ਬਾਦਲ ਸਰਕਾਰ ਸਿੱਖਾਂ ਦੇ ਖੂਨ ਨਾਲ ਹੋਲੀ ਖੇਡਣੀ ਬੰਦ ਕਰੇ-ਨਿਊਜ਼ੀਲੈਂਡ ਸਿੱਖ ਭਾਈਚਾਰਾ

NZ PIC 15 Oct-1ਨਿਊਜ਼ੀਲੈਂਡ ਦੀਆਂ ਬਹੁਤਾਤ ਸਿੱਖ ਸੰਸਥਾਵਾਂ ਵੱਲੋਂ ਸਾਂਝੇ ਤੌਰ ‘ਤੇ ਭੇਜੀ ਗਈ ਪਰੈਸ ਰਿਲੀਜ਼ ਵਿਚ ਕਿਹਾ ਗਿਆ ਕਿ ਪਿਛਲੇ ਦਿਨੀਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਰੋਸ ਵਜੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਅਤੇ ਸ਼ਰਾਰਤੀ ਅਨਸਰਾਂ ਨੂੰ ਫੜਨ ਦੀ ਮੰਗ ਕਰ ਰਹੇ ਸਿੱਖਾਂ ਦੇ ਨਾਲ ਸ਼ਰੇਆਮ ਬਾਦਲ ਸਰਕਾਰ ਨੇ ਖੂਨ ਦੀ ਹੋਲੀ ਖੇਡੀ ਹੈ। ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਮਾਰ ਦਿੱਤਾ ਅਤੇ ਦਰਜਨਾਂ ਜ਼ਖਮੀ ਹੋਏ। ਅਜਿਹਾ ਦਰਦਨਾਕ ਵਰਤਾਰਿਆਂ ਅਤੇ ਸਿੱਖਾਂ ਦੀ ਬੇਪਤੀ ਨੇ ਮੌਜੂਦਾ ਸਰਕਾਰ ਦਾ ਅਸਲੀ ਚਿਹਰਾ ਫਿਰ ਨੰਗਾ ਕੀਤਾ ਹੈ। ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਨੇ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਦੇ ਲਈ ਬਾਦਲ ਸਰਕਾਰ, ਪ੍ਰਸ਼ਾਸ਼ਣ ਅਤੇ ਸਥਾਨਕ ਵਿਧਾਇਕ ਜਿੰਮੇਵਾਰ ਹਨ। ਜਿਹੜੇ ਵਿਧਾਇਕ ਇਸ ਘਟਨਾ ਉਤੇ ਮਗਰ ਮੱਛ ਦੇ ਹੰਝੂ ਵਹਾਉਂਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਸਤੀਫੇ ਦੇ ਦੇਣ। ਇਸ ਦੇ ਨਾਲ ਹੀ ਸਾਰੇ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕੇ ਉਹ ਸਾਬਤ ਕਰਨ ਕੇ ਉਹ ਸਿੱਖ ਧਰਮ ਦੇ ਵਾਰਸ ਬਣਕੇ ਸਿੱਖਾਂ ਦਾ ਸਾਥ ਦੇਣਗੇ ਜਾਂ  ਉਨ੍ਹਾਂ  ਦੇ ਕਾਤਲਾਂ ਦਾ ਸਾਥ ਦੇਣਗੇ ਜਿਨ੍ਹਾਂ ਨੇ ਨਿਹੱਥੇ ਸ਼ਾਤਮਈ ਬੈਠੇ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ ਹੈ ।
ਅੱਗੇ ਕਿਹਾ ਗਿਆ ਹੈ ਕਿ ਸਰਕਾਰ ਨੇ ਆਪਣੀ ਸਪੱਸ਼ਟ ਸਿੱਖ ਵਿਰੋਧੀ ਨੀਤੀ ਅਪਣਾਉਦੇ ਹੋਏ ਸਿੱਖ ਵਿਰੋਧੀ ਚਿਹਰਾ ਹੁਣ ਫਿਰ ਦਿਖਾ ਦਿੱਤਾ ਹੈ ਇਸ ਲਈ ਅਕਾਲੀ ਦਲ ਬਾਦਲ ਵਿੱਚ ਕਿਸੇ ਵੀ ਅਹੁਦੇ ਤੇ ਬੈਠਣ ਵਾਲਾ ਸਿੱਖ ਸੱਚੀ ਤੇ ਸੁੱਚੀ ਜ਼ਮੀਰ ਦਾ ਹੋਕਾ ਨਹੀਂ ਦੇ ਸਕਦਾ । ਉਹਨਾਂ ਕਿਹਾ ਕੇ ਪਿੰਡਾਂ, ਸ਼ਹਿਰਾਂ, ਕਸਬਿਆਂ ‘ਚ ਇਸ ਪਾਰਟੀ ਨਾਲ ਜੁੜੇ ਸਿੱਖ ਸਾਬਤ ਕਰ ਦੇਣ ਕਿ ਕੇ ਜੇ ਕੁੱਝ ਵੋਟਾਂ ਝੂਠੇ ਸਾਧ ਦੀਆਂ ਪੱਕੀਆਂ ਹੋਈਆਂ ਹਨ ਤਾਂ ਸਿੱਖ ਇਸ ਤੋਂ ਵੱਧ ਏਕਤਾ ਦਿਖਾ ਕੇ ਇਸ ਸਰਕਾਰ ਨੂੰ ਸਮੇਂ ਤੋਂ ਪਹਿਲਾਂ ਚਲਦਾ ਕਰਨਗੇ ।
ਨਿਊਜ਼ੀਲ਼ੈਂਡ ਦੇ ਸਿੱਖਾਂ ਵਲੋਂ ਰੋਹ ਵਿਚ ਕਿਹਾ ਗਿਆ ਹੈ ਕਿ ਸਿੱਖਾਂ ਦੇ ਖੂਨ ‘ਚ ਹੱਥ ਰੰਗਣ ਵਾਲੇ ਕਿਸੇ ਵੀ ਮੰਤਰੀ, ਵਿਧਾਇਕ ਜਾਂ ਸ਼੍ਰੋਮਣੀ ਕਮੇਟੀ ਮੈਂਬਰ ਦਾ ਨਿਊਜ਼ੀਲੈਂਡ ਆਉਣ ‘ਤੇ ਅਜਿਹੀ ਦੁਰਗਤੀ ਨਾਲ ਸਵਾਗਤ ਕੀਤਾ ਜਾਵੇਗਾ ਕਿ ਉਹ ਯਾਦ ਰੱਖਣਗੇ । ਉਹਨਾਂ  ਜਿਊਦੀ ਜਾਗਦੀ ਜ਼ਮੀਰ ਵਾਲੇ ਦੇਸ਼ ਅਤੇ ਵਿਦੇਸ਼ਾ ‘ਚ ਇਸ ਪਾਰਟੀ ਨਾਲ ਜੁੜੇ ਸਿੱਖਾਂ ਨੂੰ ਵਾਸਤੇ ਪਾਉਦੇ ਕਿਹਾ ਕਿ ਇਹ ਸਮੇਂ ਦੇ ਹਾਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉਪਰ ਨਹੀਂ ਹਨ ਇਸ ਲਈ ਜਿਹੜਾ ਵੀ ਸਿੱਖ ਇਸ ਪਾਰਟੀ ਨਾਲ ਜੁੜਿਆ ਹੈ ਮੌਕਾ ਹੈ ਇਸ ਘੋਰ ਅਪਰਾਧ ਤੋਂ ਵੱਖ ਹੋ ਕੇ ਅਸਤੀਫਾ ਦੇਵੇ ਅਤੇ ਸਿੱਖ ਹੋਣ ਦਾ ਮਾਣ ਪ੍ਰਾਪਤ ਕਰੇ ।
ਉਹਨਾਂ ਸਿੱਖ ਪ੍ਰਚਾਰਕਾ ਜਿਹਨਾਂ ‘ਚ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਭਾਈ ਅਮਰੀਕ ਸਿੰਘ ਚੰਡੀਗੜ ਵਾਲੇ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਹਰਜਿੰਦਰ ਸਿੰਘ ਮਾਝੀ, ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਨੇ ਕੌਮ ਲਈ ਅਵਾਜ ਉਠਾਉਦੇਂ ਹੋਏ ਸਰਕਾਰੀ ਕਹਿਰ ਆਪਣੇ ਪਿੰਡੇ ‘ਤੇ ਹੰਡਾਇਆ ਹੈ ਅਸੀਂ ਉਹਨਾਂ ਦੀ ਸੇਵਾ ਨੂੰ ਪ੍ਰਣਾਮ ਕਰਦੇ ਹਾਂ ਅਤੇ ਦੁਨੀਆਂ ਭਰ ਚ ਵਸਦੇ ਸਿੱਖ ਤੁਹਾਡੀ ਪਿਠ ਤੇ ਖੜੇ ਹਨ । ਇਸਦੇ ਨਾਲ ਹੀ ਬਾਕੀ ਨਿੱਧੜਕ ਪ੍ਰਚਾਰਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਪੰਜਾਬ ਦੇ ਵਿਚ ਸਰਕਾਰੀ ਜਬਰ ਨਾਲ ਲੋਹ ਲੈਂਦੀਆਂ ਸੰਗਤਾਂ ਦਾ ਸਾਥ ਦੇ ਕੇ ਉਨ੍ਹਾਂ ਦਾ ਮਨੋਬਲ ਉਚਾ ਕੀਤਾ ਜਾਵੇ ਅਤੇ ਸਿੱਖ ਧਰਮ ਦੀ ਆਸਥਾ ਨੂੰ ਹੋਰ ਬੱਲ ਮਿਲ ਸਕੇ।
ਨਿਊਜ਼ੀਲ਼ੈਂਡ ਦੀਆਂ ਸਿੱਖ ਸੰਸਥਾਵਾਂ ਜਲਦੀ ਹੀ ਸ਼ਹੀਦ ਅਤੇ ਜ਼ਖਮੀ ਹੋਏ ਸਿੱਖਾਂ ਦੀ ਸਾਰ ਲੈਣਗੀਆਂ। ਉਟਾਹੂਹੂ, ਟਾਕਾਨਿਨੀ, ਐਵਨਡੇਲ, ਹੈਮਿਲਟਨ, ਟੌਰੰਗਾ, ਪਾਲਮਰਸਟਨ ਨੌਰਥ, ਹੇਸਟਿੰਗਜ਼ ਅਤੇ ਕਰਇਸਚਰਚ ਸ਼ਹਿਰ ਤੋਂ ਗੁਰਦੁਆਰਿਆਂ ਦੀ ਮੈਨਜਮੈਂਟ ਕਮੇਟੀਆਂ ਨੇ ਵੀ ਸਰਕਾਰ ਦੀ ਇਸ ਕਾਰਵਾਈ ਦਾ ਸਖਤ ਨੋਟਿਸ ਲੈਂਦੇ ਹੋਏ ਤੁਰੰਤ ਸਾਰੇ ਸਿੱਖਾਂ ਨੂੰ ਰਿਹਾਅ ਕਰਨ, ਦੋਸ਼ੀਆਂ ਨੂੰ ਫੜਨ ਅਤੇ ਕਾਤਿਲ ਪੁਲਸ ਵਾਲਿਆਂ ਦੇ ਮੁਕੱਦਮੇ ਦਾਇਰ ਕਰਨ ਦੀ ਮੰਗ ਕੀਤੀ ਹੈ । ਇਸ ਸਬੰਧੀ ਅਗਲੇ ਐਕਸ਼ਨ ਲਈ ਜਲਦੀ ਹੀ ਮੀਟਿੰਗ ਵੀ ਬੁਲਾਈ ਜਾ ਰਹੀ ਹੈ ।

Install Punjabi Akhbar App

Install
×