ਬਾਬਾ ਜਗਜੀਤ ਸਿੰਘ ਨਾਮਧਾਰੀ ਜੀ ਦੀ ਸਮਾਜ ਨੂੰ ਵੱਡਮੁਲੀ ਦੇਣ

22 ਨਵੰਬਰ ਨੂੰ ਜਨਮ ਸ਼ਤਾਬਦੀ ਦੇ ਮੌਕੇ ‘ਤੇ

ਸੰਸਾਰ ਵਿਚ ਬਹੁਤ ਸਾਰੇ ਧਰਮ, ਸੰਪਰਦਾਵਾਂ, ਸੰਸਥਾਵਾਂ, ਡੇਰੇ ਅਤੇ ਧਰਮਾਂ ਦੇ ਅਨੁਆਈਆਂ ਦੀਆਂ ਸ਼ਾਖਾਵਾਂ ਕੰਮ ਕਰ ਰਹੀਆਂ ਹਨ। ਭਾਰਤ ਅਤੇ ਖਾਸ ਤੌਰ ਤੇ ਪੰਜਾਬ ਵਿਚ ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਕਿਉਂਕਿ ਪੰਜਾਬੀ ਵਹਿਮਾ ਭਰਮਾ, ਪੁਰਾਤਨ ਰੀਤੀ ਰਿਵਾਜ਼ਾਂ ਅਤੇ ਪਰੰਪਰਾਵਾਂ ਵਿਚ ਵਧੇਰੇ ਯਕੀਨ ਰੱਖਦੇ ਹਨ। ਗ਼ਰੀਬੀ ਅਤੇ ਅਨਪੜ੍ਹਤਾ ਕਰਕੇ ਵੀ ਲੋਕ ਅਜਿਹੀਆਂ ਸੰਸਥਾਵਾਂ ਨਾਲ ਜੁੜ ਜਾਂਦੇ ਹਨ। ਬਹੁਤੀਆਂ ਸੰਸਥਾਵਾਂ ਦਾ ਮਕਸਦ ਲੋਕ ਭਲਾਈ ਅਤੇ ਸਮਾਜਿਕ ਬਰਾਬਰੀ ਬਰਕਰਾਰ ਰੱਖਣਾ ਹੁੰਦਾ ਹੈ। ਪੰਜਾਬ ਵਿਚ ਇਕ ਅਜਿਹੀ ਸੰਪਰਦਾਇ ਹੈ, ਜਿਹੜੀ ਦੇਸ ਦੀ ਆਜ਼ਾਦੀ ਦੀ ਲਹਿਰ ਵਿਚ ਹਿੱਸਾ ਲੈਣ ਤੋਂ ਸ਼ੁਰੂ ਹੋਈ ਅਤੇ ਸਿੱਖ ਧਰਮ ਦੀ ਵਿਚਾਰਧਾਰਾ ’ਤੇ ਪਹਿਰਾ ਦਿੰਦੀ ਹੋਈ ਨੈਤਿਕ ਕਦਰਾਂ ਕੀਮਤਾਂ ਦੀ ਪ੍ਰਫੁਲਤਾ ਅਤੇ ਨਿਗਰ ਸਮਾਜ ਦੀ ਸਿਰਜਣਾ ਨੂੰ ਸਮਰਪਤ ਹੋ ਗਈ, ਉਹ ਹੈ ਨਾਮਧਾਰੀ ਸੰਪਰਦਾਇ। ਨਾਮਧਾਰੀ ਲਹਿਰ ਦੀ ਵਿਰਾਸਤ ਬੜੀ ਅਮੀਰ ਹੈ, ਜਿਸ ਕਰਕੇ ਨਾਮਧਾਰੀ ਲਹਿਰ ਬਾਵਾਸਤਾ ਬੁਲੰਦੀਆਂ ਨੂੰ ਛੂਹ ਰਹੀ ਹੈ। ਬਾਬਾ ਰਾਮ ਸਿੰਘ ਤੋਂ ਬਾਅਦ ਸਾਰੇ ਮੁਖੀਆਂ ਨੇ ਆਪੋ ਆਪਣੇ ਹਿਸਾਬ ਨਾਲ ਨਾਮਧਾਰੀ ਵਿਚਾਰਧਾਰਾ ਉਪਰ ਵਧੀਆ ਢੰਗ ਨਾਲ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਬਾਬਾ ਜਗਜੀਤ ਸਿੰਘ ਜੀ ਨੇ ਇਸ ਵਿਰਾਸਤ ਦੇ ਖ਼ਜਾਨੇ ਨੂੰ ਆਪਣੀ ਦੂਰਅੰਦੇਸ਼ੀ, ਲਿਆਕਤ ਅਤੇ ਮਨੁੱਖਤਵਾਦੀ ਸੋਚ ਨਾਲ ਨਵੀਆਂ ਦਿਸ਼ਾਵਾਂ ਦੇ ਕੇ ਪ੍ਰਫੁਲਤ ਕੀਤਾ ਹੈ। ਸਭ ਤੋਂ ਵੱਡੀ ਗੱਲ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਚੰਗਾ ਉਦਮ ਕੀਤਾ ਹੈ।

