25 ਜੂਨ ਸ਼ਹੀਦੀ ਦਿਵਸ ਤੇ ਵਿਸ਼ੇਸ਼ -ਪੰਥ ਦਾ ਸ਼੍ਰੋਮਣੀ ਨਾਇਕ ਬਾਬਾ ਬੰਦਾ ਸਿੰਘ ਬਹਾਦਰ

Parmjit Singh 190626 ਬਾਬਾ ਬੰਦਾ ਸਿੰਘ ਬਹਾਦਰ

ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਾ ਇਤਿਹਾਸ ਅਤੇ ਯੋਗਦਾਨ ਆਪਣੇ-ਆਪ ਵਿੱਚ ਬਹੁਮੁੱਲਾ ਹੈ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਕੁਰਬਾਨੀਆਂ ਦਾ ਮਹਾਨ ਵਿਰਸਾ ਛੱਡ ਕੇ ਜ਼ੁਲਮ ਅਤੇ ਜਬਰ ਦੇ ਵਿਰੁੱਧ ਆਪਣੀ ਕਥਾ ਅੱਗੇ ਤੋਰਨ ਲਈ ਬੰਦਾ ਸਿੰਘ ਬਹਾਦਰ ਨੂੰ ਆਪਣੀ ਅਜਿੱਤ ਤਲਵਾਰ, ਤਰਕਸ਼ ਅਤੇ ਪੰਜ ਤੀਰ ਸੌਂਪ ਕੇ 7 ਅਕਤੂਬਰ 1708 ਈ: ਨੂੰ ਅਗਲੇਰੇ ਰਸਤੇ ਰੁਸ਼ਨਾਉਣ ਲਈ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੁਲਮ ਦਾ ਟਾਕਰਾ ਕਰਨ ਲਈ ਥਾਪੜਾ ਦੇ ਕੇ ਤੋਰਿਆ, ਜਿਸ ਪਿੱਛੇ ਸ੍ਰੀ ਆਨੰਦਪੁਰ ਸਹਿਬ ਦੀ ਧਰਤੀ ਤੋਂ ਸੰਪੂਰਨ ਖਾਲਸਾ ਸਿਰਜਨਾ ਦੀ ਵਿਚਾਰਧਾਰਾ ਕੰਮ ਕਰਦੀ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਸਮੁੱਚੇ ਵਿਸ਼ਵ ਨੂੰ ਇੱਕ ਭਾਈਚਾਰਕ ਸਾਂਝ ਕਾਇਮ ਕਰਨ ਦੀ ਅਵਾਜ਼ ਉੱਠੀ ਅਤੇ ਇਸ ਅਵਾਜ਼ ਨੂੰ ਜਿਨ੍ਹਾਂ ਗੁਰੂ ਪਿਆਰਿਆਂ ਨੇ ਸੁਣਿਆ ਤੇ ਮੰਨਿਆ ਉਨ੍ਹਾਂ ਵਿਚੋਂ ਇੱਕ ਮਹਾਨ ਸਖਸ਼ੀਅਤ ਹਨ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਕਿ 18ਵੀਂ ਸਦੀ ਵਿੱਚ ਪੈਦਾ ਹੋਏ ਮਹਾਨ ਸੂਰਮਿਆਂ ਵਿੱਚੋਂ ਇੱਕ ਸਨ।ਜਿਨ੍ਹਾਂ ਨੇ ਮੁਗਲਾਂ ਦੇ ਅਜਿੱਤ ਹੋਣ ਦੇ ਵਿਸ਼ਵਾਸ਼ ਨੂੰ ਤੋੜ ਕੇ ਰੱਖ ਦਿੱਤਾ।
ਆਮ ਇਤਿਹਾਸਕਾਰਾਂ ਦਾ ਮੱਤ ਹੈ ਕਿ ਲਛਮਣ ਦਾਸ (ਬਾਅਦ ਵਿੱਚ ਮਾਧੋ ਦਾਸ) ਦਾ ਜਨਮ 16 ਅਕਤੂਬਰ 1670 ਈ: ਜਿਲ੍ਹਾ ਪੁਣਛ ਵਿਖੇ ਡੋਗਰਾ ਰਾਜਪੂਤ ਘਰਾਣੇ ਦੇ ਰਾਮਦੇਵ ਰਾਜਪੂਤ ਦੇ ਘਰ ਹੋਇਆ ਸੀ। ਬਾਅਦ ਵਿੱਚ ਉਹ ਸਾਧਾਂ ਦੀ ਸੰਗਤ ਵਿੱਚ ਆ ਕੇ ਫਿਰਦਾ-ਫਿਰਦਾ ਦੱਖਣ ਵੱਲ ਨਿਕਲ ਗਿਆ ਤੇ ਨਾਂਦੇੜ ਨੇੜੇ ਗੋਦਾਵਰੀ ਨਦੀ ਦੇ ਕੰਢੇ ਆਸ਼ਰਮ ਵਿੱਚ ਰਹਿਣ ਲੱਗਾ। ਲਛਮਣ ਦਾਸ (ਮਾਧੋ ਦਾਸ) ਦੀ ਮੁਲਾਕਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਤੰਬਰ 1708 ਵਿੱਚ ਨਾਂਦੇੜ ਵਿਖੇ ਹੋਈ। ਗੁਰੂ ਜੀ ਨੇ ਲਛਮਣ ਦਾਸ, ਜਿਹੜਾ ਉਸ ਸਮੇਂ ਬੰਦਾ ਬੈਰਾਗੀ ਦਾਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਨੂੰ ਪੁੱਛਿਆ ਕਿ ਤੂੰ ਕੌਣ ਹੈ? ਤਾਂ ਬੰਦਾ ਬੈਰਾਗੀ ਨੇ ਕਿਹਾ,ਮੈਂ ਆਪ ਦਾ ਬੰਦਾ ਹਾਂ। ਪ੍ਰਸਿੱਧ ਸਿੱਖ ਇਤਿਹਾਸਕਾਰ ਖੁਸ਼ਵੰਤ ਸਿੰਘ ਅਨੁਸਾਰ ਗੁਰੂ ਜੀ ਨੇ ਉਸ ਸਮੇਂ ਬੰਦਾ ਬੈਰਾਗੀ ਦੀਆਂ ਡੂੰਘੀਆਂ ਅੱਖਾਂ ਵਿੱਚ ਮਿਕਨਾਤੀਸ਼ੀ ਖਿੱਚ, ਇੱਕ ਅਗੰਮੀ ਚਮਕ ਪਛਾਣ ਲਈ ਸੀ, ਜਿਹੜੀ ਇੱਕ ਪੂਰੀ ਜਵਾਲਾ ਬਣਨ ਦੀ ਸਮਰੱਥਾ ਰੱਖਦੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਅਤੇ ਉਨ੍ਹਾਂ ਦੀਆਂ ਬਖ਼ਸ਼ਿਸ਼ਾਂ ਨਾਲ ਕੇਸਰੀ ਝੰਡਾ, ਨਗਾਰਾ ਤੇ 25 ਸਿੰਘਾਂ ਨੂੰ ਲੈ ਕੇ ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਕੂਚ ਕਰ ਦਿੱਤਾ।
ਬੰਦਾ ਸਿੰਘ ਬਹਾਦਰ ਦੀ ਸਿੱਖ ਸਮਾਜ ਨੂੰ ਸਭ ਤੋਂ ਵੱਡੀ ਦੇਣ ਇਹ ਹੈ ਕਿ ਬੰਦਾ ਬਹਾਦਰ ਨੇ ਦਸ਼ਮੇਸ਼ ਜੀ ਤੋਂ ਬਾਅਦ ਸਿੰਘਾਂ ਦੀ ਖਿਲਰੀ ਹੋਈ ਸ਼ਕਤੀ ਨੂੰ ਦੁਬਾਰਾ ਇੱਕਠਾ ਕੀਤਾ ਅਤੇ ਵੱਡੇ ਵਿਚਾਰਾਂ ਨੂੰ ਪੂਰਾ ਕੀਤਾ। ਉਸਦੀ ਸੁਚੱਜੀ ਅਗਵਾਈ ਵਿੱਚ ਸਿੱਖਾਂ ਨੇ ਪੰਜਾਬ ਵਿੱਚ ਜ਼ੁਲਮਾਂ ਭਰੇ ਮੁਗ਼ਲਰਾਜ ਦਾ ਅੰਤ ਕਰ ਦਿੱਤਾ ਅਤੇ ਕੁੱਝ ਸਮੇਂ ਲਈ ਲਾਹੌਰ ਤੋਂ ਲੈ ਕੇ ਪਾਣੀਪਤ ਤੱਕ ਦੇ ਵਿਚਕਾਰਲੇ ਸਥਿਤ ਸਾਰਿਆਂ ਖੇਤਰਾਂ ਤੇ ਆਪਣਾ ਅਧਿਕਾਰ ਕਰ ਲਿਆ। ਡਾ. ਗੰਡਾ ਸਿੰਘ ਨੇ ਆਪਣੀ ਪੁਸਤਕ ਬੰਦਾ ਸਿੰਘ ਬਹਾਦਰ ਵਿੱਚ ਇਸ ਸਥਿਤੀ ਨੂੰ ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਕਿ, “ਮਹਾਨ ਹਿੰਦੂਸ਼ਾਹੀ ਰਾਜ ਦੇ ਪਤਨ ਮਗਰੋਂ ਪੰਜਾਬ ਦੇ ਇਤਿਹਾਸ ਦੇ ਪਿਛਲੇ 700 ਵਰ੍ਹਿਆਂ ਵਿੱਚ ਪਹਿਲੀ ਵਾਰ ਪੰਜਾਬ ਨੇ ਵਿਦੇਸ਼ੀ ਹੁਕਮਰਾਨਾਂ ਨੂੰ ਸਫ਼ਲਤਾਪੂਰਵਕ ਲਲਕਾਰਿਆ।”
ਬੰਦਾ ਸਿੰਘ ਬਹਾਦਰ ਇੱਕ ਤੇਜ਼ ਸ਼ਾਸਤਰਧਾਰੀ ਝੱਖੜ ਵਾਂਗ ਆਇਆ। ਬਹੁਤ ਸਾਰੇ ਇਲਾਕੇ ਉਸ ਨੇ ਫ਼ਤਿਹ ਕੀਤੇ, ਕੈਥਲ ਦਾ ਸ਼ਾਹੀ ਖ਼ਜਾਨਾ ਲੁੱਟਿਆ ਤੇ ਕੈਥਲ ਤੇ ਕਬਜ਼ਾ ਕੀਤਾ। ਬੰਦਾ ਸਿੰਘ ਨੇ ਸਮਾਣਾ ਵਾਸੀ ਜਲਾਦ ਜਲਾਲੁਦੀਨ, ਮੁਗਲੀ ਹੁਕਮਾਂ ਅਨੁਸਾਰ ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਨਾਲੋਂ ਅੱਡ ਕੀਤਾ ਸੀ, ਦਾ ਸਿਰ ਕਲਮ ਕਰ ਦਿੱਤਾ ਤੇ ਸਮਾਣਾ ਤੇ ਕਬਜ਼ਾ ਕਰ ਲਿਆ। ਫੇਰ ਸ਼ਾਹਬਾਦ, ਅੰਬਾਲਾ ਤੇ ਕਪੂਰੀ ਤੇ ਕਬਜ਼ਾ ਕੀਤਾ। ਕਪੂਰੀ ਦੇ ਹਤਿਆਰੇ ਕਰਮੁਦੀਨ ਸਢੌਰਾ ਨੂੰ ਕਤਲ ਕੀਤਾ। ਭੰਗਾਣੀ ਦੇ ਯੁੱਧ (1688) ਸਮੇਂ ਪੀਰ ਬੁੱਧੂ ਸ਼ਾਹ ਅਤੇ ਉਸਦੇ ਪਰਿਵਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਨੋ-ਮਨੋ ਸੇਵਾ ਕੀਤੀ ਸੀ, ਜਿਸ ਦਾ ਬਦਲਾ ਲੈਣ ਦੀ ਖਾਤਰ ਆਪਣੇ ਹਾਕਮ ਉਸਮਾਨ ਖਾਂ ਦੇ ਹੁਕਮਾਂ ਮੁਤਾਬਿਕ ਕਰਮੁਦੀਨ ਨੇ ਪੀਰ ਬੁੱਧੂ ਸ਼ਾਹ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ।ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਜ਼ੰਗ ਵਿੱਚ ਹਰਾ ਕੇ, ਕਤਲ ਕਰ ਕੇ ਉਸ ਦੇ ਜ਼ੁਲਮਾਂ ਦਾ ਬਦਲਾ ਲਿਆ ਤੇ ਸਿੱਖਾਂ ਦੀ ਆਨ ਅਤੇ ਸ਼ਾਨ ਬਹਾਲ ਕੀਤੀ। 12 ਮਈ 1710 ਈ: ਨੂੰ ਚੱਪੜਚਿੜੀ ਦੇ ਮੈਦਾਨ ਵਿਖੇ ਵਜ਼ੀਰ ਖਾਂ ਦੀਆਂ ਫ਼ੌਜਾਂ ਨਾਲ ਬੰਦਾ ਸਿੰਘ ਬਹਾਦਰ ਦੇ ਸਿੰਘਾਂ ਦਾ ਘਮਸਾਣ ਦਾ ਯੁੱਧ ਹੋਇਆ। ਬਾਜ ਸਿੰਘ ਵਜ਼ੀਰ ਖਾਂ ਤੇ ਹਮਲਾ ਕਰਦਾ ਹੋਇਆ ਘਿਰ ਗਿਆ ਸੀ ਤੇ ਪਿੱਛੇ ਆ ਰਹੇ ਫ਼ਤਿਹ ਸਿੰਘ ਨੇ ਮੌਕਾ ਸੰਭਾਲਦਿਆਂ ਵਜ਼ੀਰ ਖਾਂ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਮੁਗ਼ਲ ਫ਼ੌਜਾਂ ਮੈਦਾਨ ਛੱਡ ਕੇ ਭੱਜ ਨਿਕਲੀਆਂ। ਬੰਦਾ ਸਿੰਘ ਬਹਾਦਰ ਦੇ ਜੁਝਾਰੂ ਸਿੰਘਾਂ ਨੇ ਸਰਹਿੰਦ ਤੱਕ ਉਨ੍ਹਾਂ ਭਗੌੜੇ ਸਿਪਾਹੀਆਂ ਦਾ ਪਿੱਛਾ ਕੀਤਾ। 14 ਮਈ 1710 ਨੂੰ ਸਰਹਿੰਦ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕਬਜ਼ਾ ਹੋ ਗਿਆ। ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਜੁਝਾਰ ਸਿੰਘ ਅਤੇ ਫ਼ਤਿਹ ਸਿੰਘ ਦੀ ਸ਼ਹੀਦੀ ਦਾ ਬਦਲਾ ਲਿਆ। ਸਿੱਖ ਦੋਖੀ ਸੁੱਚਾ ਨੰਦ ਨੂੰ ਉਸ ਦੇ ਕਰਮਾਂ ਦੀ ਸਜਾ ਦਿੰਦਿਆਂ ਨੱਕ ਵਿੱਚ ਨਕੇਲ ਪਾ ਕੇ ਪੂਰੀ ਸਰਹਿੰਦ ਵਿੱਚ ਘੁਮਾਇਆ ਗਿਆ।
ਬੰਦਾ ਸਿੰਘ ਬਹਾਦਰ ਨੇ ਮਹਾਰਾਜਾ ਰਣਜੀਤ ਸਿੰਘ ਲਈ ਬਹੁਤ ਪਹਿਲਾਂ ਪ੍ਰਸ਼ਾਸਕੀ ਪ੍ਰਬੰਧਕੀ ਮੈਦਾਨ ਤਿਆਰ ਕਰ ਦਿੱਤਾ ਸੀ। ਸਿੱਖ ਕੌਮ ਵਿੱਚ ਉਹ ਅਹਿਸਾਸ ਪੈਦਾ ਕੀਤਾ ਕਿ ਸਿੱਖ ਕੌਮ ਕਦੇ ਆਪਣਾ ਵੱਖਰਾ ਰਾਜ ਸਥਾਪਿਤ ਕਰਨ ਦੇ ਯੋਗ ਹੋ ਜਾਵੇਗੀ। ਪ੍ਰਸਿੱਧ ਇਤਿਹਾਸਕਾਰ ਡਾ. ਗੋਕਲ ਚੰਦ ਨਾਰੰਗ ਨੇ ਆਪਣੀ ਕਿਤਾਬ ਸਿੱਖਾਂ ਦਾ ਵਿਕਾਸ ਵਿੱਚ ਲਿਖਿਆ ਹੈ ਕਿ“ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਕਿਰਦਾਰ ਵਿੱਚ ਇਨਕਲਾਬ ਲਿਆਂਦਾ ਤੇ ਨਵੀਂ ਰੂਹ ਭਰੀ। ਪਰ ਬਿਨ੍ਹਾਂ ਕਿਸੇ ਵਿਰੋਧੀਭਾਸ ਤੇ ਬਿਨ੍ਹਾਂ ਕਿਸੇ ਡਰ ਤੋਂ ਕਿਹਾ ਜਾ ਸਕਦਾ ਹੈ ਕਿ ਇਹ ਬੰਦਾ ਸਿੰਘ ਬਹਾਦਰ ਸੀ, ਜਿਸ ਨੇ ਸਿੱਖਾਂ ਨੂੰ ਸਿਖਾਇਆ ਕਿ ਲੜਾਈ ਕਿਵੇਂ ਲੜੀ ਅਤੇ ਜਿੱਤੀ ਜਾਂਦੀ ਹੈ।”
ਬੰਦਾ ਸਿੰਘ ਬਹਾਦਰ ਨੇ ਵੱਖਰੇ ਸਿੱਖ ਰਾਜ ਦਾ ਸਿੱਕਾ ਚਲਾਇਆ ਤੇ ਮੋਹਰ ਬਣਾਈ, ਪਰ ਬੰਦਾ ਸਿੰਘ ਬਹਾਦਰ ਨੇ ਆਪਣਾ ਜਾਤੀ ਰਾਜ ਸਥਾਪਿਤ ਨਹੀਂ ਕੀਤਾ। ਸਿੱਕਾ ਆਪਣੇ ਨਾਂ ਦੀ ਥਾਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਜਾਰੀ ਕੀਤਾ, ਜਿਸ ਤੇ ਇਹ ਸ਼ਬਦ ਉੱਕਰੇ ਗਏ।

ਸਿੱਕਾ ਜਦ ਬਰ ਹਰ ਦੋ ਆਲਮ ਤੇਗਿ ਨਾਨਕ ਸਾਹਿਬ ਅਸਤ
ਫ਼ਤਿਹ ਗੋਬਿੰਦ ਸਿੰਘ ਸ਼ਾਹਿਸ਼ਾਹਾਨ ਫ਼ਜਲਿ ਸੱਚਾ ਸਾਹਿਬ ਅਸਤ
ਉਸਦੀ ਮੋਹਰ ਵੀ ਪੰਥਕ ਸਰੂਪ ਦੀ ਫ਼ਤਿਹ ਨੂੰ ਪ੍ਰਗਟ ਕਰਦੀ ਸੀ।
ਦੇਗੋ ਤੇਗੋ ਫ਼ਤਹਿ ਓ ਨੁਸਰਤਿ ਬੇਦਿਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ

ਬੰਦਾ ਸਿੰਘ ਨੇ ਆਪਣੇ ਸਿੱਖ ਪ੍ਰਬੰਧਕੀ ਵਾਲੇ ਇਲਾਕੇ ਲਈ ਬਾਕਾਇਦਾ ਰਾਜਧਾਨੀ ਸਥਾਪਿਤ ਕੀਤੀ। ਸਢੌਰਾ ਉਸਦਾ ਪ੍ਰਸ਼ਾਸਕੀ ਹੈਡਕੁਆਰਟਰ ਸੀ ਤੇ ਉਸ ਨੇ ਨੇੜੇ ਹੀ ਲੋਹਗੜ੍ਹ ਦਾ ਕਿਲ੍ਹਾ ਉਸਾਰਿਆ। ਸਿੱਖ ਸਮਾਜ ਨੂੰ ਬੰਦਾ ਸਿੰਘ ਬਹਾਦਰ ਦੀ ਇਹ ਅਦੁੱਤੀ ਦੇਣ ਸੀ ਕਿ ਸਿੱਖਾਂ ਵਿੱਚ ਨਵਾਂ ਉਤਸ਼ਾਹ, ਨਵੇਂ ਸੁਪਨੇ ਦੇ ਸੁਤੰਤਰਤਾ ਲਈ ਤੜਫ ਪੈਦਾ ਕੀਤੀ।ਬੰਦਾ ਸਿੰਘ ਬਹਾਦਰ ਜਦੋਂ ਬਹਾਦਰਗੜ੍ਹ ਵਿਖੇ ਸੈਨਾਪਤੀ ਅਮੀਰ ਖਾਂ ਦੀਆਂ 60,000 ਤੋਂ ਵੱਧ ਫ਼ੌਜੀ ਸੈਨਾਵਾਂ ਦੇ ਘੇਰੇ ਵਿੱਚ ਆ ਗਿਆ ਤਾਂ ਹੋਰ ਕੋਈ ਚਾਰਾ ਨਾ ਚੱਲਦਾ ਵੇਖ ਕੇ ਸਿੰਘਾਂ ਦੇ ਹੁਕਮ ਤੇ ਯੁੱਧ ਨੀਤੀ ਦੇ ਸਿਧਾਂਤਾਂ ਅਨੁਸਾਰ ਭੇਸ ਬਦਲ ਕੇ ਘੇਰੇ ਵਿੱਚੋਂ ਬਾਹਰ ਹੋ ਗਿਆ ਅਤੇ ਨਾਹਨ ਦੀਆਂ ਪਹਾੜੀਆਂ ਵਿੱਚ ਜਾ ਕੇ ਫਿਰ ਸਰਗਰਮ ਹੋਇਆ। ਜਿਵੇਂ ਚਮਕੌਰ ਦੀ ਗੜ੍ਹੀ ਵਿਖੇ ਭਾਈ ਸੰਗਤ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਿਬਾਸ ਪਹਿਨ ਕੇ ਗੁਰੂ ਜੀ ਨੂੰ ਗੜ੍ਹੀ ਤਿਆਗ ਦੇਣ ਲਈ ਪ੍ਰੇਰਿਆ ਤੇ ਗੜ੍ਹੀ ਵਿਖੇ ਹੀ ਸੰਗਤ ਸਿੰਘ ਵੀਰਗਤੀ ਨੂੰ ਪ੍ਰਾਪਤ ਹੋ ਗਿਆ ਸੀ। ਭਾਈ ਗੁਲਾਬ ਸਿੰਘ ਨੇ ਬੰਦਾ ਸਿੰਘ ਬਹਾਦਰ ਦਾ ਲਿਬਾਸ ਧਾਰਨ ਕਰ ਕੇ ਘੇਰੇ ਵਿੱਚੋਂ ਨਿਕਲਣ ਲਈ ਬੰਦਾ ਸਿੰਘ ਬਹਾਦਰ ਦੀ ਮਦਦ ਕੀਤੀ ਅਤੇ ਆਪ ਉੱਥੇ ਹੀ ਸ਼ਹੀਦ ਹੋ ਗਏ।
