ਤਰਨਤਾਰਨ – ਬਾਲ ਵਿਕਾਸ ਤੇ ਪ੍ਰੋਜੈਕਟ ਅਫਸਰ ਖਡੂਰ ਸਾਹਿਬ ਵਲੋਂ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਵਿਸ਼ੇਸ਼ ਰੈਲੀ ਦਾ ਆਯੋਜਨ ਕਰਕੇ ਲੋਕਾਂ ਨੂੰ ਬੱਚਆਂ ਨੂੰ ਪੜਾਉਣ ਅਤੇ ਲੜਕਿਆਂ ਦੇ ਬਰਾਬਰ ਸਤਿਕਾਰ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਜਾਗਰੂਕਤਾ ਰੈਲੀ ਨੂੰ ਸ੍ਰੀਮਤੀ ਨਿਰਮਲਜੀਤ ਕੌਰ ਚੇਅਰਮੈਨ ਬਲਾਕ ਸੰਮਤੀ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸਨੇਹਲਤਾ ਸੀ.ਡੀ.ਪੀ.ਓ. ਬਲਾਕ ਖਡੂਰ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ, ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ.ਡੀ.ਐਮ. ਖਡੂਰ ਸਾਹਿਬ ਦੀਆਂ ਹਦਾਇਤਾਂ ਤੇ ਇਹ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਲੜਕੀਆਂ ਦਾ ਸਤਿਕਾਰ ਲੜਕਿਆਂ ਦੀ ਤਰ੍ਹਾਂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿਹਾ ਅੱਜ ਬੇਸ਼ਕ ਸਮਾਜ ਵਿਚ ਲੜਕੀਆਂ ਲੜਕਿਆਂ ਨਾਲੋਂ ਹਰ ਖੇਤਰ ਵਿਚ ਅੱਗੇ ਹਨ ਪਰੰਤੂ ਕੁਝ ਲੋਕ ਹਾਲੇ ਵੀ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਕੁੱਖਾਂ ਵਿਚ ਮਾਰ ਦਿੰਦੇ ਹਨ ਜਦਕਿ ਸਾਡੇ ਗੁਰੂਆਂ ਪੀਰਾਂ ਨੇ ਵੀ ਔਰਤ ਨੂੰ ਜਗ ਜਨਣੀ ਹੋਣ ਦਾ ਰੁਤਬਾ ਦਿੱਤਾ ਹੈ ਅਤੇ ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਲੜਕੀਆਂ ਦਾ ਲੜਕਿਆਂ ਵਾਂਗ ਸਤਿਕਾਰ ਕਰਨਾ ਚਾਹੀਦਾ ਹੈ। ਇਸ ਰੈਲੀ ਵਿਚ ਸਕੂਲਾਂ ਦੇ ਬੱਚੇ, ਪਿੰਡ ਦੀਆਂ ਔਰਤਾਂ, ਆਂਗਨਵਾੜੀ ਵਰਕਰ, ਸੁਪਰਵਾਈਜਰ, ਵੱਖ ਵੱਖ ਵਿਭਾਗਾਂ ਤੋਂ ਸ਼ਾਮਿਲ ਕਰਮਚਾਰੀਆਂ ਨੇ ਹਿੱਸਾ ਲਿਆ।