ਬਾਬਾ ਜਗਜੀਤ ਸਿੰਘ ਦਾ ਜਨਮ ਮਾਤਾ ਭੁਪਿੰਦਰ ਕੌਰ ਅਤੇ ਪਿਤਾ ਪਰਤਾਪ Îਸਿੰਘ ਦੇ ਘਰ 22 ਨਵੰਬਰ 1920 ਨੂੰ ਹੋਇਆ। ਉਨ੍ਹਾਂ ਬਾਬਾ ਪ੍ਰਤਾਪ ਸਿੰਘ ਦੇ ਸਵਰਗਵਾਸ ਹੋਣ ਤੋਂ ਬਾਅਦ 22 ਅਗਸਤ 1959 ਤੋਂ ਬਾਅਦ ਮੁੱਖੀ ਦਾ ਕਾਰਜਭਾਰ ਸੰਭਾਲਿਆ ਸੀ। ਉਨ੍ਹਾਂ ਆਪਣਾ ਸਾਰਾ ਜੀਵਨ ਨਾਮ ਜਪੋ, ਕਿਰਤ ਕਰੋ , ਵੰਡ ਛਕੋ ਦੇ ਸਿਧਾਂਤ ‘ਤੇ ਪਹਿਰਾ ਦਿੱਤਾ। ਆਪਣੀ ਆਮਦਨ ਵਿਚੋਂ ਦਸਬੰਧ ਕੱਢਕੇ ਲੋੜਵੰਦਾਂ ਦੀ ਮਦਦ ਕਰਦੇ ਰਹੇ। ਉਹ ਹਰ ਨਾਮਧਾਰੀ ਨੂੰ ਇਕ ਮਹੀਨੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਇਕ ਵਾਰ ਅਤੇ ਇਸੇ ਤਰ੍ਹਾਂ ਚੰਡੀ ਦੀ ਵਾਰ ਦਾ ਪਾਠ ਕਰਨ ਲਈ ਕਹਿੰਦੇ ਸਨ। ਇਸ ਮੰਤਵ ਲਈ ਹਰ ਰੋਜ ਇਕ ਘੰਟਾ ਪਾਠ ਕਰਿਆ ਕਰਨ ਜਿਸ ਕਰਕੇ ਇਨਸਾਨ ਦੀ ਬਿਰਤੀ ਚੰਗੀ ਬਣੀ ਰਹਿੰਦੀ ਹੈ। ਆਪਣੇ ਜੀਵਨ ਵਿਚ ਉਨ੍ਹਾਂ 1961, 1974 ਅਤੇ 1997 ਵਿਚ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਾ ਲੱਖ ਪਾਠ ਕੀਤੇ। ਇਤਨੇ ਹੀ ਚੰਡੀ ਦੀ ਵਾਰ ਦੇ ਪਾਠ ਕੀਤੇ। ਉਹ ਖੁਦ ਰਾਗਾਂ ਅਨੁਸਾਰ ਕੀਰਤਨ ਕਰਦੇ ਸਨ।
ਬਾਬਾ ਜਗਜੀਤ ਸਿੰਘ ਦਾ ਸਭ ਤੋਂ ਵੱਡਾ ਗੁਣ ਕੁਦਰਤ, ਖੇਡਾਂ, ਕੋਮਲ ਕਲਾ ਅਤੇ ਸੰਗੀਤ ਦਾ ਪ੍ਰੇਮੀ ਹੋਣਾ ਸੀ, ਜਿਸ ਕਰਕੇ ਉਹ ਨਰਮ ਦਿਲ, ਸ਼ਾਂਤੀ ਦੇ ਪੁੰਜ ਅਤੇ ਮਾਨਵਤਾਵਾਦੀ ਸਨ। ਉਨ੍ਹਾਂ ਕਲਾ ਅਤੇ ਸੰਗੀਤ ਪ੍ਰੇਮੀਆਂ ਦੀ ਖੁਲ੍ਹੇ ਦਿਲ ਨਾਲ ਆਰਥਕ ਮਦਦ ਕੀਤੀ, ਜਿਨ੍ਹਾਂ ਵਿਚ ਉਸਤਾਦ ਅਨਾਇਤ ਉਲਾ ਖਾਂ, ਅਮਜਦ ਅਲੀ ਖਾਂ, ਪਿਆਰਾ ਸਿੰਘ, ਅੱਲਾ ਰੱਖਾ, ਪੰਡਿਤ ਕਿ੍ਰਸ਼ਨ ਮਹਾਰਾਜ, ਬਿ੍ਰਜੂ ਮਹਾਰਾਜ , ਰਾਜਨ ਸਾਜਨ ਮਿਸ਼ਰਾ ਅਤੇ ਉਸਤਾਦ ਹਰਭਜਨ ਸਿੰਘ ਅਤੇ ਗੁਰਦੇਵ ਸਿੰਘ ਆਦਿ ਸ਼ਾਮਲ ਹਨ। ਉਨ੍ਹਾਂ ਰਾਗੀਆਂ ਜਿਨ੍ਹਾਂ ਵਿਚ ਸੁਖਦੇਵ ਸਿੰਘ, ਮੋਹਨ ਸਿੰਘ, ਸੁਖਵਿੰਦਰ ਸਿੰਘ ਪਿੰਕੀ, ਬਲਜੀਤ ਸਿੰਘ ਨਾਮਧਾਰੀ, ਬਲਵੰਤ ਸਿੰਘ, ਹਰਬੰਸ ਸਿੰਘ ਘੁਲਾ ਅਤੇ ਕਿਰਨਪਾਲ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੂੰ ਪੈਟਰੋਨੇਜ ਦਿੱਤੀ। ਸਾਰੀ ਉਮਰ ਉਹ ਮਨੁੱਖਤਾ ਦੀ ਬਿਹਤਰੀ ਲਈ ਕੰਮ ਕਰਦੇ ਰਹੇ। ਉਨ੍ਹਾਂ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਮਕਾਨ ਉਸਾਰਕੇ ਦਿੱਤੇ। ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਮਨੁੱਖਤਾ ਨੂੰ ਪ੍ਰੇਰਨਾ ਦੇਣ ਵਾਲੀਆਂ 200 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ। ਲੁਧਿਆਣਾ ਵਿਖੇ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਬਣਾਇਆ, ਜਿਸ ਵਿਚ ਗਰੀਬਾਂ ਦਾ ਘੱਟ ਖ਼ਰਚ ਤੇ ਇਲਾਜ ਕੀਤਾ ਜਾਂਦਾ ਹੈ। ਭੈਣੀ ਸਾਹਿਬ ਵਿਖੇ ਇਕ ਓਲਡ ਏਜ ਕੇਅਰ ਸੈਂਟਰ ਵੀ ਸਥਾਪਤ ਕੀਤਾ ਹੈ। ਉਨ੍ਹਾਂ ਵਰਤਮਾਨ ਆਧੁਨਿਕ ਯੁਗ ਵਿਚ ਕੁਆਲਿਟੀ ਵਾਲੀ ਵਿਦਿਆ ਹਾਸਲ ਕਰਨ ਲਈ ਨਾਮਧਾਰੀਆਂ ਨੂੰ ਪ੍ਰੇਰਿਤ ਕੀਤਾ ਤਾਂ ਜੋ ਮੁਕਾਬਲੇ ਦੇ ਇਮਤਿਹਾਨਾ ਅਤੇ ਵਿਓਪਾਰ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਸਕੇ। ਇਸ ਮੰਤਵ ਦੀ ਪੂਰਤੀ ਲਈ ਭੈਣੀ ਸਾਹਿਬ, ਦਿੱਲੀ, ਜੀਵਨ ਨਗਰ ਅਤੇ ਬੈਂਕਾਕ ਵਿਚ ਵਿਦਿਅਕ ਸੰਸਥਾਵਾਂ ਸਥਾਪਤ ਕੀਤੀਆਂ। ਇਸ ਤੋਂ ਇਲਾਵਾ ਜੀਵਨ ਨਗਰ ਵਿਚ ਇਕ ਕਾਲਜ ਸਥਾਪਤ ਕੀਤਾ। ਭੈਣੀ ਸਾਹਿਬ ਵਿਖੇ ਨਾਮਧਾਰੀ ਕਲਾ ਕੇਂਦਰ ਸਥਾਪਤ ਕੀਤਾ, ਜਿਥੇ ਸੰਗੀਤ ਅਤੇ ਹੋਰ ਕੋਮਲ ਕਲਾਵਾਂ ਦੀ ਸਿਖਿਆ ਦਿੱਤੀ ਜਾਂਦੀ ਹੈ ਤਾਂ ਜੋ ਨਵੀਂ ਨਾਮਧਾਰੀ ਪਨੀਰੀ ਨੂੰ ਸੁਹਿਰਦ ਬਣਾਇਆ ਜਾ ਸਕੇ। ਉਹ ਚਾਹੁੰਦੇ ਸਨ ਕਿ ਹਰ ਨਾਮਧਾਰੀ ਪਰਿਵਾਰ ਵਿਚੋਂ ਸੰਗੀਤ ਦੀ ਮਹਿਕ ਆਵੇ। ਸਿਖਾਂਦਰੂਆਂ ਨੂੰ ਵੋਕਲ ਅਤੇ ਇਨਸਟਰੂਮੈਂਟਲ ਸੰਗੀਤ ਦੀ ਸਿਖਿਆ ਦਿੱਤੀ ਜਾਂਦੀ ਹੈ। ਬਾਬਾ ਜਗਜੀਤ ਸਿੰਘ ਖੁਦ ਵੀ ਸੰਗੀਤਕ ਸਾਜਾਂ ਦੇ ਮਾਹਿਰ ਸਨ। ਦਿਲਰੁਬਾ ਉਨ੍ਹਾਂ ਦਾ ਪਸੰਦੀਦਾ ਸਾਜ ਸੀ। ਭੈਣੀ ਸਾਹਿਬ ਵਿਖੇ ਸੰਗੀਤ ਸਮੇਲਨ ਵੀ ਕਰਵਾਏ ਜਾਂਦੇ ਸਨ, ਜਿਨ੍ਹਾਂ ਵਿਚ ਭਾਰਤ ਦੇ ਜਾਣੇ ਪਛਾਣੇ ਕਲਾਸੀਕਲ ਸੰਗੀਤਕਾਰ ਹਿੱਸਾ ਲੈਂਦੇ ਸਨ। ਅਜਿਹੇ ਸੰਗੀਤ ਸਮੇਲਨ ਵਿਦੇਸ਼ ਵਿਚ ਵੀ ਕਰਵਾਏ ਜਾਂਦੇ ਸਨ ਤਾਂ ਜੋ ਭਾਰਤੀ ਸੰਗੀਤ ਨੂੰ ਵਿਦੇਸ਼ਾਂ ਵਿਚ ਪ੍ਰਮੋਟ ਕੀਤਾ ਜਾ ਸਕੇ। ਨਾਮਧਾਰੀ ਨੌਜਵਾਨੀ ਨੂੰ ਸਮਾਜ ਵਿਚ ਹਰ ਖੇਤਰ ਵਿਚ ਬਿਹਤਰੀਨ ਕਾਗੁਜ਼ਾਰੀ ਲਈ ਮਾਹਿਰ ਬਣਾਉਣ ਦੇ ਇਰਾਦੇ ਨਾਲ ਨੌਜਵਾਨ ਲੜਕਿਆਂ ਦੇ ‘‘ਨਾਮਧਾਰੀ ਵਿਦਿਅਕ ਜਥੇ ’’ 1962 ਵਿਚ ਬਣਾਏ ਗਏ ਤਾਂ ਜੋ ਉਹ ਸਮਾਜ ਸੇਵਾ, ਧਾਰਮਿਕ, ਸਭਿਆਚਾਰਕ, ਆਰਥਿਕ ਅਤੇ ਰਾਜਨੀਤਕ ਖੇਤਰ ਵਿਚ ਮਾਅਰਕੇ ਮਾਰ ਸਕਣ। ਬਾਅਦ ਵਿਚ ਲੜਕੀਆਂ ਦੇ ਜਥੇ ਵੀ ਬਣਾ ਦਿੱਤੇ ਗਏ ਤਾਂ ਜੋ ਲੜਕੀਆਂ ਵੀ ਕਿਸੇ ਖੇਤਰ ਵਿਚ ਪਿਛੇ ਨਾ ਰਹਿਣ। ਇਨ੍ਹਾਂ ਜਥਿਆਂ ਦੀਆਂ 50 ਸ਼ਾਖਾਵਾਂ ਭਾਰਤ ਅਤੇ ਵਿਦੇਸਾਂ ਵਿਚ ਥਾਈਲੈਂਡ, ਯੂ ਕੇ , ਅਮਰੀਕਾ ਅਤੇ ਅਫਰੀਕਾ ਵਿਚ ਕੰਮ ਕਰ ਰਹੀਆਂ ਹਨ। ਨਾਮਧਾਰੀਆਂ ਨੇ ਦੇਸ ਦੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲਿਆ ਜਿਸ ਕਰਕੇ ਅੰਗਰੇਜ ਸਰਕਾਰ ਨੇ ਉਨ੍ਹਾਂ ਉਪਰ ਤਸ਼ੱਦਦ ਕੀਤੇ ਅਤੇ ਬਹੁਤ ਸਾਰੇ ਨਾਮਧਾਰੀਆਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ।
