ਮਿੰਨੀ ਕਹਾਣੀ ਵਰਕਸ਼ਾਪ ਦਾ ਆਯੋਜਨ: ਬਲਵਿੰਦਰ ਸਿੰਘ ਭੁੱਲਰ ਦੀ ਪੁਸਤਕ ‘ਕੁਸੈਲਾ ਸੱਚ’ ਲੋਕ ਅਰਪਣ

ਸ੍ਰੋਮਣੀ ਕਹਾਣੀਕਾਰ ਤੇ ਨਾਵਲਕਾਰ ਸ੍ਰੀ ਅਤਰਜੀਤ ਦੇ ਯਤਨਾਂ ਸਦਕਾ ਸਥਾਨਕ ਟੀਚਰਜ ਹੋਮ ਵਿਖੇ ਮਿੰਨੀ ਕਹਾਣੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਨਾਵਲਕਾਰ ਬੂਟਾ ਸਿੰਘ ਚੌਹਾਨ, ਉੱਘੇ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆ ਤੇ ਕਹਾਣੀਕਾਰ ਦਰਸ਼ਨ ਸਿੰਘ ਗੁਰੂ ਸ਼ਾਮਲ ਸਨ। ਸਮਾਗਮ ਦੀ ਸੁਰੂਆਤ ਬਲਵਿੰਦਰ ਸਿੰਘ ਭੁੱਲਰ ਦੀ ਪੁਸਤਕ ਮਿੰਨੀ ਕਹਾਣੀ ਸੰਗ੍ਰਹਿ ”ਕੁਸੈਲਾ ਸੱਚ” ਲੋਕ ਅਰਪਣ ਕਰਕੇ ਕੀਤੀ ਗਈ। ਇਸ ਉਪਰੰਤ ਕਹਾਣੀਕਾਰਾਂ ਆਤਮਾ ਰਾਮ ਰੰਜਨ, ਰਾਜਦੇਵ ਕੌਰ, ਰਾਕੇਸ ਕੁਮਾਰ ਗਰਗ ਤੇ ਬਲਵਿੰਦਰ ਭੁੱਲਰ ਨੇ ਮਿੰਨੀ ਕਹਾਣੀਆਂ ਪੜ੍ਹੀਆਂ, ਜਿਹਨਾਂ ਨੂੰ ਆਧਾਰ ਮੰਨ ਕੇ ਵਿਚਾਰ ਚਰਚਾ ਕੀਤੀ ਗਈ।
ਕਹਾਣੀ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਸ੍ਰੀ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਸਾਡਾ ਸਮਾਜ ਸਾਹਿਤ ਦੀ ਖਾਣ ਹੈ, ਇਹ ਲੇਖਕ ਦੀ ਸਮਝ ਤੇ ਨਿਰਭਰ ਹੈ ਕਿ ਕਹਾਣੀ ਕਿਵੇਂ ਲੱਭਣੀ ਜਾਂ ਤਰਾਸ਼ਣੀ ਹੈ। ਕਹਾਣੀ ਲਿਖਣ ਸਮੇਂ ਪਾਤਰ ਦੇ ਕਿਰਦਾਰ ਦੀ ਵਿਲੱਖਣਾ ਤੇ ਵਿਸ਼ੇਸਤਾ ਹੋਣੀ ਚਾਹੀਦੀ ਹੈ ਜੋ ਰਚਨਾ ਨੂੰ ਸਫ਼ਲ ਬਣਾਉਂਦੀ ਹੈ। ਉਘੇ ਆਲੋਚਕ ਤੇ ਕਹਾਣੀਕਾਰ ਨਿਰੰਜਨ ਬੋਹਾ ਨੇ ਚਰਚਾ ਕਰਦਿਆਂ ਕਿਹਾ ਕਿ ਅੱਜ ਪਾਠਕ ਉਹ ਜਾਣਨਾ ਚਾਹੁੰਦਾ ਹੈ ਜੋ ਉਹ ਨਹੀਂ ਜਾਣਦਾ, ਪਾਠਕ ਦੁਹਰਾਓ ਨਹੀਂ ਚਾਹੁੰਦਾ। ਉਹਨਾਂ ਕਿਹਾ ਕਿ ਕਹਾਣੀਕਾਰ ਪਾਠਕ ਦੀ ਇੱਛਾ ਤੇ ਤਦ ਹੀ ਪੂਰਾ ਉੱਤਰ ਸਕਦਾ ਹੈ, ਜੇ ਉਸਨੂੰ ਵਿਸਵੀ ਪ੍ਰਭਾਵ ਦੀ ਜਾਣਕਾਰੀ ਹੋਵੇ। ਸ੍ਰੀ ਬੋਹਾ ਨੇ ਕਿਹਾ ਕਿ ਪਾਠਕ ਭਾਵੇਂ ਘਟ ਗਿਆ ਹੈ, ਪਰ ਜੋ ਰਹਿ ਗਿਆ ਹੈ ਉਹ ਜਨੂੰਨੀ ਹੈ, ਇਸ ਲਈ ਉਹ ਸਾਹਿਤ ਹੀ ਰਚਨਾ ਚਾਹੀਦਾ ਹੈ ਜੋ ਪਾਠਕ ਚਾਹੁੰਦਾ ਹੈ। ਸ੍ਰੋਮਣੀ ਕਹਾਣੀਕਾਰ ਅਤਰਜੀਤ ਨੇ ਕਿਹਾ ਕਿ ਕਹਾਣੀ ਲਿਖਣ ਸਮੇਂ ਸ਼ੈਲੀ ਵਿਧਾ ਤੇ ਕਲਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਕਹਾਣੀ ਪੜ੍ਹਦੇ ਤੇ ਲਿਖਦੇ ਸਮੇਂ ਪਾਤਰ ਦੇ ਹਾਵ ਭਾਵ ਪਾਠਕ ਨੂੰ ਨਜ਼ਰ ਆਉਣੇ ਚਾਹੀਦੇ ਹਨ। ਉਹਨਾਂ ਪੰਜਾਬੀ ਕਹਾਣੀ ਦੀ ਰਚਨਾਕਾਰੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਕਿ ਮੌਲਿਕਤਾ ਸਾਹਿਤ ਪੜ੍ਹਣ ਨਾਲ ਹੀ ਆਉਂਦੀ ਹੈ, ਹਰ ਵਿਧਾ ਵਿੱਚ ਹੀ ਵਧੀਆ ਪੰਜਾਬੀ ਸਾਹਿਤ ਰਚਿਆ ਜਾ ਰਿਹਾ ਹੈ, ਪਰ ਕਹਾਣੀ ਦਾ ਇੱਕ ਵਿਸ਼ੇਸ਼ ਥਾਂ ਹੈ। ਉਹਨਾਂ ਮਿੰਨੀ ਕਹਾਣੀ ਦਾ ਨਾਂ ਵੀ ਛੋਟਾ ਰੱਖਣ ਦਾ ਸੁਝਾਅ ਦਿੱਤਾ। ਦਰਸ਼ਨ ਸਿੰਘ ਗੁਰੂ ਨੇ ਕਹਾਣੀ ਨੂੰ ਦਿਲਚਸਪ ਬਣਾਉਣ ਲਈ ਮੁਹਵਰਿਆਂ ਦੀ ਵਰਤੋਂ ਕਰਨ ਦੀ ਲੋੜ ਤੇ ਜੋਰ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਕੁਲਦੀਪ ਬੰਗੀ ਨੇ ਬਾਖੂਬੀ ਨਿਭਾਈ। ਇਸ ਮੌਕੇ ਸਰਵ ਸ੍ਰੀ ਅਮਰਜੀਤ ਜੀਤ, ਰਣਜੀਤ ਗੌਰਵ, ਅਮਰਜੀਤ ਪੇਂਟਰ, ਜਸਵਿੰਦਰ ਜਸ, ਸੁਖਦਰਸਨ ਗਰਗ, ਕਰਨੈਲ ਸਿੰਘ, ਸੇਵਕ ਸਿੰਘ ਸ਼ਮੀਰੀਆ, ਸ੍ਰੀਮਤੀ ਕਮਲ ਆਦਿ ਵੀ ਹਾਜਰ ਸਨ।