ਬੰਦਾ ਸਿੰਘ ਬਹਾਦਰ ਨੇ ਚੰਬਾ, ਕੁਲੂ, ਮੰਡੀ ਤੇ ਊਨਾ ਤੇ ਕਬਜ਼ਾ ਕਰ ਲਿਆ ਅਤੇ ਚੰਬਾ ਦੇ ਰਾਜੇ ਦੀ ਧੀ ਨਾਲ ਵਿਆਹ ਕਰ ਲਿਆ। ਉਹ ਸਾਰੀ ਜ਼ਿੰਦਗੀ ਵੈਸ਼ਨੂੰ ਰਿਹਾ ਤੇ ਉਸ ਨੇ ਸਾਰੀ ਉਮਰ ਪਰਾਈ ਔਰਤ ਵੱਲ ਬੁਰੀ ਨਜ਼ਰ ਨਾਲ ਨਹੀਂ ਤੱਕਿਆ। ਉਨ੍ਹਾਂ ਆਪਣੇ ਅਧੀਨ ਇਲਾਕੇ ਦੇ ਦੁਸ਼ਮਣਾਂ ਦੀਆਂ ਇਸਤਰੀਆਂ ਨੂੰ ਵੀ ਪੂਰਾ ਸਨਮਾਨ ਦਿੱਤਾ ਅਤੇ ਮਾਂ, ਧੀ ਅਤੇ ਭੈਣ ਸਮਝਦਿਆਂ ਉੱਚ-ਇਖ਼ਲਾਕੀ ਪੱਧਰ ਕਾਇਮ ਕੀਤੇ। ਉਹ ਸਾਰਿਆਂ ਲਈ ਬਰਾਬਰ ਦੇ ਨਿਆਂ ਵਿੱਚ ਵਿਸ਼ਵਾਸ ਰੱਖਦਾ ਸੀ ਤੇ ਉਸ ਨੇ ਸਿਰਫ਼ ਦੋਸ਼ੀਆਂ ਨੂੰ ਹੀ ਸਜ਼ਾਵਾਂ ਦਿੱਤੀਆਂ। ਸਾਧਾਰਨ ਲੋਕਾਂ ਦੀ ਇੱਜ਼ਤ ਦੀ ਰਾਖੀ ਕਰਦਿਆਂ ਉਨ੍ਹਾਂ ਨੂੰ ਬਾਰਬਰ ਸਮਝਿਆ। ਡਾ. ਕੁਲਦੀਪ ਸਿੰਘ ਅਨੁਸਾਰ ਜਾਲਮ ਹਾਕਮਾਂ ਅਤੇ ਸਰਕਾਰੀ ਅਫਸਰਾਂ ਨੂੰ ਤਾਂ ਬੰਦੇ ਨੇ ਸੋਧਿਆ ਪਰ ਕਿਸੇ ਨੂੰ ਇਸ ਕਰਕੇ ਨਹੀਂ ਮਾਰਿਆ ਕਿ ਉਹ ਮੁਸਲਮਾਨ ਹੈ ਕਿਸੇ ਇਕ ਵੀ ਮਸੀਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਸਾਰਾ ਸਰਹੰਦ ਤਬਾਹ ਕੀਤਾ ਪਰ ਮੁਸਲਮਾਨਾਂ ਵਲੋਂ ਸਤਿਕਾਰੇ ਜਾਂਦੇ ਰੋਜ਼ਾ ਸਰੀਫ ਤੇ ਕੋਈ ਝਰੀਟ ਨਹੀਂ ਆਈ। ਡਾ. ਸੁਖਦਿਆਲ ਸਿੰਘ ਵੀ ਆਪਣੀ ਲਿਖਤ ਵਿੱਚ ਸਪੱਸ਼ਟ ਕਰਦੇ ਹਨ ਕਿ ਜੇ ਕੋਈ ਪੁਰਾਣੀ ਯਾਦਗਰ ਅੱਜ ਸਮਾਣੇ ਵਿੱਚ ਕਾਇਮ ਹੈ ਅਤੇ ਦੇਖੀ ਜਾ ਸਕਦੀ ਹੈ ਉਹ ਹੈ ਇੱਥੋਂ ਦੀਆਂ ਮਸਜਿਦਾਂ ਅਤੇ ਈਦਗਾਹਾਂ। ਅੱਜ ਵੀ ਇਮਾਮਗੜ੍ਹ ਦੀਆਂ ਸਾਰੀਆਂ ਮਸਜਿਦਾਂ ਕਾਇਮ ਹਨ। ਉਸਨੇ ਕੋਈ ਵੱਖਰਾ ਫ਼ਿਰਕਾ ਜਾਂ ਸੰਸਥਾਨ ਤਿਆਰ ਨਹੀਂ ਕੀਤਾ ਤੇ ਆਪਣੇ ਆਪ ਨੂੰ ਗੁਰੂ ਨਹੀਂ ਕਹਾਇਆ।
ਬੰਦਾ ਸਿੰਘ ਬਹਾਦਰ ਨੇ ਹਿੰਦੂ ਸੱਭਿਆਚਾਰ, ਰਹੁਰੀਤਾਂ ਤੇ ਹਿੰਦੂ ਸੰਸਕ੍ਰਿਤੀ ਦਾ ਪੂਰਾ ਸਤਿਕਾਰ ਕੀਤਾ। ਡਾ. ਹਰੀ ਰਾਮ ਗੁਪਤਾ ਨੇ ਆਪਣੀ ਪੁਸਤਕ ਸਿੱਖਾਂ ਦਾ ਇਤਿਹਾਸ’ ਵਿੱਚ ਲਿਖਿਆ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਸਿਕੰਦਰ, ਹੁਮਾਯੂੰ, ਚੰਗੇਜ਼ ਖਾਂ, ਨਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਤੇ ਨੈਪੋਲੀਅਨ ਬੋਨਾਪਾਰਟ ਦੇ ਬਰਾਬਰ ਦਾ ਸਥਾਨ ਮਿਲਣਾ ਚਾਹੀਦਾ ਹੈ, ਕਿਉਂਕਿ ਉਹ ਬੇਮਿਸਾਲ ਜਰਨੈਲ ਸੀ। ਉਸਦੇ ਅਨੁਸਾਰ ਬੰਦਾ ਸਿੰਘ ਬਹਾਦਰ ਨੇ ਜਾਤਪਾਤ, ਧਰਮ, ਨਸਲ ਦੇ ਬੰਧਨਾਂ ਨੂੰ ਤੋੜਿਆ, ਅਖੌਤੀ ਨੀਚ ਜਾਤਾਂ ਨੂੰ ਉੱਚੇ ਦਰਜੇ ਦਿੱਤੇ। ਸਮਾਜਿਕ ਬਰਾਬਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ। ਡਾ. ਹਰੀ ਰਾਮ ਗੁਪਤਾ ਅਨੁਸਾਰ ਜਦੋਂ ਅਕਤੂਬਰ 1709 ਵਿੱਚ ਬੰਦਾ ਹਿਸਾਰ ਜਿਲੇ ਵਿੱਚ, ਜਿਸਨੂੰ ਕਿ ਬਾਂਗਰ ਦੇਸ ਕਿਹਾ ਜਾਂਦਾ ਸੀ, ਪਹੁੰਚਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਇਬ ਅਤੇ ਰਾਸ਼ਟਰੀ ਲਹਿਰ ਦੇ ਮੁਖੀ ਦੇ ਤੌਰ ਤੇ ਉਸਦੀ ਹਿੰਦੂ ਅਤੇ ਸਿੱਖਾਂ ਨੇ ਬਹੁਤ ਆਉ ਭਗਤ ਕੀਤੀ। ਪ੍ਰਸਿੱਧ ਵਿਦਵਾਨ ਗੰਡਾ ਸਿੰਘ ਅਨੁਸਾਰ ਉਸ ਨੇ ਬਚਨ ਦਿੱਤਾ ਅਤੇ ਇਕਰਾਰ ਕੀਤਾ ਹੈ ਕਿ ਮੈਂ ਮੁਸਲਮਾਨਾਂ ਨੂੰ ਕੋਈ ਦੁਖ ਨਹੀਂ ਦਿੰਦਾ। ਜੋ ਭੀ ਮੁਸਲਮਾਨ ਉਸ ਵੱਲ ਰੁਜੂ ਹੁੰਦਾ ਹੈ ਉਹ ਉਸਦੀ ਦਿਹਾੜੀ ਅਤੇ ਤਨਖਾਹ ਨਿਯਤ ਕਰਕੇ ਉਸ ਦਾ ਧਿਆਨ ਰੱਖਦਾ ਹੈ ਅਤੇ ਉਸ ਨੇ ਅਗਿਆ ਦੇ ਦਿੱਤੀ ਹੋਈ ਹੈ ਕਿ ਨਮਾਜ਼ ਅਤੇ ਖੁਤਬਾ ਜਿਵੇਂ ਚਾਹੁਣ ਪੜ੍ਹਨ। ਬੰਦਾ ਸਿੰਘ ਨੇ ਹਿੰਦੂਆਂ ਜਾਂ ਮੁਸਲਮਾਨਾਂ ਤੇ ਕਿਸੇ ਕਿਸਮ ਦੀਆਂ ਪਾਬੰਦੀਆਂ ਨਹੀਂ ਲਾਈਆਂ, ਮੁਸਲਮਾਨ ਸਿਪਾਹੀਆਂ ਨੂੰ ਸਮੇਂ ਸਿਰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਸੀ। ਲਗਭਗ 15,000 ਮੁਸਲਮਾਨ ਉਸ ਦੀਆਂ ਫ਼ੌਜਾਂ ਵਿੱਚ ਸ਼ਾਮਲ ਸਨ।
ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬੁਲੰਦ ਕੀਤੀ ਸਮਾਨਤਾ ਦੀ ਆਵਾਜ਼ ਨੂੰ ਨਿਵੇਕਲੇ ਢੰਗ ਨਾਲ ਜੀਵਨ ਜਾਂਚ ਦਾ ਹਿੱਸਾ ਬਣਾਇਆ, ਜਿਸ ਤਹਿਤ ਬੰਦਾ ਬਹਾਦਰ ਦੀ ਵੱਡੀ ਦੇਣ ਜ਼ਿਮੀਦਾਰੀ ਪ੍ਰਣਾਲੀ ਨੂੰ ਖਤਮ ਕਰਨਾ ਸੀ ਕਿਉਂਕਿ ਬੰਦਾ ਸਿੰਘ ਬਹਾਦਰ ਦੇ ਸਮੇਂ ਤਕ ਉਹ ਵੱਡੇ ਵੱਡੇ ਜ਼ਿਮੀਂਦਾਰ ਜੋ ਆਮ ਤੌਰ ਉਤੇ ਸਰਕਾਰੀ ਮੁਲਾਜ਼ਮ ਹੁੰਦੇ ਸਨ ਤੇ ਭੂਮੀ ਕਰ ਨੂੰ ਇਕੱਤਰ ਕਰਕੇ ਸਰਕਾਰ ਦੇ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਉਣ ਦੇ ਜ਼ੁੰਮੇਵਾਰ ਸਨ, ਭੂਮੀ ਦੇ ਮਾਲਕ ਆਪ ਬਣ ਗਏ ਸਨ। ਬੰਦਾ ਬਹਾਦਰ ਨੇ ਇਹਨਾਂ ਜ਼ਿਮੀਦਾਰਾਂ ਪਾਸੋਂ ਜ਼ਮੀਨਾਂ ਛੁਡਵਾ ਕੇ ਕਿਸਾਨਾਂ ਨੂੰ ਉਹਨਾਂ ਦੇ ਹੱਕ ਵਾਪਿਸ ਦਵਾਏ। ਇਸ ਸੰਬੰਧ ਵਿਚ ਇਰਵਨ ਆਪਣੀ ਰਚਨਾ ‘ਲੇਟਰ ਮੁਗਲਜ਼’ ਵਿਚ ਲਿਖਦਾ ਹੈ ਕਿ ਬਹੁਤ ਸਾਰੇ ਪ੍ਰਗਨਿਆਂ ਵਿਚ, ਜਿਨ੍ਹਾਂ ਦੇ ਸਿੱਖ ਮਾਲਕ ਬਣ, ਭੂਮੀ-ਨੀਤੀ ਪੂਰਨ ਰੂਪ ਬਦਲਾ ਕੇ ਰੱਖ ਦਿੱਤੀ ਗਈ।ਗਰੀਬ ਗੁਰਬੇ ਹੱਲ-ਵਾਹਕ ਭੂਮੀ ਦੇ ਮਾਲਕ ਬਣ ਗਏ। ਉੱਚ ਜਨਮੇ ਤੇ ਸ਼ਾਹੂਕਾਰ ਉਨ੍ਹਾਂ ਦਾ ਸਤਿਕਾਰ ਕਰਨ ਲੱਗੇ।ਪੰਜਾਬ ਦੇ ਕਿਸਾਨਾਂ ਨੂੰ ਜਾਗੀਰਦਾਰੀ ਪ੍ਰਬੰਧ ਤੋਂ ਆਜ਼ਾਦ ਕਰਵਾਇਆ ਤੇ ਸਿੱਧ ਕਰ ਦਿੱਤਾ ਕਿ ਖੇਤ ਦਾ ਅਸਲੀ ਮਾਲਕ ਉਹੀ ਹੈ ਜੋ ਖੇਤੀ ਕਰ ਰਿਹਾ ਹੈ।ਅਸਲ ਵਿੱਚ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਧਾਰਮਿਕ, ਸਮਾਜਿਕ, ਆਰਥਿਕ, ਰਾਜਸੀ ਸੁਤੰਤਰਤਾ ਦੇ ਪੰਚਮ ਲਹਿਰਾਏ। ਦੱਬੇ-ਕੁਚਲੇ ਲੋਕਾਂ ਨੂੰ ਆਜ਼ਾਦੀ ਦਾ ਅਨੁਭਵ ਹੋਇਆ। ਲੋਕਾਂ ਦੇ ਦਿਲਾਂ ਤੇ ਰਾਜ ਸਥਾਪਿਤ ਕਰ ਲੋਕ ਮਾਨਸਿਕਤਾ ਤੇ ਫ਼ਤਿਹ ਪ੍ਰਾਪਤ ਕੀਤੀ। ਉਸਨੇ ਸਿੱਖ ਰਿਆਸਤਾਂ ਕਾਇਮ ਕੀਤੀਆਂ ਤੇ ਪ੍ਰਜਾਤੰਤਰ ਦੀ ਨੀਂਹ ਰੱਖੀ। ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਥਾਪਿਆ। ਫਤਿਹ ਸਿੰਘ ਨੂੰ ਸਮਾਣਾ ਦਾ ਪ੍ਰਸ਼ਾਸਕ ਬਣਾਇਆ। ਬਿਨੋਦ ਸਿੰਘ ਨੂੰ ਥਾਨੇਸਰ ਦਾ ਪ੍ਰਬੰਧ ਸੌਂਪਿਆ। ਬੰਦਾ ਸਿੰਘ ਨੇ ਆਪਣੇ-ਆਪ ਨੂੰ ਰਾਜਾ ਨਹੀਂ, ਸਗੋਂ ਖ਼ਾਲਸਾ ਪੰਥ ਦਾ ਸੇਵਕ ਸਮਝਿਆ।
ਆਖ਼ਰ ਬੰਦਾ ਸਿੰਘ ਬਹਾਦਰ ਨੂੰ ਗੁਰਦਾਸਪੁਰ ਨੰਗਲ ਦੇ ਪਿੰਡ ਵਿੱਚ ਦੁਨੀਚੰਦ ਦੀ ਹਵੇਲੀ ਵਿੱਚੋਂ 7 ਦਸੰਬਰ, 1715 ਈ: ਨੂੰ ਅੱਠ ਮਹੀਨੇ ਦੀ ਘੇਰਾਬੰਦੀ ਪਿੱਛੋਂ 700 ਸਿੰਘਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਅੱਠ ਮਹੀਨੇ ਸਿੰਘਾਂ ਨੇ ਬਹੁਤ ਦੁੱਖਾਂ ਨਾਲ ਬਤੀਤ ਕੀਤੇ। ਵਿਦਵਾਨ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇੱਕ ਵੀ ਸਿੱਖ ਦੇ ਚਿਹਰੇ ਤੇ ਇੰਨੇ ਮੁਸ਼ਕਿਲ ਸਮੇਂ ਦੌਰਾਨ ਵੀ ਕੋਈ ਉਦਾਸੀ ਦਾ ਪਰਛਾਂਵਾ ਨਹੀਂ ਸੀ। ਪ੍ਰਤੀ ਦਿਨ ਸੌ-ਸੌ ਸਿੱਖਾਂ ਨੂੰ ਸ਼ਰੇਆਮ ਲੋਕਾਂ ਸਾਹਮਣੇ ਸ਼ਹੀਦ ਕੀਤਾ ਜਾਂਦਾ ਸੀ। ਬੰਦਾ ਸਿੰਘ ਬਹਾਦਰ ਦੇ ਸਾਥੀ (ਬਾਜ ਸਿੰਘ, ਰਾਮ ਸਿੰਘ, ਫ਼ਤਿਹ ਸਿੰਘ, ਆਲੀ ਸਿੰਘ, ਗੁਲਾਬ ਸਿੰਘ) ਜੀਵਨ ਤੇ ਫ਼ਤਿਹ ਪ੍ਰਾਪਤ ਕਰ ਚੁੱਕੇ ਸਨ। 