ਜਾਗਰੂਕਤਾ ਸੈਮੀਨਾਰ ਦੌਰਾਨ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਯਤਨ ਕਰਨ ਦਾ ਸੱਦਾ

ਸਮਾਗਮ ‘ਚ ਤਹਿਸੀਲਦਾਰ, ਡੀਈਓ ਸਮੇਤ ਅਨੇਕਾਂ ਉੱਘੀਆਂ ਸ਼ਖਸ਼ੀਅਤਾਂ ਦੀ ਸ਼ਮੂਲੀਅਤ

ਫਰੀਦਕੋਟ, 13 ਫਰਵਰੀ :- ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਸਤਿਕਾਰਤ ਪਿਤਾ ਭਾਈ ਕਿਸ਼ਨ ਸਿੰਘ ਜੀ ਦੇ ਨਾਮ ‘ਤੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ‘ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ’ ਵਲੋਂ ਸੇਵਾਮੁਕਤ ਅਧਿਆਪਕ ਸ੍ਰ. ਸੋਹਣ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਹੁਸ਼ਿਆਰ ਬੱਚਿਆਂ ਦੇ ਸਨਮਾਨ ਸਮਾਰੋਹ ਦੌਰਾਨ ਪ੍ਰਧਾਨਗੀ ਮੰਡਲ ‘ਚ ਬਿਰਾਜਮਾਨ ਰਜਿੰਦਰ ਸਿੰਘ ਸਰਾਂ ਨਾਇਬ ਤਹਿਸੀਲਦਾਰ, ਕਮਲਜੀਤ ਸਿੰਘ ਤਾਹੀਮ ਜਿਲਾ ਸਿੱਖਿਆ ਅਫਸਰ (ਸੈਕੰ.), ਪ੍ਰਦੀਪ ਕੁਮਾਰ ਦਿਉੜਾ ਉਪ ਜਿਲਾ ਸਿੱਖਿਆ ਅਫਸਰ, ਪ੍ਰਿੰਸੀਪਲ ਮੈਡਮ ਕਾਂਤਾ ਨਾਰੰਗ, ਐਡਵੋਕੇਟ ਬੀਰਇੰਦਰ ਸਿੰਘ, ਗੁਰਿੰਦਰ ਸਿੰਘ ਮਹਿੰਦੀਰੱਤਾ, ਪ੍ਰੋ. ਐੱਚ.ਐੱਸ. ਪਦਮ, ਮਨਦੀਪ ਸਿੰਘ ਮਿੰਟੂ ਗਿੱਲ, ਮਾ. ਸੋਮਨਾਥ ਅਰੋੜਾ, ਮਾ. ਚਮਕੌਰ ਸਿੰਘ ਆਦਿਕ ਬੁਲਾਰਿਆਂ ਨੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਂਦਿਆਂ ਆਖਿਆ ਕਿ ਅਨੇਕਾਂ ਮੁਸ਼ਕਿਲਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ, ਚੁਣੌਤੀਆਂ ਅਤੇ ਗੁਰਬਤ ਵਾਲਾ ਜੀਵਨ ਜਿਉਣ ਦੇ ਬਾਵਜੂਦ ਡਾ ਏ.ਪੀ.ਜੇ. ਅਬਦੁੱਲ ਕਲਾਮ ਵਰਗੀਆਂ ਦਰਜਨਾ ਅਜਿਹੀਆਂ ਮਾਨਮੱਤੀਆਂ ਸ਼ਖਸ਼ੀਅਤਾਂ ਦਾ ਜਿਕਰ ਕੀਤਾ ਜਾ ਸਕਦਾ ਹੈ, ਜਿੰਨਾਂ ਨੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੋਹਣ ਦੇ ਨਾਲ-ਨਾਲ ਆਪਣਾ ਤੇ ਦੇਸ਼ ਦਾ ਨਾਮ ਦੁਨੀਆਂ ਦੇ ਕੋਨੇ ਕੋਨੇ ਤੱਕ ਪ੍ਰਸਿੱਧ ਕੀਤਾ। ਉਕਤ ਬੁਲਾਰਿਆਂ ਨੇ ਬੱਚਿਆਂ ਨੂੰ ਅੰਧ-ਵਿਸ਼ਵਾਸ਼, ਵਹਿਮ-ਭਰਮ ਅਤੇ ਕਰਮ ਕਾਂਡਾਂ ਸਮੇਤ ਸਮੂਹ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਜਾਗਰੂਕ ਕਰਦਿਆਂ ਆਖਿਆ ਕਿ ਅੱਜ ਨੈਤਿਕਤਾ ਦੀ ਕਮੀ ਕਰਕੇ ਨੌਜਵਾਨ ਤੇ ਬੱਚੇ ਗੁਮਰਾਹ ਹੋ ਰਹੇ ਹਨ, ਵਾਤਾਵਰਣ ਪਲੀਤ ਹੋ ਰਿਹਾ ਹੈ। ਉਨਾ ਛੇਵੀਂ ਤੋਂ ਬਾਰਵੀਂ ਤੱਕ ਦੇ ਪਹਿਲਾ, ਦੂਜਾ ਤੇ ਤੀਜਾ ਸਥਾਨ ਲੈਣ ਵਾਲੇ 21 ਬੱਚਿਆਂ ਸਮੇਤ ਸੁਸਾਇਟੀ ਵਲੋਂ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਦੇਣ ਅਤੇ ਉਸਾਰੂ ਕਵਿਤਾਵਾਂ ਪੇਸ਼ ਕਰਨ ਵਾਲੇ ਮਿਲਾ ਕੇ ਕੁੱਲ 36 ਬੱਚਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਸੁਸਾਇਟੀ ਦੇ ਆਗੂਆਂ ਪ੍ਰਿੰਸੀਪਲ ਦਰਸ਼ਨ ਸਿੰਘ ਅਤੇ ਸ਼ਾਮ ਲਾਲ ਚਾਵਲਾ ਨੇ ਦੱਸਿਆ ਕਿ ਅੰਤ ‘ਚ ਸਕੂਲ ਮੁਖੀ ਸਮੇਤ ਸਮੂਹ ਸਟਾਫ ਅਤੇ ਮੁੱਖ ਮਹਿਮਾਨ ਸ੍ਰ ਸੋਹਣ ਸਿੰਘ ਦੇ ਬੇਟੇ ਮਨਦੀਪ ਸਿੰਘ ਨੂੰ ਵੀ ਸੁਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ।
ਸਬੰਧਤ ਤਸਵੀਰ ਵੀ।

Install Punjabi Akhbar App

Install
×