ਪੁਲਿਸ ਲਾਈਨ ਦੇ ਗੁਰਦਵਾਰਾ ਸਾਹਿਬ ਵਿਖੇ ਕਰਵਾਇਆ ਗਿਆ ਜਾਗਰੂਕਤਾ ਸੈਮੀਨਾਰ
(ਫ਼ਰੀਦਕੋਟ) :- ਅਧੂਰੀ ਜਾਣਕਾਰੀ ਹਮੇਸ਼ਾਂ ਖਤਰਨਾਕ ਹੁੰਦੀ ਹੈ, ਅਗਿਆਨਤਾ ਵਾਧੂ ਮੁਸ਼ਕਿਲਾਂ ਅਤੇ ਸਮੱਸਿਆਵਾਂ ਲੈ ਕੇ ਆਉਂਦੀ ਹੈ, ਇਸ ਲਈ ਅਜੌਕੇ ਸਮੇਂ ‘ਚ ਜਾਗਰੂਕ ਅਰਥਾਤ ਗਿਆਨਵਾਨ ਹੋਣਾ ਬਹੁਤ ਜਰੂਰੀ ਹੈ। ਗੁਰਦਵਾਰਾ ਸਾਹਿਬ ਪੁਲਿਸ ਲਾਈਨ ਫਰੀਦਕੋਟ ਵਿਖੇ ‘ਸਾਥ ਸਮਾਜਿਕ ਗੂੰਜ਼’ ਵੱਲੋਂ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਅੱਜ ਬਹੁਤ ਸਾਰੀਆਂ ਬਿਮਾਰੀਆਂ ਦੀ ਆਮਦ ਵੀ ਅਗਿਆਨਤਾ ਕਾਰਨ ਹੋ ਰਹੀ ਹੈ। ਰਾਜਪਾਲ ਸਿੰਘ ਸੰਧੂ ਜਿਲਾ ਪੁਲਿਸ ਮੁਖੀ ਫਰੀਦਕੋਟ ਅਤੇ ਗੁਰਮੀਤ ਸਿੰਘ ਡੀਐੱਸਪੀ ਸਮੇਤ ਲਾਈਨ ਅਫਸਰ ਅਜੈਬ ਸਿੰਘ ਏਐੱਸਆਈ ਆਦਿਕ ਦਾ ਸਹਿਯੋਗ ਲਈ ਧੰਨਵਾਦ ਕਰਨ ਉਪਰੰਤ ‘ਸਾਥ ਸਮਾਜਿਕ ਗੂੰਜ਼’ ਦੇ ਸੰਸਥਾਪਕ ਗੁਰਵਿੰਦਰ ਸਿੰਘ ਜਲਾਲੇਆਣਾ ਨੇ ਦੱਸਿਆ ਕਿ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹਰ ਵਿਅਕਤੀ ਕੋਲ ਹੁੰਦਾ ਹੈ ਪਰ ਉਹ ਇਸ ਪ੍ਰਤੀ ਜਾਗਰੂਕ ਨਹੀਂ। ਇਸੇ ਤਰਾਂ ਹਰ ਬਿਮਾਰੀ ਦਾ ਇਲਾਜ ਸਾਡੀ ਰਸੋਈ ਵਿੱਚ ਮੌਜੂਦ ਹੈ ਪਰ ਜਾਣਕਾਰੀ ਨਾ ਹੋਣ ਕਰਕੇ ਅਸੀਂ ਬਹੁਤ ਜਲਦ ਪ੍ਰੇਸ਼ਾਨ ਹੋ ਜਾਂਦੇ ਹਾਂ। ਉਹਨਾਂ ਆਰਗੈਨਿਕ ਖੇਤੀ, ਡਿਜੀਟਲ ਇੰਡੀਆ, ਮਨੁੱਖੀ ਅਧਿਕਾਰ, ਆਰ.ਟੀ.ਆਈ., ਮੋਟਾ ਅਨਾਜ (ਮਿਲਟ) ਬੈਂਕਾਂ ਦਾ ਕਰਜਾ, ਲਿਮਟ, ਖੁਦਕੁਸ਼ੀਆਂ, ਖੇਤੀ ਕਾਨੂੰਨ, ਕਿਸਾਨੀ ਸਹੂਲਤਾਂ, ਬੀਮਾ ਪਾਲਿਸੀ, ਖੇਤੀਬਾੜੀ ਵਿਭਾਗ ਦੀਆਂ ਸਕੀਮਾਂ, ਕਿਸਾਨ ਮੇਲਿਆਂ ਤੋਂ ਮਿਲਣ ਵਾਲੇ ਫਾਇਦਿਆਂ ਵਰਗੀਆਂ ਅਨੇਕਾਂ ਗੱਲਾਂ ਅੰਕੜਿਆਂ ਸਹਿਤ ਦਲੀਲਾਂ ਨਾਲ ਵਰਨਣ ਕੀਤੀਆਂ। ਗੁਰਿੰਦਰ ਸਿੰਘ ਮਹਿੰਦੀਰੱਤਾ, ਊਧਮ ਸਿੰਘ ਔਲਖ, ਗ੍ਰੰਥੀ ਜਸਵਿੰਦਰ ਸਿੰਘ ਖਾਲਸਾ, ਕੁਲਵੰਤ ਸਿੰਘ ਖਾਲਸਾ, ਕਰਮ ਸਿੰਘ ਏਐੱਸਆਈ, ਜਸਪਾਲ ਸਿੰਘ ਮੱਤਾ, ਸੰਤੋਖ ਸਿੰਘ ਰਾਜਸਥਾਨ ਆਦਿ ਨੇ ਮੰਨਿਆ ਕਿ ਅਜਿਹੇ ਪ੍ਰੋਗਰਾਮ ਪੰਜਾਬ ਭਰ ਦੇ ਹਰ ਪਿੰਡ, ਸ਼ਹਿਰ, ਕਸਬੇ, ਵਿਦਿਅਕ ਅਤੇ ਧਾਰਮਿਕ ਅਦਾਰਿਆਂ ‘ਚ ਹੋਣੇ ਚਾਹੀਦੇ ਹਨ ਤਾਂ ਜੋ ਆਮ ਲੋਕ ਵੀ ਜਾਗਰੂਕ ਹੋ ਸਕਣ। ਅੰਤ ਵਿੱਚ ‘ਸਾਥ ਸਮਾਜਿਕ ਗੂੰਜ਼’ ਵੱਲੋਂ ਸਹਿਯੋਗੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਵਿੰਦਰ ਸਿੰਘ ਬਾਗੀ, ਰਜਿੰਦਰ ਸਿੰਘ ਸਚਦੇਵਾ, ਬਿੱਟੂ ਧੀਂਗੜਾ, ਗੁਰਮੀਤ ਸਿੰਘ ਮੀਤਾ ਸਮੇਤ ਭਾਰੀ ਗਿਣਤੀ ‘ਚ ਪੁਲਿਸ ਮੁਲਾਜ਼ਮ ਅਤੇ ਵੱਖ ਵੱਖ ਸੰਸਥਾਵਾਂ/ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ।