ਬਾਦਲ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿਚ ਨਿਵੇਸ਼ ਦਾ ਸੱਦਾ

badal

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿਚ ਨਿਵੇਸ਼ ਕਰਨ। ਇਥੇ ਪ੍ਰਵਾਸੀ ਭਾਰਤੀ ਦਿਵਸ ਸਮਾਗਮ ਦੇ ਅੰਤਿਮ ਦਿਨ ਉਨ੍ਹਾਂ ਨੇ ”ਮੇਕ ਇਨ ਪੰਜਾਬ” ਦੀ ਧਾਰਨਾ ਪੇਸ਼ ਕੀਤੀ। ‘ਰਾਜਾਂ ਵਿਚ ਨਿਵੇਸ਼ ਦੇ ਮੌਕਿਆਂ’ ਸਬੰਧੀ ਸਮਾਗਮ ਵਿਚ ਬੋਲਦਿਆਂ ਸ੍ਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਪ੍ਰਵਾਸੀ ਭਾਰਤੀਆਂ ਲਈ ਨਿਵੇਸ਼ ਦੇ ਅਵਸਰ ਮੌਜੂਦ ਹਨ ਤੇ ਹੋਰ ਕਿਸੇ ਵੀ ਰਾਜ ਨਾਲੋਂ ਪੰਜਾਬ ਵਿਚ ਉਨ੍ਹਾਂ ਲਈ ਵਧ ਸਹੂਲਤਾਂ ਹਨ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮੇਕ ਇਨ ਇੰਡੀਆ’ ਦਿਸ਼ਟੀਕੋਨ ਦੀ ਪ੍ਰਸੰਸਾ ਕਰਦਾ ਹਾਂ ਪਰੰਤੂ ਮੈਂ ”ਮੇਕ ਇਨ ਪੰਜਾਬ” ਦੀ ਧਾਰਨਾ ਪੇਸ਼ ਕਰਨਾ ਚਹੁੰਦਾ ਹਾਂ ਕਿਉਂਕਿ ਅਸੀਂ ਅਜ਼ਾਦੀ ਦੇ ਅੰਦੋਲਨ ਵਿਚ ਵਧੇਰੇ ਕੁਰਬਾਨੀਆਂ ਕੀਤੀਆਂ ਹਨ। ਅੰਗਰੇਜਾਂ ਵੱਲੋਂ ਫਾਹੇ ਲਾਏ ਗਏ ਕੁਲ ਭਾਰਤੀਆਂ ਵਿਚੋਂ 80% ਪੰਜਾਬੀ ਸਨ। ਸ੍ਰ ਬਾਦਲ ਨੇ ਕਿਹਾ ਕਿ ਅਸੀਂ ਅਜ਼ਾਦੀ ਪ੍ਰਾਪਤ ਕਰਨ ਲਈ ਵਧ ਤੋਂ ਵਧ ਯੋਗਦਾਨ ਪਾਇਆ ਹੈ। ਅਜ਼ਾਦੀ ਤੋਂ ਬਾਅਦ ਅਨਾਜ਼ ਦੀ ਥੁੜ੍ਹ ਪੂਰੀ ਕਰਨ ਲਈ ਪੰਜਾਬ ਫਿਰ ਅਗੇ ਆਇਆ । ਦੇਸ਼ ਵਿਚ ਹੁੰਦੀ ਕੁਲ ਖਪਤ ਦਾ 50% ਪੰਜਾਬ ਸਪਲਾਈ ਕਰਦਾ ਹੈ। ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਵਿਚ ਨਵਾਂ ਭਰੋਸਾ ਪੈਦਾ ਕਰਨ ਲਈ ਵੀ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪੰਜਾਬ ਵਿਚ ਨਿਵੇਸ਼ ਕਰਨ ਲਈ ਪ੍ਰਵਾਸੀ ਭਾਰਤੀਆਂ ਨੂੰ ਆਕਰਸ਼ਤ ਕਰਨ ਵਾਸਤੇ ਰਾਜ ਸਰਕਾਰ ਵੱਲੋਂ ਚੁੱਕੇ ਗਏ ਅਨੇਕਾਂ ਕਦਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਪ੍ਰਵਾਸੀਆਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਵਿਸ਼ੇਸ਼ ਐਨ.ਆਰ.ਆਈ ਅਦਾਲਤਾਂ ਦਾ ਗਠਨ ਕੀਤਾ ਹੈ। ਰਾਜ ਵਿਚ ਪ੍ਰਵਾਸੀ ਭਾਰਤੀਆਂ ਵੱਲੋਂ ਕਿਰਾਏ ‘ਤੇ ਦਿੱਤੀਆਂ ਜਾਇਦਾਦਾਂ ਨੂੰ ਸੁਰਖਿਅਤ ਕਰਨ ਲਈ ਕਾਨੂੰਨ ਬਣਾਏ ਹਨ ਤੇ ਪ੍ਰਵਾਸੀਆਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਪੁਲਿਸ ਥਾਣਿਆਂ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਿਜ਼ਰਵ ਬੈਂਕ ਦੀ ਇਕ ਤਾਜਾ ਰਿਪਰਟ ਅਨੁਸਾਰ ਪੰਜਾਬ ਸਭ ਤੋਂ ਵਧ ਨਿਵੇਸ਼ ਖਿਚਣ ਦੇ ਮਾਮਲੇ ਵਿਚ ਤੀਸਰਾ ਮੰਨਭਾਉਂਦਾ ਸਥਾਨ ਹੈ ਜਦ ਕਿ ਵਿਸ਼ਵ ਬੈਂਕ ਅਨੁਸਾਰ ਕਾਰੋਬਾਰ ਕਰਨ ਦੇ ਮਾਮਲੇ ਵਿਚ ਲੁਧਿਆਣਾ ਪਹਿਲੇ ਸਥਾਨ ‘ਤੇ ਹੈ। ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੇ ਇਨ੍ਹਾਂ ਦੀ ਤਸਕਰੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਬਾਰੇ ਨਿਰਾਸ਼ਤਾ ਪ੍ਰਗਟ ਕਰਦਿਆਂ ਸ੍ਰ ਬਾਦਲ ਨੇ ਦਾਅਵਾ ਕੀਤਾ ਕਿ ਰਾਜ ਨੂੰ ਗਲਤ ਤੌਰ ‘ਤੇ ਨਸ਼ੇੜੀ ਵਜੋਂ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ”ਸਾਨੂੰ ਅਤੀਤ ਵਿਚ ਕਸ਼ਟ ਸਹਿਣਾ ਪਿਆ ਹੈ। ਪਹਿਲਾਂ ਵੰਡ ਤੇ ਅੱਤਵਾਦ ਦਾ ਸੰਤਾਪ ਭੋਗਿਆ। ਸਾਡੇ ਉਪਰ ਅੱਤਵਾਦ ਦਾ ਲੇਬਲ ਲਾ ਦਿੱਤਾ ਗਿਆ ਤੇ ਹੁਣ ਸਾਨੂੰ ਨਸ਼ੇੜੀ ਕਿਹਾ ਜਾ ਰਿਹਾ ਹੈ। ਖੈਰ ਇਸ ਬਾਰੇ ਮੈਂ ਵਧੇਰੇ ਨਹੀਂ ਬੋਲਣਾ ਕਿਉਂਕਿ ਇਹ ਸਥਾਨ ਇਸ ਕਿਸਮ ਦੀ ਚਰਚਾ ਕਰਨ ਲਈ ਉਚਿੱਤ ਮੰਚ ਨਹੀਂ ਹੈ।” ਉਨ੍ਹਾਂ ਸੁਝਾਅ ਦਿੱਤਾ ਕਿ ਪ੍ਰਵਾਸੀਆਂ ਦੇ ਬੱਚਿਆਂ ਨੂੰ ਕੁਝ ਸਾਲ ਭਾਰਤ ਵਿਚ ਪੜ੍ਹਨਾ ਚਾਹੀਦਾ ਹੈ । ਅਜਿਹਾ ਕਰਕੇ ਅਸੀਂ ਉਨ੍ਹਾਂ ਨੂੰ ਆਪਣੇ ਸਭਿਆਚਾਰ ਦੇ ਰੰਗ ਵਿਚ ਰੰਗ ਸਕਦੇ ਹਾਂ।

One thought on “ਬਾਦਲ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿਚ ਨਿਵੇਸ਼ ਦਾ ਸੱਦਾ

  1. Aaho ta ki investment karvaun to baad dhakkey naal apna hissa vi pava sakey. Badal Pvt. Ltd te bharosa karna ta apne foot aap kuharhi te maaran aala kam hai.

Comments are closed.

Install Punjabi Akhbar App

Install
×