178ਵੇਂ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼: ਸ਼ਹੀਦ ਬਾਬਾ ਬੁੱਧ ਸਿੰਘ ਬਸਿਆਲਾ -ਹਰੀ ਸਿੰਘ ਨਲੂਏ ਦੇ ਮੁੱਖ ਜਰਨੈਲ

NZ PIC  30 April-1ਸਿੱਖ ਸਲਤਨਤ (1799-1849) ਵੇਲੇ ਖਾਲਸਾ ਫੌਜ ਦੇ ਮੁਖੀ ਰਹੇ ਸ਼ਹੀਦ ਹਰੀ ਸਿੰਘ ਨਲੂਏ ਜੀ ਦੇ ਜੀਵਨ, ਇਤਿਹਾਸ ਅਤੇ ਬਹਾਦਰੀ ਭਰੇ ਕਿੱਸਿਆਂ ਤੋਂ ਜਿੱਥੇ ਪੂਰੀ ਦੁਨੀਆ ਵਾਕਿਫ ਹੈ ਉਥੇ ਪਾਠਕਾਂ ਨਾਲ ਇਹ ਗੱਲ ਸਾਂਝੀ ਕਰਦਿਆਂ ਪਿੰਡ ਬਸਿਆਲਾ ਨੇੜੇ ਗੜ੍ਹਸ਼ੰਕਰ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਸਮੁੱਚੇ ਪਿੰਡ ਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਸ਼ਹੀਦ ਹਰੀ ਸਿੰਘ ਨਲੂਏ ਦੀ ਫੌਜ ਦੇ ਇਕ ਜਰਨੈਲ ਪਿੰਡ ਬਸਿਆਲਾ ਨਾਲ ਸਬੰਧਿਤ ਸਨ। ਇਸ ਜਰੈਨਲ ਦਾ ਨਾਂਅ ਸੀ ਸ਼ਹੀਦ ਬਾਬਾ ਬੁੱਧ ਸਿੰਘ। ਛੇ ਭਰਾਵਾਂ ਦੇ ਵਿਚੋਂ ਇਹ ਚੌਥੇ ਨੰਬਰ ਉਤੇ ਸਨ ਅਤੇ ਸ਼ਹੀਦੀ ਤੱਕ ਵਿਆਹ ਨਹੀਂ ਸੀ ਕਰਵਾਇਆ। ਇਨ੍ਹਾਂ ਦੇ ਵੱਡੇ ਭਰਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਨੌਕਰੀ ਕਰਦੇ ਦੱਸੇ ਜਾਂਦੇ ਹਨ। ਇਨ੍ਹਾਂ ਦੀ ਪੀੜ੍ਹੀ ਅਜੇ ਵੀ ਪਿੰਡ ਦੇ ਵਿਚ ਸੁੱਖੀ ਸਾਂਦੀ ਵਸ ਰਹੀ ਹੈ।
ਅਕਤੂਬਰ 1836 ਦੇ ਵਿਚ ਜਦੋਂ ਖਾਲਸਾ ਫੌਜ ਦੇ ਮੁਖੀ ਹਰੀ ਸਿੰਘ ਨਲੂਏ ਨੇ ਜਮਰੌਦ ਨੂੰ ਫਤਹਿ ਕਰਨ ਲਈ ਆਪਣਾ ਰੁੱਖ ਕੀਤਾ ਤਾਂ ਜਰਨੈਲ ਬੁੱਧ ਸਿੰਘ ਉਨ੍ਹਾਂ ਦੇ ਨਾਲ ਸਨ। 1837 ਦੇ ਵਿਚ ਜਮਰੌਦ ਦੀ ਲੜਾਈ ਸ਼ੁਰੂ ਹੋਈ ਸੀ। ਕੁਝ ਪੁਰਾਤਨ ਇਤਿਹਾਸਕਾਰਾਂ ਤੋਂ ਮਿਲੇ ਹਵਾਲਿਆਂ ਦੇ ਅਨੁਸਾਰ ਬਾਬਾ ਬੁੱਧ ਸਿੰਘ ਨੇ 30 ਅਪ੍ਰੈਲ 1837 ਈਸਵੀ ਨੂੰ ਜਮਰੌਦ ਦੇ ਕਿਲ੍ਹੇ ਵਿਖੇ ਜੰਗ ਦੌਰਾਨ ਸ਼ਹਾਦਤ ਪ੍ਰਾਪਤ ਕੀਤੀ। ਬਾਬਾ ਬੁੱਧ ਸਿੰਘ ਜੀ ਬਾਰੇ ਅਜੇ ਹੋਰ ਇਤਿਹਾਸਕ ਤੱਥਾਂ ਦੀ ਖੋਜ ਕੀਤੀ ਜਾ ਰਹੀ ਹੈ। ਢਾਡੀ ਗੁਰਬਖਸ਼ ਸਿੰਘ ਅਲਬੇਲਾ ਨੇ ਵੀ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਬਾਬਾ ਬੁੱਧ ਸਿੰਘ ਜੀ ਦੇ ਬਾਰੇ ਪੜ੍ਹਿਆ ਹੈ। ਪਿੰਡ ਦੇ ਬਜ਼ੁਰਗ ਸਵ. ਸ. ਰਤਨ ਸਿੰਘ ਅਤੇ ਸਵ. ਹਰੀ ਸਿੰਘ ਵੀ ਅਜਿਹਾ ਦੱਸਿਆ ਕਰਦੇ ਸਨ। ਇਸ ਤੋਂ ਇਲਾਵਾ ਸ. ਜੋਗਿੰਦਰ ਸਿੰਘ ਨੇ ਦੱਸਿਆ ਕਰਦੇ ਸਨ ਕਿ ਪਹਿਲਾਂ ਬਾਬਾ ਜੀ ਦੀ ਜਗ੍ਹਾ ਪਿੰਡ ਦੇ ਵਿਚ ਹੋਇਆ ਕਰਦੀ ਸੀ, ਪਰ ਬਾਅਦ ਵਿਚ ਉਨ੍ਹਾਂ ਦਾ ਕੁਝ ਸੇਵਾਦਾਰਾਂ ਉਤੇ ਅਜਿਹਾ ਪ੍ਰਭਾਵ ਬਣਿਆ ਕਿ ਇਹ ਜਗ੍ਹਾ ਬੜੀ ਸ਼ਰਧਾ-ਭਾਵਨਾ ਦੇ ਨਾਲ ਪਿੰਡ ਦੇ ਬਾਹਰਵਾਰ ਬਣਾਈ ਗਈ। ਇਸ ਨੂੰ ਸ਼ਹੀਦਾਂ ਵਾਲੀ ਦਾ ਨਾਂਅ ਦਿੱਤਾ ਗਿਆ। ਛੋਟਾ ਕਮਾਰਾ ਅਤੇ ਵਰਾਂਡਾ ਹੋਇਆ ਕਰਦਾ ਸੀ।  ਫਿਰ ਸੰਗਤਾਂ ਦੀ ਮੰਗ ਉਤੇ ਪਾਣੀ ਦੀ ਪੂਰਤੀ ਵਾਸਤੇ ਉਥੇ ਛੋਟੀ ਹਲਟੀ ਟਿੰਡਾ ਵਾਲੀ ਲਗਾਈ ਗਈ ਸੀ। ਇਹ ਹਲਟੀ ਫਿਰ 1985-86 ਦੇ ਵਿਚ ਲੈਂਟਰ ਪਾ ਕੇ ਬੰਦ ਕਰ ਦਿੱਤੀ ਗਈ ਅਤੇ ਪਾਣੀ ਵਾਲੀ ਸੀਮੈਂਟ ਦੀ ਟੈਂਕੀ ਉਸਾਰੀ ਗਈ ਸੀ। ਇਹ ਅਸਥਾਨ ਹੁਣ ਕਈ ਖੇਤਾਂ ਵਿਚ ਫੈਲਿਆ ਹੋਇਆ ਹੈ ਅਤੇ ਗੁਰੂ ਘਰ ਦੀ ਇਮਾਰਤ ਦੋ ਮੰਜ਼ਿਲਾ ਉਸਰੀ ਹੋਈ ਹੈ। ਇਥੇ ਬੀ.ਏ. ਤੱਕ ਕਾਲਜ ਬਾਬਾ ਬੁੱਧ ਸਿੰਘ ਜੀ ਦੇ ਨਾਂਅ ‘ਤੇ ਚਲਦਾ ਹੈ। ਇਸ ਜਗ੍ਹਾ ਉਤੇ ਦੇਸ਼-ਵਿਦੇਸ਼ ਤੋਂ ਲੋਕ ਮੱਥਾ ਟੇਕਣ ਆਉਂਦੇ ਹਨ। ਸਾਲ ਦੇ ਵਿਚ ਇਕ ਵਾਰਾ ਸ. ਸਤਨਾਮ ਸਿੰਘ ਪਾਬਲਾ ਆਸਟਰੇਲੀਆ ਵਾਲਿਆਂ ਦੇ ਸਹਿਯੋਗ ਨਾਲ ਕੀਰਤਨ ਦਰਬਾਰ ਕਰਵਾਇਆ ਜਾਂਦਾ ਹੈ। ਇਸ ਅਸਥਾਨ ਦੀ ਦੇਖਭਾਲ ਸ. ਜਸਵੰਤ ਸਿੰਘ ਪਾਬਲਾ ਪਿੰਡ ਦੇ ਸਹਿਯੋਗ ਨਾਲ ਕਰਦੇ ਹਨ। ਬਾਬਾ ਬੁੱਧ ਸਿੰਘ ਦੇ ਭਤੀਜੇ ਬਾਬਾ ਦਸੌਂਧਾ ਸਿੰਘ ਜੀ ਨੇ ਜੈਤੋ ਦੇ ਮੋਰਚੇ ਵਿਚ ਸ਼ਹੀਦੀ ਪ੍ਰਾਪਤ ਕੀਤੀ ਦੱਸੀ ਜਾਂਦੀ ਹੈ। ਪਿੰਡ ਬਸਿਆਲਾ ਦੇ ਨਿਊਜ਼ੀਲੈਂਡ ਰਹਿੰਦੇ ਸ. ਹਰਜਿੰਦਰ ਸਿੰਘ, ਅਮਰੀਕਾ ਰਹਿੰਦੇ ਸ. ਮੱਖਣ ਸਿੰਘ ਬਸਿਆਲਾ, ਸ. ਮੁਖਤਿਆਰ ਸਿੰਘ, ਸ. ਸਰਵਣ ਸਿੰਘ, ਗ੍ਰੰਥੀ ਭਾਈ ਤੇਜਾ ਸਿੰਘ  ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ 30 ਅਪ੍ਰੈਲ ਦਿਨ ਵੀਰਵਾਰ ਨੂੰ ਪਿੰਡ ਬਸਿਆਲਾ ਵਿਖੇ ਸ਼ਹੀਦੀ ਬਾਬਾ ਬੁੱਧ ਸਿੰਘ ਜੀ ਦਾ 178ਵਾਂ ਸ਼ਹੀਦੀ ਦਿਹੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਰੱਖੇ ਗਏ ਸ੍ਰੀ ਅਖੰਠ ਪਾਠ ਦੇ ਭੋਗ ਪਾਏ ਜਾ ਰਹੇ ਹਨ ਅਤੇ ਪੰਥ ਪ੍ਰਸਿੱਧ ਢਾਡੀ ਨਿਰਮਲ ਸਿੰਘ ਨੂਰ ਵੀ ਇਥੇ ਵਾਰਾਂ ਗਾਇਨ ਪਹੁੰਚ ਰਹੇ ਹਨ।

Install Punjabi Akhbar App

Install
×