ ਵੀ ਜਥੇਦਾਰ ਦੇ ਬਿਆਨ ਤੇ ਅਪਣੇ ਸਿਆਸੀ ਤੀਰ ਛੱਡਣੇ ਸ਼ੁਰੂ ਕੀਤੇ ਹੋਏ ਹਨ।

ਆਪ ਦੀ ਵਿਧਾਇਕਾ ਬੀਬੀ ਬਲਜਿੰਦਰ ਕੌਰ,ਜਿਸ ਦਾ ਆਪਣਾ ਪਿਛੋਕੜ ਸਿੱਖ ਖਾੜਕੂ ਲਹਿਰ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ,ਉਹਨਾਂ ਨੇ ਤਾਂ ਇੱਥੋ ਤੱਕ ਵੀ ਕਹਿ ਦਿੱਤਾ ਹੈ ਕਿ ਇਸ ਵਿੱਚ ਮੇਰਾ ਕੀ ਕਸੂਰ ਹੈ ਕਿ ਜੇਕਰ ਮੈ ਸ਼ਹੀਦ ਪਰਿਵਾਰ ਚ ਜੰਮੀ ਹਾਂ,ਪ੍ਰੰਤੂ ਮੈ ਖਾਲਿਸਤਾਨ ਦੀ ਮੰਗ ਦਾ ਵਿਰੋਧ ਕਰਦੀ ਹਾਂ।ਇਹ ਬਿਆਨ ਆਉਣ ਤੋਂ ਬਾਅਦ ਸ਼ੋਸ਼ਲ ਮੀਡੀਏ ਤੇ ਵਿਧਾਇਕਾ ਬੀਬੀ ਨੂੰ ਸਿੱਖਾਂ ਦੇ ਵੱਡੇ ਹਿੱਸੇ ਵੱਲੋਂ ਕੀਤੇ ਜਾ ਰਹੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।। ਭਾਜਪਾ ਨੇ ਖੁੱਲੇ ਰੂਪ ਵਿੱਚ ਜਥੇਦਾਰ ਨੂੰ ਨਿਸਾਨਾ ਬਣਾਉਂਦਿਆਂ ਉਹਨਾਂ ਦੇ ਇਸ ਬਿਆਨ ਦੀ ਕਰੜੀ ਨਿੰਦਿਆ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋ ਹਟਾਉਣ ਦੀ ਮੰਗ ਕੀਤੀ ਹੈ ਉਧਰ ਇਸ ਸਾਰੇ ਘਟਨਾਕਰਮ ਤੇ ਅਕਾਲੀ ਦਲ (ਬਾਦਲ) ਦੇ ਮੁੱਖ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਜਿੱਥੇ ਜਥੇਦਾਰ ਸਾਹਿਬ ਦੇ ਬਿਆਨ ਨੂੰ ਕੌਂਮ ਦੀ ਭਾਵਨਾ ਕਰਾਰ ਦਿੱਤਾ ਹੈ,ਓਥੇ ਖਾਲਿਸਤਾਨ ਦੇ ਮੁੱਦੇ ਤੇ ਉਹਨਾਂ ਕੋਈ ਢੁਕਵਾਂ ਜਵਾਬ ਨਹੀ ਦਿੱਤਾ।ਹੁਣ ਉਪਰੋਕਤ ਸਾਰੇ ਵਰਤਾਰੇ  ਤੋਂ ਜਾਪਦਾ ਹੈ ਕਿ ਜਥੇਦਾਰ ਸਾਹਿਬ ਵੱਲੋਂ ਖਾਲਿਸਤਾਨ ਦੀ ਭਰੀ ਗਈ ਹਾਮੀ ਦਾ ਦੁੱਖ ਦਿੱਲੀ ਦੇ ਗਲਿਆਰਿਆਂ ਤੱਕ ਵੀ ਪਹੁੰਚ ਗਿਆ ਹੈ।ਵੱਖ ਵੱਖ ਪਾਰਟੀਆਂ ਵੱਲੋਂ ਜਿਸਤਰਾਂ ਇਸ ਮਸਲੇ ਨੂੰ ਉਛਾਲਿਆ ਜਾ ਰਿਹਾ ਹੈ,ਜਿਸਤਰਾਂ ਸਿੱਖ ਕੌਂਮ ਇੱਕ ਵਾਰ ਫਿਰ ਪਾਟੋਧਾੜ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਜਿਸਤਰਾਂ ਜਥੇਦਾਰ ਦੀ ਗੱਲ ਨੂੰ ਤੂਲ ਦਿੱਤਾ ਜਾ ਰਿਹਾ ਹੈ,ਉਹ ਸਮੁੱਚੇ ਵਰਤਾਰੇ ਲਈ ਸਭ ਤੋ ਵੱਡਾ ਦੋਸ਼ੀ ਅਕਾਲੀ ਦਲ(ਬਾਦਲ) ਨੂੰ ਹੀ ਮੰਨਿਆ ਜਾ ਰਿਹਾ ਹੈ,ਜਿੰਨਾਂ ਦੀ ਬਦੌਲਤ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਵਕਾਰੀ ਤੇ ਸ਼ਨਮਾਨਯੋਗ ਰੁਤਬੇ ਵੱਲ ਉੰਗਲਾਂ ਉੱਠਣ ਲੱਗੀਆਂ ਹਨ।