ਬਾਬਾ ਜਗਜੀਤ ਸਿੰਘ ਦੇ ਉਦਮ ਸਦਕਾ ‘‘ਕੂਕਾ ਮਾਰਟਾਇਰਜ਼ ਮੈਮੋਰੀਅਲ ਟਰੱਸਟ’’ ਸਥਾਪਤ ਕੀਤੀ ਗਈ, ਜਿਹੜੀ 1871-1872 ਵਿਚ ਹੋਈਆਂ ਨਾਮਧਾਰੀਆਂ ਦੀਆਂ ਕੁਰਬਾਨੀਆਂ ਦੀਆਂ ਯਾਦਗਾਰਾਂ ਦੀ ਉਸਾਰੀ ਕਰਵਾ ਰਹੀ ਹੈ। ਅੰਮਿ੍ਰਤਸਰ, ਮਾਲੇਰਕੋਟਲਾ, ਂਰਾਏਕੋਟ ਅਤੇ ਲੁਧਿਆਣਾ ਵਿਚ ਯਾਦਗਾਰਾਂ ਉਸਾਰੀਆਂ ਜਾ ਂਰਹੀਆਂ ਹਨ। ਬਾਬਾ ਰਾਮ ਸਿੰਘ ਵੱਲੋਂ ਕੀਤੇ ਕਾਰਜਾਂ ਦੀ ਖੋਜ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਇਸ ਮੰਤਵ ਲਈ ਸਰਕਾਰਾਂ ਦੇ ਸਹਿਯੋਗ ਨਾਲ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ ਸ੍ਰੀ ਗੁਰੂ ਨਾਨਕ ਦੇਵ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿਚ ਸਤਿਗੁਰ ਰਾਮ ਸਿੰਘ ਚੇਅਰਾਂ ਸਥਾਪਤ ਕੀਤੀਆਂ ਗਈਆਂ ਹਨ। ਇਕ ਚੇਅਰ ਸਮਸਪੁਰਾਨਾਨੰਦ ਸੰਸਕਿ੍ਰਤ ਵਿਦਿਆਲਾ ਵਾਰਾਨਸੀ ਵਿਚ ਸਥਾਪਤ ਕੀਤੀ ਗਈ ਹੈ। ਹਾਕੀ ਦੀ ਖੇਡ ਨੂੰ ਉਤਸ਼ਾਹਤ ਕਰਨ ਲਈ ਨਾਮਧਾਰੀ ਖਿਡਾਰੀਆਂ ਦੀ ਟੀਮ ਬਣਾਈ ਗਈ ਹੈ। ਨਾਮਧਾਰੀ ਸਰਦਾਰ ਸਿੰਘ ਭਾਰਤ ਦੀ ਟੀਮ ਦਾ ਕਪਤਾਨ ਰਿਹਾ ਹੈ। ਇਨ੍ਹਾਂ ਸਾਰੇ ਕੰਮਾਂ ਤੋਂ ਬਾਬਾ ਜਗਜੀਤ ਸਿੰਘ ਦੀ ਦੂਰਅੰਦੇਸ਼ੀ ਦਾ ਪ੍ਰਗਟਾਵਾ ਹੁੰਦਾ ਹੈ। ਨਾਮਧਾਰੀ ਇਤਿਹਾਸ ਵਿਚ ਉਨ੍ਹਾਂ ਦਾ ਯੋਗਦਾਨ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।

(ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ)

Install Punjabi Akhbar App

Install
×