ਇੰਗਲੈਂਡ ‘ਚ ਅਕਾਲੀ ਦਲ ਸਮਰਥਕਾਂ ਨੇ ਹੀ ਫੂਕਿਆ ਗਿਆ ਅਕਾਲੀ ਸੁਪਰੀਮੋ ਬਾਦਲ ਦਾ ਪੁਤਲਾ

  • ਅਕਾਲੀ ਦਲ ਸਾਡੀ ਮਾਂ ਪਾਰਟੀ ਪਰ ਬਾਦਲ ਪਰਿਵਾਰ ਨੇ ਚੌਧਰ ਲਈ ਕੀਤਾ ਸਿੱਖੀ ਦਾ ਘਾਣ- ਹਰਜੀਤ ਸਿੰਘ ਸਰਪੰਚ

02 Sep 2018 KhurmiUK 01

ਲੰਡਨ — ”ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਹੈ। ਪਰ ਅੱਜ ਅਸੀਂ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਇਸ ਲਈ ਫੂਕ ਰਹੇ ਹਾਂ ਕਿਉਂਕਿ ਜਦੋਂ ਵੀ ਬਾਦਲ ਪਰਿਵਾਰ ਕੋਲ ਸੱਤਾ ਆਈ ਹੈ, ਉਦੋਂ ਸਿੱਖੀ ਹੱਕਾਂ ਨੂੰ ਲਤਾੜਿਆ ਅਤੇ ਸਿੱਖੀ ਦਾ ਘਾਣ ਹੀ ਵਧੇਰੇ ਹੋਇਆ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਿਛਲੇ ਅਨਸਰਾਂ ਦਾ ਪਤਾ ਹੋਣ ਦੇ ਬਾਵਜੂਦ ਵੀ ਅੱਖਾਂ ਮੁੰਦੀ ਰੱਖੀਆਂ। ਵੋਟਾਂ ਖਾਤਰ ਗੁਰੂ ਦਾ ਪੱਲਾ ਛੱਡ ਦਿੱਤਾ, ਅਕਾਲੀਆਂ ਦਾ ਮਾਣਮੱਤਾ ਇਤਿਹਾਸ ਮਿੱਟੀ ਘੱਟੇ ‘ਚ ਰਲਾ ਦਿੱਤਾ। ਬਾਦਲ ਪਰਿਵਾਰ ਦੇ ਕਬਜ਼ੇ ‘ਚ ਆ ਕੇ ਪਾਰਟੀ ਦੇ ਨਾਲ ਨਾਲ ਪੰਜਾਬ ਅਤੇ ਸਿੱਖੀ ਦਾ ਵੀ ਘਾਣ ਹੋਇਆ ਹੈ।”

ਉਕਤ ਵਿਚਾਰਾਂ ਦਾ ਪ੍ਰਗਟਾਵਾ ਸਮੁੱਚੇ ਯੂਰਪ ਭਰ ਵਿੱਚੋਂ ਵੱਡੀ ਧਾਰਮਿਕ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ ਨੇ ਗ੍ਰੇਵਜੈਂਡ ਵਿਖੇ ਅਕਾਲੀ ਦਲ ਸੁਪਰੀਮੋ ਪਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕਣ ਸਮੇਂ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਪਰ ਅਸੀਂ ਇਸ ਪਰਿਵਾਰ ਦੇ ਛਲਾਵਿਆਂ ਵਿੱਚ ਆ ਕੇ ਆਪਣੇ ਹੋਰ ਨੌਜ਼ਵਾਨ ਸ਼ਹੀਦ ਨਹੀਂ ਕਰਵਾ ਸਕਦੇ। ਇਸ ਪਰਿਵਾਰ ਦੀ ਚੌਧਰ ਬਰਕਰਾਰ ਰੱਖਣ ਲਈ ਅਸੀਂ ਆਪਣੇ ਗੁਰੁ ਤੋਂ ਬੇਮੁੱਖ ਨਹੀਂ ਹੋ ਸਕਦੇ। ਪਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰ ਦੌਰਾਨ ਬੇਅਦਬੀ ਘਟਨਾਵਾਂ ਬਾਰੇ ਠੇਠਰਮਈ ਚੁੱਪ ਧਾਰੀ ਰੱਖੀ, ਜਿਸ ਕਰਕੇ ਸਿੱਖੀ ਵਿਰੋਧੀ ਤਾਕਤਾਂ ਮੁਸਕੜੀਏਂ ਹੱਸਦੀਆਂ ਰਹੀਆਂ। ਜੇਕਰ ਬਾਦਲ ਸਚਮੁੱਚ ਹੀ ਪੰਥ ਦੇ ਭਲੇ ਦਾ ਮੁੱਦਈ ਹੁੰਦਾ ਤਾਂ ਆਪਣੀ ਸੱਤਾ ਸਮੇਂ ਹੀ ਇਹ ਗੰਭੀਰ ਮਸਲਾ ਹੱਲ ਹੋਣਾ ਚਾਹੀਦਾ ਸੀ।