ਸ੍ਰੀ ਅਕਾਲ ਤਖਤ ਸਾਹਿਬ ਸਿੱਖਾ ਦੀ ਅਜਾਦ ਪ੍ਰਭੂਸੱਤਾ ਦਾ ਪਰਤੀਕ ਹੈ,ਉਸ ਦਾ ਸੇਵਾਦਾਰ ਭਾਵ ਜਥੇਦਾਰ ਸਿੱਖ ਕੌਂਮ ਲਈ ਦੁਨਿਆਵੀ ਰੁਤਬਿਆਂ ਤੋ ਸੁਪਰੀਮ ਹੈ,ਪ੍ਰੰਤੂ ਅਕਾਲੀ ਦਲ ਵੱਲੋਂ ਅੱਜ ਹਾਲਾਤ ਇਹ ਬਣਾ ਦਿੱਤੇ ਗਏ ਹਨ ਕਿ ਗੈਰ ਸਿੱਖ ਵੀ ਜਥੇਦਾਰ ਤੇ ਤਨਜਾਂ ਕਸਦੇ ਦਿਖਾਈ ਦਿੰਦੇ ਹਨ,ਜਿਸਦਾ ਅਕਾਲੀ ਦਲ (ਬਾਦਲ)ਕੋਈ ਜਵਾਬ ਨਹੀ ਦੇ ਰਿਹਾ।ਭਾਜਪਾ ਆਗੂ ਹਰਜੀਤ ਗਰੇਵਾਲ ਤਾਂ ਜਥਦਾਰ ਦੇ ਖਿਲਾਫ ਬੋਲਣ ਸਮੇ ਇੱਥੋ ਤੱਕ ਵੀ ਕਹਿ ਗਿਆ ਹੈ ਕਿ ਜਿਹੜਾ ਖਾਲਿਸਤਾਨ ਦੀਆਂ ਗੱਲਾਂ ਕਰਦਾ ਹੈ,ਤੇ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਕਰਦਾ ਹੈ,ਉਹ ਕਾਹਦਾ ਜਥੇਦਾਰ ਹੈ,ਇਸ ਨੂੰ ਜਥੇਦਾਰੀ ਤੋ ਹਟਾਉਣ ਚਾਹੀਦਾ ਹੈ ਅਤੇ ਗਰੇਵਾਲ ਭਾਜਪਾ ਦੀ ਦਿਲੀ ਭਾਵਨਾ ਦੀ ਤਰਜਮਾਨੀ ਕਰਦਾ ਹੋਇਆ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਤੱਕ ਲਈ ਕਹਿ ਜਾਂਦਾ ਹੈ।

