ਦਿਆਲੂ ਬੰਦਾ ਬੱਬੂ ਮਾਨ

chd (4)

ਕਿਥੋਂ ਕਰਾ ਸ਼ੂਰੁ ਤੇ ਕਿੱਥੇ ਕਰਾ ਖਤਮ,ਲਿਖਣ ਲੱਗਿਆ ਲਫ਼ਜ ਬਹੁਤ ਨੇ ਸ਼ਬਦਾਂ ਦੇ ਸੌਦਾਗਰ ਬਾਰੇ ਲਿਖਣ ਲਈ। ਜਿੰਨੀ ਤਾਰੀਫ਼ ਕਰਾ ਥੌੜੀ ਆ ਤੇਜਿੰਦਰ ਸਿੰਘ ਉਰਫ਼ ਬੱਬੂ ਮਾਨ ਦੀ।ਬਚਪਨ ਤੋਂ ਹੀ ਜਦੋਂ ਸਾਉਣ ਦੀ ਝੜੀ ਅਤੇ ਪਿੰਡ ਪਹਿਰਾ ਲੱਗਦਾ ਗੀਤਾਂ ਨੂੰ ਸੁਣਿਆ ਤਾਂ ਪੈਰ ਥਿੜਕਦੇ ਹੁੰਦੇ ਸੀ ਨੱਚਣ ਲਈ। ਛੋਟੇ ਹੁੰਦਿਆ ਦਾਦਾ ਜੀ ਨਾਲ ਰੀਲਾਂ ਵਾਲੀ ਦੁਕਾਨ ਤੋਂ ਪਹਿਲੀ ਵਾਰ ਜਾ ਕੇ ਰੀਲ ਭਰਵਾਈ ਤਾਂ ਬੱਬੂ ਮਾਨ ਦਾ ਨਾਮ ਲੋਕਾਂ ਦੀ ਜੁਬਾਨ ਤੇ ਸੀ।ਬਚਪਨ ਤੋਂ ਲੈ ਕੇ ਸੁਣਨ ਦਾ ਚੱਲਿਆ ਸਿਲਸਿਲਾ ਅੱਜ ਵੀ ਬਰਕਰਾਰ ਹੈ।ਗਾਇਕ, ਗੀਤਕਾਰ, ਅਦਾਕਾਰ, ਸੰਗੀਤਕਾਰ ਦਾ ਜਨਮ ਚੰਡੀਗੜ ਤੋਂ ਲੁਧਿਆਣਾ ਰੋਡ ਉੱਤੇ ਸਥਿਤ ਪਿੰਡ ਖੰਟ ਵਿਖੇ ਚਾਰ ਦਹਾਕੇ ਪਹਿਲਾਂ ਮਾਤਾ ਕੁਲਬੀਰ ਕੌਰ ਦੇ ਕੁੱਖੋਂ ਹੋਇਆ। ਸੱਜਣ ਰੁਮਾਲ ਦੇ ਗਿਆ ਕੈਸਿਟ ਕਰਨ ਤੋਂ ਬਾਅਦ ਲੋਕਾਂ ਵਿੱਚ ਆਪਣੀ ਕੈਸਿਟ ਤੂੰ ਮੇਰੀ ਮਿਸ ਇੰਡੀਆ ਲੈ ਕੇ ਹਾਜ਼ਿਰ ਹੋਇਆ।ਉਸ ਤੋਂ ਬਾਅਦ ਸਾਉਣ ਦੀ ਝੜੀ ਕੈਸਿਟ ਲੈ ਕੇ ਮਿਸ਼ਰੀ ਦੇ ਬੋਲਾਂ ਜਿਹੀ ਮਿੱਠੀ ਆਵਾਜ਼ ਅਤੇ ਲੋਕਾਂ ਦੇ ਧੁਰ ਅੰਦਰ ਤੱਕ ਵਸਣ ਵਾਲਾ ਬੱਬੂ ਮਾਨ ਨਿੱਜੀ ਜਿੰਦਗੀ ਵਿੱਚ ਬਹੁਤ ਦਿਆਲੂ ਇਨਸਾਨ ਹੈ।

ਪਹਿਲੀ ਵਾਰ ਜਦੋਂ ਬੱਬੂ ਮਾਨ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਉਹਨਾਂ ਦੇ ਚਾਹੁਣ ਵਾਲਿਆ ਦੀ ਬਹੁਤ ਭੀੜ ਸੀ।ਇਸੇ ਭੀੜ ਵਿੱਚੋਂ ਨਿਕਲਦੇ ਹੋਏ ਇੱਕ ਗਰੀਬ ਪਰਿਵਾਰ ਆਪਣੇ ਬਿਮਾਰ ਬੱਚੇ ਨੂੰ ਲੈ ਕੇ ਬੱਬੂ ਮਾਨ ਜੀ ਕੋਲ ਆਏ ਅਤੇ ਕਿਹਾ ਸਾਡੇ ਬਿਮਾਰ ਬੱਚੇ ਨੂੰ ਸਭ ਥਾਵਾਂ ਤੋਂ ਜਵਾਬ ਮਿਲ ਗਿਆ, ਤੁਸੀਂ ਸਾਡੀ ਮਦਦ ਕਰੋ। ਸਾਰੀ ਭੀੜ ਵਿੱਚੋਂ ਬੜੇ ਧਿਆਨ ਨਾਲ ਬੱਬੂ ਮਾਨ ਜੀ ਨੇ ਬੱਚੇ ਦੇ ਪਰਿਵਾਰ ਦੀ ਗੱਲ ਸੁਣੀ ਤੇ ਕਿਹਾ ਇਸ ਬੱਚੇ ਦਾ ਇਲਾਜ ਮੈਂ ਕਰਾਵਾਂਗਾ। ਉਨਾਂ ਨੂੰ ਆਪਣੇ ਦਫ਼ਤਰ ਬਿਠਾ ਕੇ ਚਾਹ – ਪਾਣੀ ਪਿਲਾਇਆ। ਫੈਨ ਤਾਂ ਬੱਬ ਮਾਨ ਦਾ ਮੈਂ ਬਚਪਨ ਤੋਂ ਹੀ ਸੀ ਤੇ ਬੱਬੂ ਮਾਨ ਜੀ ਦੀ ਗਰੀਬਾਂ ਪ੍ਰਤੀ ਹਮਦਰਦੀ ਵੇਖ ਕੇ ਉਨਾਂ ਪ੍ਰਤੀ ਪਿਆਰ ਹੋਰ ਵੱਧ ਗਿਆ।