ਵਿਧਾਨ ਸਭਾ ਵਿੱਚੋਂ ਵਾਕ-ਆਊਟ ਕਰਕੇ ਸੁਖਬੀਰ ਐਂਡ ਪਾਰਟੀ ਨੇ ਸਿਰਫ ਆਪਣਾ ਹੀ ਮੌਜੂ ਨਹੀਂ ਬਣਾਇਆ ਸਗੋਂ ਸਮੁੱਚੇ ਅਕਾਲੀ ਦਲ ਨੂੰ ਸ਼ਰਮਸ਼ਾਰ ਕੀਤਾ ਹੈ। ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਯਾਦ ਦੁਆਇਆ ਕਿ ਜੇਕਰ ਉਹ ਵੀ ਇਸ ਮਸਲੇ ਸੰਬੰਧੀ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਹੀਰੋ ਬਣਨ ਦੀ ਤਾਕ ਵਿੱਚ ਹਨ ਤਾਂ ਯਾਦ ਰੱਖਣਾ ਕਿ ਇਤਿਹਾਸ ਉਹਨਾਂ ਨੂੰ ਵੀ ਮਾਫ਼ ਨਹੀਂ ਕਰੇਗਾ। ਜਿਕਰਯੋਗ ਹੈ ਕਿ ਇਸ ਪੁਤਲਾ ਫੂਕਣ ਦੀ ਕਾਰਵਾਈ ਵਿੱਚ ਜਿਆਦਾਤਰ ਸੱਜਣ ਉਹੀ ਸਨ ਜਿਹੜੇ ਬੀਤੇ ਸਮੇਂ ਵਿੱਚ ਇੰਗਲੈਂਡ ਆਉਂਦੇ ਅਕਾਲੀ ਆਗੂਆਂ ਦੇ ਸਵਾਗਤ ਲਈ ਸਮਾਗਮਾਂ ਦਾ ਪ੍ਰਬੰਧ ਕਰਦੇ ਰਹੇ ਹਨ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਨੌਜਵਾਨ ਆਗੂ ਗੁਰਤੇਜ ਸਿੰਘ ਪੰਨੂ,ਗੁਰਦਾਵਰ ਸਿੰਘ, ਅਮਨਦੀਪ ਸਿੰਘ ਢਿੱਲੋਂ, ਸੰਤੋਖ ਸਿੰਘ ਧਾਲੀਵਾਲ, ਪਰਦੀਪ ਸਿੰਘ ਮੋਰਾਂਵਾਲੀ, ਤਲਜਿੰਦਰ ਸਿੰਘ ਭਾਊ, ਹਰਜੀਤ ਸਿੰਘ ਮਾਨ, ਬਲਵੀਰ ਸਿੰਘ, ਅਮਰੀਕ ਸਿੰਘ, ਰਘਵੀਰ ਸਿੰਘ, ਬਲਵਿੰਦਰ ਸਿੰਘ ਭਰੋਲੀ, ਸ਼ਕੀਲ ਮੁਹੰਮਦ, ਨਵਦੀਪ ਸਿੰਘ, ਗੁਰਮੀਤ ਸਿੰਘ, ਇਲਿਆਸ ਮੁਹੰਮਦ, ਕਰਨਜੀਤ ਸਿੰਘ ਉੱਪਲ, ਬਲਬੀਰ ਸਿੰਘ ਢੰਡਾ, ਕੁਲਵੰਤ ਸਿੰਘ ਤੇ ਰਾਮ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Welcome to Punjabi Akhbar

Install Punjabi Akhbar
×