ਨਿਊਜ਼ੀਲੈਂਡ ਦੇ ਮੌਸਮ ਵਿਭਾਗ ਨੇ ਆਕਲੈਂਡ ਅਤੇ ਸਾਊਥ ਆਈਲੈਂਡ ਦੇ ਵਿਚ ਵਸਦੇ ਸਾਰੇ ਨਿਊਜ਼ੀਲੈਂਡ ਵਾਸੀਆਂ ਨੂੰ ਬੀਤੀ ਰਾਤ ਤੋਂ ਹੀ ਚੇਤਾਵਨੀ ਦਿੱਤੀ ਹੋਈ ਸੀ ਕਿ ਮੀਂਹ, ਝੱਖੜ, ਬਰਫਬਾਰੀ ਅਤੇ ਹੜ੍ਹ ਆਉਣ ਦੀ ਪ੍ਰਬਲ ਸੰਭਾਵਨਾ ਹੈ। ਉਨ੍ਹਾਂ ਅਨੁਸਾਰ ਕੋਈ ਇਲਾਕਾ ਸੁਰੱਖਿਅਤ ਮਹਿਸੂਸ ਨਹੀਂ ਸੀ ਲੱਗ ਰਿਹਾ। ਅੱਜ ਆਕਲੈਂਡ ਦੇ ਕੁਝ ਖੇਤਰਾਂ ਦੇ ਵਿਚ ਟਰਨਾਡੋ ਨੇ ਦਸਤਕ ਦਿੱਤੀ, ਦਰੱਖਤਾਂ ਨੂੰ ਪੁੱਟ ਕੇ ਰੱਖ ਦਿੱਤਾ, ਕਈ ਘਰਾਂ ਦੇ ਉਤੇ ਦਰੱਖਤ ਟੁੱਟੇ ਅਤੇ ਛੱਤ ਪਾੜ ਕੇ ਅੰਦਰ ਦਾਖਲ ਹੋ ਗਏ। ਇਕ ਘਰ ਦੇ ਵਿਚੋਂ ਤਿੰਨ ਵਿਅਕਤੀਆਂ ਨੂੰ ਐਮਰਜੈਂਸੀ ਵਿਭਾਗ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਬੇਅ ਆਫ ਪਲੈਂਟੀ ਖੇਤਰ ਦੇ ਵਿਚ ਵੀ ਹੜ੍ਹ ਆਉਣ ਦੀ ਖਬਰ ਹੈ। ਆਕਲੈਂਡ ਦੇ ਐਵਨਡੋਲ ਖੇਤਰ ਦੇ ਵਿਚ ਵੀ ਇਕ ਘਰ ਉਤੇ ਡਿੱਗੇ ਦਰੱਖਤ ਨੇ ਬਹੁਤ ਨੁਕਸਾਨ ਪਹੁੰਚਾਇਆ। ਮੈਨੁਰੇਵਾ ਵਿਖੇ ਇਕ ਛੋਟੇ ਅਤੇ ਤੇਜ ਟਰਨਾਡੋ ਨੇ ਹਮਲਾ ਕੀਤਾ। ਸ਼ਾਮ ਤੱਕ 200 ਦੇ ਕਰੀਬ ਘਰਾਂ ਦੀ ਬੱਤੀ ਵੀ ਬੰਦ ਸੀ। ਆਰਡਮੋਰ ਏਅਰਪੋਰਟ ਜੋ ਕਿ ਟ੍ਰੇਨਿੰਗ ਸੈਂਟਰ ਅਤੇ ਛੋਟਾ ਹਵਾਈ ਅੱਡਾ ਹੈ, ਵਿਖੇ ਵੀ ਐਨਾ ਤੇਜ਼ ਟਰਨਾਡੋ ਆਇਆ ਕਿ ਛੋਟੇ ਜਹਾਜ ਮੂਧੇ ਹੋ ਗਏ। ਵਲਿੰਗਟਨ ਸ਼ਹਿਰ ਵਿਖੇ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਚੱਲੀ।