ਬਾਬਾ ਭਕਨਾ ਦੇ ਕੁੱਬ ਚ ਗੱਡਿਆ ਗਿਆ ਭਗਵਾ – ਗਦਰੀ ਬਾਬਿਆਂ ਦੇ ਵਾਰਸੋ ਜਾਗੋ..

– ਸੂਹੇ ਪਰਚਮ ਚ ਲਪੇਟ ਕੇ ਪਹਿਨਦੇ ਨਾਗਪੁਰੀ ਨਿੱਕਰਧਾਰੀਆਂ ਦੀ ਪਛਾਣ ਕਰੋ..
– ਕਿਉਂਕਿ ਬਾਬਾ ਭਕਨਾ ਦੇ ਕੁੱਬ ਚ ਗੱਡਿਆ ਗਿਆ ਭਗਵਾਂ..
– ਤੇ ਇਹ ਉਹਨਾਂ ਸਮਿਆਂ ਚ ਹੋਣਾ ਸੀ, ਜਦੋਂ ਭਗਵਾਂ ਟੋਲਾ ਆਦਮ ਬੋਅ ਆਦਮ ਬੋਅ ਕਰਦਾ ਜਾਗਦੇ ਸੂਹੇ ਸਿਰਾਂ ਨੂੰ ਫੇਹ ਰਿਹਾ ਹੈ??

17 ਜਨਵਰੀ 2020 ਦਾ ਦਿਨ ਗਦਰੀ ਬਾਬਿਆਂ ਦੇ ਵਾਰਸਾਂ, ਗਦਰੀ ਵਿਚਾਰਧਾਰਾ ਦੇ ਸਮਰਥਕਾਂ, ਸੁਹਿਰਦ ਖੱਬੇ ਪੱਖੀਆਂ, ਤੇ ਸੰਘੀ ਲਾਣੇ ਖ਼ਿਲਾਫ਼ ਲੜ ਰਹੇ ਹਰ ਯੋਧੇ ਲਈ ਸ਼ਰਮਸਾਰ ਕਰਨ ਵਾਲਾ ਦਿਨ ਸੀ। ਇਸ ਦਿਨ ਮੁਲਕ ਚ ਕਿਸੇ ਵੀ ਨਪੀੜੀ ਜਾ ਰਹੀ ਧਿਰ ਦੇ ਸਿਰ ਤੇ ਹੱਥ ਧਰ ਕੇ ਸੁਰੱਖਿਆ ਦਾ ਧਰਵਾਸ ਦੇਣ ਦਾ ਅਹਿਸਾਸ ਕਰਵਾਉਣ ਵਾਲੀ ਗਦਰੀ ਯੋਧਿਆਂ ਦੀ ਵਾਰਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਕਮੇਟੀ ਨੇ ਚੰਦ ਰੋਕੜਿਆਂ ਖਾਤਰ ਜਾਂ ਫਿਰ ਲਾਜ਼ਮੀ ਹੀ ਸੂਹੇ ਪਰਚਮ ਚ ਲਪੇਟ ਕੇ ਪਹਿਨਦੇ ਕਿਸੇ ਨਾਗਪੁਰੀ ਨਿੱਕਰ ਧਾਰੀ ਦੀ ਕੋਝੀ ਹਰਕਤ ਨਾਲ ਭਗਵਾਂ ਪਰਚਮ ਯਾਦਗਾਰ ਹਾਲ ਦੇ ਸਿਖਰ ਤੇ ਝੂਲਦੇ ਗਦਰੀ ਪਰਚਮ ਨੂੰ ਘਰ ਚ ਆ ਕੇ ਚੁਣੌਤੀ ਦੇ ਗਿਆ।
ਸੰਘੀ ਟੋਲੇ ਦੇ ਖ਼ਾਸਮਖ਼ਾਸ ਅਸ਼ਵਨੀ ਸ਼ਰਮਾ ਦੇ ਭਾਜਪਾ ਪ੍ਰਧਾਨ ਬਣਨ ਦੀ ਤਾਜਪੋਸ਼ੀ ਹੋਈ, ਸੰਘੀ ਲਾਣੇ ਨੇ ਜਸ਼ਨ ਮਨਾਏ , ਘੱਟਗਿਣਤੀਆਂ ਚ ਭੈਅ ਪੈਦਾ ਕਰਨ ਵਾਲੇ ਸੀ ਏ ਏ ਤੇ ਐਨ ਆਰ ਸੀ ਜਿਹੇ ਕਾਲੇ ਕਾਨੂੰਨਾਂ ਦੇ ਹੱਕ ਚ ਆਵਾਜ਼ ਬੁਲੰਦ ਹੋਈ।
ਤੇ ਉਸ ਵਕਤ ਲਾਜ਼ਮੀ ਇਸੇ ਵਿਹੜੇ ਚੋਂ ਧਾੜਵੀਆਂ ਵਿਰੁੱਧ ਉੱਠਦੇ ਬਗ਼ਾਵਤ ਦੇ ਜੋਸ਼ੀਲੇ ਬੋਲ ਕੋਈ ਖੱਲ ਖੂੰਜਾ ਸ਼ਰਮ ਨਾਲ ਡੁੱਬਣ ਲਈ ਲੱਭਦੇ ਫਿਰਦੇ ਹੋਣਗੇ।
ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਕਈ ਵਾਰ ਹੋਇਆ ਹੈ, ਕਦੀ ਸੰਘੀ ਟੋਲੇ ਦੇ ਸ੍ਰੀ ਸ੍ਰੀ ਰਵੀ ਸ਼ੰਕਰ ਦਾ ਪ੍ਰਚਾਰ, ਕਈ ਗਰੁੜ ਪੁਰਾਣ ਦਾ ਪਾਠ.. ਹਰ ਵਾਰ ਮੱਲਵੀਂ ਜ਼ੁਬਾਨ ਨਾਲ ਤੇ ਕੁੱਝ ਤਿੱਖੀਆਂ ਸੁਰਾਂ ਨਾਲ ਵਿਰੋਧ ਵੀ ਹੋਇਆ ਹੈ,ਪਰ ਇਸ ਵਾਰ ਦਾ ਵਿਰੋਧ ਇਸ ਕਰਕੇ ਪ੍ਰਚੰਡ ਹੈ, ਕਿਉਂਕਿ ਅੱਜ ਜਦੋਂ ਮੁਲਕ ਨੂੰ ਸੰਘੀ ਲਾਣਾ ਸਿਰਫ਼ ਤੇ ਸਿਰਫ਼ ਹਿੰਦੂ ਰਾਸ਼ਟਰ ਬਣਾਉਣ ਲਈ ਤੁਲਿਆ ਪਿਆ ਹੈ, ਪੂਰੇ ਮੁਲਕ ਚ ਜਾਗਦੀਆਂ ਜ਼ਮੀਰਾਂ ਵਾਲੇ ਆਪੋ ਆਪਣੇ ਵਿੱਤ ਮੁਤਾਬਿਕ ਵਿਰੋਧ ਕਰਦੇ ਸੜਕਾਂ ਤੇ ਨੇ, ਸ਼ਾਹੀਨ ਬਾਗ਼ ਚ ਚੰਦ ਮਹੀਨਿਆਂ ਦੇ ਬੱਚੇ ਆਪਣੀਆਂ ਮਾਵਾਂ ਦੀ ਗੋਦ ਚ ਪ੍ਰਦਰਸ਼ਨਕਾਰੀ ਬਣ ਕੇ ਮੁਲਕ ਦੀ ਧਰਮ-ਨਿਰਪੇਖਤਾ ਨੂੰ ਬਚਾਉਣ ਵਾਲੇ ਅਣ-ਐਲਾਨੇ ਯੋਧੇ ਬਣ ਚੁੱਕੇ ਨੇ, ਉਸ ਵਕਤ ਜਦੋਂ ਯਾਦਗਾਰ ਹਾਲ ਦੇ ਵਿਹੜੇ ਚੋਂ ਇਹਨਾਂ ਨੰਨੇ ਗਦਰੀਆਂ, ਚੁੱਲ੍ਹੇ ਚੌਂਕੇ ਚੋਂ ਨਿਕਲ ਤੇ ਸੜਕ ਤੇ ਆਈਆਂ ਬੀਬੀਆਂ, ਵਿੱਦਿਅਕ ਅਦਾਰਿਆਂ ਚ ਗੁੰਡਾ ਅਨਸਰਾਂ ਦੀ ਹਿੰਸਾ ਦਾ ਸ਼ਿਕਾਰ ਪਾੜ੍ਹਿਆਂ ਦੇ ਹੱਕ ਚ ਤੇ ਯੂ ਪੀ ਚ ਭਗਵੇਂ ਟੋਲੇ ਵੱਲੋਂ ਕੀਤੇ ਨਰ-ਸੰਹਾਰ ਵਿਰੁੱਧ, ਜੋਸ਼ੀਲੇ ਬੋਲ ਬੋਲੇ ਜਾਣੇ ਚਾਹੀਦੇ ਨੇ, ਉਸ ਵਕਤ ਜਦੋਂ ਸੰਘੀ ਲਾਣਾ ਸ਼ਾਹੀਨ ਬਾਗ਼ ਵੱਲ ਮੂੰਹ ਕਰਨ ਤੋਂ ਖ਼ੌਫ਼ ਖਾ ਰਿਹਾ ਹੈ, ਜੇ ਐਨ ਯੂ ਦੇ ਜਾਗਦੇ ਸਿਰਾਂ ਨੂੰ ਫੇਹਣ ਲਈ ਨਕਾਬਪੋਸ਼ ਬਣ ਕੇ ਆਉਂਦਾ ਹੈ, ਉਸ ਵਕਤ ਯਾਦਗਾਰ ਹਾਲ ਦੀ ਬੇਸ਼ਰਮ ਕਮੇਟੀ ਸੰਘੀ ਲਾਣੇ ਨੂੰ ਆਖਦੀ ਹੈ, ਆਓ ਜੀ.. ਜੀ ਆਇਆਂ ਨੂੰ..
ਇਸ ਤੋਂ ਵੱਧ ਗਰਕਣ ਕੁੱਝ ਨਹੀਂ ਹੋ ਸਕਦੀ।
ਹੁਣ ਜਦੋਂ ਸਾਰੇ ਪਾਸੇ ਵਿਰੋਧੀ ਸੁਰ ਪ੍ਰਚੰਡ ਹੋ ਗਈ ਤਾਂ ਕਮੇਟੀ ਦੇ ਚਾਰ ਕੁ ਮੈਂਬਰਾਂ ਵੱਲੋਂ ਇਹ ਕਹਿ ਦੇਣਾ ਕਿ ਗ਼ਲਤੀ ਹੋ ਗਈ, ਦੁਬਾਰਾ ਨਹੀਂ ਹੋਵੇਗਾ, ਜਾਂ ਕਿਸੇ ਵੱਲੋਂ ਇਹ ਕਹਿ ਦੇਣਾ ਕਿ ਦੁੱਖ ਹੋਇਆ, ਸ਼ਰਮ ਵੀ ਆਈ, .. ਇਹ ਮਾਫ਼ੀਨਾਮਾ ਇਹ ਸ਼ਰਮ ਨਾਮਾ ਗਦਰੀ ਬਾਬਿਆਂ ਦੇ ਵਾਰਸਾਂ ਨੂੰ ਮਨਜ਼ੂਰ ਨਹੀਂ ਹੋਣਾ ਚਾਹੀਦਾ।