9 ਜੂਨ 1716 (29 ਜਮਾਦੀਉਲਸਾਨ, ਸੰਮਤ 1128 ਹਿਜਰੀ) ਨੂੰ ਬੰਦਾ ਸਿੰਘ ਬਹਾਦਰ ਅਤੇ ਉਸਦੇ 17 ਸਾਥੀਆਂ ਨੂੰ ਤਿਰਪੋਲੀਆਂ ਕਿਲ੍ਹੇ ਵਿੱਚੋਂ ਕੱਢ ਕੇ ਮਹਿਰੌਲੀ ਵਿਖੇ ਸ਼ਹੀਦ ਕਰਨ ਦਾ ਦਿਨ ਨਿਸਚਤ ਕੀਤਾ ਗਿਆ। ਉਨ੍ਹਾਂ ਦੇ ਸਰੀਰ ਦੇ ਮਾਸ ਨੂੰ ਜਮੂਰਾਂ ਨਾਲ ਨੋਚਿਆ ਗਿਆ ਅਤੇ ਅਕਹਿ ਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਦੇ ਸਫ਼ਾ 165 ਤੇ ਲਿਖਿਆ ਹੈ ਕਿ, “ਇਹ ਖ਼ਬਰ ਬਾਦਸ਼ਾਹ ਨੂੰ ਦੱਸੀ ਗਈ ਕਿ ਉਸ ਦੇ ਹੁਕਮ ਮੁਤਾਬਿਕ ਇਬਰਾਹੀਮ ਉਦਦੀਨ-ਏ-ਆਤਿਸ਼ ਅਤੇ ਸਰਬਰਾਹ ਖ਼ਾਨ ਕੋਤਵਾਲ ਨੇ ਬੰਦਾ ਸਿੰਘ, ਉਸ ਦੇ ਪੁੱਤਰ ਅਤੇ ਹੋਰ ਸਾਥੀਆਂ ਨੂੰ ਕਿਲ੍ਹੇ ਵਿੱਚੋਂ ਕੱਢ ਕੇ ਖਵਾਜ਼ਾ ਕੁਤਬਦੀਨ ਦੀ ਮਜ਼ਾਰ ਦੇ ਕੋਲ ਜਿਹੜੀ ਕਿ ਖੋਜਾ ਫਾਤੂ ਦੇ ਸਰੋਵਰ ਦੇ ਨੇੜੇ ਹੈ, ਲੈ ਗਏ ਸਨ। ਸਭ ਤੋਂ ਪਹਿਲਾਂ ਉਸ ਦੇ ਪੁੱਤਰ ਅਜੈ ਸਿੰਘ ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਮਗਰੋਂ ਬੰਦਾ ਬਹਾਦਰ ਨੂੰ ਅਣ-ਮਨੁੱਖੀ ਤੇ ਦਰਦਨਾਕ ਤਸੀਹੇ ਦੇ ਕੇ ਉਸ ਦੀਆਂ ਪਸਲੀਆਂ ਨੂੰ ਤੋੜ-ਤੋੜ ਕੇ, ਸ਼ਹੀਦ ਕਰ ਦਿੱਤਾ ਗਿਆ ਹੈ। ਉਸ ਦੇ ਸਾਥੀਆਂ ਨੂੰ ਵੀ ਮਾਰ ਦਿੱਤਾ ਗਿਆ ਹੈ।” ਬਾਬਾ ਬੰਦਾ ਸਿੰਘ ਬਹਾਦਰ ਦੇ ਬੇਮਿਸਾਲ ਯੋਗਦਾਨਾਂ ਦਾ ਸਿਲਸਿਲਾ ਵਿਲੱਖਣ ਸਿੱਖ ਸਿਧਾਤਾਂ ਦਾ ਵਿਵਹਾਰਕ ਨਿਰੂਪਣ ਕਰਦਾ ਹੈ ਜਿਸ ਤੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਉੱਠੀ ਅਗੰਮੀ ਅਨੰਦਮਈ ਅਤੇ ਇਨਕਲਾਬੀ ਵਿਚਾਰਧਾਰਾ ਕ੍ਰਾਂਤੀਕਾਰੀ ਜੀਵਨ ਸਖਸ਼ੀਅਤ ਵਿੱਚ ਭਲੀ ਭਾਂਤ ਪ੍ਰਗਟ ਹੁੰਦੀ ਹੈ। ਸ੍ਰੀ ਆਨੰਦਪੁਰ ਸਾਹਿਬ ਸਿੱਖੀ ਦਾ ਬੁਲੰਦ ਸੰਕਲਪ ਤੇ ਇੱਕ ਵਿਚਾਰ ਦੇ ਨਾਲ-ਨਾਲ ਸਿੱਖ ਦਰਸ਼ਨ ਦਾ ਇੱਕ ਸਥੂਲ ਅਮਲ ਵੀ ਹੈ। ਹੁਣ ਜੇਕਰ ਦੇਖਿਆ ਜਾਵੇ ਤਾਂ ਮੁਗ਼ਲਾਂ ਦੇ ਵਾਸਤੇ ਉਹ ਲਹੂ ਦਾ ਪਿਆਸਾ ਰਾਖਸ਼ ਸੀ,ਤੇ ਹਿੰਦੂਆਂ ਦਾ ਸ਼੍ਰੋਮਣੀ ਨਾਇਕ ਅਤੇ ਵੱਖਰੇ ਖਾਲਸਾ ਰਾਜ ਦਾ ਪਹਿਲਾ ਬਾਦਸ਼ਾਹ ਸੀ।ਬਾਬਾ ਬੰਦਾ ਸਿੰਘ ਜੀ ਸਿਦਕੀ ਸਿੱਖ ਹੋਣ ਦੇ ਨਾਲ-ਨਾਲ ਸਚੁੱਜੇ ਜੰਗੀ ਜਰਨੈਲ ਵੀ ਸਨ।

ਪਰਮਜੀਤ ਸਿੰਘ (ਰਿਸਰਚ ਸਕਾਲਰ)

ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਜਾਬ)
+91 9463102727

Install Punjabi Akhbar App

Install
×