(ਬ੍ਰਿਸਬੇਨ) ਆਸਟਰੇਲੀਆ ਅਤੇ ਭਾਰਤ ਦਰਮਿਆਨ ਹੋਏ ਆਰਥਿਕ ਸਹਿਯੋਗ ਅਤੇ ਵਪਾਰਕ ਸਮਝੌਤੇ ਤਹਿਤ ਹੁਣ 18 ਤੋਂ 30 ਸਾਲ ਦੀ ਉਮਰ ਦੇ ਯੋਗ ਨੌਜਵਾਨ ਭਾਰਤੀ ਨਵੇਂ ‘ਵਰਕਿੰਗ ਹਾਲੀਡੇ ਪ੍ਰੋਗਰਾਮ’ ਤਹਿਤ ਇੱਕ ਸਾਲ ਦਾ ਵੀਜ਼ਾ ਦਿੱਤਾ ਜਾਵੇਗਾ। ਇਸ ਵਿੱਚ ਹਰ ਸਾਲ 1000 ਸੀਟਾਂ ਰੱਖੀਆਂ ਗਈਆਂ ਹਨ ਅਤੇ ਇਹ 29 ਦਸੰਬਰ ਤੋਂ ਲਾਗੂ ਹੋ ਜਾਵੇਗਾ। ਇਮੀਗ੍ਰੇਸ਼ਨ ਵਿਭਾਗ ਅਨੁਸਾਰ ਇਸ ਸਮਝੌਤੇ ਦੇ ਲਾਗੂ ਹੋਣ ਤੋਂ ਦੋ ਸਾਲਾਂ ਦੇ ਅੰਦਰ ਵਰਕ ਅਤੇ ਹੋਲੀਡੇ ਵੀਜ਼ੇ ਲਾਗੂ ਹੋ ਜਾਣਗੇ। ਇਸ ਨਾਲ ਦੋਵੇਂ ਪਾਸੇ ਮੁਫ਼ਤ ਵਪਾਰ ਦਾ ਰਾਹ ਪੱਧਰਾ ਹੋ ਜਾਵੇਗਾ। ਗ੍ਰਹਿ ਮਾਮਲਿਆਂ ਦੇ ਵਿਭਾਗ ਮੁਤਾਬਕ ਆਸਟਰੇਲੀਆ ਮੌਜੂਦਾ ਸਮੇਂ ਵਿੱਚ 47 ਦੇਸ਼ਾਂ ਨਾਲ ‘ਵਰਕਿੰਗ ਹਾਲੀਡੇ ਮੇਕਰ ਪ੍ਰੋਗਰਾਮ’ ਚਲਾ ਰਿਹਾ ਹੈ। ਸਰਕਾਰ ਕੋਵਿਡ-19 ਮਹਾਂਮਾਰੀ ਦੇ ਦੌਰਾਨ ਅਤੇ ਬਾਅਦ ਵਿੱਚ ਦੇਸ਼ ਦੀ ਆਰਥਿਕ ਰਿਕਵਰੀ ਲਈ ‘ਵਰਕਿੰਗ ਹੋਲੀਡੇ ਮੇਕਰ’ ਪ੍ਰੋਗਰਾਮ ਨੂੰ ਪਹਿਲ ਦੇ ਰਹੀ ਹੈ। ਇਸ ਪ੍ਰੋਗਰਾਮ ‘ਚ ‘ਵਰਕਿੰਗ ਹਾਲੀਡੇ (ਸਬਕਲਾਸ 417) ਵੀਜ਼ਾ’ ਅਤੇ ‘ਵਰਕ ਐਂਡ ਹੋਲੀਡੇ (ਸਬਕਲਾਸ 462) ਵੀਜ਼ਾ’ ਸ਼ਾਮਲ ਹਨ। ਵੀਜ਼ਾ ਮਾਹਰ ਮੰਨਦੇ ਹਨ ਕਿ ਭਾਰਤੀ, ‘ਬੈਕਪੈਕਰ ਵਰਕ ਐਂਡ ਹਾਲੀਡੇ ਵੀਜ਼ਾ (ਸਬਕਲਾਸ 462)’ ‘ਚ ਵਧੇਰੇ ਰੁਚੀ ਲੈਣਗੇ। ਪਰ ਬਿਨੈਕਾਰਾਂ ਲਈ ਵੀਜ਼ਾ ਸ਼ਰਤਾਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਗਿਆਨ ਅਤੇ ਨਿੱਜੀ ਸਹਾਇਤਾ ਲਈ ਲੋੜੀਂਦੇ ਫੰਡ ਦੀ ਲੋੜ ਵੀ ਸ਼ਾਮਲ ਹੈ। ਦੱਸਣਯੋਗ ਹੈ ਕਿ 1 ਜਨਵਰੀ ਤੋਂ 31 ਅਕਤੂਬਰ 2022 ਦੌਰਾਨ 1,43,637 ਵਰਕਿੰਗ ਹਾਲੀਡੇ ਮੇਕਰ ਵੀਜ਼ਾ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਸਨ ਜਦਕਿ ਯੋਗ ਦੇਸ਼ਾਂ ਦੇ ਨਾਗਰਿਕਾਂ ਨੂੰ 1,49,629 ਵਰਕਿੰਗ ਹਾਲੀਡੇ ਮੇਕਰ ਵੀਜ਼ਾ ਪ੍ਰਦਾਨ ਕੀਤੇ ਗਏ ਸਨ।