ਇਸ ਕਾਲੀ ਕਰਤੂਤ ਪਿੱਛੇ ਸਾਰੀ ਕਮੇਟੀ ਜ਼ਿੰਮੇਵਾਰ ਹੈ, ਜੇ ਕਿਸੇ ਨੂੰ ਕਮੇਟੀ ਦੇ ਇਸ ਫ਼ੈਸਲੇ ਤੇ ਇਤਰਾਜ਼ ਸੀ, ਜਾਂ ਉਹ ਸਹਿਮਤ ਨਹੀਂ ਸੀ, ਤਾਂ ਗਦਰੀ ਵਿਹੜੇ ਉਹ ਕਮੇਟੀ ਦੇ ਉਕਤ ਫ਼ੈਸਲਾ ਲੈਣ ਵਾਲਿਆਂ ਦਾ ਵਿਰੋਧ ਕਰਨ ਲਈ ਡਟਦਾ, ਗਦਰੀਆਂ ਦੇ ਵਾਰਸ ਉਸੇ ਵਕਤ ਉਸ ਦਾ ਸਾਥ ਦਿੰਦੇ, ਕੀ ਮਜਾਲ ਸੀ ਕਿ ਭਗਵਾਂ ਗਦਰੀਆਂ ਦੀ ਵਿਰਾਸਤ ਨੂੰ ਚੁਣੌਤੀ ਦੇਣੀ ਤਾਂ ਦੂਰ ਛੋਹ ਵੀ ਜਾਂਦਾ। ਪਰ ਨਹੀਂ ਕੁਰਸੀ , ਸੱਤਾ ਪਿਆਰੀ ਹੈ।
ਸਾਨੂੰ ਗਦਰੀਆਂ ਦੇ ਵਾਰਸਾਂ ਨੂੰ ਪੂਰੀ ਕਮੇਟੀ ਦਾ ਬਾਈਕਾਟ ਹੀ ਨਹੀਂ ਕਰਨਾ ਚਾਹੀਦਾ , ਬਲਕਿ ਅਖੌਤੀ ਗਦਰੀ ਵਾਰਸਾਂ ਨੂੰ ਇਸ ਮਹਾਨ ਵਿਰਾਸਤ ਤੋਂ ਲਾਂਭੇ ਕਰਕੇ ਇਸ ਦੀ ਸ਼ਾਨ ਤੇ ਵਿਚਾਰਧਾਰਕ ਮਹਾਨਤਾ ਨੂੰ ਬਚਾਉਣ ਲਈ ਪਿੜ ਚ ਆਉਣਾ ਚਾਹੀਦਾ ਹੈ।
ਪਿਛਲੇ ਦਿਨੀਂ ਇਸੇ ਵਿਹੜੇ ਚ ਜਦੋਂ ਬਾਬਾ ਭਕਨਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਸੀ, ਬੁਲਾਰੇ ਸ਼ਰਧਾਂਜਲੀ ਭੇਟ ਕਰ ਰਹੇ ਸਨ, ਬਾਬਾ ਜੀ ਦੀਆਂ ਯਾਦਾਂ ਸਾਂਝੀਆਂ ਕਰ ਰਹੇ ਸਨ,ਤਾਂ ਸਤਿਕਾਰਯੋਗ ਚਰੰਜੀ ਲਾਲ ਕੰਗਣੀਵਾਲ ਹੁਰਾਂ ਨੇ ਦਿਲ ਦੇ ਲਹੂ ਨਾਲ ਭਿੱਜੇ ਬੋਲਾਂ ਨਾਲ ਗਦਰੀਆਂ ਦੇ ਵਾਰਸਾਂ ਨੂੰ ਦੱਸਿਆ ਸੀ ਕਿ ਜਦੋਂ ਕਮਿਊਨਿਸਟ ਪਾਰਟੀ ਵੰਡੀ ਗਈ ਸੀ ਤਾਂ ਬਾਬਾ ਜੀ ਨੂੰ ਕੁੱਬ ਪੈ ਗਿਆ ਸੀ..
ਬੇਹੱਦ ਅਫ਼ਸੋਸ, ਬੇਹੱਦ ਸ਼ਰਮਿੰਦਗੀ ਕਿ ਅਜਿਹੇ ਜਾਗਦੇ ਸਿਰਾਂ ਵਾਲਿਆਂ ਦੇ ਸਾਹਮਣੇ ਅੱਜ ਕਾਲੀਆਂ ਭੇਡਾਂ ਨੇ ਬਾਬਾ ਭਕਨਾ ਜੀ ਦੇ ਉਸੇ ਕੁੱਬ ਚ ਭਗਵਾਂ ਲਿਆ ਗੱਡਿਆ..
ਇਹ ਗੁਨਾਹ ਮਾਫ਼ੀਨਾਮੇ ਜਾਂ ਕਿਸੇ ਅਫ਼ਸੋਸ ਨਾਮੇ ਦੇ ਯੋਗ ਨਹੀਂ ਹੈ।
ਤੇ ਹਾਂ ਗਦਰੀ ਬਾਬਿਆਂ ਦੇ ਵਾਰਸੋ.. ਮੇਰੇ ਸਮੇਤ ਸਭ ਨੂੰ ਲਲਕਾਰ ਹੈ, ਵੰਗਾਰ ਹੈ, ਕਿ ਜਦੋਂ ਅਸੀਂ ਸੀ ਏ ਏ , ਐਨ ਆਰ ਸੀ ਦਾ ਵਿਰੋਧ ਕਰਦੇ ਹੋਏ ਨਾਅਰਾ ਲਾਉਂਦੇ ਹਾਂ ਕਿ ਮੋਦੀ-ਸ਼ਾਹ ਇਹ ਮੁਲਕ ਤੇਰੇ ਪਿਉ ਦਾ ਨਹੀਂ..
ਅੱਜ ਜਦੋਂ ਯਾਦਗਾਰ ਹਾਲ ਜਲੰਧਰ ਦੀ ਬੇਸ਼ਰਮ ਕਮੇਟੀ ਨੇ ਭਗਵੇਂ ਲਾਣੇ ਲਈ ਦਰ ਖੋਲ੍ਹ ਦਿੱਤਾ ਤਾਂ ਸਾਨੂੰ ਇਸ ਕਮੇਟੀ ਦੇ ਮੈਂਬਰਾਂ ਦੇ ਮੱਥੇ ਚ ਇਹ ਬੋਲ ਜ਼ਰੂਰ ਮਾਰਨੇ ਚਾਹੀਦੇ ਨੇ ਕਿ ਅਹੁਦੇਦਾਰੋ, ਇਹ ਗਦਰੀ ਵਿਰਾਸਤ , ਇਹ ਯਾਦਗਾਰ ਹਾਲ ਤੁਹਾਡੇ ਪਿਉ ਦਾ ਨਹੀਂ।
ਜੇ ਭਗਵਿਆਂ ਨਾਲ ਏਨਾ ਹੀ ਹੇਜ ਹੈ, ਤਾਂ ਆਪਣੇ ਘਰਾਂ ਦੇ ਦਰ ਖੋਲ੍ਹੋ ਬਥੇਰੇ ਵੱਡੇ ਵਿਹੜੇ ਕਮਾਏ ਨੇ ਲਹਿਰਾਂ ਦੇ ਨਾਮ ਤੋਂ
ਕਾਲੀ ਕਰਤੂਤ ਕਰਨ ਵਾਲੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਮੌਜੂਦਾ ਕਮੇਟੀ ਨੂੰ ਝੋਲੀਆਂ ਭਰ ਕੇ ਲਾਹਣਤਾਂ

Install Punjabi Akhbar App

Install
×