ਬੱਬੂ ਮਾਨ ਅਜੇਹਾ ਕਲਾਕਾਰ ਹੈ ਜਿਸਦੀ ਕਲਮ ਸਮਾਜਿਕ ਸੇਧ ਦੇਣ ਵਾਲੇ, ਧਾਰਮਿਕ ਅਤੇ ਪਿਆਰ – ਮੁਹੱਬਤ ਦੇ ਗਾਣੇ ਲਿਖਦੀ ਹੈ। ਇਹ ਦੁਇ ਨੈਨਾ ਸ਼ਬਦ ਕਮਾਲ ਦਾ ਗਾਇਆ ਤੇ ਇਕ ਬਾਬਾ ਨਾਨਕ ਸੀ, ਕੌਮ ਦੇ ਹੀਰੇ, ਸੂਰਵੀਰ, ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ, ਪੰਜਾਬੀ ਬੋਲਣੀ ਪੈਣੀ ਆ, ਜੱਟ ਦੀ ਜੂਨ ਬੁਰੀ, ੳੱਚੀਆਂ ਇਮਾਰਤਾਂ, ਰੈਲੀ ਤੇ ਹੋਰ ਅਨੇਕਾਂ ਹੀ ਅਜੇਹੇ ਗੀਤ ਲਿਖੇ – ਗਾਏ ਹਨ ਜੋ ਨਿੱਜ਼ੀ ਜਿੰਦਗੀ ਦੇ ਬੜੇ ਨੇੜੇ ਹਨ ਅਤੇ ਸਮਾਜ ਵਿੱਚ ਜੋ ਚੱਲ ਰਿਹਾ ਹੈ ਉਸਦੇ ਅਕਸ਼ ਨੂੰ ਪੇਸ਼ ਕਰਦੇ ਨੇ। ਫਿਲਮਾਂ ਦੀ ਗੱਲ ਕਰੀਏ ਤਾਂ 2003 ਦੇ ਵਿੱਚ ਅਮਿਤੋਜ ਮਾਨ ਮਿਲ ਕੇ 84 ਦੇ ਦੰਗਿਆਂ ਤੇ ਹਵਾਏ ਫਿਲਮ ਬਣਾਈ ਜਿਸ ਵਿੱਚ ਕਾਨਪੁਰੀਆਂ ਦਾ ਰੋਲ ਬੜੀ ਬਾਖੂਬੀ ਨਾਲ ਨਿਭਾਇਆ। ਏਸ ਤੋਂ ਬਾਅਦ ਹਸ਼ਰ (ਪਿਆਰ ਤੇ ਆਧਾਰਿਤ), ਰੱਬ ਨੇ ਬਣਾਈਆ ਜੋੜੀਆਂ, ਹੀਰੋ ਹਿਟਲਰ ਇਨ ਲਵ, ਦੇਸੀ ਰੋਮਿਉ, ਏਕਮ (ਕਿਸਾਨੀ ਦਰਦ ਨੂੰ ਬਿਆਨ ਕਰਦੀ) ਅਤੇ ਬਾਜ਼ (ਅੱਜ ਦੇ ਸਿਸਟਮ ਨੂੰ ਬਿਆਨ ਕਰਦੀ) ਫਿਲਮਾਂ ਵਿੱਚ ਕਮਾਲ ਦੀ ਅਦਾਕਾਰੀ ਕੀਤੀ। ਬੇਬਾਕ, ਸੱਚ ਦੇ ਰਾਹ ਤੇ ਚੱਲਣ ਵਾਲਾ, ਦੇਸੀ ਸੁਭਾਅ ਦਾ ਮਾਲਿਕ ਬੱਬੂ ਮਾਨ ਏਸੇ ਤਰਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ।

ਹੱਕ ਸੱਚ ਲਈ ਹਮੇਸ਼ਾ ਹੈ ਗਾਉਦਾ,

ਆਪਣੇ ਚਹੇਤਿਆਂ ਨੂੰ ਜੋ ਹੈ ਚਾਹੁੰਦਾ।

ਸਾਰੇ ਪੰਜਾਬੀਆਂ ਨੂੰ ਜਿਸ ਤੇ ਮਾਣ ਹੈ,

ਪਿੰਡ ਉਹਦਾ ਖੰਟ ਤੇ ਨਾਂ ਬੱਬੂ ਮਾਨ ਹੈ।

(ਹਰਮਨਜੋਤ ਸਿੰਘ ਰੋਮਾਣਾ)

+91 9501528013

Install Punjabi Akhbar App

Install
×