ਬਾਬਾ ਨਾਨਕ ਨੇ ਪੰਜ ਸਦੀਆਂ ਪਹਿਲਾਂ ਕਿਰਤੀ ਜਮਾਤ ਦੀ ਮੁੱਖ ਭੂਮਿਕਾ ਦੀ ਨਿਸ਼ਾਨਦੇਹੀ ਕੀਤੀ

ਬਠਿੰਡਾ — ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਵੱਲੋਂ ਇੱਥੋਂ ਦੇ ਟੀਚਰਜ਼ ਹੋਮ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਹਾਲ ਵਿੱਚ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਸੱਦਿਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ, ਸੁਤੰਤਰਤਾ ਸੰਗਰਾਮ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹਾਦਤ ਦਿਵਸ ਮੌਕੇ ਆਯੋਜਿਤ ਇਸ ਸੈਮੀਨਾਰ ਵਿੱਚ ਉੱਘੇ ਵਿਦਵਾਨ ਸਤਨਾਮ ਚਾਨਾ ਨੇ ‘ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦੀ ਵਰਤਮਾਨ ਦੌਰ ਵਿੱਚ ਪ੍ਰਸੰਗਿਕਤਾ’ ਵਿਸ਼ੇ ਤੇ ਕੁੰਜੀਵਤ ਭਾਸ਼ਣ ਦਿੱਤਾ।
ਸ੍ਰੀ ਚਾਨਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਸ਼ਾਸਕਾਂ ਅਤੇ ਵਿਦੇਸ਼ ਧਾੜਵੀਆਂ ਦੀ ਜੋ ਧੜੱਲੇਦਾਰ ਨਿਸ਼ਾਨਦੇਹੀ ਅਤੇ ਬੇਬਾਕ ਆਲੋਚਨਾ ਕੀਤੀ ਉਹ ਨਾ ਕੇਵਲ ਅਜੋਕੇ ਸਮੇਂ ਢੁਕਵੀਂ ਹੈ ਬਲਕਿ ਭਵਿੱਖ ਵਿੱਚ ਵੀ ਸਮਾਨਤਾ ਆਧਾਰਿਤ ਸਮਾਜ ਦੀ ਸਿਰਜਣਾ ਦੇ ਸੰਗਰਾਮਾਂ ਵਿੱਚ ਪ੍ਰੇਰਣਾ ਦਾ ਸੋਮਾ ਬਣੀ ਰਹੇਗੀ। ਉਹਨਾਂ ਕਿਹਾ ਕਿ ਬਾਬਾ ਨਾਨਕ ਦੇ ਫ਼ਲਸਫ਼ੇ ਦਾ ਮੁੱਖ ਆਧਾਰ ਸਾਂਝੀਵਾਲਤਾ ਦਾ ਸੰਕਲਪ ਹੈ ਅਤੇ ਵਰਤਮਾਨ ਦੌਰ ਵਿੱਚ ਇਸ ਮਾਨਵ ਹਿਤੈਸ਼ੀ ਸੰਕਲਪ ਨੂੰ ਦੇਸੀ ਵਿਦੇਸ਼ੀ ਲੁਟੇਰਿਆਂ ਦੇ ਹੁਕਮਾਂ ਅਨੁਸਾਰ ਕੰਮ ਕਰ ਰਹੀਆਂ ਵੰਡਵਾਦੀ ਤਾਕਤਾਂ ਵੱਲੋਂ ਭਾਰੀ ਢਾਹ ਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਅਜੋਕੇ ਦੌਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਰਕਵਾਦੀ ਨਜ਼ਰੀਏ ਦੀ ਉਹਨਾਂ ਦੇ ਜੀਵਨ ਕਾਲ ਨਾਲੋਂ ਵੀ ਵਧੇਰੇ ਜ਼ਰੂਰਤ ਹੈ ਪਰ ਹੁਕਮਰਾਨ ਜਮਾਤਾਂ ਦ।ੇ ਹਿਤਾਂ ਦੀਆਂ ਪਹਿਰਾ-ਬਰਦਾਰ ਧਿਰਾਂ ਵੱਲੋਂ ਇਸ ਨਜ਼ਰੀਏ ਨੂੰ ਸਾਜ਼ਿਸ਼ ਅਧੀਨ ਲੋਕ ਚੇਤਨਾ ਚੋ ਮਨਫ਼ੀ ਕੀਤਾ ਜਾ ਰਿਹਾ ਹੈ। ਵਿਦਵਾਨ ਬੁਲਾਰੇ ਨੇ ਕਿਹਾ ਕਿ ਸਾਢੇ ਪੰਜ ਸੌ ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਜਨਮ ਆਧਾਰਿਤ ਵਖਰੇਵਿਆਂ ਭਾਵ ਜਾਤੀ ਪਾਤੀ ਭੇਦਭਾਵ, ਲਿੰਗ ਆਧਾਰਤ ਵਿਤਕਰੇ ਅਤੇ ਆਰਥਿਕ ਪਾਂਡੇ ਨੂੰ ਮਾਨਵਤਾ ਲਈ ਘਾਤਕ ਕਰਾਰ ਦਿੰਦਿਆਂ ਇਹਨਾਂ ਵਰਤਾਰਿਆਂ ਦੀ ਘੋਰ ਨਿੰਦਾ ਕੀਤੀ ਸੀ। ਉਹ ਅਮਾਨਵੀ ਵਰਤਾਰੇ ਅੱਜ ਸਗੋਂ ਹੋਰ ਵੀ ਜ਼ੋਰ ਫੜ ਚੁੱਕੇ ਹਨ। ਚਾਨਾ ਹੋਰਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦੀ ਵਡਿਆਈ ਇਹ ਹੈ ਕਿ ਉਹਨਾਂ ਨੇ ਪ੍ਰਗਤੀ ਹਾਮੀ ਵਿਚਾਰਧਾਰਕ ਸੰਗਰਾਮ ਦੀ ਭਰੋਸੇਯੋਗ ਚਾਲਕ ਸ਼ਕਤੀ ਵਜੋਂ ਪੰਜ ਸਦੀਆਂ ਪਹਿਲਾਂ ਕਿਰਤੀ ਜਮਾਤ ਦੀ ਮੁੱਖ ਭੂਮਿਕਾ ਦੀ ਨਿਸ਼ਾਨਦੇਹੀ ਕੀਤੀ।
ਇਸ ਮੌਕੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਜਮਹੂਰੀ ਲਹਿਰ ਦੇ ਨਾਮਵਰ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇ।ਵ ਜੀ ਨੇ ਵਿਦੇਸ਼ੀ ਧਾੜਵੀਆਂ ਦੀ ਜੋ ਨਿਸ਼ਾਨਦੇਹੀ ਕੀਤੀ ਸੀ ਉਸਦਾ ਮੌਜੂਦਾ ਸਰੂਪ ਅਮਰੀਕਨ ਸਾਮਰਾਜ ਦੀ ਅਗਵਾਈ ਵਾਲਾ ਅਮੀਰ ਦੇਸਾਂ ਦਾ ਗੁੱਟ ਹੈ ਅਤੇ ਅਜੋਕੇ ਭਾਰਤੀ ਹਾਕਮ ਇਹਨਾਂ ਨਾਲ ਘਿਉ ਖਿਚੜੀ ਹੋ ਕੇ ਦੇਸ ਅਤੇ ਦੇਸ ਵਾਸੀਆਂ ਦੀ ਬੇਕਿਰਕ ਲੁੱਟ ਵਿੱਚ ਗ਼ਲਤਾਨ ਹਨ। ਇਹਨਾਂ ਦੀ ਲੁੱਟ ਦਾ ਮੁੱਖ ਔਜ਼ਾਰ ਨਿੱਜੀਕਰਨ ਉਦਾਰੀਕਰਨ ਸੰਸਾਰੀਕਰਨ ਕਰਨ ਦੇ ਖਾਸੇ ਵਾਲੀਆਂ ਨਵ ਉਦਾਰਵਾਦੀ ਨੀਤੀਆਂ ਹਨ। ਉਹਨਾਂ ਕਿਹਾ ਕਿ ਭਾਰਤ ਅਤੇ ਸੰਸਾਰ ਭਰ ਦੇ ਮਲਕ ਭਾਗੋ ਉਪਰੋਕਤ ਨੀਤੀਆਂ ਦੇ ਪੈਰੋਕਾਰ ਹਨ ਅਤੇ ਅਜੋਕੇ ਭਾਈ ਲਾਲੋ ਇਹਨਾਂ ਨੀਤੀਆਂ ਦੀ ਅਸਹਿ ਮਾਰ ਝੱਲ ਰਹੇ ਸਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੇਸ ਵਿੱਚ ਅੱਜ ਉਹਨਾਂ ਦੇ ਉਦਾਰੇ ਦੀ ਥਾਂ ਮੁਸਲਮਾਨਾਂ ਅਤੇ ਦੂਜੀਆਂ ਘੱਟ ਗਿਣਤੀਆਂ, ਦਲਿਤਾਂ, ਇਸਤਰੀਆਂ, ਆਦਿਵਾਸੀਆਂ ਅਤੇ ਆਮ ਕਿਰਤੀਆਂ ਨੂੰ ਅਣਕਿਆਸੇ ਅੱਤਿਆਚਾਰਾਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸਾਥੀ ਪਾਸਲਾ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਜਿਹੇ ਹੋਰ ਦਾਰਸ਼ਨਿਕਾਂ ਅਤੇ ਜੁਝਾਰੂਆਂ ਦੀ ਹਾਂ ਪੱਖੀ ਵਿਰਾਸਤ ਨੂੰ ਨਾਲ ਜੋੜੇ ਬਗੈਰ ਕਿਰਤੀਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੀ ਅਜੋਕੀ ਲਹਿਰ ਲੋੜੀਂਦੇ ਨਿਸ਼ਾਨੇ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਣੀ। ਮੰਚ ਸੰਚਾਲਨ ਦੀ ਭੂਮਿਕਾ ਸਾਥੀ ਮਹੀਪਾਲ ਵੱਲੋਂ ਬਾਖ਼ੂਬੀ ਅਦਾ ਕੀਤੀ ਗਈ।