ਹੈਰਾਨੀ ਇਸ ਗੱਲ ਤੋ ਹੁੰਦੀ ਹੈ ਕਿ ਭਾਜਪਾ ਆਗੂ ਨੇ ਅਕਾਲੀ ਦਲ ਦੇ ਖਿਲਾਫ ਇੱਕ ਵੀ ਸਬਦ ਨਹੀ ਬੋਲਿਆ,ਬਲਕਿ ਜਦੋ ਪੱਤਰਕਾਰਾਂ ਨੇ ਉਹਨਾਂ ਨੂੰ ਇਸ ਸਬੰਧੀ ਸੁਆਲ ਪੁੱਛਿਆ ਤਾਂ ਓਥੇ ਉਹਨਾਂ ਇਸ ਨੂੰ ਅਕਾਲੀ ਦਲ ਦਾ ਨਿੱਜੀ ਮਾਮਲਾ ਕਹਿ ਕੇ ਪੱਲਾ ਝਾੜ ਦਿੱਤਾ।ਇੱਕ ਪਾਸੇ ਭਾਜਪਾ ਆਗੂ ਜਥੇਦਾਰ ਨੂੰ ਹਟਾਉਣ ਦੀ ਮੰਗ ਕਰਦੇ ਹਨ ਤੇ ਦੂਜੇ ਪਾਸੇ ਅਕਾਲੀ ਦਲ ਨੂੰ ਕੁੱਝ ਵੀ ਕਹਿਣ ਤੋ ਗੁਰੇਜ ਕਰਦੇ ਹੋਏ ਸਾਰਾ ਗੁੱਸਾ ਜਥੇਦਾਰ ਸਾਹਿਬ ਤੇ ਕੱਢਦੇ ਦਿਖਾਈ ਦਿੰਦੇ ਹਨ।ਇੱਥੇ ਭਾਜਪਾ ਜਾਂ ਉਹਨਾਂ ਲੋਕਾਂ ਨੂੰ,ਜਿਹੜੇ ਸਿੱਖ ਭਾਵਨਾ ਦੀ ਤਰਜਮਨੀ ਕਰਨ ਵਾਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਹੇ ਸਬਦਾਂ ਤੋ  ਬੇਹੱਦ ਦੁਖੀ ਹੁੰਦੇ ਹੋਏ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਚ ਸਿੱਧੀ ਦਖਲਅੰਦਾਜੀ ਕਰਦੇ ਦੇਖੇ ਗਏ ਹਨ,ਉਹਨਾਂ ਨੂੰ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਦਿੱਲੀ ਦਰਬਾਰ ਦਾ ਨਹੀ ਹੁੰਦਾ,ਬਲਕਿ ਇਹ ਸਿੱਖ ਕੌਂਮ ਦੇ ਸਰਬ ਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਹੁੰਦਾ ਹੈ,ਜਿਹੜਾ ਦਿੱਲੀ ਦਰਬਾਰ ਨੂੰ ਜਵਾਬਦੇਹ ਨਾ ਹੋਕੇ ਸਿੱਧਾ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਤਾਂ ਤੇ ਪਹਿਰਾ ਦਿੰਦਾ ਹੋਇਆ ਅਪਣੀ ਕੌਮ ਨੂੰ ਜਵਾਬਦੇਹ ਹੈ,ਪ੍ਰੰਤੂ ਭਾਜਪਾ ਵੱਲੋਂ ਅਜਿਹਾ ਕਿਹਾ ਜਾਣਾ ਸੁਭਾਵਿਕ ਹੈ,ਕਿਉਂਕਿ ਉਹਨਾਂ ਦੀ ਭਾਈਵਾਲ ਪਾਰਟੀ ਸਰੋਮਣੀ ਅਕਾਲੀ ਦਲ (ਬਾਦਲ) ਨੇ ਅਪਣੇ ਨਿੱਜੀ ਮੁਫਾਦਾਂ ਖਾਤਰ ਸਿੱਖੀ ਸਿਧਾਤਾਂ ਨੂੰ ਟੇਢੇ ਢੰਗ ਨਾਲ ਕੇਂਦਰੀ ਤਾਕਤਾਂ ਕੋਲ ਗਿਰਵੀ ਰੱਖਿਆ ਹੋਇਆ ਹੈ।

ਇੱਥੇ ਇਹ ਵੀ ਕਿਸੇ ਨੂੰ ਕੋਈ ਭੁਲੇਖਾ ਨਹੀ ਕਿ ਭਾਵੇਂ ਇਹ ਬਿਆਨ ਜਥੇਦਾਰ ਸਾਹਿਬ ਨੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਸੁਭਾਵਿਕ ਹੀ ਦਿੱਤਾ ਹੈ ਤੇ ਜਾਂ ਕਿਸੇ ਦੇ ਇਸਾਰੇ ਤੇ ਦਿੱਤਾ ਹੈ,ਪ੍ਰੰਤੂ ਇਹਦਾ ਮੁੱਲ ਸਿੰਘ ਸਾਹਿਬ ਨੂੰ ਦੇਰ ਸਵੇਰ ਅਪਣਾ ਰੁਤਬਾ ਗੁਆ ਕੇ ਚੁਕਾਉਣਾ ਪੈ ਸਕਦਾ ਹੈ,ਕਿਉਕਿ ਦਿੱਲੀ ਦੀਆਂ ਮੁਤੱਸਬੀ ਤਾਕਤਾਂ ਕਦੇ ਵੀ ਨਹੀ ਚਾਹੁਣਗੀਆਂ ਕਿ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋ ਕੋਈ ਅਜਿਹਾ ਬਿਆਨ ਜਾਰੀ ਹੋਵੇ,ਜਿਹੜਾ ਸਿੱਖ ਮਨਾਂ ਦੀ ਤਰਜਮਾਨੀ ਕਰਦਾ ਹੋਵੇ,ਕਿਉਕਿ ਉਹ ਜਾਣਦੇ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਕਹੀ ਹੋਈ ਇਹ ਥੋੜੇ ਸਬਦਾਂ ਦੀ ਗੱਲ ਸਿੱਖ ਕੌਂਮ ਲਈ ਬਹੁਤ ਵੱਡਾ ਸੰਦੇਸਾ ਹੋ ਸਕਦੀ ਹੈ,ਇਸ ਲਈ ਉਹ ਨਹੀ ਚਾਹੁਣਗੀਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਕੋਈ ਸਿੱਖਾਂ ਦੀ ਅਜਾਦ ਹਸਤੀ ਦੀ ਗੱਲ ਕਰਨ ਵਾਲਾ ਵਿਅਕਤੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਜੋ ਸੇਵਾ ਨਿਭਾਵੇ।ਅਜਿਹਾ ਵਰਤਾਰਾ ਉਸ ਮੌਕੇ ਹੋਰ  ਨਾ ਬਰਦਾਸਤਕਰਨਯੋਗ ਬਣ ਜਾਂਦਾ ਹੈ,ਜਦੋਂ ਕੇਂਦਰੀ ਹਕੂਮਤ ਅਪਣੇ ਹਿੰਦੂ ਰਾਸ਼ਟਰ ਦੇ ਫਿਰਕੂ ਏਜੰਡੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਾਹਲ ਵਿੱਚ ਹੋਵੇ ਅਤੇ ਅਕਾਲੀ ਦਲ ਉਹਦੀ ਭਾਈਵਾਲ ਪਾਰਟੀ ਹੋਵੇ। ਉਪਰੋਕਤ ਦੇ ਸੰਦਰਭ ਵਿੱਚ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਦੱਸਣ ਕਿ ਉਹਨਾਂ ਨੇ ਅਪਣੇ ਹੀ ਨਿਯੁਕਤ ਕੀਤੇ ਜਥੇਦਾਰ ਨੂੰ ਲਾਵਾਰਸ ਕਿਉਂ ਛੱਡ ਦਿੱਤਾ ਹੈ ?

ਕੀ ਅਕਾਲੀ ਦਲ ਜਥੇਦਾਰ ਸਾਹਿਬ ਦੇ ਖਾਲਿਸਤਾਨ ਪ੍ਰਤੀ ਦਿੱਤੇ ਵਿਚਾਰਾਂ ਨਾਲ ਸਹਿਮਤ ਹੈ ? ਜੇਕਰ ਸਹਿਮਤ ਹੈ ਤਾਂ ਉਹ ਅਪਣੀ ਭਾਈਵਾਲ ਭਾਜਪਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅਜਾਦ ਪ੍ਰਭੂ ਸੱਤਾ ਦੇ ਸੰਕਲਪ ਤੋ ਜਾਣੂ ਕਰਵਾਉਣ ਤੋ  ਕਰਨ ਤੋ ਗੁਰੇਜ ਕਿਉਂ ਕਰਦਾ ਹੈ ?ਜੇਕਰ ਸਹਿਮਤ ਨਹੀ ਤਾਂ ਸਿੱਖ ਕੌਂਮ ਨੂੰ ਇਹ ਸਪੱਸਟ ਕਿਉਂ ਨਹੀ ਕਰਦਾ ਕਿ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਨਹੀ,ਬਲਕਿ ਦਿੱਲੀ ਦਰਬਾਰ ਨੂੰ ਸਰਬੁਉੱਚ ਮੰਨਦਾ ਹੈ? ਇਸ ਸੰਵੇਦਨਸ਼ੀਲ ਮੁੱਦੇ ਤੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਧਾਰੀ ਸਾਜਸ਼ੀ ਚੁੱਪ ਕਈ ਨਵੇਂ ਸੰਕਿਆਂ ਨੂੰ ਜਨਮ ਦਿੰਦੀ ਹੈ,ਜਿੰਨਾਂ ਨੂੰ ਦੂਰ ਕਰਨਾ ਸਮੇ ਦੀ ਲੋੜ ਹੈ।ਸੋ ਅਖੀਰ ਵਿੱਚ ਸਿੱਖ ਕੌਂਮ ਨੂੰ ਇਹ ਅਪੀਲ ਵੀ ਕੀਤੀ ਜਾਂਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਲੱਖ ਵਿਰੋਧ ਹੋ ਸਕਦੇ ਹਨ,ਉਹਨਾਂ ਨੂੰ ਕਿਹੜੀ ਧਿਰ ਮਨਤਾ ਦਿੰਦੀ ਤੇ ਕਿਹੜੀ ਨਹੀ ਦਿੰਦੀ,ਇਹ ਕੌਂਮ ਦਾ ਨਿੱਜੀ ਮਾਮਲਾ ਹੈ,ਇਸ ਨੂੰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੇ ਭੈਅ ਚ ਰਹਿ ਕੇ ਸੁਲਝਾਇਆ ਜਾ ਸਕਦਾ ਹੈ,ਪ੍ਰੰਤੂ ਅਜਿਹੇ ਮਾਮਲਿਆਂ ਚ ਸਿੱਖ ਵਿਰੋਧੀ ਤਾਕਤਾਂ ਦਾ ਦਾਖਲ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕੀਤਾ ਜਾਣਾ ਚਾਹੀਦਾ।

Install Punjabi Akhbar App

Install
×